ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, December 31, 2008

ਸੰਸਦੀ ਜਾਂ ਮੀਡੀਆਈ ਇਤਿਹਾਸ ਦਾ ਕਾਲਾ ਦਿਨ..?

22 ਜੁਲਾਈ 2008 ਨੂੰ ਸੰਸਦ 'ਚ ਭਰੋਸੇ ਦੀ ਵੋਟ ਦੌਰਾਨ ਜੋ ਡਰਾਮਾ ਹੋਇਆ, ਉਸਨੂੰ ਲਗਭਗ ਸਾਰੇ ਹੀ ਮੀਡੀਏ ਤੇ ਬੁੱਧੀਜੀਵੀ ਹਲਕਿਆਂ ਨੇ ਸੰਸਦੀ ਇਤਿਹਾਸ ਦੇ ਕਾਲੇ ਦਿਨ ਦਾ ਨਾਂਅ ਦਿੱਤਾ। ਇਸ ਘਟਨਾ 'ਚ ਜੇਕਰ ਸਾਰੇ ਪਹਿਲੂਆਂ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਦਿਨ ਸੰਸਦ ਦੇ ਇਤਿਹਾਸ ਲਈ ਨਹੀਂ, ਬਲਕਿ ਮੀਡੀਆ ਦੇ ਇਤਿਹਾਸ ਲਈ ਕਾਲਾ ਸੀ। ਕਿਉਂਕਿ ਸੰਸਦੀ ਇਤਿਹਾਸ 'ਚ ਨਹਿਰੂ ਦੇ ਜ਼ਮਾਨੇ ਤੋਂ ਅੱਜ ਤੱਕ ਜੋ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਉਹ ਲਗਾਤਾਰ ਸੰਸਦ ਦੀ ਮਰਿਯਾਦਾ ਤੇ ਸੰਵਿਧਾਨਕ ਕਾਨੂੰਨਾਂ ਦੀਆਂ ਪਹਿਲਾਂ ਹੀ ਧੱਜੀਆਂ ਉੱਡਾਉਂਦੀਆਂ ਰਹੀਆਂ ਹਨ। ਇਹ ਘਟਨਾ ਜਦੋਂ ਵਾਪਰੀ ਸੀ ਤਾਂ ਇਸ ਦਾ ਵਿਸ਼ਲੇਸ਼ਨ ਕਰਨਾ ਕਾਫੀ ਔਖਾ ਸੀ, ਪਰ ਜਿਉਂ ਜਿਉਂ ਮਾਮਲੇ ਦੇ ਲੁਕੇ ਪਹਿਲੂ ਉੱਭਰਕੇ ਸਾਹਮਣੇ ਆਉਂਦੇ ਗਏ ,ਤਿਉਂ ਤਿਉਂ ਧੁੰਦਲੀ ਤਸਵੀਰ ਪੂਰੀ ਤਰ੍ਹਾਂ ਸਾਫ ਹੁੰਦੀ ਗਈ। ਜਿਸ ਤਰਾਂ ਸਾਡੇ ਸਮਾਜ 'ਚ ਰਾਜਨੀਤੀਵਾਨਾਂ ਦਾ ਪੁਲਿਸ ਜਾਂ ਗੁੰਡਿਆਂ ਨਾਲ ਸਿੱਧਾ ਗਠਜੋੜ ਹੰਦਾ ਹੈ, ਉਸੇ ਤਰ੍ਹਾਂ ਇਸ ਘਟਨਾ 'ਚ ਖ਼ਬਰੀਆ ਚੈਨਲ ਸੀ.ਐਨ.ਐਨ., ਆਈ.ਬੀ.ਐਨ. ਤੇ ਬੀ.ਜੇ.ਪੀ ਦਾ ਗਠਜੋੜ ਵੀ ਮੀਡੀਆਈ ਇਤਿਹਾਸ ਦੀ ਨਿਵੇਕਲੀ ਘਟਨਾ ਦੇ ਰੂਪ 'ਚ ਸਾਹਮਣੇ ਆਇਆ। ਪੂਰੇ ਮਾਮਲੇ 'ਚ ਚੈਨਲ ਵਲੋਂ ਸਟਿੰਗ ਅਪਰੇਸ਼ਨ ਸਹੀ ਸਮੇਂ 'ਤੇ ਨਾ ਦਿਖਾਏ ਕਾਰਨ ਬੀ.ਜੇ.ਪੀ. ਨਾਲ ਵੱਡੇ ਪੱਧਰ 'ਤੇ ਮੱਤਭੇਦ ਸਾਹਮਣੇ ਆਏ। ਖ਼ਬਰੀਆ ਚੈਨਲਾਂ ‘ਤੇ ਰਾਜਨੀਤਿਕ ਪਾਰਟੀਆਂ ਦੇ ਗਠਜੋੜ 'ਤੇ ਚਾਹੇ ਪਹਿਲਾਂ ਵੀ ਕਈ ਸਵਾਲ ਉੱਠਦੇ ਰਹੇ ਹਨ, ਪਰ ਇਸ ਘਟਨਾ ਨਾਲ ਜਿਵੇਂ ਸਾਰਾ ਕੁਝ ਜੱਗਜ਼ਾਹਰ ਹੋਇਆ, ਉਸਨੇ ਚੈਨਲਾਂ ‘ਤੇ ਕਈ ਸਵਾਲ ਖੜ੍ਹੇ ਕੀਤੇ।

ਅਸਲ 'ਚ ਜਦੋਂ ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਸ਼ੈਸ਼ਨ ਤੋਂ ਪਹਿਲਾਂ ਦਿੱਲੀ ਦੀ "ਘੋੜ ਮੰਡੀ" 'ਚ ਸੰਸਦ ਦੀ ਖਰੀਦੋ ਫਰੋਖਤ ਹੋ ਰਹੀ ਸੀ, ਤਾਂ ਉਦੋਂ ਬੀ.ਜੇ.ਪੀ. ਨੇ ਸੋਚਿਆ ਕਿ ਕਿਉਂ ਨਾ ਮੌਕੇ ਨੂੰ ਸਿਆਸੀ ਦਾਅ ਪੇਚ ਦੇ ਤੌਰ 'ਤੇ ਵਰਤਿਆ ਜਾਵੇ। ਇਸ ਕੰਮ ਲਈ ਬੀ.ਜੇ.ਪੀ. ਵਲੋਂ ਕਿਸੇ ਚੈਨਲ ਤੋਂ ਸਟਿੰਗ ਅਪਰੇਸ਼ਨ ਕਰਵਾਉਣ ਦੀ ਰਣਨੀਤੀ ਘੜੀ ਗਈ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬੀ.ਜੇ.ਪੀ. ਵਲੋਂ ਸਭ ਤੋਂ ਪਹਿਲੀ ਮੀਟਿੰਗ ਪ੍ਰਧਾਨ ਮੰਤਰੀ ਪਦ ਦੇ ਅਗਲੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਰੱਖੀ ਗਈ। ਇਸ ਮੀਟਿੰਗ 'ਚ ਬੀ.ਜੇ.ਪੀ. ਦੀ ਪਹਿਲੀ ਕਤਾਰ ਦੇ ਵਿਸ਼ਵਾਸ਼ਯੋਗ ਲੀਡਰਾਂ ਨੂੰ ਬੁਲਾਇਆ ਗਿਆ ਸੀ। ਮੀਟਿੰਗ 'ਚ ਸਟਿੰਗ ਅਪਰੇਸ਼ਨ ਕਰਵਾਉਣ ਲਈ ਵੱਖ ਵੱਖ ਚੈਨਲਾਂ ਦੇ ਪੱਤਰਕਾਰਾਂ ਬਾਰੇ ਚਰਚਾ ਕੀਤੀ ਗਈ, ਪਰ ਆਖਰ 'ਚ ਬੀ.ਜੇ.ਪੀ. ਦੇ ਚਾਣਕੀਏ ਕਹੇ ਜਾਂਦੇ ਅਰੁਣ ਜੇਟਲੀ ਨੇ ਚੈਨਲ ਸੀ.ਐਨ.ਐਨ, ਆਈ.ਬੀ.ਐਨ. ਦੇ ਪੱਤਰਕਾਰ ਰਾਜਦੀਪ ਸਰਦਸਾਈ 'ਤੇ ਸਭ ਤੋਂ ਵੱਧ ਭਰੋਸਾ ਜਤਾਇਆ ਤੇ ਇਸ ਭਰੋਸੇ 'ਤੇ ਸਾਰੇ ਹੀ ਭਾਜਪਾਈਆਂ ਵਲੋਂ ਮੋਹਰ ਲਗਾ ਦਿੱਤੀ ਗਈ। ਇਸ ਕੰਮ ਲਈ ਜ਼ਿੰਮੇਵਾਰੀ ਅਡਵਾਨੀ ਦੇ ਸਹਾਇਕ ਸੁਧੀਰ ਕੁਲਕਰਨੀ ਨੂੰ ਸੋਂਪੀ ਗਈ। ਕੁਲਕਰਨੀ ਨੇ ਰਾਜਦੀਪ ਸਰਦਸਾਈ ਨਾਲ ਗੱਲਬਾਤ ਪੱਕੀ ਕਰਕੇ ਮੀਡੀਆ ਤੇ ਭਾਜਪਾਈ ਰਾਜਨੀਤੀ ਦੇ ਗਠਜੋੜ ਨੂੰ ਪੱਕੇ ਜਿੰਦੇ ਲਗਾ ਦਿੱਤੇ। ਓਧਰ ਪੂਰੇ ਕੰਮ ਨੂੰ ਅਣਜਾਮ ਦੇਣ ਲਈ ਸੰਸਦ 'ਚ ਨੋਟਾਂ ਦੀਆਂ ਗੁੱਟੀਆਂ ਦਿਖਾਉਣ ਵਾਲੇ ਤਿੰਨੇ ਭਾਜਪਾ ਲੀਡਰ ਅਸ਼ੋਕ ਅਰਗਲ, ਫੱਗਣ ਸਿੰਘ ਕਲਸਤੇ ਤੇ ਮਹਾਂਵੀਰ ਭਗੋਰਾ ਪਹਿਲਾਂ ਹੀ ਸਮਾਜਵਾਦੀਏ ਅਮਰ ਸਿੰਘ ਦੇ ਸਹਾਇਕ ਸੰਜੀਵ ਸਕਸੈਨਾ ਦੇ ਸੰਪਰਕ 'ਚ ਸਨ। ਦੱਸਣ ਵਾਲਿਆਂ ਮੁਤਾਬਕ ਸੀ.ਐਨ.ਐਨ., ਆਈ.ਬੀ.ਐਨ. ਨੇ ਪੂਰੀ ਰਣਨੀਤੀ ਤਹਿਤ ਅਸ਼ੋਕ ਅਰਗਲ ਦੀ ਫਿਰੋਜਸ਼ਾਹ ਸਥਿਤ ਕੋਠੀ 'ਚ ਹਰ ਪਾਸੇ ਕੈਮਰੇ ਲਗਵਾ ਦਿੱਤੇ ਗਏ। ਇਸ ਪੂਰੇ ਕੰਮ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਲਈ ਬੀ.ਜੇ.ਪੀ. ਵਲੋਂ ਮੱਧਪ੍ਰਦੇਸ਼ ਪੁਲਿਸ ਦੀ ਤੈਨਾਤੀ ਵੀ ਕੀਤੀ ਗਈ ਸੀ।

ਰਾਜਦੀਪ ਸਰਦਸਾਈ ਦੀ ਅਗਵਾਈ 'ਚ ਬੀ.ਜੇ.ਪੀ. ਨੇ ਆਪਣੀ ਮਹਿੰਮ ਨੂੰ ਫਤਿਹ ਕਰ ਲਿਆ। ਪੂਰਾ ਕੰਮ ਨਿਬੜਣ ਤੋਂ ਬਾਅਦ ਬੀ.ਜੇ.ਪੀ.-ਮੀਡੀਆ ਗਠਜੋੜ 'ਚ ਤਹਿ ਹੋਇਆ ਕਿ ਚੈਨਲ ਸਟਿੰਗ ਅਪਰੇਸ਼ਨ ਨੂੰ ਭਰੋਸੇ ਦੀ ਵੋਟ ਵਾਲੇ ਦਿਨ ਦਿਖਾਵੇਗਾ। ਇਸ ਦਿਨ ਸਵੇਰ ਤੋਂ ਹੀ ਭਾਜਪਾਈ ਲੀਡਰਾਂ ਦੀਆਂ ਨਜ਼ਰਾਂ ਚੈਨਲ 'ਤੇ ਲੱਗ ਗਈਆਂ, ਪਰ ਭਾਜਪਾ ਦੀਆਂ ਅੱਖਾਂ ਉਦੋਂ ਅੱਡੀਆਂ ਅਡਾਈਆਂ ਰਹਿ ਗਈਆਂ, ਜਦੋਂ ਚੈਨਲ ਨੇ ਸਟਿੰਗ ਅਪਰੇਸ਼ਨ ਨੂੰ ਪ੍ਰਸਾਰਿਤ ਨਾ ਕੀਤਾ। ਭਾਜਪਾ ਨੂੰ ਲੱਗਿਆ ਜਿਵੇਂ ਉਸ ਨਾਲ "ਨਾਤ੍ਹੀ ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ" ਵਾਲੀ ਹੋਈ ਹੋਵੇ। ਭਾਜਪਾਈ ਵੀ ਹਾਰਨ ਵਾਲੇ ਕਿੱਥੇ ਸਨ, ਅੰਤਮ ਉਡੀਕਾਂ ਤੋਂ ਬਾਅਦ ਬੀ.ਜੇ.ਪੀ. ਦੇ ਤਿੰਨੇ ਲੀਡਰਾਂ ਨੇ ਇਕ ਕਰੋੜ ਰੁਪਏ ਦੀਆਂ ਗੁੱਟੀਆਂ ਲੋਕ ਸਭਾ 'ਚ ਆਕੇ ਲਹਿਰਾ ਦਿੱਤੀਆਂ। ਬੀ.ਜੇ.ਪੀ. ਦੀ ਇਸ ਕਾਰਵਾਈ ਨੂੰ ਬਹੁਤ ਸਾਰੇ ਲੋਕਾਂ ਨੇ ਗੈਰ ਜਮੂਹਰੀ ਦੱਸਿਆ, ਪਰ ਬੀ.ਜੇ.ਪੀ. ਨੇ ਹੋਰ ਕੋਈ ਚਾਰਾ ਨਾ ਹੁੰਦਿਆਂ ਵੇਖਕੇ ਮੌਕੇ ਨੂੰ ਖੰਜਾਉਣਾ ਬੇਵਕੂਫੀ ਸਮਝਿਆ। ਇਸ ਸਾਰੇ ਡਰਾਮੇ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਸਾਰੇ ਦੇਸ਼ ਨੇ ਵੇਖਿਆ। ਇਸਤੋਂ ਬਾਅਦ ਮਾਮਲੇ 'ਚ ਵਾਅਦਾ ਖਿਲਾਫੀ ਕਰਨ ਵਾਲੇ ਚੈਨਲ ਤੇ ਪੱਤਰਕਾਰ ਰਾਜਦੀਪ ਸਰਦਸਾਈ ਨਾਲ ਬੀ.ਜੇ.ਪੀ. ਦੀ ਸ਼ਬਦੀ ਜੰਗ ਸ਼ੁਰੂ ਹੋਈ। ਬੀ.ਜੇ.ਪੀ. ਨੇ ਸਟਿੰਗ 'ਤੇ ਆਪਣਾ ਹੱਕ ਜਤਾਉਂਦਿਆਂ ਸੀ.ਐਨ.ਆਈ., ਆਈ.ਬੀ.ਐਨ. 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ। ਆਪਣੀ ਵਾਅਦਾਖਿਲਾਫੀ ਦੇ ਜਵਾਬ 'ਚ ਚੈਨਲ ਨੇ ਦਲੀਲ ਦਿੱਤੀ ਕਿ "ਸਟਿੰਗ ਅਧੂਰਾ ਸੀ ਇਸੇ ਲਈ ਚੈਨਲ ਨੇ ਨਹੀਂ ਵਿਖਾਇਆ, ਪਰ ਬਾਅਦ 'ਚ ਇਸੇ ਦਲੀਲ ਦੇ ਉਲਟ ਅਧੂਰੇ ਸਟਿੰਗ ਨੂੰ ਹੀ ਚੈਨਲ 'ਤੇ ਵਿਖਾਇਆ ਵੀ ਗਿਆ। ਇਸ ਸੰਸਦੀ ਡਰਾਮੇ ਦੇ ਦੂਜੇ ਦਿਨ ਜਦੋਂ ਭਾਜਪਾ ਨੇ ਸੰਸਦੀ ਕਮੇਟੀ ਦੇ ਸਾਹਮਣੇ ਆਪਣੇ ਆਪ ਨੂੰ ਸਾਬਿਤ ਕਰਨਾ ਸੀ ਤਾਂ ਚੈਨਲ ਪਾਰਟੀ ਨੂੰ ਸਟਿੰਗ ਦੀ ਟੇਪ ਨਹੀਂ ਦੇ ਰਿਹਾ ਸੀ, ਇਸ ਸਬੰਧੀ ਜਨਤਕ ਦਬਾਅ ਬਣਾਉਣ ਲਈ ਐਲ.ਕੇ.ਅਡਵਾਨੀ ਨੂੰ ਪ੍ਰੈਸ ਕਾਨਫਰੰਸ ਵੀ ਕਰਨੀ ਪਈ, ਆਖਰ ਜਦੋਂ ਟੇਪ ਆਈ ਤਾਂ ਤਿੰਨੇ ਸੰਸਦ ਮੈਂਬਰਾਂ ਦਾ ਬਿਆਨ ਆਇਆ ਕਿ ਟੇਪ ਨਾਲ ਛੇੜਛਾੜ ਕੀਤੀ ਗਈ ਹੈ। ਇਸਤੋਂ ਬਾਅਦ ਗੁੱਸੇ 'ਚ "ਭਗਵੀਂ" ਹੋਈ ਬੀ.ਜੇ.ਪੀ. ਨੇ ਚੈਨਲ ਨੂੰ ਫਾਸ਼ੀਵਾਦੀ ਫਰਮਾਨ ਸੁਣਾਉਣੇ ਸ਼ੁਰੂ ਕਰ ਦਿੱਤੇ। ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿਣ ਵਾਲੀ ਭਾਜਪਾ ਦੇ ਬੁਲਾਰੇ ਵੈਂਕਰਈਆ ਨਾਇਡੂ ਨੇ ਆਪਣੇ ਹੀ ਅੰਦਾਜ਼ 'ਚ ਸੀ.ਐਨ.ਐਨ., ਆਈ.ਬੀ.ਐਨ. ਦਾ ਬਾਈਕਾਟ ਕਰਨ ਦਾ ਸੱਦਾ ਦੇਕੇ ਵੱਡੀ ਜਮੂਹਰੀਅਤ ਨੂੰ ਨਿਗੂਣਾ ਸਾਬਿਤ ਕਰ ਦਿੱਤਾ। ਅਰੁਣ ਜੇਟਲੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਚੈਨਲ ਨੂੰ ਸਟਿੰਗ ਆਪਰੇਸ਼ਨ ਦਿਖਾਉਣ ਲਈ ਵੰਗਾਰਿਆ। ਇਸਤੋਂ ਬਾਅਦ ਦਿੱਲੀ ਦੇ ਰਾਜਨੀਤਿਕ ਗਲਿਆਰਿਆਂ 'ਚ ਕਈ ਮੁੱਖ ਧਾਰਾਈ ਪਾਰਟੀਆਂ ਨੇ ਆਪੋ ਆਪਣੀਆਂ ਸੀ.ਡੀਜ਼. ਰਿਲੀਜ਼ ਕਰਨ ਦੇ ਡਰਾਮੇ ਕਰਦੇ ਹੋਏ ਇਕ ਦੂਜੇ ਦੇ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ। ਯੂ.ਪੀ.ਏ ਨੇ ਵੀ ਇਸੇ ਸਟਿੰਗ ਵਰਗੀ ਸੀ.ਡੀ. ਰਿਲੀਜ਼ ਕੀਤੀ ਤੇ ਭਾਜਪਾ ਨਾਲ ਰੁੱਸੀ ਉਮਾ ਭਾਰਤੀ ਨੇ ਵੀ ਸੀ.ਡੀ. ਰਿਲੀਜ਼ ਕਰਕੇ ਆਪਣੇ ਹੀ ਰਾਗ ਅਲਾਪੇ।

ਚੈਨਲਾਂ ਦੇ ਸਟਿੰਗ ਅਪਰੇਸ਼ਨਾਂ ਦਾ ਛੋਟਾ ਜਿਹਾ ਇਤਿਹਾਸ ਫਰੋਲੀਏ ਤਾਂ ਇਹਨਾਂ ਜ਼ਰੀਏ ਰਾਜਨੀਤੀ ਦੇ ਵੱਡੇ ਵੱਡੇ ਭ੍ਰਿਸ਼ਟ ਲੀਡਰਾਂ ਦੇ ਚਿਹਰੇ ਬੇਨਕਾਬ ਹੁੰਦੇ ਰਹੇ ਹਨ। ਭਾਜਪਾ ਇਹਨਾਂ ਸਟਿੰਗ ਅਪਰੇਸ਼ਨਾਂ 'ਚ ਤੱਥਾਤਮਕ ਤੌਰ 'ਤੇ ਹਮੇਸ਼ਾ ਹੀ ਸਭ ਤੋਂ ਵੱਧ ਬੇਨਕਾਬ ਹੋਈ, ਹਾਲਾਂਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕਾਂਗਰਸ ਵੀ ਨਹਿਰੂ ਦੇ ਜ਼ਮਾਨੇ ਤੋਂ ਹੀ ਕੋਈ ਦੁੱਧ ਧੋਤੀ ਨਹੀਂ। 2001 'ਚ ਤਹਿਲਕਾ ਨੇ ਬੇ.ਜੇ.ਪੀ. ਦੇ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਕਿਸੇ ਨਕਲੀ ਹਥਿਆਰਾਂ ਦੀ ਕੰਪਨੀ ਤੋਂ 1 ਲੱਖ ਰੁਪਏ ਲੈਂਦੇ ਦਿਖਾਇਆ ਸੀ, ਜਿਸਤੋਂ ਬਾਅਦ ਵੀ ਬੰਗਾਰੂ ਲਕਸ਼ਮਣ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਸੀ। 2005 ਦੇ ਸਟਿੰਗ ਅਪਰੇਸ਼ਨ ਦਰਯੋਧਨ 'ਚ ਸੰਸਦ ਦੇ ਜਿਨ੍ਹਾਂ 11 ਮੈਂਬਰਾਂ ਨੂੰ ਸਵਾਲ ਪੁੱਛਣ ਦੇ ਬਦਲੇ ਰਿਸ਼ਵਤ ਲੈਦੇਂ ਦਿਖਾਇਆ ਗਿਆ ਸੀ, ਉਹਨਾਂ 'ਚ ਭਾਜਪਾ ਦੇ 6, ਬਸਪਾ 3, ਕਾਂਗਰਸ 1 ਤੇ ਆਰ.ਜੇ.ਡੀ. ਦਾ 1 ਮੈਂਬਰ ਸ਼ਾਮਿਲ ਸੀ। ਜਿਨ੍ਹਾਂ 'ਚ ਹੁਣ ਵਾਲੇ ਫੱਗਣ ਸਿੰਘ ਕਲਸਤੇ ਵੀ ਸ਼ਾਮਿਲ ਸਨ। ਇਸਤੋਂ ਇਲਾਵਾ 2007 'ਚ ਤਹਿਲਕਾ ਵਲੋਂ ਗੁਜਰਾਤ ਦੰਗਿਆਂ ਬਾਰੇ ਜੋ ਸਟਿੰਗ ਆਪਰੇਸ਼ਨ ਕੀਤਾ ਗਿਆ, ਉਸ 'ਚ ਵੀ ਮੁਸਲਿਮ ਵਿਰੋਧੀ ਦੰਗਿਆਂ ਦੇ ਲਈ ਭਾਜਪਾ ਦੇ ਮੁੱਖ ਮੰਤਰੀ ਨਰਿੰਦਰ ਮੋਦੀ 'ਤੇ ਕਈ ਸਵਾਲ ਉੱਠੇ ਸਨ। ਇਹ ਸਾਰੀਆਂ ਉਦਾਹਰਨਾਂ ਸੰਸਦ ਦੀ ਮਰਿਯਾਦਾ ਦੀ ਦਲੀਲ ਦੇਣ ਵਾਲੇ ਬੁੱਧੀਜੀਵੀਆਂ ਨੂੰ ਵੀ ਦੱਸਦੀਆਂ ਨੇ, ਕਿ ਸੰਸਦ 'ਚ ਮਰਿਯਾਦਾ ਦੀ ਸਹੁੰ ਖਾਣ ਵਾਲੇ ਮੈਂਬਰ ਲੋਕ ਸਭਾ ਤੋਂ ਬਾਹਰ ਪਹਿਲਾਂ ਕਿੰਨੀ ਵਾਰ ਸਿਰ ਸੁਆਹ ਪਵਾ ਚੁੱਕੇ ਹਨ।

ਸਾਡੇ ਦੇਸ਼ 'ਚ ਸਟਿੰਗ ਅਪਰੇਸ਼ਨਾਂ 'ਤੇ ਰਾਜਨੀਤਿਕ ਪਾਰਟੀਆਂ ਵਲੋਂ ਹਮੇਸ਼ਾਂ ਪਾਬੰਦੀ ਦੀ ਮੰਗ ਉਠਦੀ ਰਹੀ ਹੈ, ਇਹ ਵੀ ਸੱਚ ਹੈ ਕਿ ਲਗਾਤਾਰ ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਰੂਪ 'ਚ ਸਟਿੰਗ ਅਪਰੇਸ਼ਨਾਂ ਨੂੰ ਵਰਤਦੀਆਂ ਰਹੀਆਂ ਹਨ। ਸਟਿੰਗ ਅਪਰੇਸ਼ਨਾਂ ਨੇ ਭਾਵੇਂ ਹਮੇਸ਼ਾਂ ਹੀ ਝੂਠੇ ਚਿਹਰਿਆਂ ਨੂੰ ਬੇਨਕਾਬ ਕਰਨ ਦਾ ਰੋਲ ਅਦਾ ਕੀਤਾ ਹੈ, ਪਰ ਇਸ ਵਾਰ ਸੰਸਦੀ ਮਾਮਲੇ 'ਚ ਸਟਿੰਗ ਅਪਰੇਸ਼ਨ ਨਾ ਦਿਖਾਏ ਜਾਣ ਕਰਕੇ ਲੋਕਾਂ ਦੇ ਸਾਹਮਣੇ ਭਾਰਤੀ ਮੀਡੀਏ ਦੇ ਜਿਹੜੇ ਭੇਦ ਜਨਤਕ ਹੋਏ, ਉਹ ਸ਼ਾਇਦ ਦਿਖਾਏ ਜਾਣ ਨਾਲ ਉਜਾਗਰ ਨਾ ਹੁੰਦੇ, ਹਾਲਾਂਕਿ ਚੈਨਲ ਵਲੋਂ ਅਧੂਰੇ ਕਹੇ ਗਏ ਸਟਿੰਗ ਨੂੰ ਬਾਅਦ 'ਚ ਦਿਖਾਇਆ ਵੀ ਗਿਆ ਹੈ। ਚੈਨਲ ਵਲੋਂ ਸਮੇਂ ਸਿਰ ਸਟਿੰਗ ਨਾ ਦਿਖਾਏ ਜਾਣ ਨਾਲ ਮੀਡੀਆ ਤੇ ਰਾਜਨੀਤੀ ਦਾ ਗਠਜੋੜ ਤਾਂ ਸਾਹਮਣੇ ਆਇਆ ਹੀ, ਨਾਲ ਹੀ ਭਾਜਪਾ ਦਾ ਮੀਡੀਆ ਪ੍ਰਤੀ ਅਪਨਾਇਆ ਤਾਨਾਸ਼ਾਹ ਰਵੱਈਆ ਵੀ ਸਾਹਮਣੇ ਆਇਆ। ਇਸ ਪੂਰੇ ਮਾਮਲੇ 'ਚ ਭਾਜਪਾ ਵਲੋਂ ਆਪਣੀ ਬਿਆਨਬਾਜ਼ੀ ਰਾਹੀਂ, ਜਿਸ ਤਰ੍ਹਾਂ ਚੈਨਲ ਨੂੰ ਆਪਣੀ ਜਗੀਰ ਵਾਂਗ ਸਮਝਿਆ ਗਿਆ, ਉਸ ਨੇ ਵੀ ਕਈ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ। ਲੋਕਾਂ ਨੁੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਲੋਕਤੰਤਰ ਦੀ ਨੀਂਹ ਕਹਾਉਂਦੇ ਅਦਾਰੇ ਸਟਿੰਗ ਅਪਰੇਸ਼ਨ ਬਣਾਉਣ ਵਾਲੀਆਂ ਵੀਡਿਓ ਕੰਪਨੀਆਂ ਬਣ ਜਾਂਦੇ ਹਨ ਤੇ ਕਿਵੇਂ “ਖ਼ਬਰ ਹਰ ਕੀਮਤ ‘ਤੇ” ਕਹਿਣ ਵਾਲੇ ਚੈਨਲ ਕੀਮਤ ਲੈ ਦੇਕੇ ਖ਼ਬਰਾਂ ਇਕੱਠੀਆਂ ਕਰਦੀਆਂ ਹਨ। ਇਸ ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਰੌਲੇ 'ਚ ਯੂ.ਪੀ.ਏ. ਸਰਕਾਰ ਬਚ ਗਈ, ਮਨਮੋਹਨ ਸਿੰਘ 'ਤੇ ਸੋਨੀਆ ਗਾਂਧੀ ਦੀ ਬੱਲੇ ਬੱਲੇ ਹੋਈ…? ਭਾਜਪਾ, ਕਾਮਰੇਡਾਂ ਤੇ ਬਸਪਾ ਨੂੰ ਵੋਟ ਬੈਂਕ ਦੀ ਰਾਜਨੀਤੀ ਤੇ ਸਿਆਸੀ ਰੋਟੀਆਂ ਸੇਕਣ ਲਈ ਜ਼ਮੀਨ ਮਿਲ ਗਈ, ਪਰ ਦਿੱਲੀ ਦੇ ਗਲਿਆਰਿਆਂ 'ਚ ਜੋ ਬੇਪਤੀ ਕਲਮ ਦੀ ਹੋਈ, ਉਸ ਨੂੰ ਇਤਿਹਾਸ ਸ਼ਾਇਦ ਕਦੇ ਨਹੀਂ ਭੁੱਲੇਗਾ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

No comments:

Post a Comment