ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, December 31, 2008

ਵਿਸ਼ਵੀਕਰਨ ਦੀ ਹਨ੍ਹੇਰੀ 'ਚ ਰੁਲਿਆ ਚੌਥਾ ਥੰਮ


ਭਾਰਤ ਵਰਗੇ ਅਲਪ-ਵਿਕਸਤ ਦੇਸ਼ ਦੀ ਆਰਥਿਕਤਾ 'ਚ ਜਦੋਂ "ਵਿਸ਼ਵੀਕਰਨ" ਜਿਹੇ ਭਾਰੇ ਸ਼ਬਦ ਨੇ ਦਸਤਕ ਦਿੱਤੀ ਸੀ ਤਾਂ ਦੇਸ਼ ਦੇ ਵੱਡੇ ਹਿੱਸੇ ਨੂੰ ਇਹਨਾਂ ਨੀਤੀਆਂ ਬਾਰੇ ਕੁਝ ਵੀ ਪਤਾ ਨਾ ਲੱਗਿਆ।ਪਤਾ ਵੀ ਕਿਵੇਂ ਲੱਗੇ ,ਜਿਹੜੇ ਦੇਸ਼ 'ਚ ਲੋਕਤੰਤਰ ਦੇ 60 ਸਾਲਾਂ ਬਾਅਦ 77 % ਲੋਕ 20 ਰੁਪਏ ਦਿਹਾੜੀ 'ਤੇ ਗੁਜ਼ਾਰਾ ਕਰ ਰਹੇ ਹੋਣ,ਓਥੇ ਜਨਤਾ ਦੇ ਚੇਤਨ ਸਮਾਜਿਕ ਵਿਕਾਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਵਿਸ਼ਵੀਕਰਨ ਦੇ ਏਸ ਸ਼ਬਦ ਤੇ ਨੀਤੀਆਂ ਦਾ ਦੇਸ਼ ਦੇ ਵੱਡੇ ਹਿੱਸੇ ਨੂੰ ਚਾਹੇ ਪਤਾ ਭਾਵੇਂ ਨਾ ਲੱਗਿਆ ਹੋਵੇ,ਪਰ ਇਹਨਾਂ ਨੀਤੀਆਂ ਤੋਂ ਲਾਹਾ ਲੈਣ ਵਾਲੇ ਦੇਸ਼ ਦੇ ਇਕ ਨਿਸ਼ਚਿਤ ਵਰਗ ਨੇ ਨੀਤੀਆਂ ਦੇ ਪੱਖ 'ਚ ਵੱਡੀ ਪ੍ਰਚਾਰ ਮੁਹਿੰਮ ਵਿੱਢੀ ,ਜਿਸਦਾ ਸਾਥ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੇ ਦਿੱਤਾ।ਇਸੇ ਪ੍ਰਚਾਰ ਦਾ ਨਤੀਜਾ ਸੀ ਕਿ ਭਾਰਤ ਦੀ ਮੱਧ ਵਰਗੀ ਜਮਾਤ ਵੀ ਅਖ਼ਬਾਰਾਂ ਤੇ ਖ਼ਬਰੀਆਂ ਚੈਨਲਾਂ ਦੀ ਭਾਸ਼ਾ ਬੋਲਣ ਲੱਗੀ।ਦੇਸ਼ 'ਚ ਨਵ-ਬਸਤੀਵਾਦ ਦੇ ਰੂਪ 'ਚ ਆਈਆਂ ਇਹਨਾਂ ਨੀਤੀਆਂ ਦਾ ਦੇਸ਼ ਦੇ ਵੱਡੇ ਮੀਡੀਆ ਘਰਾਣਿਆਂ ਨੇ ਸਵਾਗਤ ਕਿਉਂ ਕੀਤਾ? ਤੇ ਕਿਉਂ ਵਿਸ਼ਵੀਕਰਨ ਪੱਖੀ ਪ੍ਰਚਾਰ ਲਹਿਰ ਚਲਾਈ?ਇਸਦੇ ਲਈ ਥੋੜ੍ਹਾ ਵੇਰਵੇ ਤੇ ਵਿਸਥਾਰ 'ਚ ਜਾਣਾ ਪਵੇਗਾ।

1947 ਤੋਂ ਬਾਅਦ ਦੀ ਪੱਤਰਕਾਰੀ ਦੇ ਇਤਿਹਾਸ 'ਚ 1990ਵਿਆਂ ਦੇ ਦਹਾਕੇ ਸਮੇਂ ਭਾਰਤੀ ਪੱਤਰਕਾਰੀ ਦਾ ਚਹਿਰਾ ਅਜਿਹਾ ਬਦਲਣਾ ਸ਼ੁਰੂ ਹੋਇਆ,ਕਿ ਪਛਾਣਨਾ ਮੁਸ਼ਕਿਲ ਹੋ ਗਿਆ।ਵਿਸ਼ਵੀਕਰਨ ਦੀ ਪੂੰਜੀ ਨਾਲ ਮੀਡੀਆ ਦੇ ਪਸਾਰਵਾਦ ਨੂੰ ਮੀਡੀਆ ਘਰਾਣਿਆਂ ਨੇ "ਸੂਚਨਾ ਕ੍ਰਾਂਤੀ" ਦਾ ਨਾਂਅ ਦਿੱਤਾ।ਇਹ ਸੂਚਨਾ ਕ੍ਰਾਂਤੀ ਵਿਸ਼ਵੀਕਰਨ ਦੀ ਪੂੰਜੀ ਨਾਲ ਹੋਈ ਸੀ ,ਇਸ ਲਈ ਜ਼ਿਆਦਾਤਰ ਮੀਡੀਆ ਸੰਸਥਾਵਾਂ ਤੋਂ ਲਿਮਟਿਡ ਕਾਰਪੋਰੇਟ ਕੰਪਨੀਆਂ ਬਣੇ ਮੀਡੀਆ ਨੇ ਇਹਨਾਂ ਨੂੰ ਭਾਰਤ ਦੇ ਵਿਕਾਸ ਦੇ ਰੂਪ 'ਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੀਤੀਆਂ ਨਾਲ ਆਏ "ਸੂਚਨਾ ਇਨਕਲਾਬ" ਨਾਲ 70ਵਿਆਂ ਦੇ ਦਹਾਕੇ ਤੱਕ ਝੋਲਾ ਲਟਕਾਈ,ਮੋਟੇ ਫਰੇਮ ਦੇ ਸ਼ੀਸ਼ੇ ਦੀ ਐਨਕ ਵਾਲੇ ਪੱਤਰਕਾਰਾਂ ਦੀ ਥਾਂ ,ਕੋਟ ਪੈਂਟ ਵਾਲੇ ਹਾਈ ਫਾਈ ਪੱਤਰਕਾਰ ਨਜ਼ਰ ਆਉਣ ਲੱਗੇ।ਪਹਿਰਾਵੇ ਦੇ ਇਹ ਕੀਟਾਣੂ ਜਿਸਮਾਨੀ ਤੌਰ ਤੇ ਹੀ ਨਹੀਂ, ਬਲਕਿ ਦਿਮਾਗੀ ਤੌਰ 'ਤੇ ਵੀ ਧੁਰ ਅੰਦਰ ਪ੍ਰਵੇਸ਼ ਕਰ ਗਏ।ਹਮੇਸ਼ਾਂ ਸਮਾਜਿਕ ਸਰੋਕਾਰ ਨੂੰ ਮੁੱਖ ਰੱਖਣ ਵਾਲੇ ਪੱਤਰਕਾਰਾਂ 'ਤੇ ਪ੍ਰੋਫੈਸ਼ਨਲਿਜ਼ਮ ਏਨਾ ਭਾਰੂ ਹੋ ਗਿਆ ਕਿ ਸਮਾਜਿਕ ਜਿੰਮੇਂਵਾਰੀ ਤੇ ਪ੍ਰਤੀਬੱਧਤਾ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੀ ਜਵਾਬਦੇਹੀ ਵੱਡੀ ਗੱਲ ਜਾਪਣ ਲੱਗੀ ਹੈ ।ਵਿਦੇਸ਼ੀ ਪੂੰਜੀ ਦੇ ਭਾਰ ਹੇਠ ਦੱਬੇ ਮੀਡੀਏ ਨੇ,ਸਮਾਜਿਕ ਸਰੋਕਾਰ ਨਾਲ ਜੁੜੀਆਂ ਖ਼ਬਰਾਂ ਨੂੰ ਭੁਲਾਕੇ ਟੀ.ਆਰ.ਪੀ. ਤੇ ਸਰਕੂਲੇਸ਼ਨ ਦੀ ਦੌੜ 'ਚ ਵਿਸ਼ਵੀਕਰਨ ਦੀ ਲੋੜ ਲਈ ਫੈਸ਼ਨਵਾਦ,ਖਪਤਵਾਦ ਤੇ ਸਨਸਨੀ ਨੂੰ ਤਾਂ ਖੂਬ ਹੁਲਾਰਾ ਦਿੱਤਾ, ਪਰ ਜਨਤਾ ਦੇ ਦੁੱਖਾਂ ਦਰਦਾਂ ਨਾਲ ਜੁੜੀਆਂ ਖ਼ਬਰਾਂ ਦੇ ਆਕਾਸ਼ 'ਚ ਹਨ੍ਹੇਰਾ ਲਿਆ ਦਿੱਤਾ।ਜਿਹੜੀ ਪੱਤਰਕਾਰੀ ਬਸਤੀਵਾਦ ਦੇ ਖਿਲ਼ਾਫ ਲੜਦਿਆਂ ਲੰਮੇ ਸੰਘਰਸ਼ਾਂ ਦੇ ਇਤਿਹਾਸ ਤੋਂ ਲੰਘੀ ਸੀ,ਉਸਨੂੰ ਦੇਸ਼ ਦੇ ਕੁਝ ਘਰਾਣਿਆਂ ਨੇ ਆਪਣੇ ਨਿਜੀ ਹਿੱਤਾਂ ਲਈ ਨਵ-ਬਸਤੀਵਾਦ ਦੀ ਗੁਲਾਮੀ ਵੱਲ ਧੱਕ ਦਿੱਤਾ। ਨਵ-ਬਸਤੀਵਾਦੀ ਦੇ ਰੂਪ 'ਚ ਆਈਆਂ ਇਹਨਾਂ ਨੀਤੀਆਂ ਦਾ ਦੇਸ਼ ਦੇ ਕਈ ਸੱਜਿਆਂ-ਖੱਬਿਆਂ ਨੇ ਡਟਕੇ ਵਿਰੋਧ ਕੀਤਾ।ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਹੀ ਪ੍ਰਸਿੱਧ ਅਮਰੀਕੀ ਵਿਦਵਾਨ ਨੌਅਮ ਚੌਮਸਕੀ ਨੇ ਲਿਖਿਆ "ਮੀਡੀਆ ਦੇ ਵਿਸ਼ਵੀਕਰਨ ਦਾ ਮਤਲਬ ਭੈਅ ਮੁਕਤ ਅਕਾਸ਼ ਤੇ ਵਿਗਿਆਪਨ 'ਚ ਵਾਧਾ ਹੋਵੇਗਾ।ਖਾਸ ਤੌਰ ਤੇ ਵਿਦੇਸ਼ੀ ਮਾਲ ਤੇ ਵਿਗਿਆਪਨ 'ਚ ਵਾਧਾ।ਇਹਨਾਂ ਮੀਡੀਆ ਚੈਨਲਾਂ ਰਾਹੀਂ ਉਹਨਾਂ ਦਾ ਹੀ ਦ੍ਰਿਸ਼ਟੀਕੋਣ ਪੈਦਾ ਹੋਵੇਗਾ,ਜਿਨ੍ਹਾਂ ਕੋਲ ਕੌਮਾਂਤਰੀ ਮੀਡੀਆ ਨੂੰ ਚਲਾਉਣ ਲਈ ਪੂੰਜੀ ਹੈ।ਸੂਚਨਾਵਾਂ 'ਚ ਕਮੀ ਆਉਂਦੀ ਜਾਵੇਗੀ ਤੇ ਵਿਆਪਕ ਰੂਪ 'ਚ ਵੇਖਿਆ ਜਾਵੇ ਤਾਂ ਇਹਨਾਂ ਦਾ ਉਦੇਸ਼ ਅਜਿਹੇ ਸਰੋਤੇ ਪੈਦਾ ਕਰਨਾ ਹੋਵੇਗਾ,ਜੋ ਇਕ ਦੂਜੇ ਤੋਂ ਅਲੱਗ ਹੋਵੇ ਤੇ ਇਹ ਸਰੋਤੇ ਜ਼ਿਹਨੀ ਤੌਰ 'ਤੇ ਐਨੇ ਵੰਡੇ ਹੋਏ ਹੋਣ,ਕਿ ਰਾਜਨੀਤੀ 'ਚ ਕਿਸੇ ਸ਼ਕਤੀ ਨੂੰ ਪ੍ਰੇਸ਼ਾਨ ਨਾ ਕਰ ਸਕਣ"।ਵੇਖਣਾ ਹੋਵੇ ਤਾਂ ਵਿਸ਼ਵੀਕਰਨ ਦੀ ਪੂੰਜੀ ਨਾਲ ਸ਼ੁਰੂ ਹੋਏ ਭਾਰਤੀ ਅਖ਼ਬਾਰ ਤੇ ਚੈਨਲ ਵੀ ਲਗਭਗ ਅਜਿਹੀ ਹੀ ਭੂਮਿਕਾ ਨਿਭਾ ਰਹੇ ਨੇ।ਸਮਾਜਿਕ ਸਰੋਕਾਰਾਂ ਨਾਲ ਜੁੜੀ ਪੱਤਰਕਾਰੀ 'ਤੇ ਭਾਰੂ ਪ੍ਰੋਫੈਸ਼ਨਲਿਜਮ ਨੇ ਅਖ਼ਬਾਰਾਂ ਤੇ ਚੈਨਲਾਂ ਦੇ ਸੰਪਾਦਕਾਂ ਨੂੰ ਮੈਨੇਜਰਾਂ 'ਚ ਤਬਦੀਲ ਕਰ ਦਿੱਤਾ ਹੈ ਤੇ ਖ਼ਬਰ ਹੁਣ ਪ੍ਰੋਡਕਟ ਦੇ ਰੂਪ 'ਚ ਤਬਦੀਲ ਹੋ ਗਈ ਹੈ।ਚੈਨਲ ਤੇ ਅਖ਼ਬਾਰ ਦਾ ਸਾਰਾ ਅਰਥਸ਼ਾਸ਼ਤਰ ਇਸ਼ਤਿਹਾਰ ਨਾਲ ਜੁੜਿਆ ਹੋਣ ਦੇ ਕਾਰਨ ਚੈਨਲਾਂ 'ਤੇ ਅਖਬਾਰਾਂ 'ਚ ਲੋਕ-ਲਭਾਵਨੀਆਂ ਕਹਾਣੀਆਂ,ਭੂਤ ਪ੍ਰੇਤ ਤੇ ਅਧਾਰਿਤ ਸੀਰੀਅਲ,ਅਰਧ ਨਗਨ ਤਸਵੀਰਾਂ ਆਦਿ ਹੋਰ ਪਤਾ ਨੀਂ ਕੀ ਕੀ ਪਰੋਸਿਆ ਜਾਂਦਾ ਹੈ ਤੇ ਬਾਅਦ 'ਚ ਇਸੇ ਨੂੰ ਪ੍ਰੋਫੈਸ਼ਨਲਿਜ਼ਮ ਦਾ ਨਾਂਅ ਦੇਕੇ ਕਿਹਾ ਜਾਂਦਾ ਹੈ ਕਿ ਜੋ ਜਨਤਾ ਵੇਖਣਾ ਚਾਹੁੰਦੀ ਹੈ,ਅਸੀਂ ਉਹੀ ਵਿਖਾਉਂਦੇ ਹਾਂ"।ਸੱਭਿਅਕ ਸਮਾਜ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਚੈਨਲਾਂ ਨੇ ਨੈਤਕਿਤਾ ਤੇ ਅਨੈਤਿਕਤਾ ਨੂੰ ਇਕੋ ਤੱਕੜੀ 'ਚ ਤੋਲ ਦਿੱਤਾ ਹੈ।ਕਈ ਖ਼ਬਰੀਆ ਚੈਨਲ ਜੋਤਿਸ਼ ਜਾਂ ਗ੍ਰਹਿਾਂ ਨਛੱਤਰਾਂ ਨੂੰ ਇਸ ਤਰ੍ਹਾਂ ਵਿਖਾਉਂਦੇ ਨੇ,ਜਿਸ ਤਰ੍ਹਾਂ ਉਹ ਖ਼ਬਰੀਆਂ ਨਹੀਂ ,ਅੰਧਵਿਸ਼ਵਾਸੀ ਚੈਨਲ ਹੋਣ।

ਜਰਮਨੀ 'ਚ ਨਾਜ਼ੀਵਾਦ ਜਦੋਂ ਸਿਖਰਾਂ 'ਤੇ ਸੀ ਤਾਂ ਹਿਟਲਰ ਦੇ ਮੀਡੀਆ ਪ੍ਰਚਾਰਕ ਗੋਇਬਲਜ਼ ਨੇ ਕਿਹਾ ਸੀ "ਕਿ ਜੇ ਇਕ ਝੂਠ ਨੂੰ ਸੌ ਵਾਰ ਬੋਲ ਦਿੱਤਾ ਜਾਵੇ ਤਾਂ ਇਹ ਸੱਚ ਹੋ ਜਾਂਦਾ ਹੈ"।ਵਿਸ਼ਵੀਕਰਨ ਦੀਆਂ ਨੀਤੀਆਂ ਦੇ ਭਾਰ ਹੇਠ ਦੱਬਿਆ ਮੀਡੀਆ ਵੀ ਅੱਜਕਲ੍ਹ ਬਹੁਤੇ ਝੂਠਾਂ ਨੂੰ ਸੱਚ ਬਣਾਉਣ ਦੀ ਕਵਾਇਦ 'ਚ ਜੁਟਿਆ ਹੋਇਆ ਹੈ।ਦੇਸ਼ ਦੀ ਅਸਲ ਤਸਵੀਰ ਦੇ,ਪੁੱਠੇ ਪਾਸੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤੇ ਜਾ ਰਿਹਾ ਹੈ।ਸ਼ੇਅਰ ਬਜ਼ਾਰ ਦਾ ਸੂਚਕ ਅੰਕ ਹੋਵੇ ਜਾਂ ਫਿਰ ਸਾਮਰਾਜੀ ਮੰਡੀ ਦੀ ਲੋੜ ਲਈ ਆਈ "ਹਰੀ ਕ੍ਰਾਂਤੀ" ਹੋਵੇ,ਸਭ ਚੀਜ਼ਾਂ ਨੂੰ ਪੂਰੇ ਭਾਰਤ ਦੇ ਵਿਕਾਸ ਨਾਲ ਜੋੜਕੇ ਵੇਖਾਇਆ ਜਾਂਦਾ ਹੈ।ਸ਼ੇਅਰ ਬਜ਼ਾਰ ਜਦੋਂ 20,000 ਦਾ ਅੰਕੜਾ ਪਾਰ ਕਰਦਾ ਹੈ ਤਾਂ ਮੀਡੀਆ ਇਸਨੂੰ ਲੋਕਤੰਤਰ ਦਾ ਪੰਜਵਾਂ ਥੰਮ੍ਹ ਬਣਾਕੇ ਪ੍ਰਚਾਰਦਾ ਹੈ,ਜਦੋਂ ਕਿ ਚੈਨਲ ਉਸੇ ਬਜ਼ਾਰ ਦੀ ਗੱਲ ਕਰ ਰਹੇ ਹੁੰਦੇ ਨੇ ,ਜੋ ਕਦੇ ਕ੍ਰਿਕੇਟ ਦੇ ਮੈਚ ਤੇ ਕਦੇ ਚੋਣਾਂ ਦੀ ਜਿੱਤ ਹਾਰ ਕਾਰਨ ਪ੍ਰਭਾਵਿਤ ਹੋ ਜਾਂਦਾ ਹੈ ਤੇ ਜਿਸਨੂੰ ਵਿਦੇਸ਼ੀ ਨਿਵੇਸ਼ਕ ਏਜੰਸੀਆਂ ਨਿਰਧਾਰਿਤ ਕਰਦੀਆਂ ਹਨ। ਦੇਸ਼ ਦੇ ਕਿਸੇ ਅਦਾਕਾਰ ਨੂੰ "ਸਦੀ ਦਾ ਨਾਇਕ " ਬਣਾਕੇ ਤੇ ਕ੍ਰਿਕਟ ਦੇ ਵਿਸ਼ਵ ਕੱਪ ਨੂੰ ਵਿਸ਼ਵ ਯੁੱਧ ਦਾ ਨਾਂ ਦੇਣਾ ਵੀ ਝੂਠ ਨੂੰ ਸੱਚ ਬਣਾਉਣ ਵਾਲੀ ਗੱਲ ਹੈ।ਕ੍ਰਿਕੇਟ ਨੂੰ 24 ਘੰਟਿਆਂ 'ਚੋਂ 16-16 ਘੰਟੇ ਵਿਖਾਕੇ ਕਰੋੜਾਂ ਦਰਸ਼ਕ ਨੂੰ ਕ੍ਰਿਕੇਟ ਦੇ ਰਾਸ਼ਟਰਵਾਦ ਨਾਲ ਜੋੜਦੇ ਹੋਏ ਚੈਨਲ ਇਸ਼ਤਿਹਾਰਬਾਜ਼ੀ ਜ਼ਰੀਏ ਬਹੁਰਾਸ਼ਟਰੀ ਕੰਪਨੀਆਂ ਲਈ ਵੱਡਾ ਬਜ਼ਾਰ ਪੈਦਾ ਕਰਨ 'ਚ ਲੱਗੇ ਹੋਏ ਹਨ।ਅਲੋਚਨਾ ਦੇ ਹੁਣ ਨਵੇਂ ਸਟੈਂਡਰਡ ਬਣ ਗਏ ਹਨ,ਮੀਡੀਆ ਰਾਖੀ- ਮੀਕਾ,ਸ਼ਿਲਪਾ ਸੈਟੀ ਚੁੰਮਣ ਆਦਿ ਹਾਸੋਹੀਣੀ ਮੱਦਿਆਂ ਦੀ "ਜਿੰਮੇਂਵਾਰ" ਮੀਡੀਆ ਆਲੋਚਨਾ ਕਰਦਾ ਨਜ਼ਰ ਆਉਂਦਾ ਹੈ।ਸਮਾਜ 'ਚ ਵਾਪਰਦੀਆਂ ਦੱਬੇ ਕੁਚਲੇ ਲੋਕਾਂ ਦੀਆਂ ਸੂਚਨਾਵਾਂ ਨੂੰ ਅਣਗੌਲਿਆਂ ਕਰਕੇ ਮੀਡੀਆ ਵਿਅਕਤੀਗਤ ਘਟਨਾਵਾਂ ਨੂੰ ਹਮੇਸ਼ਾਂ ਉਭਾਰਕੇ ਪੇਸ਼ ਕਰਦਾ ਹੈ।
ਜਿਵੇਂ ਇਕ ਪ੍ਰਿੰਸ ਦੇ ਖੱਡੇ 'ਚ ਡਿੱਗਣ ਦੀ ਘਟਨਾ ਨੂੰ ਮੀਡੀਆ ਵੱਡੇ ਪੱਧਰ 'ਤੇ ਪੇਸ਼ ਕਰਦਾ ਹੈ ਪਰ ਦੇਸ਼ ਦੀਆਂ ਸੜਕਾਂ 'ਤੇ ਫਿਰਦੇ ਹਜ਼ਾਰਾਂ ਭੁੱਖੇ ਨੰਗਿਆਂ ਬੱਚਿਆਂ ਦੀ ਖ਼ਬਰ ਚੈਨਲ ਕਦੇ ਪੇਸ਼ ਨਹੀਂ ਕਰਦੇ ।ਇਸੇ ਤਰ੍ਹਾਂ ਮੀਡੀਆਂ ਦਲਿਤਾਂ,ਆਦਿਵਾਸੀਆਂ,ਕਿਸਾਨਾਂ ਤੇ ਘੱਟਗਿਣਤੀਆਂ ਦੇ ਸੰਘਰਸ਼ਾਂ ਨੂੰ ਪੇਸ਼ ਨਹੀਂ ਕਰਦਾ,ਜਿਹੜੀਆਂ ਖ਼ਬਰਾਂ ਸਿਸਟਮ ਦੀਆਂ ਵਿਰੋਧਤਾਈਆਂ ਨੂੰ
ਤਿੱਖਾ ਕਰਦੀਆਂ ਨੇ,ਉਹਨਾਂ ਤੋਂ ਮੀਡੀਆ ਪਰਹੇਜ਼ ਕਰਦਾ ਹੈ ,ਕਿਉਂਕਿ ਮੀਡੀਏ ਦੀ ਰਾਜਨੀਤਿਕ-ਆਰਥਿਕਤਾ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।ਮੀਡੀਆ ਨੂੰ ਵੱਡੇ ਰੂਪ 'ਚ ਇਸ਼ਤਿਹਾਰ ਬਹੁਰਾਸ਼ਟਰੀ ਕੰਪਨੀਆਂ ਹੀ ਦਿੰਦੀਆਂ ਹਨ,ਇਸ ਲਈ ਮੀਡੀਆ ਕੰਪਨੀਆਂ ਦੇ ਆਰਥਿਕ ਤੇ ਰਾਜਨੀਤਿਕ ਹਿੱਤ ਪੂਰਨੇ ਆਪਣੀ ਜਿੰਮੇਂਵਾਰੀ ਸਮਝਦਾ ਹੈ।ਖ਼ਬਰੀ ਚੈਨਲ ਕੋਲ ਅੱਜਕੱਲ੍ਹ ਹਰ ਖੇਤਰ ਲਈ ਵਿਸ਼ੇਸ਼ ਬੀਟ ਦੇ ਪੱਤਰਕਾਰ ਨੇ,ਪਰ ਦੇਸ਼ ਦੇ ਵੱਡੇ ਹਿੱਸੇ ਮਜ਼ਦੂਰਾਂ ਕਿਸਾਨਾਂ ਲਈ ਕੋਈ ਵੀ ਲੇਬਰ ਜਾਂ ਐਗਰੀਕਲਚਰ ਬੀਟ ਨਹੀਂ ਹੈ।ਦੇਸ਼ ਦੇ 75% ਹਿੱਸੇ ਨੂੰ ਛੱਡਕੇ 25% ਹਿੱਸੇ ਨੂੰ ਕਵਰ ਕਰਨ ਦਾ ਵੀ ਇਹੀ ਕਾਰਨ ਹੈ,ਕਿਉਂਕਿ 25% ਲੋਕਾਂ ਸਿੱਧੇ ਤੌਰ 'ਤੇ ਬਹੁਰਾਸ਼ਟਰੀ ਕੰਪਨੀਆਂ ਦੇ ਬਜ਼ਾਰ ਨਾਲ ਜੁੜੇ ਹੋਏ ਹਨ।ਇਸੇ ਲਈ ਚੈਨਲ ਅਜਿਹੇ ਪ੍ਰੋਗਰਾਮ ਪੇਸ਼ ਕਰਦੇ ਹਨ,ਜਿਨ੍ਹਾਂ ਨਾਲ "ਖਾਓ ਪੀਓ ਐਸ਼ ਕਰੋ ਮਿੱਤਰੋ" ਦੇ ਸਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਹੁਣ ਚੈਨਲ ਨਾਗਰਿਕ ਨੂੰ ਉਪਭੋਗਤਾ 'ਚ ਤਬਦੀਲ ਕਰਨ 'ਚ ਲੱਗੇ ਹੋਏ ਹਨ।ਗੰਭੀਰਤਾ ਨਾਂ ਦੀ ਚੀਜ਼ ਚੈਨਲਾਂ ਤੋਂ ਖਤਮ ਹੋ ਗਈ ਹੈ।ਇਸੇ ਨੂੰ ਬਿਆਨ ਕਰਦੇ ਮਸ਼ਹੂਰ ਮੀਡੀਆ ਆਲੋਚਕ ਬੇਨ ਬੈਕੇਡੀਅਨ ਕਹਿੰਦੇ ਨੇ ਕਿ "ਗੰਭੀਰ ਖ਼ਬਰਾਂ ਤੇ ਪ੍ਰੋਗਰਾਮ ਪਾਠਕਾਂ ਤੇ ਦਰਸ਼ਕਾਂ ਨੂੰ ਯਾਦ ਦਿਵਾਉਂਦੇ ਨੇ ਕਿ ਨਵੇਂ ਪਾਓਡਰ,ਸਾਬਣ ਜਾਂ ਨਵੇਂ ਮੋਬਾਇਲ ਨਾਲ ਦੁਨੀਆਂ ਮੁੱਠੀ 'ਚ ਨਹੀਂ ਕੀਤੀ ਜਾ ਸਕਦੀ,ਭਾਵ ਸਾਡੀਆਂ ਆਰਥਿਕ,ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਦੇ ਹੱਲ ਨਹੀਂ ਹੋ ਸਕਦੇ,ਪਰ ਮੁੱਖ ਧਾਰਾ ਦੇ ਮੀਡੀਏ ਦਾ ਪੂਰਾ ਅਰਥਸ਼ਾਸ਼ਤਰ ਹੀ ਸਾਬਣਾਂ,ਟੂਥਪੇਸਟਾਂ ਤੇ ਮੋਬਾਇਲਾਂ ਤੇ ਟਿਕਿਆ ਹੋਇਆ ਹੈ"।

ਜਿਸ ਤਰ੍ਹਾਂ ਵੱਡੀ ਮੱਛੀ,ਛੋਟੀ ਮੱਛੀ ਨੂੰ ਖਾਂਦੀ ਹੈ,ਉਸੇ ਤਰ੍ਹਾਂ ਵਿਸ਼ਵੀਕਰਨ ਦੇ ਦੌਰ 'ਚ ਵੱਡੀਆਂ ਮੀਡੀਆ ਕੰਪਨੀਆਂ ਛੋਟੀਆਂ ਨੂੰ ਖਾ ਕੇ ਏਕਾਧਿਕਾਰੀ ਕਾਇਮ ਕਰ ਰਹੀਆਂ ਹਨ।ਇਸ ਨਾਲ ਸੂਚਨਾ ਦੇ ਮਰਨ ਦਾ ਖਤਰਾ ਜ਼ਿਆਦਾ ਪੈਦਾ ਹੋਇਆ ਹੈ।ਅੰਤਰਰਾਸ਼ਟਰੀ ਮੀਡੀਆ ਤੇ ਨਜ਼ਰ ਮਾਰੀਏ ਤਾਂ ਨਜ਼ਰ ਆਉਂਦਾ ਹੈ ਤਾਂ ਪੂਰੀ ਦੁਨੀਆਂ ਦਾ ਧੁਰਾ ਕਹਾਉਂਦੇ ਅਮਰੀਕਾ 'ਚ 1983 'ਚ ਮੀਡੀਆ ਦੇ ਲਗਭਗ ਹਰ ਸਾਧਨ 'ਤੇ 50 ਕਾਰਪੋਰੇਸ਼ਨਾਂ ਦਾ ਕਬਜ਼ਾ ਸੀ,1987 'ਚ 29,1990'ਚ 23 ਤੇ 1997 ਤੱਕ ਆਉਂਦਿਆਂ 10 ਹੀ ਕਾਰਪੋਰੇਸ਼ਨਾਂ ਪੂਰੇ ਮੀਡੀਆ ਢਾਂਚੇ 'ਤੇ ਕਾਬਜ਼ ਸੀ।ਮੌਜੂਦਾ ਸਮੇਂ ਨਿਊਜ਼ ਕਾਰਪੋਰੇਸ਼ਨ,ਟਾਇਮ ਵਾਰਨਰ,ਏ.ਓ.ਐੱਲ ਡਿਜ਼ਨੀ,ਬਟੇਲਸਮੈਨ,ਵਾਅਕਾਮ ਤੇ ਟੀ.ਐੱਸ.ਆਈ. ਅਜਿਹੀਆਂ 6 ਕੰਪਨੀਆਂ ਨੇ ,ਜੋ ਅਮਰੀਕਾ ਦੇ ਰੇਡਿਓ,ਟੀ.ਵੀ ਤੇ ਅਖ਼ਬਾਰਾਂ ਨੂੰ ਕੰਟਰੋਲ ਕਰਦੀਆਂ ਨੇ।ਇਹਨਾਂ 'ਚੋਂ "ਨਿਊਜ਼ ਕਾਪੋਰੇਸ਼ਨ" ਦਾ ਸਟਾਰ ਗਰੁੱਪ ਤੇ ਟਾਈਮ ਵਾਰਨਰ ਦਾ ਸੀ.ਐੱਨ.ਐੱਨ. ਭਾਰਤੀ ਮੀਡੀਏ 'ਤੇ ਆਪਣੀ ਪੈਂਠ ਲਗਾਤਾਰ ਵਧਾ ਰਹੇ ਹਨ।ਇਸੇ ਤਰ੍ਹਾਂ ਭਾਰਤੀ ਮੀਡੀਆ ਦੇ ਇਸ਼ਤਿਹਾਰ ਨਾਲ ਸਬੰਧਿਤ ਬਿਜ਼ਨਸ 'ਤੇ ਵੀ ਚੋਟੀ ਦੀਆਂ 5 ਕੰਪਨੀਆਂ ਕਬਜ਼ਾ ਹੈ,ਜਿਨ੍ਹਾਂ ਸਾਰੀਆਂ ਨੂੰ ਵਿਦੇਸ਼ੀ ਕੰਪਨੀਆਂ ਕੰਟਰੋਲ ਕਰਦੀਆਂ ਹਨ।ਏਕਾਧਿਕਾਰ ਤੇ ਸ਼ਕਤੀ ਜਦੋਂ ਵੀ ਵਧਦੀ ਹੈ ਤਾਂ ਇਸਦੇ ਗੰਭੀਰ ਸਿੱਟੇ ਸਮਾਜ ਨੂੰ ਭੁਗਤਣੇ ਪੈਂਦੇ ਹਨ।ਖਾਸ ਕਰ ਭਾਰਤ ਵਰਗੇ ਦੇਸ਼ 'ਚ ਜਿੱਥੇ ਦੇਸੀ ਪੂੰਜੀ ਨਹੀਂ ,ਬਲਕਿ ਵਿਦੇਸ਼ੀ ਪੂੰਜੀ ਆਪਣਾ ਏਕਾਧਿਕਾਰ ਕਾਇਮ ਕਰ ਰਹੀ ਹੈ।ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੀ.ਐਨ.ਬੀ.ਸੀ. ਚੈਨਲ 'ਤੇ ਵਿਚਾਰ ਚਰਚਾ 'ਚ ਕਿਹਾ ਕਿ"ਸਾਨੂੰ ਆਪਣੇ ਸੀ.ਐੱਨ.ਐੱਨ. ਤੇ ਬੀ.ਬੀ.ਸੀ. ਦੀ ਜ਼ਰੂਰਤ ਹੈ,ਜੋ ਗਲੋਬਲ ਪੱਧਰ 'ਤੇ ਗਲੋਬਲ ਨਜ਼ਰੀਏ ਦਾ ਸਰੋਤਾ ਪੈਦਾ ਕਰ ਸਕਣ",ਹਾਂ ਜ਼ਰੂਰ ਹੀ ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਅਜਿਹੇ ਚੈਨਲਾਂ ਦੀ ਜ਼ਰੂਰਤ ਹੈ,ਪਰ ਕੀ ਵਿਦੇਸ਼ੀ ਪੂੰਜੀ ਦੀ ਨੀਂਹ 'ਤੇ ਟਿਕੇ ਹੋਏ ਸੀ.ਐਨ.ਐਨ,ਬੀ.ਬੀ.ਸੀ. ਤੇ "ਸਟਾਰ" ਸੰਘਰਸ਼ਾਂ ਭਰੀ ਪੱਤਰਕਾਰੀ ਦੇ ਸਿਧਾਂਤਾਂ, ਮੁੱਲਾਂ ,ਮਿਆਰਾਂ ਤੇ ਸਰੋਕਾਰਾਂ 'ਤੇ ਪਹਿਰਾ ਦੇ ਸਕਣਗੇ ?ਇਹ ਗੱਲ ਜ਼ਰਾ ਧਿਆਨਦੇਣਯੋਗ ਹੈ।ਹਾਲਤ ਤਾਂ ਇਹ ਹੈ ਕਿ ਸਾਬਕਾ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਵਲੋਂ ਖ਼ਬਰ ਏਜੰਸੀ ਪੀ.ਟੀ.ਆਈ. ਦਾ ਏਕਾਧਿਕਾਰ ਤੋੜਨ ਲਈ ਨਵੀਂ ਇਜ਼ਾਦ ਕੀਤੀ ਗਈ ਏਜੰਸੀ ਯੂ.ਐੱਨ.ਆਈ. ਨੂੰ ਕਬਜ਼ੇ 'ਚ ਲੈਣ ਲਈ ਕੁਝ ਮੀਡੀਆ ਸੰਸਥਾਵਾਂ ਵਲੋਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ।ਇਸ ਲਈ ਸਾਰੇ ਵਰਤਾਰੇ ਨੂੰ ਸਮਝਦੇ ਹੋਏ ਪੱਤਰਕਾਰ ਭਾਈਚਾਰੇ ਨੂੰ ਡੂੰਘਾਈ ਨਾਲ ਸੋਚਣ ਸਮਝਣ ਦੀ ਜ਼ਰੂਰਤ ਹੈ,ਨਹੀਂ ਤਾਂ ਇਤਿਹਾਸ, ਸਾਡੇ ਸਮਿਆਂ ਦੇ ਇਸ ਦੌਰ ਵੱਲ ਹਮੇਸ਼ਾਂ ਸਵਾਲੀਆ ਨਿਗ੍ਹਾ ਨਾਲ ਵੇਖਦਾ ਰਹੇਗਾ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

No comments:

Post a Comment