ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, December 31, 2008

ਦਿੱਲੀ ਧਮਾਕੇ,ਜਾਮੀਆ ਨਗਰ ਐਨਕਾਉਂਟਰ ਤੇ ਸਵਾਲ ਦਰ ਸਵਾਲ

ਦਿੱਲੀ 'ਚ ਹੋਏ ਲੜੀਵਾਰ ਧਮਾਕਿਆਂ 'ਚ ਕਈ ਬੇਕਸੂਰ ਲੋਕ ਮਾਰੇ ਗਏ ਤੇ ਕਈਆਂ ਨੇ ਆਪਣੇ ਬਹੁਤ ਹੀ ਨਜ਼ਦੀਕੀਆਂ ਨੂੰ ਗੁਆਇਆ।ਬਿਨਾ ਸ਼ੱਕ ਸਾਰੇ ਹੀ ਇਨਸਾਨੀਅਤ ਪਸੰਦ ਲੋਕਾਂ ਵਲੋਂ ਇਹਨਾਂ ਧਮਾਕਿਆਂ ਕਰਨ ਵਾਲੀਆਂ ਮਨੁੱਖਤਾ ਵਿਰੋਧੀ ਤਾਕਤਾਂ ਦੀ ਨਿੰਦਿਆ ਕੀਤੀ ਗਈ।ਇਹਨਾਂ ਧਮਾਕਿਆਂ ਤੋਂ ਬਾਅਦ ਜੋ ਘਟਨਾ ਸਭ ਤੋਂ ਅਹਿਮ ਵਾਪਰੀ ,ਉਹ ਸੀ ਦਿੱਲੀ ਦੇ ਜਾਮੀਆ ਨਗਰ 'ਚ ਬਾਟਲਾ ਹਾਊਸ ਦੀ ਐਲ-18 ਇਮਾਰਤ 'ਚ ਹੋਇਆ "ਐਨਕਾਊਂਟਰ"।ਇਸ "ਐਨਕਾਊਂਟਰ" ਤੋਂ ਬਾਅਦ ਦਿੱਲੀ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਇਸ ਇਮਾਰਤ 'ਚ ਉਹੀ "ਅੱਤਵਾਦੀ" ਸਨ,ਜਿਨ੍ਹਾਂ ਦਾ ਹੱਥ ਦਿੱਲੀ ਧਮਾਕਿਆਂ 'ਚ ਸੀ।ਇਹਨਾਂ ਨੂੰ "ਸਿਮੀ" ਭਾਵ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ ਤੋਂ ਵੱਖ ਹੋਈ ਜਥੇਬੰਦੀ "ਇੰਡੀਅਨ ਮੁਜ਼ਾਹੀਦੀਨ" ਦੇ ਮੈਂਬਰ ਕਿਹਾ ਗਿਆ।ਇਸ "ਐਨਕਾਊਂਟਰ" ਤੋਂ ਬਾਅਦ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ,ਰਾਜਨੀਤਿਕ ਪਾਰਟੀਆਂ ਤੇ ਪੂਰੇ ਦੇਸ਼ ਦੇ ਬੁੱਧੀਜੀਵੀਆਂ ਨੇ ਸਰਕਾਰ ਤੇ ਪੁਲਿਸ ਦੀ ਕਾਰਵਾਈ 'ਤੇ ਕਈ ਸਵਾਲ ਖੜ੍ਹੇ ਕੀਤੇ।"ਐਨਕਾਊਂਟਰ" 'ਤੇ ਅਜਿਹੀ ਪ੍ਰਤੀਕਿਰਿਆ ਸਮਾਜ ਦੇ ਇਕੱਲੇ ਅਜਿਹੇ ਵਰਗ ਦੀ ਨਹੀਂ,ਬਲਕਿ ਦੇਸ਼ ਦੇ ਮੁਸਲਿਮ ਭਾਈਚਾਰੇ ਵਲੋਂ ਵੀ ਧਮਾਕਿਆਂ ਦੀ ਨਿੰਦਿਆ ਕਰਦੇ ਹੋਏ "ਐਨਕਾਊਂਟਰ" ਨੂੰ ਪੁਲਿਸ ਤੇ ਸਰਕਾਰ ਵਲੋਂ ਘੱਟਗਿਣਤੀਆਂ ਦੀ ਨਸਲਕੁਸ਼ੀ ਦਾ ਸੰਦ ਕਰਾਰ ਦਿੱਤਾ।ਵੱਖ ਵੱਖ ਮੁਸਲਿਮ ਜਥੇਬੰਦੀਆਂ ਵਲੋਂ ਇਸਨੂੰ ਫ਼ਰਜ਼ੀ "ਐਨਕਊਂਟਰ" ਕਹਿੰਦੇ ਹੋਏ ਮਾਮਲੇ ਦੀ ੳੁੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਅਸਲ 'ਚ ਦਿੱਲੀ ਦੇ ਧਮਾਕਿਆਂ ਤੋਂ ਜਾਮੀਆ ਨਗਰ ਤੱਕ ਦੇ "ਐਨਕਾਊਂਟਰ" ਨੇ ਆਪਣੇ ਰਸਤੇ 'ਚ ਕਈ ਅਜਿਹੇ ਅਣਸੁਲ਼ਝੇ ਸਵਾਲ ਛੱਡੇ,ਜਿਨ੍ਹਾਂ ਬਾਰੇ ਸੋਚਕੇ ਹਰ ਕਿਸੇ ਦੇ ਮਨ 'ਚ ਸ਼ੱਕ ਪੈਦਾ ਹੋਣੇ ਲਾਜ਼ਮੀ ਸੀ।ਮੀਡੀਆ ਵਲੋਂ ਦਿਖਾਈਆਂ ਖ਼ਬਰਾਂ ਮੁਤਾਬਕ ਦਿੱਲੀ ਪੁਲਿਸ ਨੇ ਲੜੀਵਾਰ ਧਮਾਕਿਆਂ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਸਕੈਚ ਜਾਰੀ ਕੀਤੇ,ਉਹ ਦਾੜੀਆਂ ਵਾਲੇ 25 ਤੋਂ 30 ਸਾਲ ਦੀ ੳਮਰ ਦੇ ਨੌਜਵਾਨ ਸਨ,ਜਦੋਂ ਕਿ ਇਸ "ਐਨਕਾਊਂਟਰ" 'ਚ ਮਾਰੇ ਗਏ,ਜਾਮੀਆ ਯੂੁਨੀਵਰਸਿਟੀ ਦੇ 17 ਸਾਲ ਮੁਹੰਮਦ ਸਾਜ਼ਿਦ ਤੇ ਆਤਿਫ਼ ਅਮੀਨ ਵਰਗੇ ਵਿਦਿਆਰਥੀ ਛੋਟੀ ਉਮਰ ਤੇ ਬਿਲਕੁਲ ਕਲੀਨ ਸੇਵ ਸਨ।ਇਸੇ ਤਰ੍ਹਾਂ ਵੇਖਣ ਨੂੰ ਮਿਲਿਆ ਕਿ ਧਮਾਕਿਆਂ ਤੋਂ ਪਹਿਲਾਂ ਤੌਕੀਰ ਤੇ ਅੱਬੂ ਬਸ਼ੀਰ ਨੂੰ "ਮਾਸਟਰਮਾਈਂਡ" ਦੱਸਿਆ ਜਾ ਰਿਹਾ ਸੀ,ਪਰ ਬਾਅਦ 'ਚ ਐਨਕਾਊਂਟਰ 'ਚ ਮਾਰੇ ਗਏ ਸਾਜ਼ਿਦ ਤੇ ਆਤਿਫ ਨੂੰ ਦਿੱਲੀ ਪੁਲਿਸ ਵਲੋਂ "ਮਾਸਟਰਮਾਈਂਡ" ਕਿਹਾ ਗਿਆ।ਇਕ ਤੱਥ ਇਹ ਵੀ ਸਾਹਮਣੇ ਆਇਆ ਕਿ ਜੈਪੁਰ ਤੋਂ ਦਿੱਲੀ ਧਮਾਕਿਆਂ ਤੱਕ ਦਿੱਲੀ,ਮੁੰਬਈ ਤੇ ਗੁਜਰਾਤ ਪੁਲਿਸ ਦੀਆਂ ਬਿਆਨਬਾਜ਼ੀਆਂ ਇਕ ਦੂਜੇ ਦੇ ਵਿਰੋਧੀ ਸਨ,ਕਿਉਂਕਿ ਮੁੰਬਈ,ਦਿੱਲੀ ਤੇ ਗੁਜਰਾਤ ਪੁਲਿਸ ਵੱਖ ਵੱਖ ਤਰ੍ਹਾਂ ਦੀਆਂ ਦਲੀਲਾਂ ਨਾਲ ਆਪਣੇ ਆਪਣੇ "ਮਾਸਟਰਮਾਈਂਡ" ਤਿਆਰ ਕਰ ਰਹੀਆਂ ਸਨ।ਇਥੇ ਹੀ ਬੱਸ ਨਹੀਂ,ਜਾਮੀਆ ਦੇ "ਐਨਕਾਊਂਟਰ" 'ਚ ਪੁਲਿਸ ਦੇ ਤਰੀਕਿਆਂ ਤੇ ਰਵੱਈਏ ਨੇ ਵੀ ਨਵੇਂ ਵਿਵਾਦਾਂ ਨੂੰ ਜਨਮ ਦਿੱਤਾ।ਪੁਲਿਸ ਦੀ ਦਲੀਲ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਹੀ,ਸਪੈਸ਼ਲ ਸ਼ੈੱਲ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਇਸ ਇਮਾਰਤ 'ਚ ਗਏ ਤੇ ਅੱਗਿਓਂ "ਅੱਤਵਾਦੀਆਂ" ਨੇ ਜਦੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜਵਾਬੀ ਕਾਰਵਾਈ 'ਚ ਪੁਲਿਸ ਨੂੰ ਗੋਲੀਆਂ ਚਲਾੳਣੀਆਂ ਪਈਆਂ,ਜਿਸ 'ਚ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਛਾਤੀ 'ਚ ਤਿੰਨ ਗੋਲੀਆਂ ਲੱਗੀਆਂ ਤੇ ਉਹਨਾਂ ਦੇ ਨਾਲ ਹੌਲਦਾਰ ਬਲਵੰਤ ਸਿੰਘ ਨੂੰ ਵੀ ਗੋਲੀ ਲੱਗੀ,ਜਿਸਤੋਂ ਬਾਅਦ ਇੰਸਪੈਕਟਰ ਦੀ ਮੌਤ ਹੋ ਗਈ।ਇਸੇ ਦੇ ਤਹਿਤ ਪੁਲਿਸ ਵਲੋਂ ਕਿਹਾ ਗਿਆ ਕਿ ਇਸ ਇਮਾਰਤ 'ਚ 5 ਅੱਤਵਾਦੀ ਸਨ,ਜਿਨ੍ਹਾਂ 'ਚੋਂ 2 ਨੂੰ ਮੌਕੇ 'ਤੇ ਢੇਰ, 1 ਨੂੰ ਗ੍ਰਿਫਤਾਰ ਤੇ 2 ਭੱਜਣ 'ਚ ਫਰਾਰ ਹੋ ਗਏ।ਪੁਲਿਸ ਵਲੋਂ ਇਹ ਵੀ ਕਿਹਾ ਗਿਆ ਕਿ ਇਸ ਇਮਾਰਤ ਦੇ ਕੇਅਰਟੇਕਰ ਤੇ ਇਹਨਾਂ "ਅੱਤਵਾਦੀਆਂ" ਨੇ ਆਪਣੀ ਪਹਿਚਾਣ ਦਾ ਕੋਈ ਵੀ ਦਸਤਾਵੇਜ਼ ਜਾਮੀਆ ਨਗਰ ਦੇ ਥਾਣੇ 'ਚ ਜਮ੍ਹਾਂ ਨਹੀਂ ਕਰਵਾਇਆ ਸੀ।ਪੁਲਿਸ ਨੇ ਇਹਨਾਂ ਲੋਕਾਂ ਕੋਲ ਹਥਿਆਰ ਤੇ ਲੈਪਟੋਪ 'ਚ ਧਮਾਕਿਆਂ ਕਰਨ ਦੀ ਯੋਜਨਾ ਦੇ ਦਸਤਾਵੇਜ਼ 'ਤੇ ਕਈ ਹੋਰ ਅਹਿਮ ਸਬੂਤ ਮਿਲਣ ਦੀ ਗੱਲ ਵੀ ਕਹੀ ।

ਦਿੱਲੀ ਪੁਲਿਸ ਦੇ ਇਹਨਾਂ ਸਬੂਤਾਂ ਨੂੰ ਦੇਸ਼ ਦੀਆਂ ਦੋ ਮਸ਼ਹੂਰ ਸੁਤੰਤਰ ਮਨੁੱਖੀ ਅਧਿਕਾਰ ਜਥੇਬੰਦੀਆਂ ਪੀ.ਯੂ.ਡੀ.ਆਂਰ. ਤੇ ਪੀ.ਯੂ.ਸੀ.ਐਲ਼. ਤੋਂ ਇਲਾਵਾ ਹੋਰ ਵੀ ਕਈ ਬੁੱਧਜੀਵੀਆਂ ਨੇ ਸਵਾਲਾਂ ਦੇ ਕਟਿਹਰੇ 'ਚ ਖੜ੍ਹਾ ਕੀਤਾ।ਇਹਨਾਂ ਸੰਸਥਾਵਾਂ ਮੁਤਾਬਕ ਇਮਾਰਤ ਦੇ ਜਿਸ ਫਲੈਟ 'ਚ ਐਨਕਾਊਂਟਰ ਹੋਇਆ ,ਉਹ ਆਲੇ ਦੁਆਲਿਓ ਪੂਰੀ ਤਰ੍ਹਾਂ ਬੰਦ ਸੀ ਤੇ ਨਿਕਲਣ ਲਈ ਕੋਈ ਰਸਤਾ ਨਹੀਂ ਸੀ।ਇਸ ਲਈ 2 "ਅੱਤਵਾਦੀ" ਕਿਵੇਂ ਭੱਜੇ।ਜਿਨ੍ਹਾਂ 2 ਨੌਜਵਾਨਾਂ ਨੂੰ ਪੁਲਿਸ ਵਲੋਂ ਭੱਜਿਆ ਦੱਸਿਆ ਗਿਆ ,ਉਹਨਾਂ 'ਚੋਂ ਜਾਸ਼ੀਨ ,ਜੋ ਆਈ.ਆਈ.ਪੀ.ਐਮ. ਦੀ ਦਾਖਿਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ,ਉਸਨੇ "ਐਨਕਾਊਂਟਰ" ਤੋਂ ਬਾਅਦ "ਹੈੱਡਲਾਇਨ ਟੂਡੇ" ਚੈਨਲ 'ਤੇ ਜਾਕੇ ਆਪਣਾ ਇੰਟਰਵਿਊ ਦਿੱਤੀ,ਜਿਸਨੂੰ ਵੀ ਪੁਲਿਸ ਵਲੋਂ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਵਲੋਂ ਕਿਹਾ ਗਿਆ ਸੀ ਕਿ ਇੰਸਪੈਕਟਰ ਸ਼ਰਮਾ ਦੀ ਮੌਤ ਛਾਤੀ 'ਚ 3 ਗੋਲੀਆਂ ਲੱਗਣ ਨਾਲ ਹੋਈ ਹੈ,ਜਦੋਂ ਕਿ ਪੋਸਟਮਾਰਟਮ ਦੀ ਰਿਪੋਰਟ 'ਚ ਛਾਤੀ 'ਚ ਕੋਈ ਵੀ ਗੋਲੀ ਨਾ ਲੱਗਣ ਦੀ ਗੱਲ ਸਾਬਿਤ ਹੋ ਚੁੱਕੀ ਹੈ।ਰਿਪੋਟਰ ਮੁਤਾਬਕ ਗੋਲੀਆਂ ਮੋਡੇ ਤੇ ਪਿੱਠ 'ਤੇ ਲੱਗੀਆਂ ਹੋਈਆਂ ਸਨ,ਜੋ ਗੋਲੀਆਂ ਪਿਛਲੇ ਪਾਸਿਓਂ ਵੱਜਣ ਵੱਲ ਇਸ਼ਾਰਾ ਕਰਦੀਆਂ ਹਨ।ਇਸੇ ਸਬੰਧੀ ਇੰਡੀਆ ਟੂਡੇ ਗਰੁੁੱਪ ਦੀ ਅਖ਼ਬਾਰ "ਮੇਲ ਟੂਡੇ" ਨੇ ਵੀ "ਐਨਕਾਊਂਟਰ" ਤੋਂ ਦੂਜੇ ਦਿਨ ਆਪਣੇ ਮੁੱਖ ਪੇਜ 'ਤੇ ਇਕ ਤਸਵੀਰ ਛਾਪੀ ਸੀ,ਜਿਸ 'ਚ "ਐਨਕਾੳਂੁਟਰ" ਤੋਂ ਬਾਅਦ ਉਹਨਾਂ ਦੀ ਛਾਤੀ 'ਤੇ ਕੋਈ ਵੀ ਲਹੂ ਦਾ ਦਾਗ ਨਹੀਂ ਸੀ।ਇੰਸਪੈਕਟਰ ਸ਼ਰਮਾ ਦੀ ਮੌਤ ਸਬੰਧੀ ਹੋਲੀ ਫੈਮਿਲੀ ਹਸਪਤਾਲ ਦੇ ਡਾਕਟਰਾਂ ਦਾ ਵੀ ਕਹਿਣਾ ਹੈ,ਕਿ ਉਹਨਾਂ ਦੀ ਮੌਤ ਜ਼ਿਆਦਾ ਖੂਨ ਵਗਣ ਨਾਲ ਹੋਈ ਹੈ,ਜਦੋਂ ਕਿ ਹੋਲੀ ਫੈਮਿਲੀ ਹਸਪਤਾਲ "ਐਨਕਾਊਂਟਰ" ਵਾਲੀ ਥਾਂ ਤੋਂ 5 ਮਿੰਟ ਦੀ ਦੂਰੀ 'ਤੇ ਸੀ।ਪੁਲਿਸ ਵਲੋਂ ਇੰਸਪੈਕਟਰ ਦੀ ਮੌਤ ਤੋਂ ਬਾਅਦ ਕਿਸੇ ਵੀ ਮੀਡੀਆ ਕਰਮੀ ਜਾਂ ਮਨੁੱਖੀ ਅਧਿਕਾਰ ਜਥੇਬੰਦੀ ਦੇ ਲੋਕਾਂ ਨੂੰ ਹੋਲੀ ਫੈਮਿਲੀ ਹਸਪਤਾਲ ਦੇ ਡਾਕਟਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ "ਐਨਕਾਊਂਟਰ" ਵਾਲੀ ਇਮਾਰਤ 'ਚ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਹੈ।ਇਸੇ ਤਰ੍ਹਾਂ ਪੁਲਿਸ ਵਲੋਂ ਐਲ-18 ਇਮਾਰਤ ਦੇ ਫਲੈਟ ਦੀ ਪਹਿਚਾਣ ਨਾ ਦੇਣ ਦੀ ਗੱਲ ਕਹੀ ਗਈ ਸੀ,ਜਦੋਂ ਕਿ ਹੁਣ ਇਹ ਪੂਰੀ ਤਰ੍ਹਾਂ ਸਾਬਿਤ ਹੋ ਚੁੱਕਿਆ ਹੈ ਕਿ 21 ਅਗਸਤ 2008 ਨੂੰ ਇਹਨਾਂ ਸਾਰੇ ਲੋਕਾਂ ਨੇ ਆਪਣੇ ਮੋਬਾਇਲ ਨੰਬਰਾਂ ਸਮੇਤ ਪੂਰੀ ਸਹੀ ਵੈਰੀਫਿਕੇਸ਼ਨ ਜਾਮੀਆ ਨਗਰ ਦੇ ਥਾਣੇ 'ਚ ਦਿੱਤੀ ਸੀ।ਦਿੱਲੀ ਪੁਲਿਸ ਮੁਤਾਬਕ ਗੋਲੀਬਾਰੀ ਦੀ ਸ਼ੁਰੂਆਤ "ਅੱਤਵਾਦੀਆਂ" ਨੇ ਕੀਤੀ ਸੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਹੀ ਹੇਠਾਂ ਤੋਂ ਗੋਲੀਆਂ ਚਲਾਈਆਂ ਸਨ,ਪਰ ਜਿਸ ਤਰ੍ਹਾਂ ਜਾਮੀਆ ਯੂਨੀਵਰਸਿਟੀ ਦੇ 17 ਸਾਲਾ ਵਿਦਿਆਰਥੀ ਮਹੁੰਮਦ ਸਾਜ਼ਿਦ ਨੂੰ ਗੋਲੀਆਂ ਲੱਗੀਆਂ ਸਨ,ਉਸਨੇ ਵੀ ਪੁਲਸੀਆ ਕਾਰਵਾਈ ਦੇ ਪਾਜ ਉਧੇੜੇ ਹਨ।ਉਰਦੂ ਦੇ ਅਖ਼ਬਾਰ "ਸਹਾਰਾ ਉਰਦੂ" ਨੇ ਸਾਜ਼ਿਦ ਦੀ ਪੋਸਟਮਾਰਟਮ ਤੋਂ ਬਾਅਦ ਦੀ ਇਕ ਫੋਟੋ ਆਪਣੇ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਕੀਤੀ ਸੀ,ਜਿਸ 'ਚ 5 ਗੋਲੀਆਂ ਉਸਦੇ ਸਿਰ 'ਚ ਤੇ ਇਕ ਮੋਢੇ 'ਚ ਲੱਗੀ ਦਿਖਾਈ ਗਈ ਸੀ।"ਸਹਾਰਾ ਉਰਦੂ" ਦੇ ਸੰਪਾਦਕ ਨੇ ਸਵਾਲ ਚੁੱਕਿਆ ਸੀ ਕਿ ਪੁਲਿਸ ਦੀ ਗੋਲੀਆਂ ਦਾ ਮੁਕਾਬਲਾ ਕਰ ਰਹੇ ਸਾਜ਼ਿਦ ਦੇ ਸਿਰ ਦੇ ਬਿਲਕੁਲ ੳੁੱਪਰ ਗੋਲੀ ਕਿਵੇਂ ਲੱਗ ਸਕਦੀ ਹੈ।ਇਸੇ ਤਰ੍ਹਾਂ ਫਰੈਂਸਿਕ ਮਾਹਿਰਾਂ ਨੇ ਕਿਹਾ ਹੈ ਕਿ ਸਾਜ਼ਿਦ ਨੂੰ ਗੋਲੀਆਂ 1 ਤੋਂ 3 ਮੀਟਰ ਦੀ ਵਿੱਥ ਤੋਂ ੳੁੱਪਰੋਂ ਖੜ੍ਹਕੇ ਮਾਰੀਆਂ ਗਈਆਂ ਸਨ ਤੇ ਗੋਲੀਆਂ ਲੱਗਣ ਸਮੇਂ ਉਹ ਬੈਠਾ ਹੋਇਆ ਸੀ।ਜਦੋਂਕਿ ਕਿਸੇ ਵੀ "ਮੁਕਾਬਲੇ 'ਚ 1 ਮੀਟਰ ਤੋਂ ਗੋਲੀ ਲੱਗਣੀ ਬਿਲਕੁਲ ਸੰਭਵ ਨਹੀਂ।


ਸਵਾਲਾਂ ਦੀ ਪੰਡ ਬਣੇ ਇਸ "ਐਨਕਾਊਂਟਰ" 'ਤੇ ਸਵਾਲ ਲਗਾਤਾਰ ਪੈਦਾ ਹੋ ਰਹੇ ਹਨ।ਸਭਤੋਂ ਵੱਡਾ ਸਵਾਲ ਇਹ ਹੈ ਕਿ ਦਿੱਲੀ ਪੁਲਿਸ ਨੂੰ ਜੇ "ਅੱਤਵਾਦੀਆਂ" ਦੀ ਪੱਕੀ ਇਤਲਾਹ ਸੀ ਤਾਂ ਪੂਰੇ ਜਾਮੀਆ ਨਗਰ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ।ਸਪੈਸ਼ਲ ਸੈੱਲ ਦੇ ਇੰਸਪੈਕਟਰ ,ਜੋ ਦਿੱਲੀ 'ਚ ਐਨਕਾਊਂਟਰਾਂ ਦੇ ਮਾਹਰ ਮੰਨੇ ਜਾਂਦੇ ਸਨ,ਨੇ ਬੂਲਿਟ ਪਰੂਫ ਜੈਕਟ ਕਿਉਂ ਨਹੀਂ ਪਾਈ..?ਜਦੋਂ ਕਿ ਪੁਲਿਸ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਨੂੰ ਇਸ "ਅਨਕਾਊਂਟਰ" ਬਾਰੇ ਪਲ ਪਲ ਦੀ ਜਾਣਕਾਰੀ ਸੀ।ਪੁਲਿਸ ਵਲੋਂ ਇਹ ਝੂਠ ਕਿਉਂ ਬੋਲਿਆ ਗਿਆ ਕਿ ਇੰਸਪੈਕਟਰ ਸ਼ਰਮਾ ਦੀ ਛਾਤੀ 'ਚ ਤਿੰਨ ਗੋਲੀਆਂ ਲੱਗੀਆਂ ਹਨ।ਐਨ.ਐਚ.ਆਰ.ਸੀ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ "ਐਨਕਾਊਂਟਰ" ਤੋਂ ਪਹਿਲਾਂ ਪੂਰੀ ਰਣਨੀਤੀ ਕਿਉਂ ਨਹੀਂ ਘੜੀ ਗਈ।"ਅੱਤਵਾਦੀਆਂ" ਨੂੰ ਮਾਰਨ ਤੋਂ ਪਹਿਲਾਂ,ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਉਂ ਨਹੀਂ ਕਿਹਾ ਗਿਆ।"ਐਨਕਾਊਂਟਰ" ਤੋਂ ਥੋੜ੍ਹੇ ਜਿਹੇ ਘੰਟਿਆਂ ਬਾਅਦ ਹੀ ਪੁਲਿਸ ਨੇ ਫੜ੍ਹੇ ਗਏ "ਅੱਤਵਾਦੀ" ਸੈਫ ਤੇ ਲੈਪਟੋਪ ਦੀ ਜਾਂਚ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਸਭਨੂੰ ਦਿੱਲੀ ਧਮਾਕਿਆਂ ਦੇ ਜ਼ਿੰਮੇਂਵਾਰ ਕਿਵੇਂ ਐਲਾਨ ਦਿੱਤਾ।ਐਨਕਾਉਂਟਰ ਤੋਂ ਬਾਅਦ ਗ੍ਰਿਫਤਾਰ ਕੀਤੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਵੇਂ ਨਕੋਰ "ਗਮਸ਼ਿਆਂ" ਭਾਵ ਮੁਸਲਿਮ ਭਾਈਚਾਰੇ ਦੇ ਸਕਾਰਫਾਂ 'ਚ ਮੀਡੀਆ ਸਾਹਮਣੇ ਪੇਸ਼ ਕਿਉਂ ਕੀਤਾ ਗਿਆ.? ਕੀ ਉਹਨਾਂ ਨੂੰ ਅੰਤਰਰਾਸ਼ਟਰੀ "ਅੱਤਵਾਦ" ਨਾਲ ਜੋੜਦਿਆਂ ਫਲਸਤੀਨੀ ਖਾੜਕੂਆਂ ਤੇ ਤਾਲਿਬਾਨਾਂ ਦਾ ਰੂਪ 'ਚ ਪੂਰੇ ਦੇਸ਼ ਸਾਹਮਣੇ "ਇਸਲਾਮੀ ਅੱਤਵਾਦੀਆਂ" ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਸੀ।ਇਕ ਤੱਥ ਇਹ ਵੀ ਸਾਹਮਣੇ ਆਇਆ ਸੀ ਕਿ ਪੁਲਿਸ ਵਲੋਂ ਬਿਲਕੁਲ ਨਵੇਂ ਗਸ਼ਮੇ ਖਰੀਦਕੇ ਪਹਿਨਾਏ ਗਏ ਸਨ,ਜੋ ਮੁਸਲਿਮ ਲਾਅ ਬੋਰਡ ਦੇ ਵਿਰੋਧ ਕਰਨ ਤੋਂ ਬਾਅਦ ਹਟਾਏ ਗਏ।ਅਜਿਹੇ ਤੱਥ ਇਸ ਘਟਨਾ ਨੂੰ ਅਮਰੀਕਾ ਵਲੋਂ ਚਲਾਈ "ਵਾਰ ਅਗੈਂਸਟ ਟੈਰੋਰਿਜ਼ਮ" ਦੀ ਮੁਹਿੰਮ ਨਾਲ ਜੋੜਕੇ ਵੇਖਣ ਲਈ ਮਜ਼ਬੂਰ ਕਰਦੇ ਹਨ।ਇਸੇ ਤਰ੍ਹਾਂ ਪੁਲਿਸ ਵਲੋਂ ਕਿਹਾ ਗਿਆ ਸੀ ਕਿ ਆਤਿਫ ਤੇ ਸਾਜ਼ਿਦ ਦੇ ਬੈਂਕ ਖਾਤਿਆਂ 'ਚ 3 ਕਰੌੜ ਰੁਪਏ ਦੇ ਵਿਦੇਸ਼ੀ ਰੁਪਏ ਦੀ ਗੱਲ ਕਹੀ ਗਈ ਸੀ,ਪਰ ਉਹਨਾਂ ਦੋਵਾਂ ਦੇ ਖਾਤਿਆਂ 'ਚੋਂ ਸਿਰਫ 17-18 ਹਜ਼ਾਰ ਰੁਪਏ ਨਿਕਲੇ ਹਨ।ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਡੀਆ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਹੋਏ,ਕਿਉਂਕਿ "ਮੇਲ ਟੂਡੇ" ਤੇ "ਸਹਾਰਾ ਉਰਦੂ" ਵਰਗੀਆਂ ਮੁੱਖਧਾਰਾ ਦੀਆਂ ਅਖ਼ਬਾਰਾਂ ਤੋਂ ਬਿਨਾਂ ਬਾਕੀ ਸਾਰੇ ਹੀ ਅਖ਼ਬਾਰਾਂ ਤੇ ਚੈਨਲਾਂ ਨੇ ਮੀਡੀਆ ਵਲੋਂ ਪੁਲਿਸ ਦੇ ਬਿਆਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ,ਜਿਵੇਂ ਉਹ ਦਿੱਲੀ ਪੁਲਿਸ ਦੇ "ਮੁੱਖ ਬੁਲਾਰੇ" ਹੋਣ।ਨੋਇਡਾ ਦੇ ਮਸ਼ਹੂਰ "ਆਰੂਸ਼ੀ ਕਤਲ ਕਾਂਡ" ਦੇ ਕਣ-ਕਣ ਦੀ "ਇਨਵੈਸਟੀਗੇਸ਼ਨ" ਕਰਨ ਵਾਲੇ ਮੀਡੀਏ ਨੇ ਇਸ ਮਾਮਲੇ ਦੀ ਕੋਈ ਵੀ ਪਾਰਦਰਸ਼ੀ ਢੰਗ ਨਾਲ ਖੋਜਬੀਨ ਨਹੀਂ ਕੀਤੀ।ਮੀਡੀਆ ਨੇ ਦਿੱਲੀ ਪੁਲਿਸ ਅੱਗੇ ਇਹ ਸਵਾਲ ਨਹੀਂ ਕਿਉਂ ਨਹੀਂ ਰੱਖੇ,ਕੀ ਜਿਹੜੀ ਪੁਲਿਸ ਇਕ ਨਿੱਜੀ ਕਤਲ ਕਾਂਡ ਦੇ ਕਾਤਲਾਂ ਦਾ ਪਤਾ, ਏਡੇ ਲੰਬੇ ਸਮੇਂ 'ਚ ਨਹੀਂ ਲਗਾ ਸਕੀ,ਉਸਨੇ ਏਨੇ ਵੱਡੇ ਧਮਾਕਿਆਂ ਦੇ "ਮਾਸਟਰਮਾਈਂਡਾਂ" ਨੂੰ ਧਮਾਕਿਆਂ ਤੋਂ ਦੂਜੇ ਤੀਜੇ ਦਿਨ ਬਾਅਦ ਹੀ ਕਿਵੇਂ ਲੱਭ ਲਿਆ..? ਇਸ ਮਾਮਲੇ 'ਚ ਵੀ ਪੁਲਿਸ ਅਜੇ ਤੱਕ ਅਦਾਲਤ ਸਾਹਮਣੇ ਕੋਈ ਪੁਖਤਾ ਸਬੂਤ ਵੀ ਪੇਸ਼ ਨਹੀਂ ਕਰ ਸਕੀ।ਜਦੋਂ ਪੁਲਿਸ ਵਲੋਂ ਦੱਸਿਆ ਗਿਆ ਕਿ ਇਸ ਮਾਮਲੇ 'ਚ ਜ਼ਿਆਦਾਤਰ ਲੋਕ ਯੂ.ਪੀ. ਦੇ ਆਜ਼ਮਗੜ੍ਹ ਨਾਲ ਜੁੜੇ ਹੋਏ ਨੇ,ਤਾਂ ਮੀਡੀਆ ਨੇ ਆਜ਼ਮਗੜ੍ਹ ਨੂੰ "ਅੱਤਵਾਦ" ਦਾ ਅੱਡਾ ਗਰਦਾਨ ਦਿੱਤਾ।ਕੁਝ ਚੈਨਲਾਂ ਵਲੋਂ ਆਜ਼ਮਗੜ੍ਹ ਨੂੰ ਦਾਊਦ ਇਬਰਾਹਿਮ ਤੇ ਅੱਬੂ ਸਲੇਮ ਦੀ ਧਰਤੀ ਤਾਂ ਵਾਰ ਵਾਰ ਕਿਹਾ ਗਿਆ,ਪਰ ਉਸੇ ਧਰਤੀ ਦੇ ਮਹਾਨ ਸਪੂਤ "ਕੈਫੀ ਆਜ਼ਮੀ" ਦੀ ਗੱਲ ਬਿਲਕੁਲ ਨਹੀਂ ਕੀਤੀ।ਜਿਸ ਨਾਲ ਪੂਰੇ ਦੇਸ਼ ਦੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬਹੁਤ ਧੱਕਾ ਲੱਗਿਆ ਤੇ ਭਾਈਚਾਰ ਨਾਲ ਜੁੜੇ ਆਮ ਲੋਕਾਂ 'ਚ ਕਾਫੀ ਦਹਿਸ਼ਤ ਵੀ ਵੇਖਣ ਨੂੰ ਮਿਲੀ।ਆਜ਼ਮਗੜ੍ਹ ਨੂੰ ਇਕ "ਮਿੰਨੀ ਪਾਕਿਸਤਾਨ" ਦੇ ਤੌਰ 'ਤੇ ਪੇਸ਼ ਕੀਤਾ ਗਿਆ,ਜਿਸ ਕਾਰਨ ਹੁਣ ਆਜ਼ਮਗੜ੍ਹ ਦੇ ਲੋਕ ਆਪਣੇ ਬੱਚਿਆਂ ਨੂੰ ਮੈਟਰੋ ਸ਼ਹਿਰਾਂ 'ਚ ਭੇਜਣ ਤੋਂ ਡਰ ਰਹੇ ਹਨ।ਸਿਰਫ ਤੇ ਸਿਰਫ "ਸਰਕਾਰੀ" ਪੱਖ ਨੂੰ ਵਿਖਾਕੇ ਮੀਡੀਆ ਨੇ ਪੱਤਰਕਾਰੀ ਦੇ ਮੁੱਲਾਂ ਤੇ ਸਰੋਕਾਰਾਂ ਦੀਆਂ ਧੱਜੀਆਂ ਤਾਂ ਉਡਾਈਆਂ ਹੀ,ਨਾਲ ਹੀ ਮੁਸਲਿਮ ਭਾਈਚਾਰੇ ਦੇ ਅਕਸ ਨੂੰ ਵੀ ਇਕ "ਪੇਸ਼ਾਵਾਰ ਅੱਤਵਾਦੀ" ਦੇ ਤੌਰ 'ਤੇ ਪੂਰੇ ਦੇਸ਼ ਦੇ ਸਾਹਮਣੇ ਪੇਸ਼ ਕੀਤਾ।ਇਸ ਮਾਮਲੇ 'ਚ ਗ੍ਰਿਫਤਾਰ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 'ਵਰਸਿਟੀ ਦੇ ਚਾਂਸਲਰ ਨੇ ਜਦੋਂ ਕਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਤਾਂ ਸੰਘ ਪਰਿਵਾਰ ਦੀਆਂ ਹਿੰਦੁਤਵੀ ਜਥੇਬੰਦੀਆਂ ਨੇ ਵੀ.ਸੀ. ਨੂੰ "ਦੇਸ਼ ਦਾ ਗਦਾਰ" ਕਹਿਕੇ ਇਸਦਾ ਵਿਰੋਧ ਕੀਤਾ,ਜਿਸਨੂੰ ਵੀ ਲਗਭਗ ਸਾਰੇ ਮੁੱਖ ਧਾਰਾਈ ਮੀਡੀਏ ਨੇ ਨਕਾਰਾਤਮਕ ਤੌਰ 'ਤੇ ਪੇਸ਼ ਕੀਤਾ। ਆਖਰ ਸਵਾਲ ਪੈਦਾ ਹੁੰਦਾ ਹੈ ਕੀ ਜਮੂਹਰੀਅਤ ਦੀ ਇਸ ਸਦੀ 'ਚ ਪੁਲਿਸ ਵਲੋਂ ਐਲਾਨੇ "ਅੱਤਵਾਦੀਆਂ" ਨੂੰ ਅਦਾਲਤਾਂ ਸਾਹਮਣੇ ਆਪਣਾ ਪੱਖ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ.? ਸਵਾਲ ਇਹ ਵੀ ਹੈ ਕਿ ਜੇ ਆਜ਼ਮਗੜ੍ਹ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਕੇ ਉਹਨਾਂ ਲਈ ਪੜਨ ਲਿਖਣ ਦੇ ਰਸਤੇ ਬੰਦ ਕਰ ਦਿੱਤੇ ਜਾਣਗੇ ਤਾਂ ਉਹ ਕਿਸ ਰਸਤੇ ਨੂੰ ਅਪਨਾਉਣਗੇ।ਕੀ ਇਸ ਤਰ੍ਹਾਂ ਨਾਲ "ਅੱਤਵਾਦ" ਨੂੰ ਦੇਸ਼ 'ਚੋਂ ਖਤਮ ਕੀਤਾ ਜਾ ਰਿਹੈ ਜਾਂ ਉਸ ਲਈ ਇਕ ਨਵੀਂ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ..?

ਮੁੱਖ ਧਾਰਾ ਦੀਆਂ ਪਾਰਟੀਆਂ ਜਿਵੇਂ ਹਰ ਮੁੱਦੇ ਨੂੰ ਕੈਸ਼ ਕਰਨੋਂ ਨਹੀਂ ਖੁੰਝਦੀਆਂ,ਉਸੇ ਤਰ੍ਹਾਂ ਇਸ ਮਾਮਲੇ 'ਤੇ ਵੀ ਕਾਂਗਰਸੀਆਂ,ਭਾਜਪਾਈ ਤੇ ਸਮਾਜਵਾਦੀ ਪਾਰਟੀ ਨੇ ਆਪਣੇ ਆਪਣੇ ਦਾਇਰੇ 'ਚ ਰਹਿਕੇ ਇਕ ਦੂਜੇ 'ਤੇ ਤੀਰ ਛੱਡੇ।ਸਭਤੋਂ ਵੱਧ ਚਰਚਾ ਦਾ ਵਿਸ਼ਾ ਸਮਜਾਵਾਦੀ ਪਾਰਟੀ ਦੇ ਕਰਤਾ ਧਰਤਾ ਅਮਰ ਸਿੰਘ ਬਣੇ,ਅਸਲ 'ਚ ਅਮਰ ਸਿੰਘ ਨੇ ਇਕ ਪਾਸੇ ਇੰਸਪੈਕਟਰ ਸ਼ਰਮੇ ਨੂੰ ਸ਼ਹੀਦ ਕਹਿਕੇ ,ਉਸਦੇ ਪਰਿਵਾਰ ਨੂੰ ਦਸ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਯੂ.ਪੀ. ਦੇ ਵੱਡੇ ਮੁਸਲਿਮ ਵੋਟ ਬੈਂਕ ਨੂੰ ਵੇਖਦਿਆਂ ਤੇ ਆਪਣੀ ਦਿਨੋ ਦਿਨ ਘਟਦੀ ਰਾਜਨੀਤਿਕ ਜ਼ਮੀਨ ਨੂੰ ਬਚਾਉਣ ਲਈ ਜਾਮੀਆ ਨਗਰ ਵਿਖੇ ਜਾਕੇ "ਐਨਕਾਊਂਟਰ" ਨੂੰ "ਫਰਜ਼ੀ ਮੁਕਬਲਾ" ਕਰਾਰ ਦੇ ਦਿੱਤਾ ਤੇ ਇਸਦੀ ੳੁੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ।ਜਦੋਂ ਇਸਤੇ ਭਾਈਵਾਲ ਕਾਂਗਰਸ ਨੇ ਟਿੱਪਣੀ ਕੀਤੀ ਤਾਂ ਉਹਨਾਂ ਕਿਹਾ ਕਿ "ਤੁਹਾਡੇ ਲੀਡਰ ਤਾਂ ਮੇਰੇ ਵਾਲੀਆਂ ਗੱਲਾਂ ਪਹਿਲਾਂ ਹੀ ਕਹਿ ਚੁੱਕੇ ਹਨ ,ਮੈਂ ਤਾਂ ਸਿਰਫ ਦੁਹਰਾਈਆਂ ਹਨ"। ਸੁੱਚਮੁੱਚ ਹੀ ਕਾਂਗਰਸ ਦੇ ਕਪਿਲ ਸਿੱਬਲ,ਦਿਗਵਿਜੈ ਸਿੰਘ,ਪ੍ਰਵੇਜ਼ ਹਾਸ਼ਮੀ ਤੇ ਸਲਮਾਨ ਖੁਰਸ਼ੀਦ ਇਸ "ਐਨਕਾਉਂਟਰ" ਦੀ ਨਿਆਂਇਕ ਜਾਂਚ ਲਈ ਪਹਿਲਾਂ ਹੀ ਚੁੱਪ ਚਪੀਤੇ ਮਨਮੋਹਨ ਸਿੰਘ ,ਸੋਨੀਆ ਗਾਂਧੀ ਤੇ ਸ਼ਿਵਰਾਜ ਪਾਟਿਲ ਨੂੰ ਮਿਲ ਚੱਕੇ ਸਨ।ਕਿਉਂਕਿ ਇਹਨਾਂ ਸਭ ਦਾ ਰਾਜਨੀਤਿਕ ਇਲਾਕਾ ਮੁਸਲਮਾਨਾਂ ਦੇ ਵੋਟ ਬੈਂਕ ਨਾਲ ਵੱਡੇ ਪੱਧਰ 'ਤੇ ਜੁੜਿਆ ਹੋਇਆ ਹੈ।ਓਧਰ ਭਾਜਪਾ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਹੀ ਅੰਦਾਜ਼ 'ਚ ਸਾਰੇ ਜੁਡੀਸ਼ੀਅਲ ਜਾਂਚ ਦੀ ਮੰਗ ਕਰਨ ਵਾਲੇ ਲੋਕਾਂ ਨੂੰ "ਦੇਸ਼ ਧ੍ਰੋਹ" ਦਾ ਸਰਟੀਫਿਕੇਟ ਦੇ ਦਿੱਤਾ।"ਐਨਕਾਉਂਟਰ" ਦੀ ਨਿਆਂਇਕ ਜਾਂਚ ਨੂੰ ਕੋਈ ਵੀ ਰੱਦ ਕਰੇ,ਪਰ ਇਹ ਜਾਂਚ ਬਹੁਤ ਜ਼ਰੂਰੀ ਹੈ,ਕਿਉਂੁਕਿ 2001 'ਚ "ਸੰਸਦ 'ਤੇ ਹੋਏ ਹਮਲੇ" ਦੀ ਨਿਆਂਇਕ ਜਾਂਚ ਤੋਂ ਬਾਅਦ ਦਿੱਲੀ ਪੁਲਿਸ ਵਲੋਂ "ਮਾਸਟਰਮਾਈਂਡ" ਕਹੇ ਗਏ ਦਿੱਲੀ ਯੂਨੀਵਰਸਿਟੀ ਦੇ ਪ੍ਰਫੈਸਰ ਐੱਸ.ਏ.ਆਰ. ਗਿਲਾਨੀ ਪੂਰੀ ਤਰ੍ਹਾਂ ਬਰੀ ਹੋਏ ਸਨ।ਖੈਰ,ਸਿਆਸੀ ਲੀਡਰਾਂ ਦਾ ਲਾਸ਼ਾਂ 'ਤੇ ਰੋਟੀਆਂ ਸੇਕਣ ਦਾ ਇਤਿਹਾਸ ਤਾਂ ਕਾਫੀ ਪੁਰਾਣਾ ਹੈ,ਪਰ ਇਮਾਨਦਾਰ ਤੇ ਵਿਚਾਰਸ਼ੀਲ ਲੋਕਾਂ ਨੂੰ ਆਪਣੇ ਜਮੂਹਰੀ ਹੱਕਾਂ ਨੂੰ ਵਰਤਦੇ ਹੋਏ ਜੁਡੀਸ਼ੀਅਲ ਜਾਂਚ ਦੀ ਮੰਗ ਜ਼ੋਰਾਂ ਸ਼ੋਰਾਂ ਨਾਲ ਉਠਾਉਣੀ ਚਾਹੀਦੀ ਹੈ ਤੇ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਸਿਆਸੀ ਪਾਰਟੀਆਂ ਨੂੰ ਸਮੂਹ ਲੋਕਾਈ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ,ਨਹੀਂ ਤਾਂ ਵੱਖ ਵੱਖ ਧਰਮਾਂ,ਵਰਗਾਂ,ਤੇ ਜਾਤਾਂ ਨਾਲ ਜੁੜੀਆਂ ਘੱਟਗਿਣਤੀਆਂ 'ਚ ਪੈਦਾ ਹੋ ਰਹੀ ਅਸੰਤੁਸ਼ਟਤਾ ਇਸ ਜਮੂਹਰੀ ਸਿਸਟਮ ਤੋਂ ਉਹਨਾਂ ਦਾ ਮੋਹ ਭੰਗ ਕਰ ਸਕਦੀ ਹੈ ਤੇ ਜਿਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

No comments:

Post a Comment