ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, February 27, 2009

ਬਰਸ ਰਹੇ ਬੰਬਾਂ ਦੀ ਰੁੱਤ

ਕੁਝ ਕਾਰਨਾਂ ਕਰਕੇ ਅਸੀਂ ਸੁਖਿੰਦਰ ਜੀ ਦੀਆਂ ਕਵਿਤਾਵਾਂ ਪਬਲਿਸ਼ ਕਰਨ ਤੋਂ ਲੇਟ ਹੋ ਗਏ,ਇਸ ਦੇਰੀ ਲਈ ਖਿਮਾਂ ਦੇ ਜਾਚਕ ਹਾਂ..ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ


ਕੰਧ ਦੇ ਦੋਹੇਂ ਪਾਸੇ ਹੀ ਜਦ
ਆਦਮ-ਬੋਅ, ਆਦਮ-ਬੋਅ ਕਰਦੇ ਹਤਿਆਰੇ
ਮੋਢਿਆਂ ਉੱਤੇ ਏ.ਕੇ.-47 ਬੰਦੂਕਾਂ ਚੁੱਕੀ
ਫੂਕ ਦਿਆਂਗੇ, ਫੂਕ ਦਿਆਂਗੇ
ਧਰਤ ਕੰਬਾਊ ਨਾਹਰੇ ਲਾ ਕੇ
ਆਪਣਾ ਜੀਅ ਭਰਮਾਉਂਦੇ ਹੋਵਣ
ਤਾਂ ਕਿਸਨੂੰ ਵਿਹਲ ਪਈ ਹੈ
ਉਨ੍ਹਾਂ ਨੂੰ ਇਹ ਦੱਸਣ ਦੀ :

ਭਲਿਓ ਲੋਕੋ ! ਤੁਸੀਂ ਤਾਂ ਪਲ, ਛਿਣ ਦੇ
ਹਾਸੇ, ਠੱਠੇ ਲਈ ਇੰਜ ਕਰਕੇ
ਆਪਣਾ ਮਨ ਬਹਿਲਾ ਲੈਣਾ ਹੈ
ਪਰ ਜਿਨ੍ਹਾਂ ਅਣਗਿਣਤ ਘਰਾਂ ‘ਚ
ਸੱਥਰ ਵਿਛ ਜਾਣੇ ਨੇ
ਜਿਨ੍ਹਾਂ ਘਰਾਂ ਦੇ ਬਲਦੇ ਚੁੱਲ੍ਹੇ ਬੁਝ ਜਾਣੇ ਨੇ
ਜਿਨ੍ਹਾਂ ਬਾਲਾਂ ਦੇ ਸਿਰਾਂ ਤੋਂ
ਪਿਓਆਂ ਦਾ ਸਾਇਆ ਉੱਠ ਜਾਣਾ ਹੈ
ਜਿਨ੍ਹਾਂ ਨਵ ਵਿਆਹੀਆਂ ਨਾਰਾਂ ਦੇ ਪਤੀਆਂ ਨੇ
ਮੁੜ ਕਦੀ ਵੀ ਘਰ ਨਹੀਂ ਮੁੜਨਾ
ਜਿਨ੍ਹਾਂ ਮਾਵਾਂ ਦੇ ਪੁੱਤਾਂ ਨੇ
ਬਲੀ ਦੇ ਬੱਕਰੇ ਬਣ ਜਾਣਾ ਹੈ
ਜਿਨ੍ਹਾਂ ਭੈਣਾਂ ਦਾ ਦੁੱਖ-ਸੁੱਖ ਵਿੱਚ ਯਾਦ ਕਰਨ ਲਈ
ਕੋਈ ਭਰਾ ਬਾਕੀ ਨਹੀਂ ਰਹਿਣਾ
ਉਨ੍ਹਾਂ ਦੇ ਡੁੱਬ ਰਹੇ ਮਨਾਂ ਨੂੰ
ਧਰਵਾਸ ਕਿਵੇਂ ਆਵੇਗਾ?

ਕੰਧ ਦੇ ਓਹਲੇ, ਦੋਹੇਂ ਪਾਸੇ ਖੜ੍ਹੇ
ਬੰਦੂਕਧਾਰੀਓ-
ਗੋਲੀ ਇਜ਼ਰਾਈਲ ਦੇ ਪਾਸੇ ਤੋਂ ਆਵੇ
ਜਾਂ ਫਲਸਤੀਨ ਸਿਪਾਹੀਆਂ ਵੱਲੋਂ
ਮਰਨੇ ਤਾਂ ਦੋਹੀਂ ਪਾਸੀਂ ਮਾਵਾਂ ਦੇ ਪੁੱਤ ਹੀ ਨੇ

ਕੌਣ ਤੁਹਾਨੂੰ ਸਮਝਾਵੇ ਇਹ ਗੱਲ
ਨ ਅਮਰੀਕਾ, ਨ ਚੀਨ, ਨ ਰੂਸ, ਨ ਈਰਾਨ, ਨ ਜਰਮਨੀ
ਤੁਹਾਡੇ ਲਈ, ਅਮਨ ਦੀਆਂ ਘੁੱਗੀਆਂ ਲੈ ਕੇ ਆਵਣਗੇ

ਮੰਡੀ-ਸਭਿਆਚਾਰ ਦੀ ਦੌੜ ‘ਚ ਉਲਝਿਆ ਹੋਇਆ
ਆਪਣੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ
ਹਰ ਕੋਈ ਆਪਣੀਆਂ ਫੈਕਟਰੀਆਂ ਨੂੰ
ਚੱਲਦਾ ਰੱਖਣ ਵਾਸਤੇ
ਬੰਬ, ਬੰਦੂਕਾਂ, ਰਾਕਟ, ਲੇਜ਼ਰ, ਟੈਂਕਾਂ ਵੇਚਣ ਖਾਤਰ
ਮੰਡੀਆਂ ਲੱਭ ਰਿਹਾ ਹੈ

ਸਾਡੇ ਸਮਿਆਂ ਦੀ ਵਿਸ਼ਵ-ਰਾਜਨੀਤੀ ਵਿੱਚ
ਕੌਣ ਹੈ ਮਿੱਤਰ
ਕੌਣ ਹੈ ਦੁਸ਼ਮਣ
ਸ਼ਬਦਾਂ ਦੇ ਅਰਥ ਉਲਝ ਗਏ ਹਨ

ਹਰ ਇੱਕ ਨੇ, ਆਪਣੇ ਚਿਹਰੇ ਉੱਤੇ
ਰੰਗ-ਬਰੰਗਾ, ਇੱਕ ਮੁਖੌਟਾ ਪਹਿਣ ਲਿਆ ਹੈ

ਕਿਸ ਦੀ ਜੈਕਟ ਦੇ ਹੇਠਾਂ ਖੰਜਰ ਲੁਕਿਆ ਹੈ
ਕਿਸ ਦੀ ਪੈਂਟ ਦੀ ਜੇਬ੍ਹ ‘ਚ
ਭਰੀ ਪਿਸਤੌਲ ਪਈ ਹੈ
ਤੁਸੀਂ, ਕਦੀ ਵੀ ਨ ਜਾਣ ਸਕੋਗੇ !

ਤਮਾਸ਼ਗੀਰ ਤਾਂ, ਦੂਜੇ ਦੇ ਘਰ ਵਿੱਚ
ਲੱਗੀ ਅੱਗ ਦੇਖ ਕੇ, ਕੁਝ ਚਿਰ ਲਈ
ਹੱਸ-ਖੇਡ ਲੈਂਦੇ ਨੇ

ਮਰਦੇ ਤਾਂ ਇਸ ਯੁੱਧ ਰੂਪੀ ਅੱਗ ਵਿੱਚ ਹਨ :
ਰੋਟੀ ਦੇ ਟੁੱਕੜੇ ਲਈ, ਦਿਨ ਰਾਤ
ਹੱਡ ਰਗੜਦੇ, ਭੋਲੇ ਭਾਲੇ
ਬੱਚੇ, ਬੁੱਢੇ, ਯੁਵਕ, ਮਰਦ, ਔਰਤਾਂ
ਜਿਨ੍ਹਾਂ ਦਾ ਯੁੱਧ ਨਾਲ ਨ ਕੋਈ ਵਾਸਤਾ

ਘਰ ਤਾਂ ਚਾਹੇ
ਯੁੱਧ ਰੂਪੀ ਅੱਗ ਨਾਲ
ਕੰਧ ਦੇ ਕਿਸੀ ਵੀ ਪਾਸੇ
ਝੁਲਸ ਰਿਹਾ ਹੋਵੇ


ਬਦਲਦੇ ਸਮਿਆਂ ਵਿੱਚ

ਘਰਾਂ ਦੀਆਂ ਛੱਤਾਂ ਉਦੋਂ ਡਿੱਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ
ਗੁੰਡੇ ਜੰਮ ਪੈਣ-

ਜਿਨ੍ਹਾਂ ਨੂੰ ਮਾਂ, ਭੈਣ, ਧੀ ਦੀ
ਕੋਈ ਸ਼ਰਮ ਨਾ ਹੋਵੇ, ਗੁੰਡੇ
ਜਿਨ੍ਹਾਂ ਦੇ ਨੱਕਾਂ ‘ਚੋਂ, ਹਰ ਸਮੇਂ
ਹੰਕਾਰ ਦੇ ਠੂੰਹੇਂ ਡਿੱਗਦੇ ਹੋਣ

ਉਪਭੋਗਤਾਵਾਦ ਦੀ ਚਲ ਰਹੀ ਹਨ੍ਹੇਰੀ ਵਿੱਚ
ਜਿਨ੍ਹਾਂ ਨੂੰ ਮਹਿਜ਼ ਚਮਕਦਾਰ ਚੀਜ਼ਾਂ ਦਾ ਹੀ
ਮੋਹ ਹੋਵੇ, ਕਾਲੇ ਧੰਨ ਨਾਲ ਬੈਂਕਾਂ ਦੀਆਂ
ਤਜੋਰੀਆਂ ਭਰਨ ਦੀ ਲਾਲਸਾ

ਕਾਮਵਾਸਨਾ ਜਗਾਂਦੀਆਂ ਵੈੱਬਸਾਈਟਾਂ ‘ਚ ਉਲਝਿਆਂ
ਜਿਨ੍ਹਾਂ ਦੀ ਹਰ ਸ਼ਾਮ ਬੀਤੇ
ਭੰਗ,ਚਰਸ,ਕਰੈਕ,ਕੁਕੇਨ ਦੇ
ਸੂਟੇ ਲਾਂਦਿਆਂ ਦਿਨ ਚੜ੍ਹੇ

ਆ ਰਿਹਾ ਹੈ ਗਲੋਬਲੀ ਸਭਿਆਚਾਰ
ਦਨਦਨਾਂਦਾ ਹੋਇਆ, ਪੂਰੀ ਸਜ ਧਜ ਨਾਲ
ਤੁਹਾਡੇ ਬੂਹਿਆਂ ਉੱਤੇ ਦਸਤਕ ਦੇਣ ਲਈ

ਜ਼ਰਾ, ਉਹ ਵਿਹਲ ਲੈ ਲਵੇ
ਕਾਬੁਲ, ਕੰਧਾਰ, ਬਸਰਾ, ਬਗ਼ਦਾਦ ‘ਚ
ਬੰਬ ਬਰਸਾਉਣ ਤੋਂ ਆਵੇਗਾ
ਉਹ ਜ਼ਰੂਰ ਆਵੇਗਾ
ਤੁਹਾਡੇ ਸਭ ਦੇ ਵਿਹੜਿਆਂ ‘ਚ
ਸੈਂਟਾ ਕਲਾਜ਼ ਵਾਂਗ
ਚਿਹਰੇ ਤੇ ਮੁਸਕਾਨ ਲੈ ਕੇ
ਹੋ ਹੋ ਕਰਦਾ ਹੋਇਆ

ਉਹ ਆਵੇਗਾ, ਤੁਹਾਡੇ ਵਿਹੜਿਆਂ ਵਿੱਚ
ਟੈਲੀਵੀਜ਼ਨ ਦੇ ਆਦਮ ਕੱਦ ਸਕਰੀਨਾਂ ਰਾਹੀਂ
ਬਾਲੀਵੁੱਡ ਦੀਆਂ ਦੁਹਰੇ ਅਰਥਾਂ ਵਾਲੀਆਂ
ਫਿਲਮਾਂ ‘ਚ ਲੁਕ ਕੇ

ਪ੍ਰਸ਼ਾਦਿ ਵਾਂਗੂੰ ਵੰਡੇਗਾ ਉਹ
ਤੁਹਾਡੇ ਬੱਚਿਆਂ ਨੂੰ ਵਿਆਗਰਾ ਦੀਆਂ ਗੋਲੀਆਂ
ਬਲੂ ਮੂਵੀਆਂ ਦੇ ਭਰੇ ਬਕਸੇ
ਕਾਂਡੋਮ ਦੀਆਂ ਥੈਲੀਆਂ
ਦੇਹਨਾਦ ਦੇ ਮਹਾਂ-ਸੰਗੀਤ ਵਿੱਚ ਗੁੰਮ ਜਾਣ ਲਈ

ਆਏਗੀ ਫਿਰ ਤੁਹਾਡੇ ਵਿਹੜਿਆਂ ਵਿੱਚ
ਗਲੋਬਲ ਸਭਿਆਚਾਰਕ ਕ੍ਰਾਂਤੀ ਤਾਂਡਵ ਨਾਚ ਕਰਦੀ
ਤੁਹਾਡੇ ਮਸਤਕ ‘ਚ ਪਸਰੇ
ਗੌਰਵਮਈ ਵਿਰਸੇ ਨਾਲ ਜੁੜੇ
ਹਰ ਸ਼ਬਦ ਦਾ ਬਲਾਤਕਾਰ ਕਰਦੀ ਹੋਈ

ਨਿਰਮਲ ਪਾਣੀਆਂ ਦੀ ਹਰ ਝੀਲ
ਹਰ ਝਰਨੇ
ਹਰ ਸਰੋਵਰ ‘ਚ
ਗੰਦਗੀ ਦੇ ਅੰਬਾਰ ਲਾਉਂਦੀ

ਅਜਿਹੀ ਬਦਬੂ ਭਰੀ ਪੌਣ ਵਿੱਚ
ਅਜਿਹੇ ਪ੍ਰਦੂਸਿ਼ਤ ਪਾਣੀਆਂ ਵਿੱਚ
ਅਜਿਹੇ ਤਲਖੀਆਂ ਭਰੇ ਮਾਹੌਲ ਵਿੱਚ
ਤੁਹਾਡੀ ਆਪਣੀ ਹੀ ਔਲਾਦ ਜਦ
ਤੁਹਾਡੇ ਰਾਹਾਂ ‘ਚ ਕੰਡੇ
ਵਿਛਾਣ ਲੱਗ ਪਵੇ

ਘਰਾਂ ਦੀਆਂ ਛੱਤਾਂ ਉਦੋਂ ਡਿੱਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ
ਗੁੰਡੇ ਜੰਮ ਪੈਣ

ਸੁਖਿੰਦਰ (ਮਾਲਟਨ, ਦਸੰਬਰ 15, 2008)

1 comment:

  1. ਬੜੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਪੇਸ਼ ਕੀਤੀਆਂ ਹਨ ਤੁਸੀਂ, ਜਿਸ ਲਈ ਥਾਪੜੇ ਦੇ ਹੱਕਦਾਰ ਹੋ। ਮੈਂ ਮਹਿੰਦਰ ਬੇਦੀ, ਜੈਤੋ
    ਦੁਖਾਂਤ ਪੰਜਾਬ 84 ਨੂੰ ਯਾਦ ਕਰਿਦਆਂ ਤੇ ਆਉਣ ਵਾਲੀਆਂ ਨਸਲਾਂ ਨੂੰ ਸੁਚੇਤ ਕਰਨ ਲਈ ਆਪਣੇ ਬਲਾਗ mpbedijaitu.blogspot.com ਵਿਚ ਉਹਨਾਂ ਦਿਨਾਂ ਵਿਚ ਸਿਆਸਤ ਤੇ ਧਰਮ ਤੋਂ ਪਰ੍ਹੇ ਆਮ ਆਦਮੀ ਦੇ ਅਹਿਸ ਤੇ ਦਸ਼ਾ ਨਾਲ ਜੁੜੀਆਂ ਕੁਝ ਕਹਾਣੀਆਂ ਅਨੁਵਾਦ ਕੀਤੀਆਂ ਸੀ ਜਿਹੜੀਆਂ ਇਸ ਬਲਾਕ ਵਿਚ ਪਾ ਰਿਹਾ ਹਾਂ। ਤੁਸੀਂ ਵੀ ਠੀਕ ਸਮਝੋ ਤਾਂ ਕੁਝ ਕਹਾਣੀਆਂ ਪਾਠਕਾਂ ਤਕ ਪਹੁੰਚਾ ਦਿਓ...ਮੈਂ 16 ਸਾਲ ਬਾਅਦ ਫੇਰ ਅਨੁਵਾਦ ਦੇ ਪਿੜ ਵਿਚ ਆਇਆ ਹਾਂ। ਉਰਦੂ ਤੇ ਹਿੰਦੀ ਤੋਂ ਕੋਈ 230-35 ਕਹਾਣੀਆਂ ਦਾ ਅਨੁਵਾਦ ਪੰਜਾਬੀ ਸਾਹਿਤ ਸਮੁੰਦਰ ਵਿਚ ਪਾ ਚੁੱਕਿਆ ਹਾਂ ਜਿਹੜੀਆਂ ਵਕਤਨ-ਵਕਤਲ ਪੰਜਾਬੀ ਦੇ ਰਸਾਲਿਆਂ ਤੇ ਅਖ਼ਬਾਰਾਂ ਵਿਚ ਛਪੀਆਂ ਤੇ ਛਪ ਰਹੀਆਂ ਹਨ। ਕੀ ਤੁਸੀਂ ਚੰਗੇ ਪਰਭਾਸ਼ੀ ਸਾਹਿਤ ਲਈ ਆਪਣੇ ਬਲਾਗ ਵਿਚ ਕੋਈ ਕੋਨਾ ਰੱਖਿਆ ਹੈ?...ਮੈਂ ਜਿਵੇਂ ਕਿ ਉੱਪਰ ਅਰਜ਼ ਕੀਤੀ ਹੈ ਕਿ ਸਿਰਫ ਇਕ ਅਨੁਵਾਦਕ ਹਾਂ ; ਕੀ ਤੁਹਾਡੇ ਲਈ ਕੁਝ ਕਰ ਸਕਦਾ ਹਾਂ ? ਤੁਹਾਡਾ
    ਬੇਦੀ।
    mpbedijaitu@yahoo.co.in

    ReplyDelete