ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, February 18, 2009

ਰਾਜਸੱਤਾਈ ਗਲਿਆਰਿਆਂ 'ਚ ਕਿਵੇਂ ਖੋਈ ਸੀ "ਪੱਤਰਕਾਰੀ"..?


ਜਸਪਾਲ ਸਿੱਧੂ ਪੰਜਾਬੀ ਤੇ ਅੰਗਰੇਜ਼ੀ ਦੀ ਪੱਤਰਕਾਰੀ ਦਾ ਨਾਮਵਰ ਨਾਂਅ ਹਨ।ਪੰਜਾਬ ਦੀ ਸਮੁੱਚੀ ਪੱਤਰਕਾਰੀ 'ਚ ਜਿਨ੍ਹਾਂ ਲੋਕਾਂ ਨੇ ਡੱਟਕੇ ਪੱਤਰਕਾਰੀ ਮੁੱਲਾਂ 'ਤੇ ਪਹਿਰਾ ਦਿੱਤਾ,ਉਹ ਉਸ ਕਤਾਰ ਦੇ ਮੋਹਰੀਆਂ 'ਚੋਂ ਹਨ।ਬਠਿੰਡੇ ਦੇ ਛੋਟੇ ਜਿਹੇ ਪਿੰਡ ਤੋਂ ਦਿੱਲੀ ਤੱਕ ਦੇ ਸਫਰ 'ਚ ਹਜ਼ਾਰਾਂ ਮੁਸੀਬਤਾਂ ਦੇ ਬਾਵਜੂਦ ਅਪਣੇ ਸਿਧਾਂਤਾਂ 'ਤੇ ਅਡੋਲ ਰਹੇ।ਮੇਰਾ ਜਨਮ ਦਰਬਾਰ ਸਾਹਿਬ 'ਤੇ ਹਮਲੇ ਦੇ ਦਿਨ 3 ਜੂਨ,1984 ਨੂੰ ਹੋਇਆ ਸੀ,ਇਸ ਲਈ ਮੇਰੀ ਇਹ ਜਾਣਨ ਦੀ ਹਮੇਸ਼ਾਂ ਇਕ ਇਲਾਹੀ ਜਿਹੀ ਤਾਂਘ ਰਹੀ ਹੈ ਕਿ ਮੇਰੇ ਜਨਮ ਸਮੇਂ ਪੰਜਾਬ ਦੀ ਜ਼ਰਖੇਜ਼ ਧਰਤੀ 'ਤੇ ਕੀ-ਕੀ ਵਾਪਰ ਰਿਹਾ ਸੀ।ਜਦੋਂ ਪੱਤਰਕਾਰੀ ਨਾਲ ਜੁੜਿਆ ਤਾਂ ਉਦੋਂ ਤੋਂ ਸਮੇਂ ਦੀ ਚੰਗੀ-ਮਾੜੀ ਪੱਤਰਕਾਰੀ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ।ਜਸਪਾਲ ਸਿੱਧੂ ਜੀ ਉਹਨਾਂ ਉੱਥਲ ਪੁੱਥਲ ਦੇ ਦਿਨਾਂ 'ਚ ਅੰਮ੍ਰਿਤਸਰ ਯੂ.ਐਨ.ਆਈ ਦੇ ਸਟਾਫ ਰੀਪੋਰਟਰ ਸਨ,ਇਸ ਬਾਰੇ ਅਸੀਂ ਉਹਨਾਂ ਨੂੰ ਅਪਣੇ ਤਜ਼ਰਬੇ ਸਾਂਝੇ ਕਰਨ ਨੂੰ ਕਿਹਾ ਤਾਂ ਉਹਨਾਂ ਸਾਡੇ ਨਿਉਂਤੇ ਨੂੰ ਕਬੂਲ ਕੀਤਾ।ਅਸੀਂ ਉਹਨਾਂ ਦੇ ਧੰਨਵਾਦੀ ਹਾਂ..ਯਕੀਨ ਹੈ ਕਿ ਅੱਗੇ ਤੋਂ ਵੀ "ਗੁਲਾਮ ਕਲਮ" ਨੂੰ ਸਹਿਯੋਗ ਦਿੰਦੇ ਰਹਿਣਗੇ।...ਯਾਦਵਿੰਦਰ ਕਰਫਿਊ

ਅੱਜ ਜਦੋਂ ਤਕਰੀਬਨ 23-24 ਸਾਲਾਂ ਬਾਅਦ ਮੈਨੂੰ ਅਪਣੇ 1982 ਤੋਂ 1986 ਤੱਕ ਅੰਮ੍ਰਿਤਸਰ ਵਿਖੇ ਕੀਤੀ ਪੱਤਰਕਾਰੀ ਬਾਰੇ ਕੌੜੇ-ਖੱਟੇ ਤਜ਼ਰਬਿਆਂ ਬਾਰੇ ਲਿਖਣ ਨੂੰ ਕਿਹਾ ਗਿਆ ਹੈ ਤਾਂ ਮੇਰੇ ਸਾਹਮਣੇ ਚੁਣੌਤੀ ਸੀ,ਕਿ ਉਹ ਕਿਹੜੇ ਚੰਦ ਕੁ ਸ਼ਬਦ ਹੋਣ ਜਿਹੜੈ ਉਹਨਾਂ ਭਿਆਨਕ ਦਿਨਾਂ 'ਚ ਪੱਤਰਕਾਰਤਾ ਤੇ ਅਖ਼ਬਾਰਾਂ ਵਲੋਂ ਜ਼ਾਹਰਾ ਤੌਰ 'ਤੇ ਨਿਭਾਏ ਭਾਰਤੀ ਸਟੇਟ/ਦਿੱਲੀ ਪੱਖੀ ਰੋਲ ਨੂੰ ਸੂਤਰਧਾਰ ਕਰ ਸਕਦੇ ਹਨ।ਉਹ ਕਿਹੜਾ ਸੰਕਲਪ ਹੈ ਜਿਹੜਾ ਅਖ਼ਬਾਰਨਵੀਸ ਦੇ ਇਕਪਾਸੜ ਕਿਰਦਾਰ ਨੂੰ ਨਿਖਾਰਕੇ ਪੇਸ਼ ਕਰੇ।ਇਸ ਤਰ੍ਹਾਂ ਕਹਿ ਲਵੋ ਕਿ ਮੁੱਖਧਾਰਾ ਪੱਤਰਕਾਰੀ ਵਲੋਂ ਸਰਕਾਰ,ਪੁਲਿਸ,ਫੌਜ ਦੇ ਹੱਕ 'ਚ ਭੁਗਤਣ ਦੀ ਪ੍ਰਕ੍ਰਿਆ ਨੂੰ ਤੇ ਨਾਲ ਹੀ ਧਾਰਮਿਕ ਫਿਰਕਾਪ੍ਰਸਤੀ ਜਾਂ ਹਿੰਦੂਤਵ ਦੀ ਚੜ੍ਹੀ ਪਾਣ ਨੂੰ ਕਿਵੇਂ ਦ੍ਰਿਸ਼ਟੀਮਾਨ ਕੀਤਾ ਜਾਵੇ।ਇਹਨਾਂ ਸਾਰੀਆਂ ਵਿਸੰਗਤੀਆਂ ਤੇ ਕੋਝੀਆਂ ਗਤੀਵਿਧੀਆਂ ਜਿਹੜੀਆਂ "ਸੁਤੰਤਰ" ਜਾਂ "ਅਜ਼ਾਦ ਪੱਤਰਕਾਰੀ" ਦੇ ਦਮਗਜ਼ਿਆਂ ਤੇ ਦਾਅਵਿਆਂ ਦੀ ਚਿੱਟੀ ਚਾਦਰ 'ਚ ਲਪੇਟਕੇ ਪਰੋਸੀਆਂ ਗਈਆਂ ਤਰੋੜੀਆਂ ਮਰੋੜੀਆਂ ਸੂਚਨਾਵਾਂ ਦੇ ਕੱਚੇ ਚਿੱਠੈ ਨੂੰ ਕਿਵੇਂ ਪੇਸ਼ ਕੀਤਾ ਜਾਵੇ।

ਇਸ ਦਿਮਾਗੀ ਕਸਰਤ 'ਚੋਂ ਲੰਘਦਿਆਂ ਮੈਨੂੰ ਲੱਗਿਆ ਕਿ ਉਸ ਸਮੇਂ "ਜੰਗ ਹਿੰਦ ਪੰਜਾਬ ਦਾ" ਹੋਣ ਲੱਗਿਆ ਸੀ।ਇਸਦੀ ਅਸਲੀ ਸ਼ੁਰੂਆਤ 1982 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਸਰਕਾਰ ਵਿਰੁੱਧ ਸ਼ੁਰੂ ਕੀਤੇ ਮੋਰਚੇ ਤੋਂ ਹੋ ਗਈ ਸੀ।ਦਿੱਲੀ ਤਖ਼ਤ ਦੀ ਸੰਚਾਲਤ ਹਿੰਦੂ ਮਾਨਸਿਕਤਾ,ਇਸ ਸਿੱਖ ਸੰਘਰਸ਼ ਨੂੰ ਬਹੁ-ਗਿਣਤੀ ਭਾਰਤੀ ਵਸੋਂ ਲਈ ਵੱਡੀ ਚੁਣੌਤੀ ਮੰਨ ਰਹੀ ਸੀ।ਭਾਰਤੀ ੳ\ਪ ਮਹਾਂਦੀਪ ਦੀ ਵਸੋਂ ਪਿਛਲੀ ਇਕ ਸਦੀਂ ਤੋਂ ਹੀ ਫਿਰਕੂ ਲੀਹਾਂ 'ਤੇ ਵੰਡੀ ਜਾ ਚੁੱਕੀ ਸੀ।ਪਹਿਲਾਂ ਅੰਗਰੇਜੀ ਸ਼ਾਸਨ ਨੇ ਇਸਨੂੰ ਖੂਬ ਹਵਾ ਦਿੱਤੀ ਤੇ ਫਿਰ 1947 'ਚ ਫਿਰਕੂ ਲੀਹਾਂ ਉੱਤੇ ਮਹਾਂਦੀਪ ਵੰਡ ਪਿਛੋਂ ਤੇ ਪਾਕਿਸਤਾਨ ਦਾ ਇਕ ਨਿਰੋਲ ਮੁਸਲਮਾਨ ਦੇਸ਼ ਬਣਨ ਪਿਛੋਂ,ਵੱਡੇ ਭਾਰਤੀ ਹਿੱਸੇ ਨੂੰ ਹਿੰਦੂ ਬਹੁਗਿਣਤੀ ਦਾ ਦੇਸ਼ ਤਸਲੀਮ ਕੀਤਾ ਗਿਆ,ਭਾਵੇਂ ਫੌਰੀ ਸਿਆਸੀ ਕੂਟਨੀਤੀਆਂ ਨੂੰ ਮੱਦੇਨਜ਼ਰ ਰੱਖਦਿਆਂ,ਉਸ ਵੇਲੇ ਦੇ ਕਾਂਗਰਸੀ ਲੀਡਰਾਂ ਨਹਿਰੂ,ਮਹਾਤਮਾ ਗਾਂਧੀ ਨੇ ਭਾਰਤ ਨੂੰ ਸੈਕੁਲਰ(ਧਰਮ ਨਿਰਪੱਖ) ਸਟੇਟ ਐਲਾਨਿਆ ਸੀ।


ਅਸਲੀਅਤ 'ਚ ਭਾਰਤੀ ਰਾਜਸੱਤਾ 1980ਵਿਆਂ ਵਿੱਚ ਹਿੰਦੂਵਾਦੀ ਨੀਤੀਆਂ ਜਾਂ ਅਣਐਲਾਨੀ "ਹਿੰਦੂ ਸਟੇਟ"ਦੇ ਤੌਰ 'ਤੇ ਹੀ ਕਾਰਜਸ਼ੀਲ ਸੀ ਤੇ ਹੈ।ਨਿਗੂਣੇ ਜਿਹੇ(2% ਵਸੋਂ) ਸਿੱਖ ਘੱਟਗਿਣਤੀ ਫਿਰਕੇ ਵਲੋਂ ਬਰਾਬਰ ਦੇ ਸਿਆਸੀ ਅਧਿਕਾਰਾਂ ਲਈ ਇਕ ਅਣਐਲਾਨੀ ਜੰਗ ਵਿੱਢ ਦੇਣਾ,ਦਿੱਲੀ ਦੀ ਰਾਜਸੱਤਾ ਨੂੰ ਕਿਵੇਂ ਭਾਅ ਸਕਦਾ ਸੀ।ਕੇਂਦਰੀ ਰਾਜਸੱਤਾ,ਜੋ ਉੱਪਰਲੀਆਂ ਸਵਰਨ ਬ੍ਰਹਮਣਵਾਦੀ ਜਾਤੀਆਂ ਦੇ ਹੱਥ 'ਚ ਸੀ,ਇਕ ਤਰ੍ਹਾਂ ਬਜ਼ਿੱਦ ਸੀ ਕਿ ਸਿੱਖਾਂ ਦੀ ਇਸ ਮੁਹਿੰਮ ਨੂੰ ਕਿਸ ਤਰ੍ਹਾਂ ਦਰੜ ਦਿੱਤਾ ਜਾਵੇ।ਇਸੇ ਕਰਕੇ,ਦੇਸ਼ ਦੀ "ਏਕਤਾ ਤੇ ਅਖੰਡਤਾ" ਨੂੰ ਕਾਇਮ ਰੱਖਣ ਦੇ ਨਾਅਰੇ 1970ਵਿਆਂ ਤੋਂ ਹੀ ਲੱਗਣੇ ਸ਼ੁਰੂ ਹੋ ਗਏ ਸਨ।ਤੇ ਅਕਾਲੀ ਮੋਰਚੇ ਨੂੰ "ਵੱਖਵਾਦੀ" ਤੇ ਦੇਸ਼ ਨੂੰ ਤੋੜਨ ਦੇ ਤੌਰ 'ਤੇ ਪ੍ਰਚਾਰਿਆ ਗਿਆ।


ਬਹੁਗਿਣਤੀ ਹਿੰਦੂ ਮਨਾਂ 'ਚ ਸਿੱਖਾਂ ਪ੍ਰਤੀ ਦਬੀ ਘਿਰਨਾ ਨੂੰ ਪ੍ਰਚੰਡ ਰੂਪ ਦੇਣ ਲਈ,ਖੂਬ ਪ੍ਰਚਾਰਿਆ ਗਿਆ ਕਿ ਅਕਾਲੀ ਮੋਰਚੇ ਜਾਂ ਸਿੱਖ ਸੰਘਰਸ਼ ਨੂੰ ਪਾਕਿਸਤਾਨ(ਮੁਸਲਮਾਨਾਂ) ਦੇ ਪੈਸੇ ਤੇ ਹਥਿਆਰਾਂ ਦੀ ਲੁਕਵੀਂ ਮਦਦ ਹੈ।ਇਸ ਲਈ,ਉਸ ਸਮੇਂ ਸਿੱਖਾਂ ਤੇ ਹਿੰਦੂ ਫਿਕਕਿਆਂ 'ਚ ਡੂੰਘੀ ਹੁੰਦੀ ਖਾਈ ਇਕ ਵਿਰੋਧ,ਝਗੜੇ ਤੇ ਵਿਸਫੋਟ ਦਾ ਰੂਪ ਧਾਰਨ ਕਰ ਗਈ ਸੀ,ਜਿਸਦਾ ਬਾਹਰੀ ਪ੍ਰਗਟਾਵਾ ਇਕ ਪਾਸੇ ਅਕਾਲੀ ਮੋਰਚੇ 'ਚ ਵਧਦੀ ਸਿੱਖਾਂ ਦੀ ਸ਼ਮੂਲੀਅਤ ਤੇ ਨਾਲ ਸਿੱਖ ਨੌਜਵਾਨਾਂ 'ਚ ਉੱਭਰਦੀ ਖਾੜਕੂ ਧਿਰ ਸੀ।ਦੂਜੇ ਪਾਸੇ,ਭਾਰਤੀ ਸਟੇਟ ਵਲੋਂ ਪੰਜਾਬ 'ਚ ਪੁਲਿਸ ਮਿਲਟਰੀ ਦਾ ਸ਼ਿਕੰਜਾ ਕਸਣਾ ਸੀ।ਇਸਦੀ ਚਰਮ ਸੀਮਾ ਦਰਬਾਰ ਸਾਹਿਬ ਉੱਤੇ ਸੰਨ 1984 'ਚ ਫੌਜੀ ਹਮਲਾ ਸੀ ਤੇ ਉਸ ਹਮਲੇ 'ਚ ਸੈਂਕੜੇ ਨੌਜਵਾਨਾਂ ਤੇ ਸਧਾਰਨ ਲੋਕਾਂ ਨੂੰ ਬੇਮੌਤ ਮਰਨਾ ਪਿਆ।

ਇਸ ਸਾਰੇ ਵਰਤਾਰੇ ਦਾ ਸਮਾਨਅੰਤਰ ਘਟਨਾਕ੍ਰਮ ਮੈਨੂੰ ਅਮਰੀਕੀ ਫੌਜ ਵਲੋਂ ਇਰਾਕ ਉੱਤੇ 2003 'ਚ ਕੀਤੇ ਹਮਲੇ 'ਚੋਂ ਲੱਭਿਆ।ਭਾਵੇਂ ਦੋਨਾਂ ਵਾਕਿਆਂ ਦੀ ਪਿੱਠਭੂਮੀ ਵੱਖਰੀ,ਕਾਰਨ ਵੱਖਰੇ ਤੇ ਵੱਖਰੇ ਮੰਤਵਾਂ ਦੀ ਪੂਰਤੀ ਕੀਤੀ ਗਈ ਸੀ।ਪਰ ਅਮਰੀਕੀ ਹਮਲੇ ਦੌਰਾਨ ਸਮੁੱਚੇ ਮੀਡੀਆ ਤੇ ਪੱਤਰਕਾਰਾਂ ਦੇ ਰੋਲ ਨੂੰ ਦ੍ਰਿਸ਼ਟਮਾਨ ਕਰਨ ਲਈ ਜੋ ਅਲੰਕਰ ਹੁਣ ਚਾਰ ਪੰਜ ਸਾਲ ਪਹਿਲਾਂ ਪੱਤਰਕਾਰੀ ਦੀ ਦੁਨੀਆਂ 'ਚ ਨਿੱਖਰਕੇ ਆਏ ਹਨ,ਉਹ 20-30 ਸਾਲ ਪਹਿਲਾਂ ਸੰਭਵ ਹੀ ਨਹੀਂ ਸਨ।ਜਿਹੜੇ 600 ਪੱਤਰਕਾਰ ਅਮਰੀਕੀ ਫੌਜ ਨਾਲ ਇਰਾਕ 'ਤੇ ਹਮਲੇ ਦੌਰਾਨ ਰਹੇ ਤੇ ਲੜਾਈ ਦੇ ਫਰੰਟ 'ਤੋਂ ਰਿਪੋਰਟਿੰਗ ਕੀਤੀ,ਨੂੰ ਅੰਗਰੇਜ਼ੀ 'ਚ "ਇੰਮਬੈਡਡ" ਜਰਨਲਿਜ਼ਮ ਕਿਹਾ ਗਿਆ।ਮੈਨੂੰ ਇਸ ਸ਼ਬਦ ਦਾ ਸਮਾਨਅੰਤਰ ਲਫਜ਼ ਜਾਂ ਸੰਕਲਪ ਪੰਜਾਬੀ ਜਾਂ ਹਿੰਦੀਆਂ ਦੀਆਂ ਡਿਕਸ਼ਨਰੀਆਂ 'ਚ ਨਹੀਂ ਲੱਭਿਆ,ਪਰ ਉਰਦੂ 'ਚ ਇਸ ਸ਼ਬਦ ਦਾ ਮਤਲਬ "ਹਮ-ਬਿਸਤਰ" ਹੋਣਾ ਹੁੰਦਾ ਹੈ।ਜਾਨਿ ਪੱਤਰਕਾਰਾਂ ਦਾ ਫੌਜ ਜਾਂ ਰਾਜਸੱਤਾ ਦਾ ਅਟੁੱਟ ਹਿੱਸਾ ਬਣਨਾ ਜਾਂ ਖ਼ਬਰ ਨੂੰ ਉਹਨਾਂ ਦੇ ਨੁਕਤਾ ਨਿਗਾਹ ਤੋਂ ਪੇਸ਼ ਕਰਨਾ।ਪੱਤਰਕਾਰਾਂ ਨੇ ਫੌਜ ਜਾਂ ਰਾਜਸੱਤਾ ਦਾ ਅੰਗ ਬਣਕੇ ਝੂਠੀ ਸੱਚੀ ਪ੍ਰਚਾਰ ਮੁਹਿੰਮ ਦਾ ਅੰਗ ਬਣਕੇ ਕੰਮ ਕੀਤਾ।ਖੈਰ ਸਰਕਾਰਾਂ ਇਸਤਰ੍ਹਾਂ ਪੱਤਰਕਾਰੀ ਨੂੰ ਅਪਣੇ "ਅਨੁਸਾਰੀ" ਬਣਾਉਣ ਨੂੰ "ਮੀਡੀਆ ਮੈਨੇਜਮੈਂਟ" ਦਾ ਨਾਮ ਦੇਕੇ ਵਡਿਆਉਂਦੀਆਂ ਹਨ।

1980ਵਿਆਂ ਦੇ ਦਿਨਾਂ 'ਚ ਇਸ ਤਰ੍ਹਾਂ ਦੀ "ਮੀਡੀਆ ਮੈਨੇਜ਼ਮੈਂਟ" ਬੁਹਤ ਅਸਾਨ ਸੀ,ਕਿਉਂਕਿ ਅਖ਼ਬਾਰ ਦੇ ਐਡੀਟਰ –ਪੱਤਰਕਾਰ (ਉਸ ਸਮੇਂ ਤੇ ਅੱਜ ਤਕ ਵੀ ਮਾਲਕ ਜ਼ਿਆਦਾਤਰ (90%) ) ਉੱਪਰਲੀਆਂ ਸਵਰਨ ਜਾਤੀਆਂ 'ਚੋਂ ਸਨ।ਜਿਸ ਕਰਕੇ ਉਹਨਾਂ ਦਾ ਦਿੱਲੀ ਰਾਜ ਸੱਤਾ ਦੀਆਂ "ਹਿੰਦੂਤਵੀ-ਬ੍ਰਹਮਣਵਾਦੀ" ਨੀਤੀਆ ਨਾਲ ਕਿਵੇਂ ਵਿਰੋਧ ਹੋ ਸਕਦਾ ਸੀ ?ਇਥੋਂ ਤਕ ਕਿ ਇਹਨਾਂ ਐਡੀਟਰਾਂ ਤੇ ਪੱਤਰਕਾਰਾਂ ਦੀ ਪੜਚੋਲੀਆਂ ਅੱਖ ਵੀ ਅਪਣਿਆ ਦੇ ਪ੍ਰਭਾਵ ਥੱਲੇ ਬੰਦ ਹੋ ਚੁੱਕੀ ਸੀ। ਇਸਦਾ ਅੰਦਾਜ਼ਾ ਇਥੋਂ ਲੱਗ ਸਕਦਾ ਹੈ ਕਿ ਕੇ.ਕੇ. ਸ਼ਰਮਾ,ਜੋ ਦਿੱਲੀ ਤੋਂ ਫਾਈਨਾਈਂਸ਼ਲ ਟਾਈਮਜ਼ ਲੰਦਨ ਨੂੰ ਖਬਰਾਂ ਭੇਜਦਾ ਸੀ ਤੇ ਸੰਜੋਆਇ ਹਜ਼ਾਰੀਕਾ ਅਮਰੀਕਾ ਦੇ ਅਖ਼ਬਾਰ ਨਿਉਯਾਰਕ ਟਾਈਮਜ਼ ਲਈ ਲਿਖਦਾ ਸੀ,ਨੇ ਹਮੇਸ਼ਾ ਸਿੱਖਾਂ ਬਾਰੇ ਦਿੱਲੀ ਰਾਜਸੱਤਾ ਦੇ ਵਿਚਾਰਾਂ ਦੀ ਹੀ ਤਰਜ਼ਮਾਨੀ ਕੀਤੀ।ਦੁਨੀਆਂ ਦੇ ਮਸ਼ਹੂਰ ਮੈਗਜ਼ੀਨ "ਇਕੋਨਮਿਸਟ" ਨੇ 7 ਮਈ,1983 ਦੇ ਡਿਸਪੈਚ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ "ਹਿੰਸਾ ਦਾ ਮਸੀਹਾ" ਤੇ ਦਰਬਾਰ ਸਾਹਿਬ ਨੁੰ ਉਸਦੀ "ਛੁਪਣਗਾਹ" ਦੱਸਿਆ ਗਿਆ।ਇਸੇ ਤਰ੍ਹਾਂ,ਵਿਦੇਸ਼ੀ ਅਖ਼ਬਾਰਾਂ-ਵਸ਼ਿੰਗਟਨ ਪੋਸਟ,ਕਰਿਚਨ ਸ਼ਾਇੰਸ ਰੀਪੋਟਰਟ ਤੇ ਨਿਊਜ਼ ਏਜੰਸੀਆਂ-ਯੂ.ਪੀ.ਏ.,ਏ.ਪੀ ਤੇ ਰਾਈਟਰ ਆਦਿ ਨੇ ਇਹੀ ਆਲਮੀ ਪ੍ਰਭਾਵ ਦਿੱਤਾ ਕਿ ਅਕਾਲੀ ਮੋਰਚਾ ਦਿੱਲੀ ਦੀ ਰਾਜਸੱਤਾ ਲਈ ਖਤਰੇ ਦੀ ਘੰਟੀ ਹੈ।

ਦੇਸ਼ ਅੰਦਰਲੀ ਪ੍ਰੈਸ,ਖਾਸ ਕਰਕੇ ਅੰਮ੍ਰਿਤਸਰ ਤੇ ਚੰਡੀਗੜ੍ਹ ਵਾਲੇ ਅਖ਼ਬਾਰਾਂ ਤਾਂ ਜ਼ਿਆਦਾਤਰ ਦਿੱਲੀ ਰਾਜਸੱਤਾ ਦੀ ਸੁਰ 'ਚ ਹੀ ਸੁਰ ਮਿਲਾਉਂਦੇ ਸਨ।ਉਹਨਾਂ ਦਿਨਾਂ 'ਚ ਅੰਮ੍ਰਿਤਸਰ 'ਚ ਸਾਰੇ ਵੱਡੇ ਅਖ਼ਬਾਰਾਂ ਅਤੇ ਦੋ ਨਿਊਜ਼ ਏਜੰਸੀਆਂ-ਯੂ.ਐਨ.ਆਈ ਤੇ ਪੀ.ਟੀ.ਆਈ. ਦੇ ਦਫਤਰ ਸਨ।ਨੈਸ਼ਨਲ ਪ੍ਰੈਸ ਤੇ ਨਾਮਵਾਰ ਮੈਗਜ਼ੀਨਾਂ ਦੇ ਰਿਪੋਰਟਰ ਅੰਮ੍ਰਿਤਸਰ ਤੇ ਵਿਸ਼ੇਸ਼ ਕਰ ਦਰਬਾਰ ਸਾਹਿਬ ਵਿਖੇ ਆਉਂਦੇ ਜਾਂਦੇ ਰਹਿੰਦੇ ਸਨ।ਦਿੱਲੀ ਜਾਂ ਬਾਹਰ ਵਾਲੇ ਜ਼ਿਆਦਾਤਰ ਪੱਤਰਕਾਰ ਰਾਜਸੱਤਾ ਦੇ ਨਜ਼ਰੀਏ ਨਾਲ ਲੈਸ ਹੁੰਦੇ ਸਨ।ਅਜਿਹੇ "ਸਰਕਾਰ ਦਿਮਾਗੀਏ" ਪੱਤਰਕਾਰ ਦਾਰਬਾਰ ਸਾਹਿਬ ਤੋਂ ਭਿੰਡਰਾਂਵਾਲੇ,ਹਰਚੰਦ ਲੋਂਗੋਵਾਲ ਜਾਂ ਹੋਰ ਅਕਾਲੀ ਲਡਿਰਾਂ ਦੇ ਵਿਚਾਰਾਂ ਨੂੰ ਅਪਣੇ ਬਣਾਏ ਚੌਖਟੇ 'ਚ ਫਿੱਟ ਕਰਕੇ ,ਅੰਮ੍ਰਿਤਸਰ "ਡੇਟ ਲਾਈਨ" ਤੋਂ ਪੇਸ਼ ਕਰਕੇ ਅਪਣੀ "ਮੌਲਿਕ ਪੱਤਰਕਾਰੀ ਤੇ ਸਿਆਸੀ ਵਿਸ਼ਲੇਸ਼ਨਾਂ" ਦਾ ਦੰਭ ਰਚਦੇ ਰਹਿੰਦੇ।ਰਾਜਸੱਤਾ ਦੇ ਨਜ਼ਰੀਏ ਨੂੰ ਹੋਰ ਪੁਖਤਾ ਤਰੀਕੇ ਨਾਲ ਪੇਸ਼ ਕਰਨ ਲਈ ਪੁਲਿਸ ਤੇ ਇੰਤਜ਼ਾਮੀਆ ਅਫਸ਼ਰਾਂ ਦੇ ਬਿਆਨ ਦੀ ਟੂਕ ਤੇ ਅੰਮ੍ਰਿਤਸਰ ਸਥਿਤ ਅਕਾਲੀ ਮੋਰਚੇ ਦੇ ਜ਼ਾਹਰਾ ਵਿਰੋਧੀ ਸੀ.ਪੀ.ਆਈ, ਲੀਡਰ ਸਤਪਾਲ ਡਾਂਗ ਦੀ ਸ਼ਪੈਸਲ ਇੰਟਰਵਿਊ ਜ਼ਰੂੁਰ ਛਾਪਦੇ।ਕਮਿਊਨਿਸਟ ਚੋਲੇ 'ਚ ਵਿਚਰਦਾ ਸਤਪਾਲ ਡਾਂਗ,ਹੋਰਾਂ ਖੱਬੇਪੱਖੀ ਲੀਡਰਾਂ ਸੀ ਤਰਜ਼ 'ਤੇ,ਆਰੀਆ ਸਮਾਜੀ ਜਾਂ ਹਿੰਦੂਤਵੀ ਦ੍ਰਿਸ਼ਟੀਕੋਣ ਤੋਂ ਅਕਾਲੀ ਮੋਰਚੇ ਨੂੰ ਵੇਖਦਾ/ ਵਾਚਦਾ ਸੀ।ਤੇ ਦਿੱਲੀ ਦੀ ਸੱਤਾ ਉੱਤੇ ਕਾਬਜ਼ ਕਾਂਗਰਸ ਵਾਂਗ ਹੀ "ਸਿੱਖ ਸੰਘਰਸ਼" ਨੂੰ "ਦੇਸ਼-ਵਿਰੋਧੀ,ਦੇਸ਼-ਧਰੋਹੀ,ਤਰੱਕੀ ਉੱਨਤਾਂ ਦਾ ਦੁਸ਼ਮਣ ਤੇ ਪਾਕਿਸਤਾਨ ਤੋਂ ਉੱਤਸ਼ਾਹਿਤ ਸਮਝਦਾ ਸੀ।ਸਰਕਾਰ ਨੇ ਸਤਪਾਲ ਡਾਂਗ ਦੀ ਹਿਫਾਜ਼ਤ ਦਾ ਬੰਦੋਬਸਤ ਪੁਲਿਸ ਤੇ ਸੀ.ਆਰ.ਪੀ. ਦੇ ਹੱਥਾਂ 'ਚ ਦਿੱਤਾ ਹੋਇਆ ਸੀ।

ਜਲੰਧਰ ਦੇ ਆਰੀਆਂ ਸਮਾਜੀ ਪ੍ਰੈਸ-ਹਿੰਦ ਸਮਾਚਾਰ ਪੰਜਾਬ ਕੇਸਰੀ ਗੱਰੁਪ ਤੇ ਮਹਾਸ਼ਾ ਲਡਿਰ ਵਰਿੰਦਰ ਦੇ "ਵੀਰ ਪਰਤਾਪ" ਵੀ ਅਕਾਲੀ ਮੋਰਚੇ ਨੂੰ ਇਸੇ ਨੁਕਤਾ-ਨਿਗਾਹ ਤੋਂ ਹੀ ਦੇਖਦੇ ਸੀ।"ਵੀਰ ਪਰਤਾਪ" ਅਖ਼ਬਾਰ ਤਾਂ ਮਾਲਕਾਂ ਦੀ ਆਪਸੀ ਲੜਾਈ ਕਰਕੇ ਉਸ ਸਮੇਂ ਅਖੀਰਲੇ ਸ਼ਾਹਾਂ 'ਤੇ ਸੀ।ਪਰ ਪੰਜਾਬ ਕੇਸਰੀ ਗਰੁੱਪ ਦੀ ਸਰਕਾਰੀ ਦੇਖ-ਰੇਖ 'ਚ ਪੂਰੀ ਚੜ੍ਹਤ ਹੋ ਗਈ ਸੀ।ਉਹ ਆਰੀਆ ਸਮਾਜੀਆਂ ਤੇ ਕੱਟੜ ਹਿੰਦੂਆਂ ਦੀ ਪੰਜਾਬ ਦੀ ਅਵਾਜ਼ ਬਣ ਗਿਆ ਸੀ।ਇਸੇ ਗਰੁੱਪ ਦਾ ਪੰਜਾਬੀ ਅਖ਼ਬਾਰ "ਜੱਗ ਬਾਣੀ" ਆਮ ਪੰਜਾਬੀਆਂ ਤੱਕ ਪਹੁੰਚਣ ਕਰਕੇ ,ਹਿੰਦੂਆਂ ਸਿੱਖਾਂ ਦੀਆਂ ਹੇਠਲੀਆਂ ਸਫਾਂ 'ਚ ਵੀ ਵੈਰ-ਵਿਰੋਧ,ਘਿਰਣਾ ਤੇ ਬੇਭਰੋਸਗੀ ਫਲਾਉਣ ਵਿੱਚ ਕਾਰਗਰ ਸਿੱਧ ਹੋਇਆ ਸੀ।ਜਿਸਨੂੰ "ਅੱਗ ਬਾਣੀ" ਦੇ ਨਾਂਅ ਨਾਲ ਵੀ ਪੁਕਾਰਿਆ ਜਾਂਦਾ ਰਿਹਾ।ਦਮਦਮੀ ਟਕਸਾਲ ਦੇ ਹੈਡਕੁਆਟਰ,ਮਹਿਤਾ ਚੌਕ(ਅੰਮ੍ਰਿਤਸਰ) ਵਿਖੇ "ਜੱਗਬਾਣੀ" ਨੂੰ ਖੂਬ ਧਿਆਨ ਨਾਲ ਵਾਚਿਆ ਜਾਂਦਾ ਤੇ ਲਾਲਾ ਜਗਤ ਨਰਾਇਣ ਦੇ ਪਹਿਲੇ ਸਫੇ ਤੇ ਲ਼ਿਖੇ ਵੱਡੇ-ਵੱਡੇ "ਐਡੀਟੋਰੀਅਲ ਨੋਟ" ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਅਕਸਰ ਕਰਦੇ ਰਹਿੰਦੇ।

ਪੰਜਾਬ ਕੇਸਰੀ-ਜੱਗਬਾਣੀ ਗਰੁੱਪ ਦੀ ਦਿੱਲੀ ਰਾਜਸੱਤਾ ਤੋਂ ਵੀ ਵੱਧ ਕੱਟੜ ਹਿੰਦੂਵਾਦੀ ਪਹੁੰਚ ਰੱਖਦਾ ਸੀ।ਉਸ ਦੀ ਇਸ ਮੁਹਿੰਮ 'ਚ ਜੋ ਵੀ ਹਿੱਸਾ ਪਾਉਣ ਲਈ ਤਿਆਰ ਰਹਿੰਦਾ ਸੀ,ਉਹੀ ਉਸਦਾ ਪੱਤਰਕਾਰ ਬਣ ਸਕਦਾ ਸੀ।ਇਸ ਅਖ਼ਬਾਰ ਦੇ ਗਰੁੱਪ ਨੇ ਅਕਾਲੀਆਂ ਦੇ "ਧਰਮ ਯੁੱਧ" ਮੋਰਚੇ ਦੇ ਐਨ ਵਿਰੋਧ 'ਚ ਆਪਣਾ "ਹਿੰਦੂ ਧਰਮ ਯੁੱਧ" ਮੋਰਚਾ ਖੋਲ੍ਹ ਰੱਖਿਆ ਸੀ।ਉਹਨਾਂ ਦਿਨਾਂ 'ਚ ਅੰਮ੍ਰਿਤਸਰ ਸ਼ਹਿਰ 'ਚ ਹੀ ਇਸ ਅਖ਼ਬਾਰ ਸਮੂਹ ਦੇ ਲਗਭਗ ਦੋ ਦਰਜ਼ਨ ਪੱਤਰਕਾਰ ਸਨ।ਜਿਲਾ ਪੱਧਰ ਦੀਆਂ ਪੱਤਰਕਾਰੀ ਮੀਟਿੰਗਾਂ 'ਚ ਤੇ ਸਰਕਾਰੀ ਪ੍ਰੈਸ ਦੀਆਂ ਕਾਨਫਰੰਸਾਂ 'ਚ ਇਹ ਸੰਕਟ ਹਮੇਸ਼ਾ ਬਣਿਆ ਰਹਿੰਦਾ ਕਿ ਇਹਨਾਂ ਅਖ਼ਬਾਰਾਂ ਦੇ ਕਿੰਨੇ ਤੇ ਕਿਹੜੇ ਪੱਤਰਕਤਾਰ ਨੁੰ ਬੁਲਾਇਆ ਜਾਵੇ।

ਇਸਦੇ ਉਲਟ,ਭਾਵੇਂ ਅੰਗਰੇਜ਼ੀ ਟ੍ਰਿਬਿਊਨ ਦੀ ਪਿੱਠ ਭੂਮੀ ਵੀ ਭਾਵੇਂ ਆਰੀਆਂ ਸਮਾਜੀ ਹੈ 'ਤੇ ਇਸਦਾ ਨਾਮਵਰ ਐਡੀਟਰ ਪ੍ਰੇਮ ਭਾਟੀਆ ਕੱਟੜ ਆਰੀਆ ਸਮਾਜੀ ਸੀ,ਪਰ ਉਹ ਖ਼ਬਰਾਂ ਦੀ ਪੇਸ਼ਕਾਰੀ 'ਚ ਕੁਝ-ਕੁ ਨਫਾਸਤ ਵਰਤਦਾ ਤੇ ਨਿਰਪੱਖ "ਰਿਪੋਰਟਿੰਗ ਦਾ ਭਰਮ ਬਣਾਕੇ ਰੱਖਦਾ। ਭਿੰਡਰਾਂਵਾਲੇ ਦੇ ਮੁਕਾਬਲੇ 'ਚ ਅਕਾਲੀ ਲੀਡਰ ਸੰਤ ਹਰਚੰਦ ਲੋਂਗੋਵਾਲ ਨੂੰ ਹਮੇਸ਼ਾ ਹਾਂ-ਪੱਖੀ ਤੇ ਸਲਾਹੁਣ ਵਾਲੇ ਅੰਦਾਜ਼ 'ਚ ਪੇਸ਼ ਕਰਦਾ।ਇਸੇ ਕਰਕੇ ਟ੍ਰਿਬਿਊਨ ਨੂੰ ਦਲਬੀਰ ਸਿੰਘ,ਜੋ ਭਿੰਡਰਾਂਵਾਲੇ ਦਾ ਪੱਖੀ ਸਮਝਿਆ ਜਾਂਦਾ ਸੀ,ਨੂੰ ਹਟਾਕੇ ਜਤਿੰਦਰ ਸ਼ਰਮਾ ਨੂੰ ਅੰਮ੍ਰਿਤਸਰ ਦਫਤਰ 'ਚ ਤੈਨਾਤ ਕਰ ਦਿੱਤਾ ਗਿਆ,ਪਰ ਸ਼ਰਮਾ ਪੱਤਰਕਾਰੀ ਦੇ ਪੇਸ਼ੇ ਦੇ ਤੌਰ 'ਤੇ ਕਾਫੀ ਕਮਜ਼ੋਰ ਸੀ,ਜਿਸ ਕਰਕੇ ਉਸਨੂੰ ਹਟਾਉਣਾ ਪਿਆ ਤੇ ਉਸਦੀ ਥਾਂ ਪੀ.ਪੀ.ਐਸ. ਗਿੱਲ ਨੂੰ ਲਿਆਂਦਾ ਗਿਆ।ਪੰਜਾਬੀ ਤੇ ਹਿੰਦੀ ਟ੍ਰਿਬਿਊਨ ਜ਼ਿਅਦਾਤਰ ਅੰਗਰੇਜ਼ੀ ਰਿਪੋਰਟਾਂ ਦਾ ਹੀ ਤਰਜ਼ਮਾ ਛਾਪਦੇ।ਪਰ ਪੰਜਾਬੀ ਟ੍ਰਿਬਿਊਨ ਨੇ ਅਪਣੇ ਕੁਝ ਵੱਖਰੇ ਪੱਤਰਕਾਰ ਵੀ ਰੱਖੇ ਹੋਏ ਸਨ।ਜਿਸ ਕਰਕੇ ਉਸਦੀ ਪੱਤਰਕਾਰੀ ਵੱਖਰੀ ਤੇ ਜ਼ਿਆਦਾ ਸਿੱਖ ਵਿਰੋਧੀ ਨਹੀਂ ਹੁੰਦੀ ਸੀ।ਟ੍ਰਿਬਿਊਨ ਗਰੁੱਪ ਨੇ ਜ਼ਿਆਦਾਤਰ ਦਿੱਲੀ ਰਾਜ ਸੱਤਾ ਤੇ ਪੁਲਿਸ-ਫੌਜ ਦੇ ਧੱਕੇ ਤੋਂ ਅੱਖਾਂ ਬੰਦ ਹੀ ਰੱਖੀਆਂ।

ਇੰਡੀਅਨ ਐਕਸਪ੍ਰੈਸ ਤੇ ਹਿੰਦੁਸਤਾਨ ਟਾਈਮਜ਼ ਆਦਿ ਦੇ ਪੱਤਰਕਾਰਾਂ ਨੇ ਕੋਈ "ਅਜ਼ਾਦਆਨਾ" ਜਾਂ ਲੀਹ ਤੋਂ ਹੱਟਕੇ ਕੋਈ ਵੱਖਰਾ ਰਾਹ ਨਹੀਂ ਅਖਤਿਆਰ ਕੀਤਾ।ਇੰਡੀਅਨ ਐਕਸਪ੍ਰੈਸ ਦੇ ਅੰਮ੍ਰਿਤਸਰ ਸਥਿਤ ਪੱਤਰਕਾਰ,ਸੰਜੀਵ ਗੌੜ ਨੇ ਤਾਂ ਇਕ ਸਮੇਂ ਪੱਤਰਕਾਰੀ ਦੀ ਨਿਰਪੱਖਤਾ ਨੂੰ ਖੂੰਜੇ ਲਾਉਂਦਿਆਂ ਜਨਤਕ ਤੌਰ 'ਤੇ ਭਿੰਡਰਾਂਵਾਲੇ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਉਹ "ਡਰਪੋਕ ਹੈ......ਭਗੌੜਾ ਹੈ....ਦਰਬਾਰ ਸ਼ਾਹਿਬ 'ਚ ਸ਼ਰਨ ਲਈ ਹੋਈ ਹੈ।ਜਿਸ ਕਰਕੇ ਭਿੰਡਰਾਂਵਾਲੇ ਦੇ ਕੁਝ ਸ਼ਰਧਾਲੂਆਂ ਨੇ ਉਸਤੇ ਪਗੜੀ ਠੀਕ ਕਰਨ ਵਾਲੇ ਬਾਜ਼ਾਂ ਨਾਲ ਹਮਲਾ ਵੀ ਕਰ ਦਿੱਤਾ ਸੀ।ਇਸ ਮਾਮਲੇ 'ਚ ਦਿੱਲੀ ਦੇ ਨਾਮਵਾਰ ਐਡੀਟਰ ਵੀ.ਜ਼ੀ. ਵਰਗੀਜ਼ ਦੀ ਕਮਾਨ ਹੇਠ ਬਣੀ ਸਰਕਾਰੀ ਕਮੇਟੀ ਨੇ ਘਟਨਾ ਦੀ ਪੜਤਾਲ ਕੀਤੀ ਤੇ ਪੰਜਾਬ ਦੇ ਪੱਤਰਕਾਰਾਂ ਨੂੰ "ਸਿੱਖ ਖਾੜਕੂਆਂ ਤੋਂ ਖਤਰੇ ਦਾ ਰਾਗ ਅਲਾਪਦੀ ਰਹੀ।ਇਹ ਹਮਲਾ ਕਿਉਂ ਹੋਇਆ ਤੇ ਪੱਤਰਕਾਰੀ ਕਿਹੋ ਜਿਹੀ ਹੋਈ ? ਇਸ ਬਾਰੇ ਚੁੱਪ ਹੀ ਧਾਰੀ ਰੱਖੀ।

ਇਸੇ ਹੀ ਪ੍ਰਸੰਗ 'ਚ ਦੋਨੋਂ ਨਿਊਜ਼ ਏਜੰਸੀਆਂ-ਯੂ.ਐਨ.ਆਈ ਤੇ ਪੀ.ਟੀ.ਆਈ . ਦੇ ਦਫਤਰ ਵੀ ਅੰਮ੍ਰਿਤਸਰ 'ਚ ਸਨ।ਦੋਵੇਂ ਏਜੰਸੀਆਂ ਦੇ ਪੱਤਰਕਾਰਾਂ ਦਾ 'ਇੱਟ-ਕੁੱਤੇ" ਵਾਲਾ ਵੈਰ ਵਿਰੋਧ ਸੀ।ਜਿਸਦਾ ਪ੍ਰਗਟਾਵਾ ਉਹਨਾਂ ਦੀਆਂ ਰਿਪੋਟਰਾਂ 'ਚ ਅਕਸਰ ਹੁੰਦਾ ਰਹਿੰਦਾ ਸੀ।ਪੀ.ਟੀ.ਆਈ. ਹਿੰਸਕ ਘਟਨਾਵਾਂ ਨੂੰ ਵਧਾ ਚੜ੍ਹਾਕੇ ਪੇਸ਼ ਕਰਦੀ ,ਸਰਕਾਰੀ ਪੱਖ ਜ਼ਿਆਦਾ ਦਿੰਦੀ ਤੇ ਉਸ ਦੀਆਂ ਰਿਪੋਰਟਾਂ 'ਚ ਸੰਤ ਲੌਂਗੋਵਾਲ ਤੇ ਅਕਾਲੀ ਪਾਰਟੀ ਦੀਆ ਜ਼ਾਹਰਾ ਵਕਾਲਤ ਕਰਦੀਆਂ ਸਨ।ਜਿਸ ਕਰਕੇ ਯੂ.ਐਨ.ਆਈ. ਦੇ ਰੀਪੋਰਟਰ ਦੀਆਂ ਖ਼ਬਰਾਂ ਸਰਕਾਰੇ ਦਰਬਾਰੇ ਤੇ ਅਕਾਲੀ ਲੀਡਰਾਂ ਦੇ ਸ਼ੱਕ ਦੇ ਘੇਰੇ 'ਚ ਰਹਿੰਦੀਆਂ ਤੇ ਇਸੇ ਕਰਕੇ ਉਸਨੂੰ ਕਈ ਸਰਕਾਰੀ ਵਧੀਕੀਆਂ ਦਾ ਵੀ ਸ਼ਿਕਾਰ ਹੋਣਾ ਪਿਆ।ਕੌਮੀ ਪ੍ਰੈਸ ਦੇ ਪੱਤਰਕਾਰ ਉਸਤੋਂ ਕੰਨੀਂ ਵੱਟਦੇ ਰਹਿੰਦੇ।ਸਮੁੱਚੇ ਤੌਰ 'ਤੇ ਨਿਊਜ਼ ਏਜੰਸੀਆਂ ਵਲੋਂ ਸਰਕਾਰੀ ਬਿਆਨਾਂ ਜਾਂ ਆਫੀਸ਼ਲ ਵਰਸ਼ਨ ਨੂੰ ਕਵਰ ਕਰਨ 'ਚ ਵੱਧ ਤਰਜ਼ੀਹ ਦੇਣਾ,ਅਖੀਰ 'ਚ ਰਾਜ ਸੱਤਾ ਦੀ ਬੋਲ-ਬਾਣੀ ਹੋ ਨਿਬੜਦਾ ਸੀ।ਹਿੰਸਕ ਘਟਨਾਵਾਂ ਉਹਨਾਂ ਦਿਨਾਂ 'ਚ ਐਨੀ ਤੇਜ਼ੀ ਨਾਲ ਵਾਪਰਦੀਆਂ ਸਨ ਕਿ ਸ਼ਾਇਦ ਹੀ ਕਿਸੇ ਪੱਤਰਕਾਰ ਨੂੰ ਅਸਲੀਅਤ ਖੋਜਣ ਜਾਂ ਛਾਪਣ ਦਾ ਮੌਕਾ ਮਿਲਦਾ ਸੀ।ਸੋ,ਪੁਲਿਸ ਤੇ ਸਰਕਾਰੀ ਬਿਆਨ ਤੇ ਘਟਨਾਵਾਂ-ਚਰਚਾਵਾਂ ਅਖਬਾਰਾਂ 'ਚ "ਸੱਚੀ ਕਥਾ" ਦੇ ਤੌਰ 'ਤੇ ਛਪਦੀਆਂ ਰਹਿੰਦੀਆਂ।ਅਸਲ 'ਚ ਦਰਬਾਰ ਸਾਹਿਬ 'ਤੇ ਫੌਜੀ ਹਮਲੇ 'ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਦੇ ਵਕਤੇ ਦੇ ਤੌਰ 'ਤੇ ਐਸ.ਪੀ. ਹਰਕ੍ਰਿਸ਼ਨ ਸਿੰਘ ਕਾਹਲੋਂ ਰੋਜ਼ਾਨਾ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਕੋਤਵਾਲੀ ਵਿੱਚ ਬਲਾਉਂਦਾ ਸੀ।ਤੇ ਪੱਤਰਕਾਰ ਉਸ ਵਲੋਂ ਬਿਆਨ ਕੀਤੀਆਂ ਸਾਰੀਆਂ ਹਿੰਸਕ ਘਟਨਾਵਾਂ,ਝੂਠੇ ਪੁਲਿਸ ਮੁਕਾਬਲਿਆਂ ਨੂੰ ਉਸਦੇ ਨਾਮ ਨਾਲ ਖ਼ਬਰਾਂ ਦਾ ਰੂਪ ਦਿੰਦੇ ਰਹਿੰਦੇ।ਹਰ ਝੂਠ ਨੂੰ ਮਨਘੜਤ ਕਹਾਣੀ ਰਾਹੀਂ ਸੱਚ ਬਣਾਕੇ ਪੇਸ਼ ਕਰਨ ਕਰਕੇ ਹੀ ਕਾਹਲੋਂ ਖਾੜਕੂਆਂ ਦੀ ਅੱਖ 'ਚ ਤਿਲ ਵਾਂਗੂੰ ਰੜਕਣ ਲੱਗਾ ਤੇ ਉਹਨਾਂ ਨੇ ਆਪਣੇ ਗੁੱਸਾ ਦਾ ਨਿਸ਼ਾਨਾ ਕਾਹਲੋਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੜ੍ਹਦਾ ਨੌਜਵਾਨ ਮੁੰਡਾ ਬਣਾ ਦਿੱਤਾ।

ਪੰਜਾਬੀ ਪ੍ਰੈਸ ਦੇ ਦੋ ਚਰਚਿਤਾ ਅਖਬਾਰ ਜਲੰਧਰ ਤੋਂ ਛਪਦੇ ਸਨ,ਰੋਜ਼ਾਨਾ ਅਜੀਤ ਅਤੇ ਅਕਾਲੀ ਪੱਤ੍ਰਿਕਾ।ਪ੍ਰਬੰਧਕੀ ਅਮਲੇ ਦੀ ਕੁਝ ਆਪਸੀ ਫੁੱਟ ਕਰਕੇ,ਅਕਾਲੀ ਪੱਤ੍ਰਿਕਾ ਮੋਰਚੇ ਦੇ ਦਿਨਾਂ 'ਚ ਢਹਿੰਦੀਆਂ ਕਲਾਂ 'ਚ ਜਾਣ ਲੱਗ ਗਿਆ ਸੀ।ਇਸਨੂੰ ਵੇਚਣ ਖਰੀਦਣ ਦੀਆ ਕਈ ਯੋਜਨਾਵਾਂ ਸਿਰੇ ਨਾ ਚੜ੍ਹ ਸਕੀਆਂ।ਸਰਕੂਲੇਸ਼ਨ ਥੱਲੇ ਜਾਣ ਕਰਕੇ ਭਾਵੇਂ ਇਹ ਅਖਬਾਰ ਲੋਕਾਂ ਉੱਤੇ ਜਾਂ ਉਸ ਸਮੇਂ ਦੇ ਹਲਾਤਾਂ 'ਤੇ ਜ਼ਿਆਦਾ ਅਸਰ ਨਹੀਂ ਛੱਡ ਸਕਿਆ,ਪਰ ਇਸਦੀ ਰੀਪੋਰਟਿੰਗ ਕਾਫੀ ਹੱਦ ਤਕ ਦਬੰਗ,ਦਲੇਰੀ ਭਰੀ ਤੇ ਖੜਕੂ ਸਫਾਂ ਦੀ ਸਹੀ ਪੇਸ਼ਕਾਰੀ ਵੀ ਹੁੰਦੀ,ਜੋ ਦਿੱਲੀ ਰਾਜਸੱਤਾ ਦੀਆਂ ਚਾਲਾਂ-ਚਲਾਕੀਆਂ ਤੇ ਹੇਰਾ-ਫੇਰੀਆਂ ਨੂੰ ਕਾਫੀ ਨੰਗਾ ਵੀ ਕਰਦੀ ਸੀ।

ਇਸਦੇ ਉਲਟ 'ਅਜੀਤ'ਅਖਬਾਰ ਅਪਣੇ ਆਪਨੂੰ 'ਪੰਜਾਬੀਅਤ'ਦਾ ਅਲੰਬਰਦਾਰ ਹੋਣ ਦੇ ਸੋਹਲੇ ਹੀ ਗਾਉਂਦਾ ਰਿਹਾ,ਜਦੋਂਕਿ ਉਹਨਾਂ ਦਿਨਾਂ 'ਚ ਬਹੁਗਿਣਤੀ ਹਿੰਦੂ ਪੰਜਾਬੀ ਇਸ ਪੰਜਾਬੀਅਤ,ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ਤੋਂ ਬੇਮੁਖ ਹੋ ਚੁੱਕੇ ਸਨ।ਇਸੇ ਕਰਕੇ 'ਅਜੀਤ' ਅਖਬਾਰ ਦੀ 'ਰੀਪੋਰਟਿੰਗ ਤੇ 'ਐਡੀਟੋਰੀਅਲ' ਪਾਲਿਸੀ ਨਾ ਤਾਂ ਖੁੱਲ੍ਹਕੇ ਦਿੱਲੀ ਦੀ ਰਾਜਸੱਤਾ ਦਾ ਵਿਰੋਧ ਕਰਦੀ ਸੀ ਤੇ ਨਾ ਹੀ ਮੋਰਚੇ ਦਾ ਖੁੱਲ੍ਹਮ-ਖੁੱਲ੍ਹਾ ਸਾਥ ਦਿੰਦੀ ਸੀ।ਸਗੋਂ,ਉਸ ਸਮੇਂ ਇਸ ਅਖਬਾਰ ਦੇ ਮਾਲਕ ਅੰਦਰੋ-ਅੰਦਰੀ ਮੋਰਚਾ ਵਾਪਸ ਲੈਣ ਦੀਆਂ ਸਲਾਹਾਂ ਦਿੰਦੇ ਰਹੇ ਤੇ ਬਾਅਦ 'ਚ ਸੰਤ ਲੌਗੋਂਵਾਲ ਦਾ ਦਿੱਲੀ ਰਾਜਸੱਤਾ ਨਾਲ ਸਮਝੌਤਾ ਕਰਵਾਉਣ ਵਿੱਚ ਉਹਨਾਂ ਨੇ ਮੁੱਖ ਰੋਲ ਅਦਾ ਕੀਤਾ।ਅਜਿਹੀ ਘੁਲ-ਮਿਲ ਪਾਲਿਸੀ ਕਰਕੇ,ਅਜੀਤ ਭਾਵੇਂ ਅਪਣੇ ਆਪ ਨੂੰ ਪੰਜਾਬ ਦੀ ਆਵਾਜ਼ ਕਹਾਉਂਦਾ ਰਿਹਾ,ਪਰ ਉਹ ਜਲੰਧਰ ਦੇ ਮਹਾਸ਼ਾ(ਆਰੀਆਂ ਸਮਾਜੀ) ਪ੍ਰੈਸ ਦਾ ਬਦਲ ਨਹੀਂ ਬਣ ਸਕਿਆ।ਇਸੇ ਕਰਕੇ,ਇਸ ਅਖਬਾਰ ਦਾ ਅੰਮ੍ਰਿਤਸਰ 'ਚ ਕੋਈ ਮਜ਼ਬੂਤ ਬਿਊਰੋ ਨਹੀਂ ਰਿਹਾ ਤੇ ਨਾਹੀ ਇਸਨੇ ਕੋਈ ਸਿਰ ਕੱਢਵੇਂ ਪੱਤਰਕਾਰ ਨੂੰ ਤੈਨਾਤ ਕੀਤਾ।

ਜਲੰਧਰ ਦੇ ਸਾਰੇ ਅਖਬਾਰ ਹੀ ਪੁਰਾਣੇ ਤਰੀਕੇ ਦੇ ਗੈਰ-ਪੇਸ਼ਾਵਾਰ ਪੱਤਰਕਾਰੀ ਦੇ ਪੱਧਰ ਤੋਂ ਉੱਪਰ ਨਹੀਂ ੳਠੇ ਤੇ ਪੱਤਰਕਾਰਾਂ ਨੂੰ ਚੰਗੀਆਂ ਤਨਖਾਹਾਂ ਦੇਣ ਤੋਂ ਹਮੇਸ਼ਾ ਕੰਨੀ ਕਤਰਾਉਂਦੇ ਰਹਿੰਦੇ ਸਨ।ਹਾਲ ਇਹ ਸੀ,ਇਸ ਪ੍ਰੈਸ ਦੇ ਪੱਤਰਕਾਰ ਅਪਣੀਆਂ ਰਿਪੋਰਟਾਂ ਇਕੋ ਕੋਰੀਅਰ ਰਾਹੀਂ ਰੋਜ਼ਾਨਾ ਅੰਮ੍ਰਿਤਸਰ ਤੋਂ ਜਲੰਧਰ ਭੇਜਦੇ ਸਨ।ਇਸੇ ਕਰਕੇ,ਇਹਨਾਂ ਅਖਬਾਰਾਂ ਦੇ ਖਾਸ ਕਰਕੇ,ਮਹਾਸ਼ਾ ਪ੍ਰੈਸ ਦੇ ਬੇ-ਵੇਤਨ ਪੱਤਰਕਾਰ ਸਰਕਾਰੀ ਗੁਪਤਚਰ ਏਜੰਸੀਆਂ ਦੇ ਧੱਕੇ ਅਸਾਨੀ ਨਾਲ ਚੜ੍ਹ ਜਾਂਦੇ।ਜ਼ਿਆਦਾਤਰ ਅਜਿਹੇ ਪੱਤਰਕਾਰ ਉਹਨਾਂ ਏਜੰਸੀਆਂ ਦੇ 'ਪੇ-ਰੋਲ' ਉੱਤੇ ਹੁੰਦੇ।ਉਹਨਾਂ ਲਈ 'ਸੂਚਨਾਵਾਂ ਇਕੱਠੀਆਂ ਕਰਦੇ,ਸਰਕਾਰੀ ਖ਼ਬਰਾਂ ਪਲਾਟ ਕਰਦੇ ਤੇ ਕਰਵਾਉਂਦੇ।ਇਥੋਂ ਤੱਕ ਪੁਲਿਸ ਦੇ ਸਰਕਾਰੀ ਅਫਸਰਾਂ ਦੇ ਵਿਚੌਲੇ ਵੀ ਬਣ ਜਾਂਦੇ।ਪੱਤਰਕਾਰੀ ਦਾ ਬਿੱਲਾ,ਅਜਿਹੇ ਅਖਬਾਰੀ ਕਾਮਿਆ ਲਈ ਬਹੁਤ ਕਾਰਗਰ ਸਿੱਧ ਹੁੰਦਾ।ਇਸੇ ਕਰਕੇ ਉਹਨਾਂ ਦੀ ਪਹੁੰਚ ਹਰ ਸਰਕਾਰੀ ਥਾਂ,ਦਰਬਾਰ ਸਾਹਿਬ ਤੇ ਸਿੱਖ ਖਾੜਕੂ ਸਫਾਂ 'ਚ ਵੀ ਬਣ ਜਾਂਦੀ ਸੀ। ਅਜਿਹੀ ਪੱਤਰਕਾਰੀ ਕਰਨ ਵਾਲਿਆ ਨੂੰ ਅੰਮ੍ਰਿਤਸਰ 'ਚ ਉਹਨੀਂ ਦਿਨੀਂ ,'ਗਟਰ ਪ੍ਰੈਸ' ਵੀ ਕਿਹਾ ਜਾਂਦਾ ਸੀ ਤੇ ਸੁਤੰਤਰ ਤੇ ਨਿਰਪੱਖ ਪੱਤਰਕਾਰ ਅਜਿਹੀ ਪੱਤਰਕਾਰੀ ਨੂੰ ਮਜ਼ਾਕ ਨਾਲ 'ਤਾਂਗਾਂ ਪ੍ਰੈਸ' ਵੀ ਕਿਹਾ ਕਰਦੇ ਸਨ।

ਖੈਰ,ਉਹਨਾਂ ਦਿਨਾਂ ਦੀ 'ਪੱਤਰਕਾਰੀ' ਸੱਚ-ਝੂਠ ਦਾ ਮਿਲਗੋਭਾ ਸੀ,ਵੱਡਾ ਹਿੱਸਾ ਰਾਜਸੱਤਾ ਦੀ ਹਿੰਸਕ ਤੇ ਫਿਰਕੂ ਮੁਹਿੰਮ ਦਾ ਪ੍ਰਦਰਸ਼ਨ ਸੀ।ਸਰਕਾਰੀ ਅੱਤਵਾਦ,ਸਰਕਾਰੀ ਕੂਟਲਨੀਤੀਆਂ ਦੀ ਪਰਦਾਪੋਸ਼ੀ ਸੀ।ਜਿਸ ਕਰਕੇ,ਦਿੱਲੀ ਦੀ ਰਾਜਸੱਤਾ ਅਪਣੀਆਂ ਕਾਲੀਆਂ ਖੇਡਾਂ ਖੇਡਕੇ,ਪੰਜਾਬ ਵਿੱਚ ਖੂਨ ਦੀਆਂ ਨਦੀਆਂ ਵਹਾਕੇ ਵੀ,ਅੱਜ "ਦੁੱਧਧੋਤੀ " ਸਾਬਿਤ ਸੂਰਤ ਖੜ੍ਹੀ ਹੈ ਤੇ ਦੂਜੇ ਪਾਸੇ "ਸਰਕਾਰੀ ਅੱਤਵਾਦ" ਦਾ ਸ਼ਿਕਾਰ ਹਜ਼ਾਰਾਂ ਪੰਜਾਬੀ-ਸਿੱਖ ਬੱਚੇ,ਬੁੱਢੇ ਤੇ ਔਰਤਾਂ ਜ਼ੁਲਮ ਦੀ ਚੱਕੀ 'ਚ ਪਿਸਕੇ ਵੀ ਖ਼ੁਦ ਜ਼ਾਲਮ ਦੇਸ਼-ਧਰੋਹੀ ਤੇ ਅੱਤਵਾਦੀਆਂ ਦੀ ਕਤਾਰ 'ਚ ਖੜ੍ਹੇ ਕਰ ਦਿੱਤੇ ਗਏ ਹਨ।ਮੋਰਚੇ ਦੇ ਚਲਾਕ ਲੀਡਰ ਹੁਣ ਦਿੱਲੀ ਦੀ ਰਾਜਸੱਤਾ ਦਾ ਦਮ ਭਰਦੇ ਨੇ ਤੇ ਸੱਚ ਤੇ ਇਨਸਾਫ ਦਾ ਚੰਦਰਮਾ "ਕੂੜ ਦੀ ਮੁੱਸਿਆ" 'ਚ ਲੁਕ ਗਿਆ ਹੈ।

ਜਸਪਾਲ ਸਿੱਧੂ

7 comments:

  1. ਇੱਕ ਵੱਡੇ ਪੱਤਰਕਾਰ ਦੇ ਮੂੰਹੋ ਇਹ ਗੱਲਾਂ ਸੁਣ ਕੇ, ਦਿਲ ਨੂੰ ਅਹਿਸਾਸ ਹੁੰਦਾ ਹੈ (ਅਤੇ ਡਰ ਵੀ ਲੱਗਦਾ ਹੈ) ਕਿ ਭਾਰਤੀ ਲੋਕਤੰਤਰ ਕਿਸ ਹੱਦ ਤਾਂ ਡਰਾਉਣਾ, ਘਨਾਉਣਾ ਅਤੇ 'ਅਸ਼ੀਸ਼ਲ' ਹੈ। ਕੀ ਅੱਜ ਮੈਂ ਮੌਕੇ ਦੇ ਹੋਰ ਰਹੇ ਨਕਸਲੀ ਹਮਲਿਆਂ, ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਦੇ ਹਮਲਿਆਂ, ਅਸਾਮ ਦੀ ਹਾਲਤ ਅਤੇ ਕਸ਼ਮੀਰ ਦੇ ਅੱਤਵਾਦ ਉੱਤੇ ਖ਼ਬਰਾਂ ਉੱਤੇ ਭਰੋਸਾ ਕਰ ਸਕਾਗਾਂ? ਮੈਨੂੰ ਤਾਂ ਖ਼ਬਰਾਂ ਉੱਤੇ ਹੀ ਭਰੋਸਾ ਸੀ, ਸਰਕਾਰੀ ਬਿਆਨਾਂ ਉੱਤੇ ਨਹੀਂ, ਪਰ ਲੱਗਦਾ ਹੈ ਖ਼ਬਰਾਂ ਵਿੱਚ ਉਨ੍ਹੀਆਂ ਭਰੋਸੇਯੋਗ ਨਹੀਂ ਰਹੀਆਂ:-(

    ReplyDelete
  2. The reference to 'GUTTER PRESS' by the writer is particularly interesting. These days this is true of the whole of Panjab Press.
    There is very little scope for dedicated and upright journalists these days. People with criminal records are being recruited as reporters by newspapers as 'respectable' as The Tribune.

    ReplyDelete
  3. w? ;wMdk jK fe gfjbh ns/ nZi dh gZsoekoh ftZu e'Jh pj[sk coe Bjh j?, nZi th jo nypko jo u?Bb d/ ftZu’ fe;/ gkoNh dh p{n nkT[Idh j?. jo e'Jh bZrdk j? nkgDh }who wko e/ f;oc o'Nh dh ]kfso jh nkgDk ;wK bzxk fojk j?. w/o/ fJj uzd nbck} fJ; y/so Bkb ;pzXs b'eK bJh e'Jh Bt/I Bjh jB, T[j y[d jh ;wM b?Dr/. go Bkb jh w/oh fJj nghb j? fe ;k~ nkgD/ }who s/ }}pksK s'I T[go T[m e/ ;w/I dk ;kE d/Dk ukjhdk j? sK fe fJ; y/so dh wkD wfo:kdk ekfJw ofj ;e/. f;X{ ;kfjp fJ; bJh tXkJh d/ jZedko jB.

    ntsko f;zx fYZb'I

    ReplyDelete
  4. interesting topic,
    people should
    read this

    ReplyDelete
  5. jaspal singh ji,
    well written.it is the real face of so called sham democracy and the blackout of issues by mainstream biased media.keep it up.

    Jarnail Singh,
    Surrey ,Canada

    ReplyDelete
  6. sir nice words writen regarding ur self experience..

    ReplyDelete
  7. ਇਸ ਮੂਵਮੈਂਟ ਬਾਰੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੰਜਾਬ ਮੁੱਦਾ ਖਾਲਿਸਤਾਨ ਕਿਸ ਨੇ ਬਣਾਇਆ, ਪ੍ਰੈਸ ਦਾ ਰੋਲ ਕੀ ਰਿਹਾ ਇਸ ਸਾਰੇ ਘਟਨਾਕ੍ਰਮ ਵਿਚ, ਉਸ ਦਾ ਰਵੱਈਆ ਅਤੇ ਨਜ਼ਰੀਆ ਕੀ ਸੀ

    ReplyDelete