ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, August 16, 2010

ਗਾਮੀ ਦੀ ਮੌਤ ਖੁਦਕੁਸ਼ੀ ਨਹੀਂ ਕਤਲ ਹੈ।

ਮਿਡਲ ਕਲਾਸ "ਜਾਅਲੀ" ਹੈ--ਸੈਮੂਅਲ ਜੌਹਨ,ਪ੍ਰਕਾਸ਼

ਉੱਚ ਜਾਤੀ ਦਾ ਚਾਹੇ ਜਿੱਡਾ ਮਰਜ਼ੀ ਕਾਮਰੇਡ ਹੋਵੇ ਪਰ ਪਿਛੋਕੜ ਉਸਦਾ ਪਿੱਛਾ ਨਹੀਂ ਛੱਡਦਾ।

ਹੋ ਸਕਦਾ ਆਉਣ ਵਾਲਾ ਸਮਾਂ ਕਾਮਰੇਡਾਂ ਨੂੰ ਮਾਫ਼ ਨਾ ਕਰੇ----ਪ੍ਰਕਾਸ਼

ਮੈਂ 9 ਅਗਸਤ ਨੂੰ ਸੁਰਜੀਤ ਗਾਮੀ ਦੇ ਸਰਧਾਂਜਲੀ ਸਮਾਗਮ ‘ਤੇ ਗਿਆ ।ਸਮਾਗਮ ਇੱਕ ਵੱਡੇ ਸਾਰੇ ਹਾਲ ‘ਚ ਰੱਖਿਆ ਗਿਆ ਸੀ। ਹਾਲ ਦੇ ਵੱਡੇ ਗੇਟ ‘ਚ ਵੜਦਿਆ ਸਾਰ ਹੀ ਸੁਰਜੀਤ ਗਾਮੀ ਦੀ ਵੱਡੀ ਸਾਰੀ ਤਸਵੀਰ ਰੱਖੀ ਹੋਈ ਸੀ, ਜਿਸਨੂੰ ਦੇਖ ਕੇ ਮਨ ਭਾਵੁਕ ਹੋ ਜਾਦਾ ਹੈ, ਪਿਛਲੀਆ ਮਿਲਨੀਆਂ ਤਾਜ਼ਾ ਹੋ ਜਾਂਦੀਆਂ ਹਨ ਇਸ ਤਰ੍ਹਾਂ ਲਗਦਾ ਹੈ, ਜਿਵੇਂ ਸੁਰਜੀਤ ਗਾਮੀ ਜੱਫੀ ਪਾਕੇ ਮਿਲਨਾ ਚਾਹੁੰਦਾ ਹੋਵੇ, ਗਾਮੀ ਨੂੰ ਯਾਦ ਕਰਦਾ-ਕਰਦਾ ਮੈਂ ਹਾਲ ਦੇ ਅੰਦਰ ਜਾਂਦਾ ਹਾਂ, ਉ¤ਥੇ ਸਰਧਾਂਜਲੀ ਸਮਾਗਮ ਦੇ ਗੀਤ ਚਲ ਰਹੇ ਹਨ, ‘ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’, ‘ਉਹ ਹਟਾਉਂਦੇ ਨੇ ਮੈਨੂੰ ਗੀਤ ਗਾਉਣ ਤੋਂ’ ‘ਹੈ ਰਾਜ ਲੁਟੇਰਿਆਂ ਦਾ’ ਅਤੇ ਹੋਰ ਗੀਤਾਂ ਨਾਲ ਗਾਮੀ ਨੂੰ ਸਰਧਾਂਜਲੀ ਦਿੱਤੀ ਜਾ ਰਹੀ ਹੈ, ਵੱਖੋ-ਵੱਖਰੇ ਬੁਲਾਰੇ ਬੋਲੀ ਜਾ ਰਹੇ ਹਨ, ਸੁਰਜੀਤ ਗਾਮੀ ਦੇ ਕੌੜੇ-ਮਿੱਠੇ ਤਜ਼ਰਬੇ ਲੋਕਾਂ ਨਾਲ ਸਾਂਝੇ ਕਰ ਰਹੇ ਹਨ, ਕੋਈ ਬੁਲਾਰਾ ਕਹਿੰਦਾ ਹੈ, ਕਿ ਗਾਮੀ ਇੱਕ ਅਜਿਹਾ ਕਲਾਕਾਰ ਸੀ ਜੋ ਹਰ ਔਖੀ ਤੋਂ ਔਖੀ ਗੱਲ ਨੂੰ ਸੌਖਿਆ ਪੇਸ਼ ਕਰ ਦਿੰਦਾ ਸੀ, ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਜੀ ਸਟੇਜ ਦੀ ਬਣਦੀ ਭੂਮਿਕਾ ਨਿਭਾ ਰਹੇ ਸਨ, ਅਖੀਰ ‘ਤੇ ਸੈਮੁਅਲ ਜੌਹਨ ਦਾ ਨਾਟਕ ਬਾਗਾਂ ਦਾ ਰਾਖਾ ਖੇਡਿਆ ਜਾ ਰਿਹਾ ਸੀ, ਉਸ ਨੂੰ ਦੇਖਦਿਆਂ ਮੁੜ-ਮੁੜ ਗਾਮੀ ਨਾਲ ਹੋਈਆਂ ਗੱਲਾਂਬਾਤਾਂ ਬਾਰੇ ਸੋਚੀ ਜਾ ਰਿਹਾ ਸੀ


ਜਦੋਂ ਮੈਂ ਮਾਨਸਾ ਬਸ ਸਟੈਂਡ ਕੋਲ ਗਾਮੀ ਦੇ ਸਾਥੀ ਤਰਸੇਮ ਰਾਹੀ ਨੂੰ ਮਿਲਿਆ, ਹਾਲਾਂ ਕਿ ਮੈਨੂੰ ਇਹਨਾਂ ਦੋਵਾਂ ਬਾਰੇ ਇਹਨਾਂ ਕੁ ਪਤਾ ਚੱਲਿਆ ਸੀ ਕਿ ਇਹ ਸ਼ਰਾਬ ਪੀਂਦੇ ਹਨ ਉਂਝ ਬੰਦੇ ਵਧੀਆ ਹਨ, ਉਸ ਨੇ ਮੈਨੂੰ ਗਾਮੀ ਨਾਲ ਜਾਣ-ਪਛਾਣ ਕਰਵਾਈ, ਉਸ ‘ਤੋਂ ਬਾਅਦ ਕਦੇ ਆਉਂਦੇ-ਜਾਂਦੇ ਮਿਲ ਜਾਦੇ ਸੀ, ਇੱਕ ਵਾਰ ਮਾਨਸਾ ‘ ਗਾਮੀ ਹੋਰਾਂ ਦੀ ਅਗਵਾਈ ‘ਚ ਸਤਨਾਮ ਦੇ ਲਿਖੇ ਸਫ਼ਰਨਾਮੇ ‘ਜੰਗਲਨਾਮਾ’ ਉਪਰ ਗੋਸ਼ਟੀ ਕਰਵਾਈ ਸੀ, ਅਖਬਾਰਾਂ ਵਿੱਚ ਉਸ ਵਲੋਂ ਚੁਰਾਸਤਿਆਂ ਜਾਂ ਮੁਹੱਲਿਆਂ ਵਿੱਚ ਖੇਡੇ ਜਾਂਦੇ ਨਾਟਕਾਂ ਬਾਰੇ ਪੜ•ਨ ਨੂੰ ਜਰੂਰ ਮਿਲ ਜਾਂਦਾ, ਜਦੋਂ ਮੈਂ ਇੱਕ ਦਿਨ ਮਿੱਟੀ ਫਿਲਮ ਦੇਖ ਰਿਹਾ ਸੀ ਤਾਂ ਉਸ ਵਿੱਚ ਗਾਮੀ ਦੇ ਟੁੰਡੇ ਦੇ ਪਿਉ ਦੇ ਕੀਤੇ ਗਏ ਰੋਲ ‘ਚ ਦੇਖਿਆ, ‘‘...ਓਏ ਜੱਟਾਂ ਨੇ ਤੈਨੂੰ ਮੂਹਰੇ ਕਰਕੇ ਮਰਵਾ ਦੇਣਾ,..ਨਾ ਜੇ ਜ਼ਮੀਨ ਮਿਲੂ ਤਾਂ ਜੱਟਾਂ ਨੂੰ ਮਿਲੂ, ਏਹ ਤੀਏ ਤਿੱਖੜੇ ਭੜੂਆ ਪੂੰਛ ਚੁੱਕੀ ਫਿਰਦਾ...।’’

ਉਸ ਤੋਂ ਬਾਅਦ ਗਾਮੀ ਨਾਲ ਮੇਰੀ ਮੁਲਾਕਾਤ ਮੇਰੇ ਰਿਸ਼ਤੇਦਾਰ ਦੇ ਪਿਉ ਦੇ ਭੋਗ ‘ਤੇ ਹੋਈ, ਉੱਥੇ ਇੱਕ ਪੁਰਾਣਾ ਕਾਮਰੇਡ ਪਹੁੰਚਿਆ ਸੀ ਜੋ ਕਿਸੇ ਵੇਲੇ ਮਾਰਕਸਵਾਦ ਨੂੰ ਵੀ ਛੱਡ ਗਿਆ ਸੀ, ਜਦੋਂ ਅਸੀਂ ਮਿੱਟੀ ਫਿਲਮ ਬਾਰੇ ਗੱਲ ਕਰ ਰਹੇ ਸੀ ਤਾਂ ਗਾਮੀ ਨੂੰ ਨਿਹੋਰਾ ਮਾਰਿਆ, ‘‘... ਫਿਲਮ ਵਿੱਚ ਤਾਂ ਹੀਰੋ ਤੈਨੂੰ ਹੋਣਾ ਚਾਹੀਦਾ ਸੀ।’’ ਕਿਉਂਕਿ ਗਾਮੀ ਦਲਿਤ ਪਰਿਵਾਰ ‘ਚੋਂ ਸੀ ਇਸ ਸਾਬਕਾ ਕਾਮਰੇਡ ‘ਚ ਹਾਲੇ ਜੱਟਵਾਦ ਨੇ ਕਬਜ਼ਾ ਕੀਤਾ ਹੋਇਆ ਸੀ, ਇਸ ਕਰਕੇ ਗਾਮੀ ਨੂੰ ਚਿੜਾ ਰਿਹਾ ਸੀ, ਗਾਮੀ ਨੇ ਮੈਨੂੰ ਬਾਅਦ ਵਿੱਚ ਕਿਹਾ,‘‘..ਫਿਲਮ ਵਿੱਚ ਇਸ ਗੱਲ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਕਿ ਜਦੋਂ ਕੋਈ ਜੱਟ ਮਰ ਜਾਂਦਾ ਹੈ ਤਾਂ ਉੱਥੇ ਕਿੰਨੇ ਲੋਕ ਇਕੱਠੇ ਹੋ ਜਾਂਦੇ ਨੇ, ਪਰ ਜਦੋਂ ਇੱਕ ਮਜ਼ਦੂਰ ਜੱਟਾਂ ਦੀ ਲੜਾਈ ‘ਚ ਮਾਰਿਆ ਜਾਵੇ ਤਾਂ ਕੋਈ ਉਸਨੂੰ ਰੋਣ ਤੱਕ ਨੀਂ ਆਉਂਦਾ...’’ ਬੇਸ਼ੱਕ ਉਸਦੀ ਗੱਲ ‘ਚ ਕਾਫੀ ਸਚਾਈ ਸੀ, ਕੋਈ ਉੱਚ ਜਾਤੀ ਦਾ ਚਾਹੇ ਜਿਡਾ ਮਰਜੀ ਕਾਮਰੇਡ ਹੋਵੇ ਪਰ ਉਸਦਾ ਪਿਛੋਕੜ ਉਸਦਾ ਪਿੱਛਾ ਨਹੀਂ ਛੱਡਦਾ, ਗਾਮੀ ਨੇ ਆਪਣੀ ਬਣਾਈ ਹੋਈ ਨਾਟਕ-ਟੀਮ ਬਾਰੇ ਵੀ ਜਾਣ ਪਛਾਣ ਕਰਵਾਈ


ਉਸ ‘ਤੋਂ ਕੁਝ ਦਿਨ ਬਾਅਦ ਗਾਮੀ ਦਾ ਫੋਨ ਆਇਆ
ਉਸਨੇ ਮੈਨੂੰ ਮਿਲਨ ਲਈ ਕਿਹਾ। ਮੈਂ ਪੁੱਛਦਾ-ਪੁੱਛਦਾ ਘਰ ਪਹੁੰਚਿਆ ਉਸਦਾ ਘਰ ਗਲੀ ਵਿੱਚ ਕੱਚੀਆਂ ਇੱਟਾਂ ਦਾ, ਗਾਰੇ ‘ਚ ਚਿਨਾਈ ਕੀਤੀ ਹੋਈ ਸੀ, ਖਾਲੀ ਟੱਪਣ ਦੇ ਨਾਲ ਹੀ ਉਸਦੇ ਖ¤ਬੇ ਹੱਥ ਕੱਚੀਆਂ ਇੱਟਾਂ ਦਾ ਬਣਿਆ ਛੋਟਾ ਜਿਹਾ ਗੁਸ਼ਲਖਾਨਾ ਸੀ, ਸਾਹਮਣੇ ਚੁੱਲ•ਾ ਸੀ, ਗੁਸ਼ਲਖਾਨੇ ਦੇ ਕੋਲ ਫਰਸ਼ ‘ਤੇ, ਤੇੜ ਪਰਨਾ ਪਾਈ ਖੜਾ ਗਾਮੀ ਨਹਾ ਰਿਹਾ ਸੀ, ਉਸਨੇ ਨਹਾਉਂਦੇ-ਨਹਾਉਂਦੇ ਨੇ ਮੇਰੇ ਨਾਲ ਹੱਥ ਮਿਲਾਕੇ ਅੰਦਰ ਕਮਰੇ ‘ਚ ਬੈਠਣ ਲਈ ਕਿਹਾ। ਮੈਂ ਅੰਦਰ ਗਿਆ ਤਾਂ ਇੱਕ ਖੂੰਜੇ ‘ਚ ਡਬਲਬੈ¤ਡ ‘ਤੇ ਇੱਕ ਮੰਜਾ ਪਿਆ ਸੀ, ਸਾਹਮਣੇ ਖੂੰਜੇ ‘ਚ ਫਰਿੱਜ, ‘ਤੇ ਉਪਰ ਸੈੱਲਫ ‘ਤੇ ਇੱਕ ਟੀ.ਵੀ. ਚੱਲ ਰਿਹਾ ਸੀ ਉਸ ‘ਤੇ ਖਬਰ ਆ ਰਹੀ ਸੀ ਕਿ ਪ੍ਰਧਾਨ ਮੰਤਰੀ ਨੇ ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਰਾਜਾਂ ਦੀ ਮੀਟਿੰਗ ਬੁਲਾਈ ਹੋਈ ਹੈ, ਗਾਮੀ ਆਕੇ ਬੈੱਡ ‘ਤੇ ਬੈਠਦਿਆਂ ਹਾਲ-ਚਾਲ ਪੁੱਛਿਆ, ਸਾਡੀਆਂ ਗੱਲਾਂਬਾਤਾਂ ਹੁੰਦੀਆ ਦੇ ਵਿਚਕਾਰ ਦੀ ਜਦੋਂ ਟੀ.ਵੀ. ‘ਤੇ ਨਕਸਲੀਆਂ ਨਾਲ ਸਬੰਧਤ ਕੋਈ ਖਬਰ ਆਉਂਦੀ ਤਾਂ ਗੱਲਬਾਤ ਬੰਦ ਕਰਕੇ ਪੂਰੇ ਧਿਆਨ ਨਾਲ ਖਬਰ ਸੁਣਨ ਬਾਅਦ ਉਸਨੇ ਕਿਹਾ,‘‘... ਮੈਂ ਗਰੀਨ ਹੰਟ ਉੱਪਰ ਇੱਕ ਨਾਟਕ ਲਿਖਿਆ ਹੈ, ਜਿਸ ਵਿੱਚ ਇੱਕ ਪਾਸੇ ਸਰਮਾਏਦਾਰ, ਪੂੰਜੀਪਤੀ ਤੇ ਉਹਨਾਂ ਦੇ ਚਹੇਤੇ ਮਨਮੋਹਨ ਸਿੰਘ ਅਤੇ ਉਸਦੀ ਜੁੰਡਲੀ ਜੋ ਆਦਿਵਾਸੀ ਲੋਕਾਂ ਦੇ ਖਜ਼ਾਨਿਆਂ ਦੀ ਲੁੱਟ ਕਰਨਾ ਚਾਹੁੰਦੀ ਹੈ ਅਤੇ ਉਹਨਾਂ ਦੀ ਰੱਖਿਆ ਲਈ ਗਰੀਬੀ ਅਤੇ ਥੁੜ•ਾਂ ਦੇ ਮਾਰੇ ਪੁਲੀਸ ਦੇ ਜਵਾਨ ਦਿਖਾਏ ਨੇ, ਅਤੇ ਦੂਸਰੇ ਪਾਸੇ ਅਤਿ ਗਰੀਬ ਆਦਿਵਾਸੀ ਅਤੇ ਉਹਨਾ ਨਾਲ ਇੱਕ-ਮਿੱਕ ਹੋਏ ਮਾਓਵਾਦੀ ਦਿਖਾਏ ਨੇ,…ਜਿਹੜੇ ਆਦਿਵਾਸੀਆਂ ਦੀ ਦੌਲਤ ਨੂੰ ਬਚਾਉਣਾ ਚਾਹੁੰੇਦੇ ਨੇ...’’ ਉਸਨੇ ਨਾਟਕ ਬਾਰੇ ਦਸਦੇ ਨੇ ਮੇਰੇ ਸਾਹਮਣੇ ਸਵਾਲ ਖੜਾ ਕੀਤਾ,‘‘... ਮੈਂ ਹੁਣ ਜਾਕੇ ਚੌਂਕ ‘ਚ ਇਹ ਨਾਟਕ ਖੇਡਦਾਂ .. ਕੀ ਤੂੰ ਮੇਰੇ ਬੱਚਿਆਂ ਨੂੰ ਸਾਂਭਣ ਦੀ ਜ਼ਿੰਮੇਂਵਾਰੀ ਲੈ ਸਕਦਾਂ?’’ ਮੈਂ ਹੈਰਾਨ ਹੁੰਦੇ ਨੇ ਕਿਹਾ,‘‘ਬਾਈ! ਮੈਂ ਤਾਂ ਨੀ ਲੈ ਸਕਦਾ ਜ਼ਿੰਮੇਂਵਾਰੀ।’’ ਮੈਂ ਸੋਚਿਆ ਜਦ ਇਨਕਲਾਬ ਕਰਨ ਵਾਲੀਆਂ ਪਾਰਟੀਆਂ ਇਸ ਕਲਾਕਾਰ ਨੂੰ ਸਾਂਭਣ ਦੀ ਜ਼ਿਮੇਂਵਾਰੀ ਨ•ੀ ਲੈ ਸਕੀਆਂ ਤਾਂ ਇੱਕ ਵਿਅਕਤੀ ਜਿਸਨੂੰ ਅੱਜ ਕਲ• ਦੀ ਮਹਿੰਗਾਈ ਦੇ ਜ਼ਮਾਨੇ ‘ਚ ਆਪਣੇ ਪਰਿਵਾਰ ਦਾ ਪੇਟ ਪਾਲਣਾ ਮੁਸ਼ਕਲ ਹੈ, ਦੂਸਰੇ ਪਰਿਵਾਰ ਨੂੰ ਕਿਵੇਂ ਸਾਂਭ ਸਕਦਾ ਹੈ। ਗਾਮੀ ਕਹਿੰਦਾ, ‘‘ਤੂੰ ਇੱਕ ਵਾਰੀ ਹਾਂ ਕਹਿ ਦੇ ਫਿਰ ਚਾਹੇ ਮੁਕਰ ਜੀ...’’ ਮੈਂ ਕਿਹਾ,‘‘ ਬਾਈ,ਮੈਂ ਉਹਨਾਂ ‘ਚੋਂ ਨ•ੀ ਜੋ ਬਾਅਦ ‘ਚ ਮੁਕਰ ਜਾਂਦੇ ਨੇ।’’ ਗਾਮੀ ਨੇ ਦੱਸਿਆ ਕਿ ਕਿਸੇ ਪਿੰਡ ਤੋਂ ਕੁਝ ਨੌਜਵਾਨਾਂ ਨੇ ਨਸ਼ਿਆਂ ਉ¤ਪਰ ਨਾਟਕ ਕਰਵਾਉਣਾ ਲਈ ਕਿਹਾ, ਪਹਿਲਾਂ ਤਾਂ ਮੈ ਹਾਂ ਕਰ ਦਿੱਤੀ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਹੁਕਮਰਾਨ ਧਿਰ ਕਰਵਾ ਰਹੀ ਹੈ ਤਾਂ ਮੈਂ ਨਾ ਕਰ ਦਿੱਤੀ, ਇਹਨਾਂ ਨਾਟਕਾਂ ਦੇ ਉਹ ਚੰਗੇ ਪੈਸੇ ਦੇਣ ਲਈ ਵੀ ਤਿਆਰ ਸੀ, ਪਰ ਮੈਂ ਕਿਹਾ ਕਿ ਤੁਸੀਂ ਗਲਤ ਬੰਦਾ ਲੱਭਿਆ, ਮੈਂ ਤਾਂ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸੰਬੰਧਤ ਨਾਟਕ ਹੀ ਖੇਡ ਸਕਦਾਂ, ਉਸਨੇ ਕਿਹਾ,‘‘... ਜੇ ਪੈਸੇ ਕਮਾਉਣੇ ਹੋਣ ਤਾਂ ਮੈਂ ਬਥੇਰੇ ਕਮਾ ਸਕਦਾਂ, ਪਰ ਮੇਰੀ ਇੱਕ ਸੋਚ ਹੈ, ਮੈਂ ਉਸਤੋਂ ਕਦੇ ਬਾਹਰ ਨਹੀਂ ਜਾ ਸਕਦਾ, ਮਿੱਟੀ ਫਿਲਮ ਵਿੱਚ ਕੰਮ ਕਰਨ ਕਰਕੇ ਵੀ,... ਮੈਨੂੰ ਬਥੇਰੇ ਫੋਨ ਆਉਂਦੇ ਨੇ ਫਿਲਮਾਂ ਵਾਲਿਆਂ ਦੇ...।’’ ਮਿੱਟੀ ਫਿਲਮ ਦਾ ਨਾਮ ਲੈਣ ਤੇ ਮੈਂ ਸੁਭਾਵਿਕ ਹੀ ਪੁੱਛ ਲਿਆ,‘‘ਕੀ ਦਿੱਤਾ ਫੇਰ ਮਿੱਟੀ ਫਿਲਮ ਵਾਲਿਆਂ ਨੇ ਥੋਨੂੰ ?’’ ਫਰਿੱਜ ਵੱਲ ਹੱਥ ਕਰਕੇ ਕਹਿੰਦਾ,‘‘ਮੈਨੂੰ ਤਾਂ ਆਹ! ਫਰਿੱਜ ਦਿੱਤਾ।’’ ਮੈਂ ਕਿਹਾ ਹੋਰ ਨੀ ਕੁਝ ਦਿੱਤਾ, ਕਹਿੰਦਾ,‘‘ਨਹੀਂ।’’ ਗੱਲਾਂ ਕਰਦਿਆਂ-ਕਰਦਿਆਂ ਗਾਮੀ ਨੇ ਕਿਹਾ, ‘‘... ਜਿਹੜਾ ਬੰਦਾ ਮੇਰੇ ਘਰ ਗੱਡੀ ‘ਤੇ ਆਉਂਦਾ ਹੈ ਨਾ ਮੈਨੂੰ ਉਸ ਤੇ ਸ਼ੱਕ ਖੜਾ ਹੋ ਜਾਂਦਾ ਹੈ, ਮੈਨੂੰ ਲਗਦਾ ਹੈ ਕਿ ਜਿਹੜਾ ਬੰਦਾ ਕੋਈ ਕੰਮ-ਕਾਰ ਨ•ੀ ਕਰਦਾ ਉਸ ਕੋਲ ਗੱਡੀ ਕਿਵੇਂ ਆ ਗਈ? ਕਿਤੇ ਇਹ ਇੰਟੈਲੀਜੈਂਸੀ ਦਾ ਬੰਦਾ ਤਾਂ ਨਹੀ…...?’’ ਜਦੋਂ ਉਸਨੇ ਇਹ ਗੱਲ ਆਖੀ ਤਾਂ ਮੈਨੂੰ ‘ਆਪਣਾ-ਆਪ’, ਸ਼ੱਕੀ ਜਿਹਾ ਨਜ਼ਰ ਆਉਣ ਲੱਗਿਆ, ਕਿਉਂਕਿ ਮੈਂ ਵੀ ਉਸ ਦਿਨ ਮੋਟਰ ਸਾਇਕਲ ਲੈਕੇ ਆਇਆ ਸੀ। ਕਿਤੇ ਇਹ ਮੇਰੇ ਬਾਰੇ ਤਾਂ ਅਜਿਹਾ ਨਹੀਂ ਸੋਚ ਰਿਹਾ, ਮੈਂ ਆਪਣਾ ਸ਼ੱਕ ਸਾਫ਼ ਕੀਤਾ ਮੈਂ ਦੱਸਿਆ ਕਿ ਮੈਂ ਅੱਜ ਕਲ• ਇੱਕ ਨਿਊਜ਼ ਏਜੰਸੀ ‘ਚ ਕੰਮ ਕਰਦਾਂ, ਗਾਮੀ ਨੇ ਦੱਸਿਆ ਕਿ ਮੇਰਾ ਇੱਕ ਪੁਰਾਣਾ ਮਿੱਤਰ ਲੇਖਕ ਮੇਰੇ ਕੋਲ ਕਾਰ ਲੈਕੇ ਆਉਂਦਾ ਰਹਿੰਦਾ ਸੀ, ਹੁਣ ਤਾਂ ਮਰ ਗਿਆ, ਉਸਦੇ ਵਧੀਆ ਬੂਟ-ਪੈਂਟ-ਕੋਟ ਤੇ ਟਾਈ ਲਗਾਈ ਹੁੰਦੀ ਸੀ। ਉਹ ਘਰ ਆਕੇ ਪੁੱਛਦਾ,‘‘ਕੀ ਬਣਾਇਆ ਅੱਜ?’’ ਮੈਂ ਮਜਾਕ ‘ਚ ਕਹਿਣਾ, ‘‘ਲਾਲ ਮੁਰਗਾ ਬਣਾਇਆ।’’ ਫੇਰ ਉਹ ਪੈਸੇ ਦਿੰਦਾ ਕਹਿੰਦਾ,‘‘ਕਿਉਂ ਚੱਟਨੀ ਨਾਲ ਰੋਟੀ ਖਾਂਦੇ ਓ…....ਆਹ ਚੱਕ ਪੈਸੇ ਮੀਟ ਮੰਗਵਾ ਲੈ...।’’ ਉਸਦੇ ਕਹਿਣ ‘ਤੇ ਅਸੀਂ ਦਾਲ-ਸਬਜ਼ੀ ਜਾਂ ਮੀਟ ਬਣਾ ਲੈਂਦੇ, ਪਰ ਉਸ ਦੀ ਮੌਤ ‘ਤੋਂ ਬਾਅਦ, ਕਿਸੇ ਸੀ.ਆਈ.ਡੀ. ਦੇ ਬੰਦੇ ਨੇ ਕਿਹਾ,‘‘... ਲੇਖਕ ਕਾਹਨੂੰ ਮਰ ਗਿਆ ਸਾਡਾ ਤਾਂ ਬਾਪ ਮਰ ਗਿਆ..’’ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਤਿੰਨ ਇੰਸਪੈਕਟਰਾਂ ਦੀਆਂ ਤਨਖਾਹਾਂ ਲੈਂਦਾ ਸੀ। ਗਾਮੀ ਨੇ ਕਿਹਾ ਕਿ ਜਦੋਂ ਅਸੀਂ ਮਾਨਸਾ ‘ਚ ਜੰਗਲਨਾਮੇ ਉ¤ਪਰ ਗੋਸ਼ਟੀ ਰੱਖੀ ਸੀ ਤਾਂ ਅਸੀਂ ਸਤਨਾਮ ਨੂੰ ਹਾਕਮ ਸਮਾਉਂ ਦੇ ਪਿਤਾ ਤੋਂ ਤਲਵਾਰ ਭੇਂਟ ਕਰਵਾਉਣੀ ਚਾਹੁਦੇ ਸੀ, ਜਦੋਂ ਮੈਂ ਸਮਾਉਂ ਪਿੰਡ ਜਾ ਰਿਹਾ ਸੀ ਤਾਂ ਰਾਹ ਵਿੱਚ ਸੀ.ਆਈ.ਡੀ. ਵਾਲੇ ਨੇ ਪੁੱਛ ਲਿਆ, ‘ਕਿਵੇਂ ਤਲਵਾਰ ਭੇਂਟ ਕਰਵਾਉਣ ਲਈ ਸਮਾਉਂ ਜਾ ਰਹਿਐਂ’ ‘‘...ਮੈਨੂੰ ਸਮਝ ਨਹੀਂ ਆਈ ਕਿ ਉਸ ਕੋਲ ਗੱਲ ਇਹ ਕਿਵੇਂ ਪਹੁੰਚ ਗਈ..,’’ ਗਾਮੀ ਨੂੰ ਵੀ ਕੋਈ ਕੰਮ ਨਿੱਕਲ ਆਇਆ, ਮੈਂ ਵੀ ਜਾਣਾ ਸੀ,ਫੇਰ ਮਿਲਦਿਆਂ ਕਹਿ ਕੇ ਅਸੀਂ ਵੱਖੋ-ਵੱਖ ਹੋ ਗਏ।


ਗਾਮੀ ਨੂੰ ਹਸਪਤਾਲ ‘ਚੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਮੈਂ ਗਾਮੀ ਨਾਲ ਫੋਨ ‘ਤੇ ਕੁਝ ਆਰਥਿਕ ਸਹਾਇਤਾ ਬਾਰੇ ਪੁੱਛਿਆ, ਗਾਮੀ ਕਹਿੰਦਾ, ‘‘ਮੈਨੂੰ ਆਰਥਿਕ ਮਦਦ ਤਾਂ ਬਥੇਰੀ ਹੋ ਰਹੀ ਐ,.. ਮੈਂ ਵੀਹ ਹਜ਼ਾਰ ਰੁਪਿਆ ਪੱਤਰਕਾਰ ਸੇਮੀ ਦੇ ਹੱਥ ਫੜਾ ਦਿੱਤਾ,.... ਮੈਨੂੰ ਅਧਰੰਗ ਦਾ ਦੌਰਾ ਪਿਆ ਕਹਿੰਦੇ ਨੇ, ਪਰ ਬਾਅਦ ‘ਚ ਡਾਕਟਰ ਨੂੰ ਪੁੱਛਿਆ ਤਾਂ, ਉਸਨੇ ਹਰਟਅਟੈਕ ਦੀ ਗੱਲ ਆਖੀ ਆ...ਬੱਸ ਮੈਨੂੰ ਮੇਰੇ ਬੱਚਿਆਂ ਦੀ ਫਿਕਰ ਆ...।’’ ਮੈਨੂੰ ਇਨ੍ਹਾਂ ਹੀ ਪਤਾ ਲੱਗਿਆ ਸੀ ਕਿ ਗਾਮੀ ਨੂੰ ਅਧਰੰਗ ਦਾ ਦੌਰਾ ਪੈਣ ਕਾਰਨ ਉਸਦੇ ਮੂੰਹ ਨੂੰ ਲਕਵਾ ਮਾਰ ਗਿਆ, ਮੈਂਨੂੰ ਇਹ ਸੀ ਕਿ ਉਸਨੂੰ ਬੋਲਣ ‘ਚ ਦਿੱਕਤ ਆਉਂਦੀ ਹੋਵੇਗੀ, ਮੈਂ ਕਿਹਾ,‘‘ ਮੈਂ ਤੁਹਾਨੂੰ ਜਲਦੀ ਮਿਲਦਾ ਹਾਂ।’’ ਕੁਝ ਦਿਨਾਂ ਬਾਅਦ ਜਦ ਮੈਂ ਇੰਟਰਨੈ¤ਟ ਖੋਲ• ਕੇ ਗੁਲਾਮ ਕਲਮ ਪੜ ਰਿਹਾ ਸੀ ਤਾਂ ਮੇਰੇ ਨਜ਼ਰੀ ਗਾਮੀ ਦੀ ਤਸਵੀਰ ਪਈ, ਜਿਹੜੀ ਉਸ ਇਕੱਲੇ ਦੀ ਸੀ, ਦੂਸਰੀ ਉਸਦੀ ਪਰਿਵਾਰ ਨਾਲ ਸੀ,ਤੀਸਰੀ ਤਸਵੀਰ ‘ਚ ਗਾਮੀ ਦੀ ਚਿਤਾ ਜਲ ਰਹੀ ਸੀ। ਮੇਰੇ ਮਨ ਨੂੰ ਬੜਾ ਧੱਕਾ ਲੱਗਿਆ।

ਇਹਨਾਂ ਸਾਰੀਆਂ ਯਾਦਾਂ ‘ਚ ਗੁਆਚੀ ਮੇਰੀ ਸੋਚ ਸੈਮੁਅਲ ਜੌਹਨ ਦੇ ਚੱਲ ਰਹੇ ਨਾਟਕ ‘ਬਾਗਾਂ ਦਾ ਰਾਖਾ’ ਤੇ ਆ ਟਿੱਕੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗਾਮੀ ਖੁਦ ਇਸ ਸਮਾਜਿਕ ਬਾਗ ਦਾ ਰਾਖਾ ਹੋਵੇ। ਉਹ ਲੋਕਾਂ ਨੂੰ ਇਹਨਾਂ ਲੁੱਟਣ ਵਾਲੇ ਲੋਟੂਆਂ ਤੋਂ ਖੁਦ ਆਪਣੇ ਨਾਟਕਾਂ ਰਾਹੀਂ ਸੁਚੇਤ ਕਰਦਾ ਹੋਇਆ, ਭੁੱਖ, ਨੰਗ ਅਤੇ ਗਰੀਬੀ ਨਾਲ ਲੜਦਾ ਹੋਇਆ ਭੈੜੇ ਰੋਗ ਲਵਾ ਬੈਠਾ ਸੀ, ਨਾਟਕ ਵਿਚਲੇ ਪਾਤਰਾਂ ਦੀ ਤਰ੍ਹਾਂ ਮੁਲਾਜ਼ਮ ਵਰਗ ਜਾਂ ਮਿੱਡਲ ਕਲਾਸ ਗਾਮੀ ਦੀ ਮੌਤ ਬਾਰੇ ਕਹਿੰਦੀ ਹੈ ਕਿ ‘ਮੌਤ ਨਹੀਂ ਇਹ ਖੁਦਕੁਸ਼ੀ ਹੈ’, ‘ਉਹ ਸ਼ਰਾਬ ਵਾਲੀ ਪੀਂਦਾ ਸੀ’, ਇਸ ਮਿੱਡਲ ਕਲਾਸ ਨੂੰ ਸੈਮੂਅਲ ਜੌਹਨ ਵੀ ‘ਜਾਅਲੀ ਬੰਦੇ’ ਆਖਦਾ ਹੈ। ਜੋ ਕਿਸੇ ਨੂੰ ਬਚਾਉਂਦੇ ਤਾਂ ਨਹੀਂ ਪਰ ਉਸਦੇ ਮਰਨ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਜਰੂਰ ਘੜਨ ਲਗਦੇ ਹਨ। ਹੁਣ ਉਸਦੇ ਮਰਨ ਤੋਂ ਬਾਅਦ ਬਿਜਲਈ ਚਿੱਠੀਆਂ ਡੇਗੀਆਂ ਜਾ ਰਹੀਆਂ ਹਨ, ਜਿਹਨਾਂ ਨੇ ਮਰਨ ਤੋਂ ਪਹਿਲਾਂ ਗਾਮੀ ਦੇ ਮੂੰਹ ‘ਚ ਪਾਣੀ ਵੀ ਨਹੀਂ ਪਾਇਆ ਹੋਣਾ, ਉਹ ਹੁਣ ਆਪਣੇ ਸ਼ਬਦ ਗਾਮੀ ਦੇ ਮੂੰਹ ‘ਚ ਘੁਸੇੜ ਰਹੇ ਹਨ,ਉਹਨਾਂ ਨੂੰ ਲਗਦਾ ਹੋਣਾ ਕਿ ਗਾਮੀ ਨੇ ਕਿਹੜਾ ਬੋਲਣਾ ਹੁਣ। ਹਾਂ.. ਉਸਨੇ ਬਿਜਲਈ ਚਿੱਠੀਆਂ ਤਾਂ ਨਹੀਂ ਸੁੱਟੀਆਂ ਪਰ ਬਿਜਲੀਆਂ ਜਰੂਰ ਸੁੱਟੀਆਂ ਸਨ ਉਹ ਵੀ ਆਪਣੇ ਨਾਟਕਾਂ ਰਾਹੀਂ ਸਮੇਂ-ਸਮੇਂ ਦੀਆਂ ਹਕੂਮਤਾਂ ਉਪਰ। ਇਸ ਲਈ ਨਾ ਸੈਂਟਰ ਅਤੇ ਨਹੀਂ ਰਾਜ ਸਰਕਾਰਾਂ ਨੇ ਉਹਨਾਂ ਦੀ ਜਿਉਂਦੇ ਜੀਅ ਕੋਈ ਸਾਰ ਲਈ। ਉਸਦੀ ਮੌਤ ਕੋਈ ਖੁਦਕੁਸ਼ੀ ਨਹੀਂ, ਸਗੋਂ ਕਤਲ ਹੈ, ਕਿਉਂਕਿ ਨਾ ਤਾਂ ਬੱਚਿਆਂ ਵਾਸਤੇ ਕੋਈ ਸਿੱਖਿਆ ਪ੍ਰਬੰਧ ਹੈ, ਨਾ ਹੀ ਖਾਣ ਵਾਲੀਆਂ ਚੀਜ਼ਾਂ ਸਾਫ਼-ਸੁਥਰੀਆਂ ਹਨ ਪ੍ਰਦੂਸ਼ਣ ਤੇ ਭ੍ਰਿਸ਼ਟਾਚਾਰ ਹਰ ਥਾਂ ਪਸਰਿਆ ਹੋਇਆ ਹੈ ਅਤੇ ਸੇਹਤ ਸਹੂਲਤਾਂ ਦੀ ਘਾਟ ਅਤੇ ਭ੍ਰਿਸ਼ਟ ਪ੍ਰਬੰਧ ਨੇ ਉਸਦੀ ਜਾਨ ਲਈ ਹੈ, ਕੁਝ ਅਖੌਤੀ ਨਾਟਕਕਾਰ ਜਿੰਨ•ਾਂ ਦਾ ਲੋਕਾਂ ਨਾਲ ਕੋਈ ਉੱਕਾ ਸਰੋਕਾਰ ਨਹੀਂ ਹੁੰਦਾ, ਉਹ ਵੱਡੀਆਂ-ਵੱਡੀਆਂ ਸਟੇਜਾਂ ਅਤੇ ਹਾਲਾਂ ‘ਤੋਂ ਬਾਹਰ ਨਹੀਂ ਨਿਕਲਦੇ, ਜਦੋਂ ਉਹਨਾਂ ਨਾਲ ਇਸ ਬਾਰੇ ਗੱਲ ਹੁੰਦੀ ਹੈ ਤਾਂ ਜਵਾਬ ਦਿੰਦੇ ਹਨ ਕਿ ‘ਸਿਨੇਮਿਆਂ ਅਤੇ ਗੁਰਦਾਸ ਮਾਨ ਵਰਗੇ ਕਲਾਕਾਰਾਂ ਦੇ ਪ੍ਰੋਗਰਾਮਾਂ ‘ਤੇ ਵੀ ਲੋਕ ਲੱਖਾਂ ਰੁਪੈ ਖਰਚ ਕਰ ਹੀ ਦਿੰਦੇ ਨੇ, ਜੇ ਅਸੀਂ ਲੈ ਲੈਂਦੇ ਹਾਂ ਤਾਂ ਇਹ ਤਾਂ ਲੋਕ ਦੀ ਵਧੀਆ ਸੋਚ ਬਨਾਉਣ ਵਾਸਤੇ ਹੀ ਲੈਂਦੇ ਹਾਂ...।’ ਪਰ ਗੁਰਸ਼ਰਨ ਭਾਅ ਜੀ ਨੇ ਵੀ ਪਿੰਡਾਂ-ਪਿੰਡਾਂ ‘ਚ ਜਾਕੇ ਨੁੱਕੜ ਨਾਟਕ ਖੇਡੇ ਅਤੇ ਸੁਰਜੀਤ ਗਾਮੀ ਨੇ ਉਸ ਰਵਾਇਤ ਨੂੰ ਜਾਰੀ ਰੱਖਿਆ ਅਤੇ ਹੁਣ ਵੀ ਕੁਝ ਕਲਾਕਾਰ ਇਸ ਰਵਾਇਤ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜੇ ਕਾਮਰੇਡ ਸੌੜੀ ਸਿਆਸਤ ‘ਤੋਂ ਬਾਹਰ ਆਕੇ ਕਿਸੇ ਵੀ ਖੇਤਰ ਵਿੱਚ ਬੈਠੇ ਕਲਾਕਾਰਾਂ ਦੀ ਕਦਰ ਨਹੀਂ ਕਰਦੇ ਤਾਂ ਸ਼ਾਇਦ ਉਹਨਾਂ ਕਲਾਕਾਰਾਂ ਦਾ ਹਾਲ ਵੀ ਸੁਰਜੀਤ ਗਾਮੀ ਵਰਗਾ ਹੀ ਹੋਵੇ। ਹੋ ਸਕਦਾ ਆਉਣ ਵਾਲਾ ਸਮਾਂ ਇਹਨਾਂ ਕਾਮਰੇਡਾਂ ਨੂੰ ਮਾਫ਼ ਵੀ ਨਾ ਕਰੇ....।

ਅਸੀਂ ਤਾਂ ਚੱਲੇ ਹਾਂ,
ਵੱਖਰੀਆਂ ਪੈੜਾਂ ਛੱਡਕੇ,
ਦੇਖਦੇ ਹਾਂ,
ਸਾਡੀਆਂ ਪੈੜਾਂ ‘ਚ ਕੋਈ ਪੈੜ ਧਰਦਾ ਹੈ ਜਾਂ ਨਈਂ----

ਲੇਖਕ-ਪ੍ਰਕਾਸ਼

ਗੁਲਾਮ ਕਲਮ ਵਲੋਂ--ਗਾਮੀ ਦੀ ਬਿਜਲਈ ਚਿੱਠੀ ਇਸੇ ਲਿਖਤ ਦੇ ਹੇਠਾਂ ਹੈ।

2 comments:

  1. ਪ੍ਰਕਾਸ਼ ਜੀ,ਜਿਸ ਮੱਧ ਵਰਗ ਨੂੰ ਤੁਸੀਂ ਜਾਅਲੀ ਕਹਿ ਰਹੇ ਹੋਂ।ਉਸਦਾ ਇਤਿਹਾਸ ਵਿੰਗਾ ਤੜਿੰਗਾ ਜ਼ਰੂਰ ਰਿਹਾ ਹੈ,ਪਰ ਨਾਨਕ ਤੋਂ ਲੈ ਕੇ ਮਾਰਕਸ(ਹੋਰ ਵੱਡੀ ਗਿਣਤੀ) ਤੱਕ ਉਸੇ ਵਰਗ ਦੇ ਹਨ,ਜਿਨ੍ਹਾਂ ਦੇ ਜੇ ਕ੍ਰਾਂਤੀਆਂ 'ਚ ਨਹੀਂ ਤਾਂ ਕ੍ਰਾਂਤੀਆਂ ਲਈ ਜ਼ਰੂਰੀ ਸਮਾਜਿਕ ਜਾਗਰੂਕਤਾ 'ਚ ਵੱਡਾ ਅਦਾ ਰੋਲ ਕੀਤਾ ਹੈ,ਹਾਲਾਂਕਿ ਕ੍ਰਾਂਤੀ ਦਾ ਮੁੱਖ ਔਜਾਰ ਇਹ ਦੱਬੇ ਕੁਚਲਿਆਂ ਨੂੰ ਹੀ ਮੰਨਦੇ ਹਨ।ਇਹਨਾਂ ਸਭ ਨੇ ਅਪਣਾ ਪਿਛੋਕੜ ਛੱਡਿਆ ਸੀ।ਜੇ ਇਹਨਾਂ "ਮਹਾਨ" ਸ਼ਖਸ਼ੀਅਤਾਂ ਨੂੰ ਵਰਗਾਂ 'ਚੋਂ ਬਾਹਰ ਰੱਖਣਾ ਹੈ ਤਾਂ ਤੁਹਾਡੀ ਉਸ ਸਟੇਟਮੈਂਟ ਦਾ ਕੋਈ ਅਧਾਰ ਨਹੀਂ ਬੱਚਦਾ ਜਿਸ 'ਚ ਤੁਸੀਂ ਕਹਿ ਰਹੇ ਹੋਂ ਕਿ "ਉੱਚ ਜਾਤੀ ਦਾ ਚਾਹੇ ਜਿੱਡਾ ਮਰਜ਼ੀ ਕਾਮਰੇਡ ਹੋਵੇ ਪਰ ਪਿਛੋਕੜ ਉਸਦਾ ਪਿੱਛਾ ਨਹੀਂ ਛੱਡਦਾ। "..ਗਾਮੀ ਜਿਸ ਕ੍ਰਾਂਤੀਕਾਰੀ ਕਮਿਊਨਿਸਟ ਪਾਰਟੀ ਨੂੰ ਆਪਣੇ ਨਾਟਕਾਂ 'ਚ ਦਿਖਾਉਂਦਾ ਹੈ,ਉਸ ਮਾਓਵਾਦੀ ਪਾਰਟੀ ਦੀ ਲੀਡਰਸ਼ਿੱਪ ਤੇ ਪੋਲਿਟ ਬਿਊਰੋ 'ਚ ਬਹੁ-ਗਿਣਤੀ ਉੱਚ ਜਾਤੀ ਤੇ ਬ੍ਰਹਮਣ ਹਨ,ਪਰ ਉਸੇ ਆਗੂਆਂ 'ਚੋਂ ਵੱਡੀ ਗਿਣਤੀ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ।(ਇਹ ਸੰਦਰਭ ਸਿਰਫ ਸਮਝਾਉਣ ਲਈ ਵਰਤਿਆ ਹੈ,ਉਹਨਾਂ ਦਾ ਜਾਤੀ ਵਰਗੀਕਰਨ ਲਈ ਨਹੀਂ)ਉਹਨਾਂ ਦੀ ਜਾਤਾਂ ਤੇ ਪੂਰੇ ਪਿਛੋਕੜ ਬਾਰੇ ਪੂਰੀ ਜਾਣਕਾਰੀ ਇਸ ਦੇਸ਼ ਦਾ ਮੀਡੀਆ ਤੇ ਗ੍ਰਹਿ ਮੰਤਰਾਲੇ ਦੇ ਚੱਕਿਆ ਹੈ।ਮੈਨੂੰ ਲਗਦਾ ਉਹ ਕਿਤੇ ਨਾ ਕਿਤੇ ਪਿਛੋਕੜ ਛੱਡ ਚੁੱਕੇ ਹੋਣੇ।ਵੈਸੇ ਪਿਛੋਕੜ ਛੱਡਣ ਦਾ ਮਸਲਾ ਇਤਿਹਾਸਕ ਹੈ,ਇਹ ਸਾਲਾਂ ਦੀ ਨਹੀਂ ,ਸਦੀਆਂ ਦੀ ਲੜਾਈ ਹੈ,ਜੋ ਜ਼ਰੂਰ ਲੜੀ ਜਾਣੀ ਚਾਹੀਦੀ ਹੈ,ਪਰ ਸਿਆਸੀ ਘੋਖ ਪੜਤਾਲ ਤੋਂ ਬਾਅਦ।ਕਿਉਂਕਿ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ।ਭਾਰਤ 'ਚ ਜਾਤ ਦਾ ਸਵਾਲ ਵੱਡਾ ਮਸਲਾ ਹੈ,ਜਿਹੜੀਆਂ ਐਮ ਐਲ਼ ਧਿਰਾਂ 1970 'ਚ ਸਿਰਫ ਜਮਾਤ 'ਤੇ ਫਸੀਆਂ ਹੋਈਆਂ ਸਨ,ਉਹ ਹੁਣ ਆਪਣੇ ਪ੍ਰੋਗਰਾਮ 'ਚ ਜਾਤ ਦੇ ਸੰਵੇਦਨਸ਼ੀਲ ਸਵਾਲ ਨੂੰ ਲਿਆ ਰਹੀਆਂ ਨੇ।ਕਈ ਐਮ ਐਲ਼ ਧੜਿਆਂ ਦਾ ਮੰਡਲ ਕਮਿਸ਼ਨ ਦੇ ਦੇ ਪੱਖ 'ਚ ਖੜ੍ਹੇ ਹੋਣਾ ਇਕ ਉਦਾਹਰਨ ਹੈ।ਅਮਲੀ ਤੌਰ 'ਤੇ ਸਿਰਫ ਆਧਰਾਂ ਪ੍ਰਦੇਸ਼ 'ਚ ਏ.ਪੀ.ਆਰ.ਐਸ ਯੂ ਨੇ ਮੰਡਲ ਦੇ ਪੱਖ 'ਚ ਜ਼ਮੀਨੀ ਲੜਾਈ ਲੜੀ ਸੀ।ਵੈਸੇ ਦੇਖੋ ਤਾਂ ਮੰਡਲ ਨੇ ਜਿਹੜੇ ਦਲਿਤਾਂ ਨੂੰ ਸਿਆਸੀ ਜ਼ਮੀਨ ਦਿੱਤੀ,ਉਹ ਅੱਜ ਦਲਿਤ ਵਿਰੋਧੀ ਹੈ।ਇਹਨਾਂ ਦੀ ਤਾਂ ਪਿਛੋਕੜ ਵੀ ਠੀਕ ਸੀ....???????

    ReplyDelete
  2. "ਮਿਡਲ ਕ੍ਲਾਸ ਓਹ ਸਮਾਜ ਹੁੰਦਾ ਹੈ ਜੋ ਪੂਰਵ ਨਿਸ਼ਚਿਤ ਵਿਚਾਰਾਂ ਵਿਚ ਗਡਿਆ ਹੁੰਦਾ ਹੈ ,ਜੋ ਹਰ ਵਿਕਾਸ ਦਾ ਵਿਰੋਧੀ ਹੁੰਦਾ ਹੈ,ਜੋ ਕਿਸੇ ਵੀ ਤਰਾਂ ਦੀ ਪ੍ਰਗਤੀ,ਨਵੀ ਖੋਜ ਆਦ ਦੇਖ ਕੇ ਔਖਾ ਹੁੰਦਾ ਹੈ;ਮਿਡਲ ਕ੍ਲਾਸ ਇਕ ਬੰਦ ਸਮਾਜ ਹੈ ਜਿਥੇ ਜਿੰਦਗੀ ਬਿਨਾ ਲੱਜਤ ਦੇ ਗੁਜ਼ਰਦੀ ਹੈ,ਜਿਥੇ ਹਵਾ ਵਿਚੋਂ ਹਮਕ ਆਂਉਦੀ ਹੈ,ਜਿਥੇ ਮਨੁਖ ਅਤੇ ਵਿਚਾਰ ਭਰਿਸਟ ਹੋ ਚੁਕੇ ਹੁੰਦੇ ਹਨ;ਜਿਹੜਾ ਮਨੁਖ ਇਸ ਤਰਾਂ ਦੀ ਮੌਤ ਵਰਗੀ ਸਤਿਥੀ ਵਿਰੁਧ ਲੜਦਾ ਹੈ ਓ ਸਹੀ ਅਰਥਾਂ ਵਿਚ ਕਰਾਂਤੀਕਾਰੀ ਹੁੰਦਾ ਹੈ" ਫ੍ਰੈਂਟ੍ਜ਼ ਫੇਨਨ

    ReplyDelete