ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, February 27, 2009

ਗਜ਼ਲ

ਗੁਰਪਾਲ ਬਿਲਾਵਲ ਪੰਜਾਬੀ ਸਾਹਿਤ 'ਚ ਉੱਭਰਦੇ ਕਵੀਆਂ 'ਚੋਂ ਇਕ ਹਨ,ਅਪਣੀ ਵੱਖਰੀ ਸ਼ੈਲੀ ਦੀ ਗ਼ਜ਼ਲ ਤੇ ਕਵਿਤਾ ਰਾਹੀਂ ਉਹਨਾਂ ਪਰੰਪਰਾ ਤੋਂ ਹੱਟਕੇ ਪੰਜਾਬੀ ਸਾਹਿਤ ਨੂੰ ਨਵੀਂ ਨੁਹਾਰ ਦੇਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਦੀਆਂ ਰਚਨਾਵਾਂ ਹਮੇਸ਼ਾਂ ਪਿਆਰ ਦੇ ਸੂਖ਼ਮ ਮਨੋਭਾਵਾਂ ਤੇ ਸਮਾਜਿਕ ਚੇਤਨਾ ਨਾਲ ਲਬਰੇਜ਼ ਰਹੀਆਂ ਹਨ।ਫਿਲਹਾਲ,ਬਿਲਾਵਲ ਸੰਘਰਸ਼ਮਈ ਕਵੀਆਂ ਦੀ ਕਤਾਰ 'ਚ ਹਨ,ਉਮੀਦ ਹੈ ਪੰਜਾਬੀ ਸਾਹਿਤ ਦੇ ਠਹਿਰਾਓ ਨੂੰ ਤੋੜਨ ਵਾਲੇ ਪੁੰਗਰ ਰਹੇ ਕਵੀਆਂ 'ਚ ਉਹਨਾਂ ਦੀ ਕਲਮ ਸਾਜ਼ਗਰ ਸਿੱਧ ਹੋਵੇਗੀ।....ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ


ਕੀ ਕਹਾਂ ਮੈਂ ਕੀ ਲਿਖ ਰਿਹਾਂ ਮੈਂ ਕੀ ਕਹਾਂ ਕੀ ਪੜ੍ਹ ਰਿਹਾਂ?
ਖੁਦ ਖਲੋਕੇ ਸ਼ੀਸ਼ੀਆਂ ਅੱਗੇ ਮੈਂ ਖੁਦ ਨਾਲ ਲੜ ਰਿਹਾਂ।

ਜਾਗਦੇ ਨੂੰ ਜਾਪਦੈ ਮਰ ਰਿਹਾਂ ਮੈਂ ਡੁੱਬ ਰਿਹਾਂ,
ਨੀਂਦ ਦੇ ਵਿੱਚ ਸੁਪਨਿਆਂ ‘ਚ ਅੰਬਰਾਂ ਵੱਲ ਚੜ ਰਿਹਾਂ।

ਕੌਣ ਕਹਿੰਦਾ ?ਰੁਕ ਗਿਆ, ਮੈਂ ਗੈਰ ਹਾਜ਼ਰ ਹੋ ਗਿਆਂ।
ਬਣਕੇ ਹੰਝੂ ਬਿਰਹਣਾ ਦੇ ਮੈਂ ਨਿਰੰਤਰ ਲੜ ਰਿਹਾਂ।

ਮੈਂ ਜਦੋਂ ਬਲਦਾ ਸੀ,ਮੇਰੀ ਹੋਂਦ ਹਾਜ਼ਰ ਸੀ ਮੈਂ,
ਮੈਂ ਜਦੋਂ ਦਾ ਬੁਝ ਗਿਆ ਉਸ ਦਿਨ ਦਾ ਸੜ ਗਿਆਂ।


ਦੂਰ ਹੋ ਜਾਵੇ ਹਨੇਰਾ ਦਿਲ ਮੇਰੇ ਦਾ,ਇਸ ਲਈ,
ਤੇਰਿਆਂ ਲਫਜ਼ਾਂ ‘ਚੋਂ ਤੇਰੀ ਰੌਸ਼ਨੀ ਨੂੰ ਫੜ ਰਿਹਾਂ।

ਸ਼ਬਦ ਲੈਕੇ ਮੋਤਿਆਂ ਵਰਗੇ ਤੇਰੇ ਲਫਜ਼ਾਂ ‘ਚੋਂ ਮੈਂ,
ਹੋਕੇ ਪਾਗਲ ਅਪਣੀ ਕਵਿਤਾ ‘ਚ ਐਵੇਂ ਜੜ੍ਹ ਰਿਹਾਂ।

ਦਿਲ ‘ਚ ਜੇਕਰ ਸੱਚ ਹੋਵੇ ਗਜ਼ਲ ਵਾਂਗੂੰ ਵਹਿ ਤੁਰਾਂ,
ਅੰਦਰੋ ਝੂਠਾ ਹਾਂ ਇਸ ਲਈ,ਉਕ ਰਿਹਾਂ,ਮੈਂ ਅੜ ਰਿਹਾਂ।

ਕੀ ਬਣਾਂਗਾ ਖੁਦਾ ਖੁਦ ਦੀ ਤਾਂ ਮੈਨੂੰ ਸਮਝ ਨਈਂ,
ਮੈਂ ਤਾਂ ਬਸ ਬੇਅਰਥ ਪੱਥਰਾਂ ਐਵੇਂ ਨੂੰ ਘੜ ਰਿਹਾਂ।

ਸੁਲਗਦੀ ਸਿਗਰਟ ਤਰ੍ਹਾਂ ਹੈ,ਜ਼ਿੰਦਗੀ ਤੇਰੇ ਬਿਨਾਂ,
ਮੈਂ ਜਿਵੇਂ ਪਲ ਪਲ ਪਿਛੋਂ ਰਾਖ ਵਾਂਗੂੰ ਝੜ ਰਿਹਾਂ।ਗੁਰਪਾਲ ਬਿਲਾਵਲ

098728-30846

1 comment:

  1. Gurpaul G, bhot khoob. Umeed hai sodian rachnawa lagatar parn nu mildian rahangian.

    SARBJIT

    ReplyDelete