ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, August 31, 2010

ਪੰਜਾਬ,ਸਿੱਖ,ਕਾਮਰੇਡ ਤੇ ਕੌਮੀ ਲਹਿਰਾਂ

ਪ੍ਰਭਸ਼ਰਨਬੀਰ ਸਿੰਘ ਦੀ ਲਿਖ਼ਤ ਦਾ ਜਵਾਬ

ਸਿਆਸਤ ਤੇ ਵਿਚਾਰ ਦੀ ਜਿੱਤ ਲਈ ਭਾਵਨਾ ਅਹਿਮ ਥਾਂ ਰੱਖਦੀ ਹੈ,ਪਰ ਜੇ ਸਿਆਸਤ ਤੇ ਵਿਚਾਰ ਭਾਵਨਾਤਮਕ ਵਹਾਅ ‘ਚ ਵਹਿ ਜਾਣ ਤਾਂ ਨਾਕਰਾਤਮਕ ਭਵਿੱਖ ਸਾਹਮਣੇ ਖੜ੍ਹੇ ਹੁੰਦਾ ਹੈ।ਠੀਕ ਉਸੇ ਤਰ੍ਹਾਂ ਜਿਵੇਂ ਸਮਾਜ ਦੇ ਆਦਰਸ਼ ਲੋਕਾਈ ਨੂੰ ਸੇਧ ਦਿੰਦੇ ਹਨ,ਪਰ ਜੇ ਸਿਆਸਤ ਤੇ ਵਿਚਾਰ ਆਦਰਸ਼ਵਾਦ ਦਾ ਸ਼ਿਕਾਰ ਹੋ ਜਾਵੇ ਤਾਂ ਯਕੀਨਨ ਖਤਰਨਾਕ ਨਤੀਜੇ ਨਿਕਲਦੇ ਹਨ।ਇਸੇ ਲਈ ਹਰ ਮਸਲੇ ‘ਤੇ ਠੋਸ ਸਮਝ ਬਣਾਉਣ ਲਈ ਭਾਵਨਾਤਮਕ ਵਹਾਅ ਤੇ ਅਦਰਸ਼ਵਾਦ ਵਰਗੇ ਖਤਰਨਾਕ ਵਰਤਾਰਿਆ ਤੋਂ ਬਚਣ ਦੀ ਲੋੜ ਹੁੰਦੀ ਹੈ।ਹਥਲੀ ਲਿਖਤ ਨੂੰ ਵੇਖਦਿਆਂ ਮੇਰੇ ਸਾਹਮਣੇ ਬੁਨਿਆਦੀ ਸਵਾਲ ਇਹ ਹੈ,ਕੀ ਐਨੀ ਸੂਚਨਾ,ਗਿਆਨ ਰੱਖਣ ਵਾਲਾ ਉੱਤਰ-ਅਧੁਨਿਕਤਾ ਦਾ ਉਪਾਸਕ ਲੇਖਕ ਸਿੱਖ ਸ਼ਾਸਕਾਂ,ਸਿੱਖ ਧਰਮ ਤੇ ਧਰਮ ਨੂੰ ਮੰਨਣ ਵਾਲੇ ਆਮ ਲੋਕਾਂ ਵਿਚਕਾਰ ਲਕੀਰ ਕਿਉਂ ਨਹੀਂ ਖਿੱਚ ਰਿਹਾ ਹੈ.?ਕੀ ਕਿਸੇ ਵੀ ਧਰਮ,ਧਰਮ ਦੇ ਸ਼ਾਸਕਾਂ ਤੇ ਧਰਮ ਦੇ ਆਮ ਲੋਕਾਂ ਨੂੰ ਇਕੋ ਤੱਕੜੀ ਦੇ ਪੱਲੜਿਆਂ ‘ਚ ਬਰਾਬਰ ਤੋਲਣਾ ਠੀਕ ਹੈ…?ਜਿਵੇਂ ਰਾਜੀਵ ਗਾਂਧੀ ਤੇ ਨਰਿੰਦਰ ਮੋਦੀ ਦੀ ਹਿੰਦੂ ਧਰਮ ਤੇ ਆਮ ਹਿੰਦੂਆਂ ਨਾਲ ਤੁਲਨਾ ਕਿੰਨੀ ਕੁ ਠੀਕ ਹੈ ਜਾਂ ਬਾਬਰ ਵਰਗੇ ਮੁਗਲ ਸ਼ਾਸਕਾਂ ਦੀ ਇਸਲਾਮ ਤੇ ਇਸਲਾਮ ਨੂੰ ਮੰਨਣ ਵਾਲੇ ਆਮ ਲੋਕਾਂ ਨਾਲ।ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਮੋਨਟੇਕ ਸਿੰਘ ਆਹਲੂਵਾਲੀਆ ਵਰਗੇ ਦੇਸ ਵੇਚਣੇ ਸਾਮਰਾਜੀ ਦਲਾਲਾਂ ਨੂੰ ਕਿਹੜੇ ਸਿੱਖਾਂ ਦੀ ਸ਼੍ਰੇਣੀ ‘ਚ ਰੱਖੀਏ।ਜਿੰਨਾ ਚਿਰ ਅਸੀਂ ਇਹਨਾਂ ਨੂੰ ਵੱਖੋ ਵੱਖਰੇ ਕਰਕੇ ਨਹੀਂ ਵੇਖਦੇ,ਓਨਾ ਸਮਾਂ ਮਸਲਾ ਸਮਝ ਨਹੀਂ ਆ ਸਕਦਾ।

ਕਸ਼ਮੀਰੀਆਂ ‘ਤੇ ਤਸ਼ੱਦਦ ਆਮ ਸਿੱਖਾਂ ਨੇ ਨਹੀਂ ਬਲਕਿ ਸਿੱਖ ਸ਼ਾਸਕਾਂ ਨੇ ਕੀਤਾ ਹੈ।ਪੂਰੇ ਭਾਰਤ ‘ਚ ਜਿਵੇਂ ਮੁਗਲਸ਼ਾਹੀ ਸ਼ਬਦ ਮਸ਼ਹੂਰ ਸੀ,ਉਸੇ ਤਰ੍ਹਾਂ ਕਸ਼ਮੀਰੀ ਸਿੱਖ ਰਾਜ ਲਈ ਸਿੱਖਸ਼ਾਹੀ ਸ਼ਬਦ ਵਰਤਦੇ ਸਨ।ਕਸ਼ਮੀਰ ਦੀ ਜਿੱਤ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਸਿੰਘ ਨੇ ਆਪਣੇ ਮੁੰਡੇ ਦਾ ਨਾਂਅ ਕਸ਼ਮੀਰਾ ਸਿੰਘ ਰੱਖਿਆ ਸੀ।ਸਿੱਖ ਰਾਜ ਸਮੇਂ ਕਸ਼ਮੀਰ ਦੇ ਇਤਿਹਾਸ ‘ਚ ਸਭ ਤੋਂ ਕਾਲੀ ਘਟਨਾ ਨੂੰ ਆਮ ਕਸ਼ਮੀਰੀ ਵੀ ਅੱਜ ਤੱਕ ਨਹੀਂ ਭੁੱਲੇ।ਸਿੱਖ ਰਾਜ ਦੇ ਦੂਜੇ ਗਵਰਨਰ ਦੀਵਾਨ ਮੋਤੀ ਰਾਮ ਨੇ ਸ਼੍ਰੀ ਨਗਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਬੰਦ ਕਰਵਾਕੇ,ਓਥੇ ਘੋੜਿਆਂ ਦਾ ਅਸਤਬਲ(stable) ਬਣਵਾ ਦਿੱਤਾ ਸੀ।ਸ਼੍ਰੀ ਨਗਰ ਦੀ ਜਾਮਾ ਮਸਜਿਦ ਦੇ ਨਾਲ ਪੂਰੇ ਕਸ਼ਮੀਰ 'ਚ ਅਜ਼ਾਨ ਬੰਦ ਕਰਵਾਈ ਗਈ।ਕਸ਼ਮੀਰ ਦੀ ਪੱਥਰ ਮਸਜਿਦ ਤੇ ਕਈ ਹੋਰਨਾਂ ਮਸਜਿਦਾਂ ਤੇ ਮਦਰੱਸਿਆਂ ਨੂੰ ਸਰਕਾਰੀ ਮਲਕੀਅਤ ਐਲਾਨ ਦਿੱਤਾ ਗਿਆ ਸੀ।ਗਾਂ ਦਾ ਮਾਸ ਖਾਣ ਦਾ ਕਸ਼ਮੀਰ ‘ਚ ਆਮ ਰਿਵਾਜ ਹੈ,ਪਰ ਸਿੱਖ ਰਾਜ ਦੌਰਾਨ ਇਸਤੇ ਪਾਬੰਦੀ ਲਗਾਈ ਗਈ।ਜਦੋਂ ਕਸ਼ਮੀਰ ਦੀ ਡੋਰ ਮਹਾਰਾਜਾ ਰਣਜੀਤ ਦੇ ਪੁੱਤ ਸੂਬੇਦਾਰ ਕਸ਼ਮੀਰ ਸਿੰਘ ਦੇ ਹੱਥ ਆਈ ,ਓਦੋਂ ਕਸਮੀਰ ‘ਚ ਸੋਕੇ ਪਿਆ ਹੋਇਆ ਸੀ।ਕਸ਼ਮੀਰੀ ਪਾਬੰਦੀਆਂ ਦੇ ਬਾਵਜੂਦ ਗਾਂ ਦਾ ਮਾਸ ਖਾਂਦੇ ਸਨ,ਇਸੇ ਕਰਕੇ ਸੂਬੇਦਾਰ ਸ਼ੇਰ ਸਿੰਘ ਦੀ ਅਗਵਾਈ ‘ਚ ਸ਼੍ਰੀਨਗਰ ਦੇ ਹਵਲ ਇਲਾਕੇ ‘ਚ 12 ਕਸ਼ਮੀਰੀਆਂ ਨੁੰ ਜਿਉਂਦੇ ਜੀਅ ਸਾੜਿਆ ਗਿਆ।ਇਹ ਅਹਿਮ ਘਟਨਾਵਾਂ ਦੇ ਸਾਰੇ ਵੇਰਵੇ ਕਸ਼ਮੀਰੀ ਇਤਿਹਾਸ ਦੀਆਂ ਮਸ਼ਹੂਰ ਕਿਤਾਬਾਂ ਤਰੀਕੇ-ਏ-ਹਸਨ-ਲੇਖਕ ਗੁਲਾਮ ਹਸਨ,ਹਿਸਟਰੀ ਆਫ ਕਸ਼ਮੀਰ –ਲੇਖਕ ਬਾਮਜ਼ਈ,ਕਸ਼ੀਰ,ਦੂਜਾ ਭਾਗ-ਲੇਖਕ ਸੂਫੀ ‘ਚ ਦਰਜ ਹਨ।ਇਸਤੋਂ ਇਲਾਵਾ ਕਿਹੜੇ ਕਸ਼ਮੀਰੀਆਂ ਨੇ ਸਿੱਖ ਸ਼ਾਸਕਾਂ ਨੂੰ ਸੱਦਾ ਦਿੱਤਾ ਤੇ ਉਸਤੋਂ ਬਾਅਦ ਕਸ਼ਮੀਰ ਦੇ ਕੀ ਹਲਾਤ ਰਹੇ,ਇਸ ਬਾਰੇ ਪ੍ਰੇਮ ਨਾਥ ਬਜਾਜ ਦੀ ਕਿਤਾਬ “ਦ ਹਿਸਟਰੀ ਆਫ ਸਟਰੱਗਲ ਫਾਰ ਫਰੀਡਮ ਇਨ ਕਸ਼ਮੀਰ” ਤੇ ਗਵਾਸ਼ਾ ਨਾਥ ਕੌਲ ਆਪਣੀ ਕਿਤਾਬ “ਕਸ਼ਮੀਰ ਦੈਨ ਐਂਡ ਨਾਓ” ‘ਚ ਕਈ ਤੱਥ ਪੇਸ਼ ਕਰਦੇ ਹਨ।

ਪ੍ਰੇਮ ਨਾਥ ਬਜਾਜ ਦੀ ਕਿਤਾਬ “ਦ ਹਿਸਟਰੀ ਆਫ ਸਟਰੱਗਲ ਫਾਰ ਫਰੀਡਮ ਇਨ ਕਸ਼ਮੀਰ”

ਰਣਜੀਤ ਸਿੰਘ ਇਕ ਅਜਿਹਾ ਹਾਕਮ ਜੋ ਪਹਿਲਾਂ ਵੀ ਕਸ਼ਮੀਰ ਵਿਰੁੱਧ ਦੋ ਵਾਰ ਚੜ੍ਹਾਈ ਕਰ ਚੁੱਕਿਆ ਸੀ,ਤੇ ਉਹਨਾਂ ਦੇ ਜਾਬਰ ਹਾਕਮ ਅਫਗਾਨਾਂ ਨਾਲ ਸੰਧੀ ਕਰ ਚੁੱਕਿਆ ਸੀ,ਦੇ ਸਹਿਯੋਗ ਦੀ ਮੰਗ ਕਰਕੇ ਕਸ਼ਮੀਰੀ ੳੁੱਚ ਵਰਗ ਨੇ ਇਕ ਵਾਰ ਫੇਰ,ਕਿਸੇ ਵਿਦੇਸ਼ੀ ਹਾਕਮ ਨੂੰ ਕਸ਼ਮੀਰ 'ਚ ਦਖ਼ਲ ਦੇਣ ਦੀ ਅਰਜ਼ ਗੁਜ਼ਾਰੀ।ਕਸ਼ਮੀਰੀ ਕੁਲੀਨ ਵਰਗ ਦਾ ਇਤਿਹਾਸਕ ਤੌਰ 'ਤੇ ਇਹ ਦੋਸ਼ ਰਿਹਾ ਹੈ।

ਮਾਲਕ ਦਾ ਬਦਲ ਬੱਸ ਰਾਜ ਖੁਰਲੀ ‘ਤੇ ਰਾਜੇ ਸਾਨ੍ਹ ਦਾ ਬਦਲ ਸੀ।ਸਿੱਖ ਸ਼ਾਸਕ ਅਫਗਾਨਾਂ ਨਾਲੋਂ ਘੱਟ ਜ਼ਾਲਮ,ਲੋਟੂ ਅਸਹਿਣਸ਼ੀਲ ਤੇ ਕੱਟੜਵਾਦੀ ਨਹੀਂ ਸਨ।ਜ਼ਾਲਮ ਸਿੱਖ ਰਾਜ 29 ਸਾਲ ਰਿਹਾ।ਜੇ ਅਫਗਾਨ ਮੁਸਲਮਾਨ ਸਰਦਾਰਾਂ ਤੇ ਘੱਟ ਜ਼ੁਲਮ ਕਰਦੇ ਸਨ,ਸਿੱਖ ਸੂਬੇਦਾਰ ਹਿੰਦੂ ਜਮੀਂਦਾਰਾਂ ਨਾਲ ਘੱਟ ਸਖਤੀ ਨਾਲ ਪੇਸ਼ ਆਉਂਦੇ ਸਨ।ਪਰ ਹਰੇਕ ਕੌਮ ਦੇ ਗਰੀਬ ਗੁਰਬਿਆਂ ਦਾ ਇਕੋ ਜਿਹਾ ਘਾਣ ਹੋਇਆ।

ਇਕ ਦੇ ਬਾਅਦ ਇਕ ਸੂਬੇਦਾਰ ਦੇ ਜ਼ੁਲਮ,ਲੁੱਟ ਤੇ ਖਤਰਨਾਕ ਨਿਰਲੇਪਤਾ ਦੀ ਖੇਡ ਜਾਰੀ ਰੱਖੀ।ਕੁਝ ਕੁ ਯੂਰਪੀਅਨਾਂ ‘ਚੋਂ ਇਕ ਵਿਲੀਅਮ ਮੂਰਕਰੌਫਟ ,ਜਿਸਨੇ ਸਿੱਖ ਰਾਜ ਅਧੀਨ ਕਸ਼ਮੀਰ ਦਾ 1823 ‘ਚ ਦੌਰਾ ਕੀਤਾ।10 ਮਹੀਨਿਆਂ ਦੀ ਫੇਰੀ ਤੋਂ ਬਾਅਦ ਉਸਨੇ ਹੇਠ ਲਿਖਿਆਂ ਗੱਲਾਂ ਪਰਖੀਆਂ :

ਹਰ ਕਿਤੇ ਲੋਕ ਬੁਰੇ ਹਲਾਤੀਂ ਸਨ।ਸਿੱਖ ਸਰਕਾਰ ਵਲੋਂ ਭਾਰੀ ਟੈਕਸਾਂ ਨਾਲ ਮਾਰੇ ਹੋਏ ਤੇ ਇਸਦੇ ਅਫਸਰਾਂ ਦੁਆਰਾ ਬੁਰੀ ਤਰ੍ਹਾਂ ਲਤਾੜ੍ਹੇ ਹੋਏ ਸਨ।ਮਾੜੇ ਪ੍ਰਬੰਧ ਦਾ ਇਕ ਅਸਰ ਦੇਸ ਦੀ ਦਿਨੋ ਦਿਨ ਘਟਦੀ ਵਸੋਂ ਸੀ।ਵਾਹੀਯੋਗ ਜ਼ਮੀਨ ਦਾ ਸੋਲਵਾਂ ਹਿੱਸਾ ਹੀ ਵਾਹੀ ਹੇਠ ਸੀ।ਸਿੱਟੇ ਵਜੋਂ ਭੁੱਖ ਦੇ ਮਾਰੇ ਲੋਕ ਭਾਰੀ ਗਿਣਤੀ ‘ਚ ਭਾਰਤ ਵੱਲ ਹਿਜ਼ਰਤ ਕਰ ਗਏ ਸਨ।6800 ਤੋਂ ਵਧੇਰੇ ਮਰੀਜ਼ ਲਿਸਟ ‘ਤੇ ਰਹਿੰਦੇ ਸਨ,ਜਿਨ੍ਹਾਂ ਵਿਚੋਂ ਜ਼ਿਆਦਾ ਜਣੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਸਨ।ਘੱਟ ਤੇ ਅਪੌਸ਼ਿਟਕ ਭੋਜਨ ਨਾਲ ਹਨ੍ਹੇਰੇ ,ਘੱਟ ਹਵਾਹਾਰੇ ਤੇ ਕੂੜੇ ਭਰੇ ਕਮਰਿਆਂ ਵਿੱਚ ਦਿਨਕਟੀ ਸੀ।ਹਰੇਕ ਵਣਜ ‘ਤੇ ਟੈਕਸ ਸੀ:ਕਸਾਈ,ਮਲਾਹ,ਈਂਧਣ ਵੇਚਣ ਵਾਲੇ,ਸ਼ਾਲ ਬਣਾਉਣ ਵਾਲੇ,ਜਨਤਕ ਅਰਜ਼ੀ ਨਵੀਸ,ਭੰਗੀ,ਵੇਸਵਾਵਾਂ ਤੱਕ ਸਾਰੇ ਇੱਕ ਤਰ੍ਹਾਂ ਦਾ ਕਾਰਪੋਰੇਸ਼ਨ ਟੈਕਸ ਦਿੱੰਦੇ ਸਨ।

ਕਿਸੇ ਚੰਗੇ ਸਾਲ ‘ਚ ਸਿੱਖ ਸਾਮਰਾਜ ਵਿੱਚ ਕਸ਼ਮੀਰ ਸਭ ਤੋਂ ਵੱਧ ਆਮਦਨ ਦੇਣ ਵਾਲਾ ਰਾਜ ਸੀ।ਮੂਰਕਰੌਫਟ ਅਨੁਸਾਰ “ਕਸ਼ਮੀਰੀਆਂ ਨਾਲ ਬੱਸ ਡੰਗਰਾਂ ਨਾਲੋਂ ਥੋੜ੍ਹਾ ਜਿਹਾ ਚੰਗਾ ਸਲੂਕ ਹੁੰਦਾ ਸੀ।

ਗਵਾਸ਼ਾ ਨਾਥ ਕੌਲ ਆਪਣੀ ਕਿਤਾਬ “ਕਸ਼ਮੀਰ ਦੈਨ ਐਂਡ ਨਾਓ” ‘ਚ ਲਿਖਦਾ ਹੈ

ਸ਼੍ਰੀਨਗਰ ਸ਼ਹਿਰ ਇਕ ਬਦਹਾਲ ਤਸਵੀਰ ਦਿਖਾਉਂਦਾ ਹੈ।ਜੈਨਾ ਕਦਾਲ ਤੇ ਗੌ ਕਦਾਲ ਦੇ ਵੇਸਵਾ ਕੇਂਦਰਾਂ ‘ਚ ਔਰਤਾਂ ਦੀ ਹਾਲਤ ਬਹੁਤ ਬੁਰੀ ਤੇ ਘਟੀਆ ਸੀ।ਚੋਰੀਆਂ ਰੋਜ਼ ਦਾ ਕੰਮ ਸੀ।ਸਰਕਾਰ ਦੀ ਮੁਸਲਮਾਨ ਵਿਰੋਧੀ ਨੀਤੀਆਂ ਪ੍ਰਤੱਖ ਸਨ।ਭਿੱਖਿਆ ਐਨੀ ਆਮ ਸੀ ਕਿ ਇਕ ਦਮੜੀ (ਰੁਪਏ ਦਾ 144ਵਾਂ ਹਿੱਸਾ)ਪਿੱਛੇ ਭਿਖਾਰੀਆਂ ਦੀਆਂ ਧਾੜਾਂ ਆ ਜਾਂਦੀਆਂ ਸਨ।ਔਰਤਾਂ ਦੇ ਘਰੋ ਘਰੀਂ ਕੰਮਕਾਰ ਦੀ ਪੁੱਛੋ ਹੀ ਨਾ,ਅਨਪੜਤਾ ਐਨੀ ਜ਼ਿਆਦਾ ਕਿ ਕੋਈ ਰੱਬ ਦਾ ਬਖਸ਼ਿਆ ਹੀ ਪੜ੍ਹਨਾ ਲਿਖਣਾ ਜਾਣਦਾ ਸੀ,ਬੇਰੁਜ਼ਗਾਰੀ ਐਨੀ ਕਿ 10-12 ਦੇ ਪਰਿਵਾਰ ‘ਚੋਂ ਇਕ ਜਾਣਾ ਹੀ ਕਮਾਉਣ ਵਾਲਾ ਸੀ।ਜੰਮਣ ਦੀ ਦਰ ਘੱਟ ਤੇ ਮਰਨ ਦੀ ਦਰ ਜ਼ਿਆਦਾ ਸੀ,ਉਹ ਵੀ ਇਲਾਜਯੋਗ ਬਿਮਾਰੀ ਕਰਕੇ ਪਰ ਜਿੰਨ੍ਹਾਂ ਦੀ ਦਵਾਈ ਆਦਿ ਉਪਲਬਧ ਨਹੀਂ ਸੀ।ਆਮ ਸਿੱਖਾਂ ਦੀ ਹਾਲਤ ਵੀ ਬੁਰੀ ਸੀ,ਪੰਡਿਤ ਥੌੜ੍ਹੇ ਚੰਗੇ ਹਾਲੀਂ ਸਨ।90 ਫੀਸਦ ਮੁਲਸਮਾਨਾਂ ਦੇ ਘਰ ਭਾਰਤੀ ਸ਼ਾਹੂਕਾਰਾਂ ਕੋਲ ਗਹਿਣੇ ਸਨ।ਪੰਜਾਬ ਦਾ ਇਕ ਸਮਾਜ ਸੇਵਕ ਰਿਚਰਡ ਸਾਇਮੰਡਜ਼ ਲ਼ਿਖਦਾ ਹੈ,ਹਰੇਕ ਗਾਂ,ਮੱਝ ਤੇ ਭੇਡ ‘ਤੇ ਟੈਕਸ ਲੱਗਿਆ ਹੋਇਆ ਸੀ ਤੇ ਹਰੇਕ ਪਤਨੀ ਵੀ”

ਕਸ਼ਮੀਰ ਦੇ ਸਿੱਖ ਰਾਜ ਬਾਰੇ ਮੋਟਾ ਮੋਟਾ ਪਹਿਲਾਂ ਪੜ੍ਹਿਆ ਹੋਇਆ ਸੀ,ਪਰ ਹੁਣ ਜਦੋਂ ਇਤਿਹਾਸਕ ਹਵਾਲਿਆਂ ਦਾ ਦਸਤਾਵੇਜ਼ੀਕਰਨ ਕਰਨਾ ਸੀ ਤਾਂ ਇਤਿਹਾਸ ਦੇ ਸਰੋਤਾਂ ਨੂੰ ਸੱਚ ਦੀ ਸਾਣ ‘ਤੇ ਪਰਖਣਾ ਜ਼ਰੂਰੀ ਹੈ।ਸੋ,ਇਹਨਾਂ ਇਤਿਹਾਸਕਾਰਾਂ ਤੇ ਸਰੋਤਾਂ ਬਾਰੇ ਕਸ਼ਮੀਰ ਦੇ ਪ੍ਰੋਫੈਸਰ ਐੱਸ ਏ ਆਰ ਗਿਲਾਨੀ,ਜੋ ਕਸ਼ਮੀਰ ਦੇ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ ਤੇ ਜਿਨਾਂ ਨੂੰ ਭਾਰਤੀ ਸਰਕਾਰ ਨੇ 2001 ‘ਚ ਸੰਸਦ ‘ਤੇ ਹਮਲੇ ਦਾ ਮਾਸਟਰਮਾਈਂਡ ਕਹਿਕੇ ਫਸਾਇਆ ਸੀ ਤੇ ਮੱਕਦਮੇ ‘ਚੋਂ ਬਰੀ ਬਾਅਦ ਹਮਲਾ ਕਰਕੇ ਮਾਰਨ ਦੀ ਕੋਸ਼ਿਸ ਕੀਤੀ ਗਈ, ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰੇ ਇਤਿਹਾਸਕਾਰਾਂ ‘ਤੇ ਤੇ ਹਵਾਲਿਆਂ ‘ਤੇ ਆਪਣੀ ਹਮਾਇਤ ਦਿੱਤੀ।ਧਾਰਮਿਕ ਘੱਟਗਿਣਤੀਆਂ ਦੇ ਤਸ਼ੱਦਦ ਦੇ ਖਿਲਾਫ ਗਿਲਾਨੀ ਆਮ ਤੌਰ ‘ਤੇ ਖਾਲਿਸਤਾਨ ਦੀਆਂ ਸਮਰਥਕ ਪਾਰਟੀਆਂ ਦਲ ਖਾਲਸਾ,ਮਾਨ ਦਲ ਤੇ ਬਿੱਟੂ ਗਰੁੱਪ ਦੇ ਮੰਚਾਂ ‘ਤੇ ਵੇਖੇ ਜਾਂਦੇ ਹਨ।ਇਹਨਾਂ ਹਵਾਲਿਆਂ ਬਾਰੇ ਕਸ਼ਮੀਰੀ ਲਹਿਰ ਦੇ ਬਜ਼ੁਰਗ ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ,ਪਰ ਸੰਪਰਕ ਨਹੀ ਹੋ ਸਕਿਆ। ਜਿਹੜੀ ਮਾਲੀਆ ਘਟਾਉਣ ਤੇ ਵਗਾਰ ਖ਼ਤਮ ਕਰਨ ਜਾਂ ਅਫਗਾਨਾਂ ਦੇ ਰਾਜ ਤੋਂ ਰਾਹਤ ਦੀ ਗੱਲ ਲੇਖਕ ਕਰਦੇ ਹਨ।ਉਸਦੇ ਮੁਤਬਿਕ ਦੇਖੀਏ ਤਾਂ ਮੁਗਲਾਂ ਦੇ ਆਉਣ ਨਾਲ ਪੰਜਾਬ ‘ਚ ਬਹੁਤ ਚੰਗਾ ਬੁਨਿਆਦੀ ਢਾਂਚਾ(ਨਹਿਰਾਂ,ਸੜਕਾਂ,ਖੂਹ,ਖੇਤੀ) ਖੜ੍ਹਾ ਹੋਇਆ(ਦੇਖੋ ਪ੍ਰਸਿੱਧ ਇਤਿਹਾਸਕਾਰ ਅਹਿਮਦ ਏਜਾਜ਼ ਦੀ ਕਿਤਾਬ "ਭਾਰਤ ਦਾ ਆਰਥਿਕ ਇਤਿਹਾਸ") ਸੀ।ਕੀ ਇਸ ਪੱਖ ਨੁੰ ਮੂਹਰੇ ਰੱਖਕੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਭੁੱਲ ਜਾਈਏ…?

ਕਸ਼ਮੀਰ ਦੇ ਇਤਿਹਾਸ ਦੀ ਜ਼ਮੀਨ ‘ਤੇ ਖੜ੍ਹਕੇ ਪੰਜਾਬੀ ਕਾਮਰੇਡਾਂ ਦੀ ਜੰਗਾਲੀ ਬੌਧਿਕ ਵਿਰਾਸਤ ਦੀ ਦਲੀਲ ਘੜੀ ਗਈ,ਉਸਦਾ ਅਧਾਰ ਇਤਿਹਾਸ ਫਰੋਲਣ ਤੋਂ ਬਾਅਦ ਕੀ ਬਚਦਾ ਹੈ..?ਮੇਰੇ ਗਿਆਨ ਤੇ ਜਾਣਕਾਰੀ ਮੁਤਾਬਿਕ ਪੰਜਾਬ ਦੇ ਕਮਿਊਨਿਸਟਾਂ ਦੀ ਸਿੱਖੀ ਪ੍ਰਤੀ ਬਿਲਕੁਲ ਨਫਰਤ ਨਹੀਂ ਹੈ।ਜੇ ਕਮਿਊਨਿਸਟਾਂ ਧਿਰਾਂ ਦੀ ਸਿੱਖ ਧਿਰਾਂ ਨਾਲ ਸਿਆਸੀ ਲੜਾਈ ਜਾਂ ਕਿਸੇ ਬੇਵਕੂਫ ਕਾਮਰੇਡ ਦੇ ਇਕ ਅੱਧੇ ਬਿਆਨ ਨੂੰ ਸਿੱਖਾਂ ਪ੍ਰਤੀ ਨਫਰਤ ਦਾ ਨਾਂਅ ਦੇਣਾ ਹੈ ਤਾਂ ਕੁਝ ਨਹੀਂ ਕਿਹਾ ਜਾ ਸਕਦਾ।ਐੱਮ ਐੱਲ ਦੀਆਂ ਲਗਭਗ ਸਾਰੀਆਂ ਧਿਰਾਂ ਦੀ ਸਿਆਸਤ ਦੇ ਅਮਲ ਨੂੰ ਨੇੜਿਓਂ ਵੇਖਿਆ ਹੈ,ਕਿਤੇ ਕਿਸੇ ਦੇ ਮੂੰਹੋਂ ਇਕ ਸ਼ਬਦ ਵੀ ਸਿੱਖੀ ਵਿਰੋਧੀ ਨਿਕਲਦਾ ਨਹੀਂ ਵੇਖਿਆ।ਪੰਜਾਬ ਦੀਆਂ ਕਮਿਊਨਿਸਟ ਧਿਰਾਂ ਅੰਦਰ ਇਕ ਨਾਅਰਾ ਕਾਫੀ ਮਸ਼ਹੂਰ ਹੈ, ‘ਗੋਬਿੰਦ,ਬੱਬਰ,ਭਗਤ,ਸਰਾਭਾ ,ਇਨਕਲਾਬੀ ਵਿਰਸਾ ਸਾਡਾ” ਇਹ ਨਾਅਰਾ ਆਪਣੇ ਆਪ ਬਹੁਤ ਕੁਝ ਕਹਿ ਰਿਹਾ ਹੈ।ਕਮਿਊਨਿਸਟ ਪੰਜਾਬ ‘ਚ ਕਿਸੇ ਥਾਂ ਗੱਲ ਕਰਨੀ ਸ਼ੁਰੂ ਕਰਦੇ ਹਨ ਤਾਂ ਪੰਜਾਬ ਦੇ ਮਹਾਨ ਸਿੱਖ ਇਤਿਹਾਸ ਤੇ ਯੋਧਿਆਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ।ਪੰਜਾਬ ਤੋਂ ਇਲਾਵਾ ਦਿੱਲੀ ‘ਚ 84 ਦੇ ਸਮੇਂ ਜਿਸ ਮਨੁੱਖੀ ਅਧਿਕਾਰ ਜਥੇਬੰਦੀ ਪੀ ਯੂ ਸੀ ਐਲ਼ ਨੇ ਕਤਲੇਆਮ ਤੋਂ ਤਰੁੰਤ ਬਾਅਦ “ਦੋਸ਼ੀ ਕੋਣ ਹੈ”(ਹੂ ਇਜ਼ ਗਿਲਟੀ) ਨਾਂਅ ਦਾ ਕਿਤਾਬਚਾ ਕੱਢਿਆ,ਉਸ ‘ਚ ਬਹੁਗਿਣਤੀ ਕਮਿਊਨਿਸਟਾਂ ਦੀ ਸੀ।ਇਸ ਕਿਤਾਬਚੇ ‘ਚ ਹਿੱਕ ਠੋਕ ਕੇ ਦੋਸ਼ੀਆਂ ਦੇ ਨਾਂਅ ਛਾਪੇ ਸਨ,ਜਿਸ ਕਾਰਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਸੀ।ਇਸਤੋਂ ਇਲਾਵਾ ਦਿੱਲੀ ‘ਚ 84 ਦੇ ਸਿੱਖ ਕਤਲੇਆਮ ਖਿਲਾਫ ਪਹਿਲਾ ਅਮਲੀ ਕਦਮ ਐੱਲ.ਐੱਲ ਦੀਆਂ ਧਿਰਾਂ ਨੇ ਧਰਨਾ ਲਾ ਕੇ ਚੁੱਕਿਆ ਸੀ।

ਸੰਸਾਰੀਕਰਨ ਤੋਂ ਬਾਅਦ ਪੂਰੀ ਦੁਨੀਆਂ ਦੇ ਨਾਲ ਪੰਜਾਬ ਖ਼ਪਤਵਾਦੀ ਸੱਭਿਆਚਾਰ ਦਾ ਸ਼ਿਕਾਰ ਹੈ,ਜਿਸਤੋਂ ਪੰਜਾਬ ਦਾ ਕੋਈ ਵੀ ਸਿੱਖ ,ਹਿੰਦੂ ਤੇ ਕਮਿਊਨਿਸਟ ਬਚ ਨਹੀਂ ਸਕਦਾ।ਕਿਸੇ ਨਾ ਕਿਸੇ ਰੂਪ ‘ਚ ਹਰ ਆਮ-ਖਾਸ ਨੂੰ ਮੰਡੀ ਨੇ ਆਪਣੀ ਜਕੜ ‘ਚ ਲਿਆ ਹੋਇਆ ਹੈ।ਪੰਜਾਬ ਦੇ ਕਾਮਰੇਡਾਂ ਪੱਛਮੀਕ੍ਰਿਤ ਸੱਭਿਆਚਾਰ ਭਾਉਂਦਾ ਹੈ,ਕਿਉਂਕਿ ਉਸ ‘ਚ ਐਬਾਂ ਤੇ ਸ਼ਖ਼ਸੀ ਖੁੱਲ੍ਹਾਂ ਨੂੰ ਅਜ਼ਾਦੀ ਹੈ,ਸਿੱਖੀ ਇਸ ਤਰ੍ਹਾਂ ਦੇ ਵਰਤਾਰਿਆਂ ਦੀ ਇਜ਼ਾਜ਼ਤ ਨਹੀ ਦਿੰਦੀ”।ਪਰ ਮਹਾਰਾਜਾ ਰਣਜੀਤ ਸਿੰਘ ਤਾਂ ਕਿਸੇ ਪੱਛਮੀਕ੍ਰਿਤ ਤੇ ਕਮਿਊਨਿਸਟ ਸੱਭਿਆਚਾਰ ਦੇ ਪ੍ਰਭਾਵ ਹੇਠ ਨਹੀਂ ਸੀ,ਉਸ ਦੀ ਸੈਕਸੁਅਲ ਤੇ ਐਬੀ ਜ਼ਿੰਦਗੀ(ਕਈ ਔਰਤਾਂ,ਅਫੀਮ,ਸ਼ਰਾਬ) ਇਤਿਹਾਸ ‘ਚ ਦਰਜ ਹੈ,ਪਰ ਸਿੱਖ ਉਸਨੂੰ ਸਿਰਫ ਝੂਠਾ ਬ੍ਰਿਟਿਸ਼ ਪ੍ਰਚਾਰ ਕਹਿੰਦੇ ਹਨ।ਮਹਰਾਜਾ ਰਣਜੀਤ ਸਿੰਘ ਤੋਂ ਬਿਨਾਂ ਹੋਰ ਬਹੁਤ ਸਾਰੇ ਸਿੱਖ ਹਨ,ਜੋ ਚਰਿੱਤਰ ਪੱਖੋਂ ਵੱਡੇ ਵੱਡੇ ਚੰਦ ਚਾੜ੍ਹ ਚੁੱਕੇ ਹਨ।ਕਾਮਰੇਡ ਵੀ ਦੁੱਧ ਧੋਤੇ ਨਹੀਂ ਹਨ।ਨੈਤਕਿਤਾ ਕੋਈ ਹਵਾ ‘ਚ ੳੁੱਡਦੀ ਚੀਜ਼ ਨਹੀਂ,ਇਸਦਾ ਸਬੰਧ ਵੀ ਸਿਆਸਤ ਦੀ ਕਾਰਗੁਜ਼ਾਰੀ ਨਾਲ ਜੁੜਿਆ ਹੁੰਦਾ ਹੈ।ਜਦੋਂ ਸਿਆਸਤ ‘ਚ ਕੋਈ ਅਨੁਸ਼ਾਸਨ ਨਾ ਹੋਵੇ ਤਾਂ ਹਰਿਮੰਦਰ ਸਾਹਿਬ ਦੀ ਸਰ੍ਹਾਂ ‘ਚ ਤਿੰਨ ਤਿੰਨ ਫੁੱਟੀਆਂ ਕਿਰਪਾਨਾਂ ਵਾਲੇ ਜਥੇਦਾਰ ਸਿੱਖ ਨਵ ਵਿਹੁਅਤਾ ਦੇ ਪਤੀ ਨੂੰ ਨੂੜਕੇ ਉਸ ਨਾਲ ਬਲਾਤਕਾਰ ਕਰ ਸਕਦੇ ਹਨ ਤੇ ਕਾਮਰੇਡਾਂ ਦੀ ੳੁੱਚ ਲੀਡਰਸ਼ਿਪ ਵੀ ਕੋਈ ਵੀ ਗੁੱਲ੍ਹ ਖਿੜਾ ਸਕਦੀ ਹੈ।

ਵਿਚਾਰਕ ਪੱਧਰ ਤੇ ਕਿਸੇ ਮਨੁੱਖ ਦਾ ਅਗਾਂਹਵਧੂ ਹੋਣਾ ਸਧਾਰਨ ਵਰਤਾਰਾ ਹੈ,ਪਰ ਅਮਲੀ ਤੌਰ ‘ਤੇ ਫਲਸਫੇ ਨਾਲ ਜੁੜੇ ਲੋਕ ਕਿੰਨਾ ਕੁ ਬਦਲਦੇ ਹਨ,ਇਹ ਸਭ ਤੋਂ ਮਹੱਤਵਪੂਰਨ ਹੈ।ਜਦੋਂ ਸਿੱਖ ਧਰਮ ਬਾਬੇ ਨਾਨਕ ਦੀ ਅਗਵਾਈ ‘ਚ ਬ੍ਰਹਮਣਵਾਦ ਖਿਲਾਫ ਆਪਣੀ ਲੜਾਈ ਵਿੱਢਦਾ ਹੈ,ਓਸੇ ਸਮੇਂ ਭਾਰਤ ਦੇ ਕਈ ਹਿੱਸਿਆਂ ‘ਚ ਭਗਤੀ ਲਹਿਰ ਦੇ ਰੂਪ ‘ਚ ਸਮਾਜਿਕ ਲਹਿਰਾਂ ਜਨਮ ਲੈਂਦੀਆਂ ਹਨ।ਕੁਝ ਬ੍ਰਹਮਣਵਾਦ ਖਿਲਾਫ ਛੇਤੀ ਲੜਾਈ ਹਾਰ ਜਾਂਦੀਆਂ ਹਨ ਤੇ ਕੁਝ ਹੁਣ ਤੱਕ ਜਥੇਬੰਦਕ ਰੂਪ ‘ਚ ਸਾਡੇ ਸਾਹਮਣੇ ਹਨ,ਪਰ ਬ੍ਰਹਮਣਵਾਦ ਦਾ ਗਲਬਾ ਤੇ ਅਸਰ ਸਭ ‘ਤੇ ਅਜੇ ਤੱਕ ਹੈ।ਸਿੱਖੀ ਨੂੰ ਮੰਨਣ ਵਾਲੀ ਬਹੁਗਿਣਤੀ ਨੇ ਰਸਮਾਂ ਰਿਵਾਜ਼ਾਂ ਤੇ ਕਰਮ ਕਾਂਡ ਦੇ ਤੌਰ ‘ਤੇ ਕਿੰਨੀ ਕੁ ਬ੍ਰਹਮਣਵਾਦ ਤੋਂ ਛੁਟਕਰਾ ਪਾਇਆ ਹੈ..?ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ” ਜਿੱਥੋਂ ਗੁਰੁ ਗੋਬਿੰਦ ਸਿੰਘ ਜੀ ਸਮਾਜਿਕ ਜਮਹੂਰੀਕਰਨ ਦੀ ਲੜਾਈ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡਕੇ ਗਏ ਸਨ,ਉਹ ਕਿੱਥੇ ਖੜ੍ਹੀ ਹੈ..?ਪਿਛਲੇ 50-60 ਸਾਲਾਂ ਦੌਰਾਨ ਸਿੱਖੀ ਨੇ ਪੰਜਾਬ ਦੇ ਦਲਿਤਾਂ ਅਮਲੀ ਤੌਰ ‘ਤੇ ੳੁੱਚਾ ਚੁੱਕਣ ਲਈ ਕੀ ਕੀਤਾ..?ਪੰਜਾਬ ਦਾ ਜੱਟ ਸਿੱਖ ਸਮਾਜ ਜਿਸ ਤਰ੍ਹਾਂ ਦਲਿਤਾਂ ਨਾਲ ਪੇਸ਼ ਆਉਂਦਾ ਰਿਹਾ ਹੈ,ਇਹ ਕਿਸੇ ਪੰਜਾਬੀ ਤੋਂ ਲੁਕੀ ਗੱਲ ਨਹੀਂ।ਡੇਰਾ ਸਿਰਸਾ ਦੇ ਕਾਂਡ ਸਮੇਂ ਮੇਰੇ ਇਕ ਨਿਜੀ ਤੌਰ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਦੇ ‘ਚ ਐੱਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਕਹਿੰਦੇ ਹਨ ,ਕਿ ਦਲਿਤਾਂ ਦੀ ਸਥਿਤੀ ਪੰਜਾਬ ‘ਚ ਹੋਰਾਂ ਰਾਜਾਂ ਨਾਲੋਂ ਕਿਤੇ ਬੇਹਤਰ ਹੈ।ਉਵੇਂ ਹੀ ਜਿਵੇਂ ਅਫਗਾਨਾਂ ਦੇ ਰਾਜ ਤੋਂ ਕਸ਼ਮੀਰੀਆਂ ਨੂੰ ਸਿੱਖ ਰਾਜ ਠੀਕ ਸੀ।ਕਮਿਊਨਿਟਸ ਵੀ ਅਮਲੀ ਤੌਰ ‘ਤੇ ਬ੍ਰਹਮਣਵਾਦ ਦੇ ਅਸਰ ਹੇਠ ਵਿਚਰਦੇ ਹਨ।ਮੈਂ ਪਹਿਲਾਂ ਵੀ ਕਹਿ ਚੁੱਕਿਆਂ ਕਿ ਜਾਤ ਪਾਤ ਨੂੰ ਸਿਧਾਂਤਕ ਤੌਰ ‘ਤੇ ਨਾ ਮੰਨਣ ਵਾਲੇ ਦੋਵੇਂ ਤਬਕਿਆਂ ਦੀਆਂ ਕੁੜੀਆਂ ਨੇ ਜਦੋਂ ਗੈਰ-ਜਾਤੀ,ਗੈਰ-ਧਰਮ ਪ੍ਰੇਮ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਸਿੱਖ ਤੇ ਕਮਿਊਨਿਸਟ ਦੋਵੇਂ ਬੰਦੂਕਾਂ ਚੱਕ ਕੇ ਖੜ੍ਹੇ ਹੋ ਗਏ।ਅਜਿਹੇ ਖਾਸ ਸਿੱਖਾਂ ਵਿਚਾਰਕਾਂ,ਖਾਲਿਸਤਾਨੀਆਂ ਤੇ ਕਮਿਊਨਿਸਟਾਂ ਦੀ ਮੇਰੇ ਕੋਲ ਲੰਮੀ ਫਹਿਰਿਸਤ ਹੈ।ਅਸਲ ‘ਚ ਗੁਰੂ ਜੀ ਦੀ ਬ੍ਰਹਮਣਵਾਦ ਖਿਲਾਫ ਵਿੱਢੀ ਲੜਾਈ ਦੀ ਜੜ੍ਹ ਇਥੋਂ ਹੀ ਹਿੱਲਣੀ ਹੈ,ਪਰ ਇਸਨੂੰ ਹਿਲਾਉਣ ਲਈ ਸਭ ਨੂੰ ਆਪਣਾ ਸਮਾਜਿਕ ਤੇ ਆਰਥਿਕ ਢਾਂਚਾ ਹਿਲਾਉਣਾ ਪਊ,ਇਸ ਨਾਲੋਂ ਚੰਗਾ ਹੈ,ਨਿੱਤਨੇਮ,ਰਹਿਰਾਸ ਤੇ ਗੁਰਦੁਆਰਿਆਂ ਦੇ ਦਰਸ਼ਨ ਕਰੋ ਜਾਂ ਚਾਰ ਵਾਰ ਲਾਲ ਸਲਾਮ ਕਰ ਦਿਓ।ਇਕੋ ਗੱਲ ਹੈ।

ਦੁਨੀਆਂ ਭਰ ਦੇ ਕੌਮੀਅਤ ਵਿਚਾਰਕਾਂ ‘ਚ ਜਓਂ ਬੋਦਿਨ,ਗਿਆਮਬਤਿਸਤਾ ਵਿਚੋ,ਯੋਹਾਨਤ ਗਾਟਫਰਾਈਡ ਹਾਰਡਰ,ਥਾਮਸ ਹਾਬਸ ,ਹੇਗੈਲ,ਕਾਰਲ ਮਾਰਕਸ,ਫੈਡਰਿਕ ਏਂਗਲਜ਼,ਮੈਕਸ ਵੈਬਰ,ਲੈਨਿਨ ਤੇ ਰੋਜ਼ਾ ਲਗਜ਼ਮਬਰਗ ਆਦਿ ਹਨ।ਇਹਨਾਂ ਸਿਧਾਂਤਕਾਰਾਂ ਨਾਲ ਬਾਅਦ ‘ਚ ਜੇ ਐਲ ਮਿੱਲ ,ਗ੍ਰਾਮਸ਼ੀ,ਮਿਸ਼ੇਲ ਫੂਕੋ ਤੂੰ ਤੂੰ ਮੈਂ ਮੈਂ ਹੁੰਦਿਆਂ ਵੱਖ ਵੱਖ ਪੱਖਾਂ ‘ਤੇ ਵਿਚਾਰ ਚਰਚਾ ਕਰਦੇ ਹਨ।ਮਾਰਕਸ ਦਾ ਸਮਕਾਲੀ ਕਾਰਲ ਕਾਉਟਕਸੀ ਜਦੋਂ ਕੌਮੀਅਤਾਂ ਨੂੰ ਸਮਾਜਵਾਦੀ ਇਨਕਲਾਬ ਦੇ ਰਾਹ ‘ਚ ਰੌੜਾ ਦੱਸਦਾ ਹੈ ਤਾਂ ਕਾਰਲ ਮਾਰਕਸ ਇਕ ਲੰਮੀ ਚਿੱਠੀ ਰਾਹੀਂ ਆਇਰਲੈਂਡ ਤੇ ਪੋਲ਼ੈਂਡ ਜਾਂ ਪੂਰੀ ਦੁਨੀਆਂ ਦੀਆਂ ਕੌਮੀਅਤਾਂ ਅਜ਼ਾਦੀ ਕਿਵੇਂ ਕੁੱਲ ਦੁਨੀਆਂ ਦੀ ਹਕੀਕੀ ਅਜ਼ਾਦੀ ਨਾਲ ਜੁੜੀ ਹੋਈ, ਬਾਰੇ ਸਮਝਾਉਂਦਾ ਹੈ।ਬਾਅਦ ‘ਚ ਇਹ ਚਿੱਠੀ “ਦ ਆਇਰਸ਼ ਨੈਸ਼ਨਲ ਕਵਸਚਿਨ” ਦੇ ਨਾਂਅ ਹੇਠ ਇਕ ਕਿਤਾਬਚੇ ਦੇ ਰੂਪ ‘ਚ ਛਪਦੀ ਹੈ।ਕੌਮੀਅਤਾਂ ਦੀ ਲੜਾਈ ਦਾ ਖਾਸਾ ਬੁਨਿਆਦੀ ਰੂਪ ‘ਚ ਸਾਮਰਾਜ ਵਿਰੋਧੀ ਹੁੰਦਾ ਹੈ।ਕੌਮੀਅਤਾਂ ਦੇ ਵਿਕਿਸਤ ਹੋਣ ਨਾਲ ਕੌਮੀ ਪੂੰਜੀ ਵਿਕਿਸਤ ਹੋਣੀ ਹੁੰਦੀ ਹੈ,ਜੋ ਸਾਮਰਾਜੀ ਪੂੰਜੀ ਨੂੰ ਮੰਡੀ ‘ਚੋਂ ਬਾਹਰ ਧੱਕਦੀ ਹੈ।ਪਰ ਜੇ ਸਿਰਫ ਧਰਮ ਦੇ ਅਧਾਰ ‘ਤੇ ਕੌਮ ਬਣਨੀ ਹੁੰਦੀ ਤਾਂ ਪੂਰੇ ਅਰਬ ‘ਚ ਵਸਦੇ ਮੁਲਸਮਾਨਾਂ ਦੀ ਇਕ ਕੌਮ ਹੁੰਦੀ।ਇਹਨਾਂ ਬਹਿਸਾਂ ਨੂੰ ਅੱਗੇ ਵਧਾਉਂਦੇ ਹੋਏ ਲੈਨਿਨ ਤੇ ਰੋਜ਼ਾ ਲਗਜ਼ਮਬਰਗ ਕੌਮੀਅਤਾਂ ‘ਚ ਪੱਖ ‘ਚ ਦਲੀਲਾਂ ਦਿੰਦੇ ਹਨ।ਸਮੇਂ ਦੀਆਂ ਠੋਸ ਤਬਦੀਲੀਆਂ ਦੇ ਕਾਰਨ ਕਈ ਲੋਕ ਇਸ ਸਮਝ ‘ਤੇ ਸਵਾਲ ਵੀ ਖੜ੍ਹੇ ਹਨ,ਪਰ ਬੁਨਿਆਦੀ ਰੂਪ ‘ਚ ਸਵਾਲ ਉਸੇ ਤਰ੍ਹਾਂ ਹੈ।

ਪੰਜਾਬੀ ਕੌਮੀਅਤ ਦੇ ਦੋ ਪੜਾਅ ਹਨ।11ਵੀਂ ਤੋਂ 14ਵੀ ਸਦੀ ਤੇ 14ਵੀਂ ਤੋਂ 21ਵੀਂ ਸਦੀ।11ਵੀਂ ਤੋਂ 14ਵੀਂ ਸਦੀ ਤੱਕ ਪੰਜਾਬੀ ਕੌਮੀਅਤ ‘ਚ ਸਿੱਖ ਧਰਮ ਨਾਂਅ ਦੀ ਕੋਈ ਚੀਜ਼ ਨਹੀਂ ਹੈ।14ਵੀਂ ਸਦੀ ‘ਚ ਸਿੱਖ ਧਰਮ ਦੇ ਪ੍ਰਵੇਸ਼ ਨਾਲ ਪੰਜਾਬੀ ਕੌਮੀਅਤ ‘ਚ ਨਵੇਂ ਰੂਪ ‘ਚ ਜਥੇਬੰਦ ਹੁੰਦੀ ਹੈ।ਪੰਜਾਬੀ ਭਾਸ਼ਾ ਨੂੰ ਲਿੱਪੀ ਵੀ ਇਸੇ ਦੌਰ ‘ਚ ਮਿਲਦੀ ਹੈ।ਸਿੱਖ ਧਰਮ ਕਿਉਂਕਿ ਧਰਮਾਂ ਵਰਗੀ ਕੋਈ ਚੀਜ਼ ਨਾ ਹੋਕੇ ਇਕ ਸਮਾਜ ਸੁਧਾਰਕ ਤੇ ਪੁੰਗਰਦਾ ਇਨਕਲਾਬੀ ਫਲਸਫਾ ਸੀ,ਇਸ ਲਈ ਸਿੱਖ ਧਰਮ ਦੇ ਆਉਣ ਤੋਂ ਬਾਅਦ ਪੰਜਾਬੀ ਕੌਮੀਅਤ ‘ਚ ਆਏ ਇਨਕਲਾਬੀ ਬਦਲਾਅ ਨੂੰ ਅਣਗੌਲਿਆਂ ਕਰਕੇ ਪੰਜਾਬ ਤੇ ਪੰਜਾਬੀਅਤ ਨੂੰ ਸਮਝਣਾ ਮੁਸ਼ਕਿਲ ਹੈ।ਸਿੱਖ ਧਰਮ ਦਾ ਪੰਜਾਬੀ ਕੌਮੀਅਤ ਦੀ ਉਸਾਰੀ ਤੇ ਵਿਕਾਸ ਲਈ ਕਿੰਨਾ ਵੱਡਾ ਯੋਗਦਾਨ ਹੈ,ਇਸ ਨੂੰ ਸਮਝਣਾ ਮਹੱਤਵਪੂਰਨ ਹੈ।“ਸਿੱਖ ਹੋਮਲੈਂਡ” ਦੀ ਮੰਗ ਵੀ ਇਸੇ ਨਾਲ ਜੁੜੀ ਹੋਈ ਗੱਲ ਹੈ।ਪੰਜਾਬ ਦੀ ਹੱਕੀ ਮੰਗਾਂ ਦੀ ਲੜਾਈ ਜਿਸ ‘ਚ ਸਿੱਖਾਂ ਨੇ ਮੋਹਰੀ ਭੂਮਿਕਾ ਨਿਭਾਈ।ਇਸਦੇ ਵੀ ਇਤਿਹਾਸਕ ਕਾਰਨ ਹਨ।ਅਨੰਦਪੁਰ ਸਾਹਿਬ ਦਾ ਪਹਿਲਾ ਮਤਾ ਕੌਮੀਅਤ ਲੜਾਈ ਦੀ ਤਰਜ਼ਮਾਨੀ ਕਰਦਾ ਹੈ।ਜ਼ੁਬਾਨੀ ਤੌਰ ‘ਤੇ ਸਿੱਖਾਂ ਦੀਆਂ ਮੰਗਾਂ ਫੈਡਰਲ ਸਿਸਟਮ ਤੱਕ ਟਿਕੀਆਂ ਰਹੀਆਂ ਹਨ,ਪਰ ਫੈਡਰਲ ਸਿਸਟਮ ਦੀ ਮੰਗ ਕਰਦੀਆਂ ਕਿੰਨੀਆਂ ਕੌਮੀਅਤਾਂ ਨੇ ਲੜਾਈ ਵੱਲ ਕੂਚ ਕੀਤਾ ਹੈ,ਇਸ ਨਾਲ ਇਤਿਹਾਸ ਭਰਿਆ ਪਿਆ ਹੈ।ਪੰਜਾਬ ਦੇ ਕਾਮਰੇਡ ਪੰਜਾਬ ਦੀ ਲੜਾਈ ਨੂੰ ਸਿਰਫ ਧਾਰਮਿਕ ਘੱਟਗਿਣਤੀਆਂ ਦੀਆਂ ਮੰਗਾਂ ਤੱਕ ਸੀਮਤ ਕਰਦੇ ਰਹੇ।ਪੰਜਾਬ ਦੇ ਕਾਮਰੇਡਾਂ ਦਾ ਲਹਿਰ ਖਿਲਾਫ ਹਥਿਆਰ ਚੱਕਣ ਦਾ ਫੈਸਲਾ ਬਿਲਕੁਲ ਗਲਤ ਸੀ।ਐੱਮ ਐਲ਼ ਦੀਆਂ ਕਮਿਊਨਿਸਟ ਪਾਰਟੀਆਂ ਦੇ ਦਸਤਾਵੇਜ਼ਾਂ ਮੁਤਾਬਿਕ ਭਾਰਤੀ ਸੱਤਾ ਦਾ ਚਰਿੱਤਰ ਫਾਸ਼ੀਵਾਦੀ ਹੈ।ਜੇ ਦੋਵੇਂ ਧਿਰਾਂ ਫਾਸ਼ਵਾਦੀ ਸਨ ਤਾਂ ਕਾਮਰੇਡਾਂ ਲਈ ਸਵਾਲ ਹੈ,ਕਿ ਪੰਜਾਬ ਦਾ ਸਭ ਤੋਂ ਸਿਆਣਾ ਕਮਿਊਨਿਸਟ ਵਰਗ ਕਿੱਥੇ ਸੀ।ਜੇ ਘਟਨਾਵਾਂ ਤੇ ਕਤਲਾਂ ਨਾਲ ਸਿਆਸਤ ਪ੍ਰਭਾਸ਼ਤ ਹੋਣੀ ਹੈ ਤਾਂ ਕਹਿਣਾ ਹੀ ਕੀ ਹੈ।ਭਾਰਤ ‘ਚ ਕਾਮਰੇਡਾਂ ਦੇ ਪੀਪਲਜ਼ ਵਾਰ ਤੇ ਐਸ ਸੀ ਸੀ ਗਰੁੱਪ ਆਪਸ ‘ਚ ਇਕ ਦੂਜੇ ਦੇ ਕਤਲ ਤੱਕ ਕਰਦੇ ਰਹੇ,ਪਰ ਅੱਜ ਦੋਵੇਂ ਸੀ ਪੀ ਆਈ ਮਾਓਵਾਦੀ ਨਾਂਅ ਪਾਰਟੀ ਹੇਠ ਇਕੱਠੇ ਹਨ।ਭਾਰਤ ਦੀਆਂ ਕੌਮੀ ਲਹਿਰਾਂ ਬਾਰੇ ਇਸੇ ਪੀਪਲਜ਼ ਵਾਰ ਗਰੁੱਪ ਨੇ “ਨੈਸ਼ਨੈਲਿਟੀਜ਼ ਆਨ ਵਾਰ ਪਥ” ਨਾਂਅ ਦੀ ਕਿਤਾਬ ਕੱਢੀ ਸੀ,ਵੈਨਗਾਰਡ ਪਬਲੀਕੇਸ਼ਨ ਤੋਂ ਸ਼ਾਇਦ 87-88 ‘ਚ ਛਪੀ ਸੀ।ਇਸ ਕਿਤਾਬ ‘ਚ ਪੰਜਾਬ ਦੀ ਲਹਿਰ ਬਾਰੇ 8-9 ਲੇਖ ਹਨ,ਜੋ ਪੰਜਾਬ ਦੀ ਕੌਮੀ ਲੜਾਈ ‘ਤੇ ਅਲੋਚਨਾਤਮਕ ਟਿੱਪਣੀਆਂ ਕਰਦੇ ਹੋਏ ਲਹਿਰ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਦੇ ਹਨ।ਲੇਖ ਲੰਮਾ ਹੋਣ ਕਾਰਨ ਪੰਜਾਬ ਦੀ ਕੌਮੀਅਤ ‘ਤੇ ਖਾਸ ਗੱਲਬਾਤ ਕਿਸੇ ਹੋਰ ਲਿਖਤ ‘ਚ ਕਰਾਂਗੇ।

ਮੌਜੂਦਾ ਦੌਰ ‘ਚ ਮੁੱਖ ਵਿਰੋਧਤਾਈ ਕੌਣ ਹੈ-ਭਾਰਤੀ ਸੱਤਾ ਜਾਂ ਕਾਮਰੇਡ।ਧਰਮ ਦੇ ਸੰਸਥਾਗਤ ਰੂਪ ਤੇ ਸੱਤਾ ਨਾਲ ਉਸਦੇ ਰਿਸ਼ਤੇ ਨੂੰ ਸਮਝਣਾ ਜ਼ਰੂਰੀ ਹੈ।ਸੰਸਥਾਗਤ ਧਰਮ ਕਿਵੇਂ ਦੂਜੀ ਸੱਤਾ ਦੇ ਰੂਪ ‘ਚ ਸਮਾਜਿਕ ਘਾਣ ਕਰ ਰਿਹਾ ਹੈ,ਇਹ ਵੀ ਦੇਖਣਾ ਚਾਹੀਦਾ ਹੈ।ਇਸ ਦੌਰ ਅੰਦਰ ਜਦੋਂ ਸੱਤਾ ਸਾਮਰਾਜ ਦੀ ਛਤਰ ਛਾਇਆ ਹੇਠ ਹਰ ਤਰ੍ਹਾਂ ਦੇ ਲੋਕ ਪੱਖੀ ਸੰਘਰਸ਼ਾਂ ਨੂੰ ਨਰੜਨ ਲਈ ਤਿਆਰ ਬੈਠੀ ਹੈ ਤਾਂ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ,ਕੌਮੀਅਤਾਂ ਤੇ ਕਮਿਉਨਿਸਟਾਂ ਨੁੰ ਕਿਸੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਝੰਡੇ ਹੇਠ ਇਕੱਠੇ ਦੀ ਹੋਣ ਜ਼ਰੂਰਤ ਹੈ।

ਉੱਤਰ-ਆਧਨਿਕਤਾਵਾਦ (Postmodernism)ਦੇ ਖੜ੍ਹੇ ਕੀਤੀਆਂ ਬਖੇੜਿਆਂ ਨੂੰ ਸਮਝਣ ਦੀ ਲੋੜ ਹੈ।ਸਾਮਰਾਜੀ ਪੈਰਾਸ਼ੂਟ ਨਾਲ ਉਤਾਰੇ ਤੇ ਸਬਜੈਕਟਿਵ ਰੀਐਲਟੀ (Subjective Reality)‘ਚ ਵਿਸ਼ਵਾਸ਼ ਰੱਖਣ ਵਾਲੇ ਉੱਤਰ-ਆਧੁਨਿਕ ਫਲਸਫੇ ਦੀ ਕੌਮੀਅਤ ਨਾਲ ਕੋਈ ਸਾਂਝ ਨਹੀਂ ਬਣਦੀ।ਉੱਤਰ-ਆਧੁਨਕਿਤਾਵਾਦੀ ਫਲਸਫਾ-ਜਿਸਦਾ ਨਾ ਕੋਈ ਇਤਿਹਾਸ ਹੈ ਤੇ ਨਾ ਭਵਿੱਖ,ਇਹ ਦੁਨੀਆਂ ‘ਤੇ ਉਦੋਂ ਛੂਤ ਦੀ ਬਿਮਾਰੀ ਵਾਂਗੂੰ ਫੈਲਦਾ ਹੈ ,ਜਦੋਂ ਪੂਰੀ ਦੁਨੀਆਂ ਦੀਆਂ ਕਮਿਊਨਿਸਟ ਤੇ ਅਸਲ ਖਾਸੇ ਦੀਆਂ ਲਹਿਰਾਂ ਸਾਮਰਾਜੀ ਹਮਲਿਆਂ ਨਾਲ ਲਤਾੜੀਆਂ ਜਾ ਰਹੀਆਂ ਸਨ।ਵਿਚਾਰਕ ਪੱਧਰ ‘ਤੇ ਬਦਲ ਦੇ ਲਈ ਉੱਤਰ-ਆਧੁਨਕਿਤਾ ਦੇ ਫਲਸਫੇ ਨੁੰ ਪਲਾਂਟ ਕੀਤਾ ਗਿਆ।ਜਿਹੜੇ ਅਜੇ ਆਧੁਨਿਕ ਵੀ ਨਹੀਂ ,ਉਹ ਵੀ ਇਸ ਸਾਮਰਾਜੀ ਜਾਲ ‘ਚ ਫਸੇ ਹੋਏ ਹਨ।ਦੁਨੀਆਂ ‘ਚ ਤਿੰਨ ਘਟਨਾਵਾਂ ਇਕੋ ਸਮੇਂ ਵਪਾਰੀਆਂ।ਸੋਵੀਅਤ ਸਾਮਰਾਜ ਦਾ ਢਹਿ ਢੇਰੀ ਹੋਣਾ,ਸੰਸਾਰੀਕਰਨ ਦੀ ਨੀਤੀ ਘੜਨੀ ਤੇ ਉੱਤਰ-ਆਧੁਨਕਿਤਾ ਨਾਂਅ ਦਾ ਫਲਸਫਾ ਦੁਨੀਆਂ ‘ਤੇ ਇਕੋ ਸਾਹੇ ਫੈਲ ਜਾਣਾ।ਵੱਡੇ ਵੱਡੇ ਕਾਮਰੇਡ ਤੇ ਕੌਮੀਅਤ ਪਸੰਦ ਇਸਨੇ ਆਪਣੀ ਜਕੜ ‘ਚ ਲਏ।ਪਰ ਹੁਣ ਆਲਮੀ ਆਰਥਿਕ ਸੰਕਟ ਤੋਂ ਬਾਅਦ ਯੂਰਪ ਦੇ ਨਿਊ ਫੌਰਮ ਆਫ ਸ਼ੋਸ਼ਲ ਮੂਵਮੈਂਟ ਐਂਡ ਆਰਗਨਾਈਜੇਸ਼ਨ ਦੇ ਤਰਕ ਘੜ੍ਹਨ ਵਾਲੇ ਲੋਕਾਂ ਨੇ ਮੁੜ ਠੰਡੇ ਦਿਮਾਗ ਨਾਲ ਸੋਚਣਾ ਸ਼ੁਰੂ ਕੀਤਾ ਹੈ।ਉਸ ਸਮੇਂ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ‘ਚ ਉੱਤਰ-ਆਧੁਨਕਿਤਾ ‘ਤੇ ਕੰਮ ਕਰਵਾਉਣ ਲਈ ਵੱਡੀਆਂ ਵੱਡੀਆਂ ਫਾਉਂਡੇਸ਼ਨਾਂ ਵਲੋਂ ਮਾਲੀ ਮਦਦ ਦਿੱਤੀ ਗਈ,ਜਿਸ ਕਰਕੇ ਮਾਰਕਸਵਾਦੀ ਜੁਗਾੜੀ ਪ੍ਰੈਫੈਸਰਾਂ ਨੇ ਆਪਣਾ ਮੂੰਹ ਉੱਤਰ-ਆਧੁਨਕਿਤਾ ਵੱਲ ਅੱਡ ਲਿਆ ਸੀ।ਅਜਿਹੇ ਉੱਤਰ ਆਧੁਨਿਕਤਾਵਾਦੀਆਂ ਦਾ ਪੰਜਾਬ ‘ਚ ਕਿਤਾਬਾਂ ਕਾਲੀਆਂ ਕਰਨ ਜਾਂ ਆਲਮੀ ਕਾਨਫਰੰਸਾਂ ‘ਚ ਲੈਕਚਰ ਦੇਣ ਤੋਂ ਇਲਾਵਾ ਕੋਈ ਅਮਲੀ ਯੋਗਦਾਨ ਨਹੀਂ ਹੈ।

ਮੈਂ ਨਾ ਤਾਂ ਮਾਰਕਸਵਾਦੀ ਫਲਸਫੇ ਦਾ ਸ਼ਰਧਾਲੂ ਹਾਂ ਤੇ ਨਾ ਹੀ ਕਾਰਲ ਮਾਰਕਸ ਨੂੰ ਰੱਬ ਮੰਨਦਾ ਹਾਂ।ਵਭਿੰਨਤਾ ਦਾ ਆਸ਼ਕ ਹਾਂ।ਮੁੱਖ ਧਾਰਾ ਦੀ ਨੌਕਰੀ ਵਜਾਉਣ ਤੋਂ ਬਾਅਦ ਬਾਕੀ ਸਮਾਂ ਸਾਹਿਤ ,ਸਿਆਸਤ,ਧਰਮਾਂ,ਸੱਭਿਆਚਾਰਾਂ ਤੇ ਫਲਸਫਿਆਂ ਨੂੰ ਸਮਝਣ ‘ਚ ਖਰਾਬ ਕਰਦਾ ਹਾਂ।ਜਿਵੇਂ ਮਹਾਨ ਕਵੀ ਪਾਬਲੋ ਨੈਰੂਦਾ ਕਵਿਤਾ ਬਾਰੇ ਕਹਿੰਦਾ ਹੈ ਕਿ “ਕਵਿਤਾ ਇਕ ਪੇਸ਼ਾ ਹੈ”।ਮੈਨੂੰ ਵੀ ਸਮਝਣਾ,ਲਿਖਣਾ ਤੇ ਬੋਲਣਾ ਪੇਸ਼ਾ ਲਗਦਾ ਹੈ।ਇਸ ਪੇਸ਼ੇ ਦੀ ਕੀਮਤ ਸੰਘੀਆਂ,ਖਾਲਿਸਤਾਨੀਆਂ ਜਾਂ ਕਮਿਊਨਿਸਟਾਂ ਦੀ ਗੋਲੀ ਖਾ ਕੇ ਵੀ ਚਕਾਉਣੀ ਪਵੇ,ਇਸ ਗੱਲ ਦੀ ਪਰਵਾਹ ਅਜੇ ਤੱਕ ਨਹੀਂ ਕੀਤੀ।ਜਰਮਨ ਕਵੀ ਪਾਸਟਰ ਨਿਮੋਲਰ ਦੀਆਂ ਸਤਰ੍ਹਾਂ ਜੋ ਨਾ ਬੋਲਣ ਦੇ ਇਤਿਹਾਸ ਬਾਰੇ ਬੋਲਦੀਆਂ ਹਨ।

ਪਹਿਲਾਂ ਉਹ ਯਹੂਦੀਆਂ ਲਈ ਆਏ
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਯਹੂਦੀ ਨਹੀ ਸੀ।

ਫਿਰ ਉਹ ਕਮਿਊਨਿਸਟਾਂ ਲਈ ਆਏ
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ।

ਫਿਰ ਉਹ ਟਰੇਡ ਯੂਨੀਅਨ ਵਾਲਿਆਂ ਲਈ ਆਏੇ,
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਟਰੇਡ ਯੂਨੀਅਨ ‘ਚ ਨਹੀਂ ਸੀ।

ਫਿਰ ਉਹ ਮੇਰੇ ਲਈ ਆਏ,
ਉਦੋਂ ਕੋਈ ਨਹੀਂ ਸੀ,
ਜੋ ਮੇਰੇ ਲਈ ਬੋਲਦਾ।


ਕਸ਼ਮੀਰ ਦੀਆਂ ਕਿਤਾਬਾਂ ਦੇ ਮੈਟਰ ਦੇ ਅਨੁਵਾਦ ਲਈ ਜਸਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

5 comments:

 1. bai baki galan ta theek han par communist kisay lekhak nu sirf is lai ke oh communistan de alochna karda hai goli mar den eh gal hajam nahi hundi.han sanghean ja khalistanian lai eh koi navan kam nahi hai.

  ReplyDelete
 2. Man, you may soon get in trouble. It's a caution by a friend. You know one thing is truth and the other is 'management' of truth. Expressing truth 'skillfully' does not make it untruth. Rather, it is wisdom. And, in third world societies like ours, it’s keys to breathe longer.
  Anyway, let me make it clear, I have different perception of things.

  ReplyDelete
 3. How easy, is it to say that I am ready to defend 'freedom to say' even with my life,. And how, easily communists, khalistanis and saghis are equated. And self celebratory notion of keeping himself above than all? Wow!!!

  ReplyDelete
 4. @ anonymous Sep.3,
  fine observation.
  But it is not problem of his intellect, it is just that he is not mature enough yet!

  ReplyDelete
 5. SIRLATHAN DE BASTI DE VICH HARR HELE HE AA JAEEN JANMAAN TEEKAR VASS JANNE LAI APNA NAAM LIKHA AYIN.............CHANAN DENNA TE KATT HONA DOVEN KAMM HEE SIR JIMEN EHO KARAM KARAIN,ISS GALL HOR NA JHANJAT PA AYIN. WELCOME,,,,,,,,,BRAVO...........GO ON............

  ReplyDelete