ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, August 16, 2010

ਮੈਂ ਨਰਕਵਾਸੀ ਸੁਰਜੀਤ ਗਾਮੀ ਬੋਲ ਰਿਹਾ ਹਾਂ।-ਨਰਕ ‘ਚੋਂ ਚਿੱਠੀ

ਨੀਲੀ ਦੇਹ 'ਤੇ ਲਾਲ ਖੱਫਣ
ਮੈਨੂੰ ਲਾਲ ਰੰਗ ਬਹੁਤ ਸੋਹਣਾ ਲਗਦੈ।ਇਸੇ ਲਈ ਲਾਲ ਝੰਡੇ ਤੇ ਲਾਲ ਸ਼ਰਾਬ ਨਾਲ ਮੇਰਾ ਰਿਸ਼ਤਾ ਐ,ਪਰ ਉਸ ਦਿਨ ਜਦੋਂ ਤੁਸੀਂ ਸਾਰੇ ਮੇਰੀ ਖੁਦਕੁਸ਼ੀ ‘ਤੇ ਕੱਠੇ ਹੋਏ,….ਹਾਂ ਖੁਦਕੁਸ਼ੀ ,ਮੈਂ ਮੇਰੀ ਮੌਤ ਨੂੰ ਖੁਦਕੁਸ਼ੀ ਮੰਨਦਾ ਹਾਂ।ਤਾਂ ਮੇਰੀ ਨੀਲੀ ਦੇਹ ‘ਤੇ ਜਦੋਂ ਲਾਲ ਕੱਪੜੇ ਤੇ ਕੱਪੜਾ ਪਾਇਆ ਗਿਆ,ਮੈਂ ਗੱਸੇ ਨਾਲ ਅੰਬੇਦਕਰੀਆਂ ਜਿੰਨਾ ਨੀਲਾ ਹੋ ਗਿਆ ਸੀ।ਸੋਚ ਰਿਹਾ ਸੀ ਕਿੰਨੇ “ਭੋਲੇ” ਨੇ ਕਾਮਰੇਡ,ਰਸਮਾਂ ਦਾ ਵਿਰੋਧ ਕਰਨ ਆਲੇ ਜਿਉਂਦੇ ਜੀਅ ਤਾਂ ਨਹੀਂ ਆਏ,ਪਰ ਰਸਮ ਨਿਭਾਉਣ ਲਈ ਖੁਦਕੁਸ਼ੀ ‘ਤੇ ਖੜ੍ਹੇ ਨੇ।ਧਰਮਰਾਜ ਦੀ ਕਚਹਿਰੀ ‘ਚ ‘ਚ ਆਏੇ ਨੂੰ ਉਦੋਂ ਚੰਦ ਹੀ ਘੰਟੇ ਹੋਏ ਸੀ।

ਬਾਬੇ ਨੇ ਹਿਸਾਬ ਕਿਤਾਬ ਕਰਕੇ ਨਰਕ ਭੇਜ ਦਿੱਤਾ।ਨਰਕ ਦੇ ਲੇਖਾ ਜੋਖਾ ਵਿਭਾਗ ‘ਚ ਗਿਆ ਤਾਂ ਅੱਗੇ ਮਾਰਕਸ(ਲੇਖਾ ਜੋਖਾ ਵਿਭਾਗ ਦਾ ਮੁਖੀ),ੁਉਸਦੇ ਸਾਥੀ ਤੇ ਕੁਝ ਚੇਲੇ ਚਪਟੇ ਬੈਠੇ ਸੀ।ਮੈਂ ਬੜਾ ਖੁਸ਼ ਹੋਇਆ,ਜੀਹਦੀਆਂ ਗੱਲਾਂ ਕਰਦੇ ਸੀ ਉਹ ਸਾਹਮਣੇ ਬੈਠਾ ਐ।ਮੈਂ ਕਿਹਾ,ਬਾਈ ਪੜ੍ਹਿਆ ਤਾਂ ਤੈਨੂੰ ਬਹੁਤਾ ਨਹੀਂ ,ਪਰ ਤੇਰੇ ਬਾਰੇ ਸੁਣਿਆ ਬਹੁਤ ਐ।ਮਾਰਕਸ ਕਹਿੰਦਾ ਗਾਮੀ ਕਲਾਕਾਰਾਂ ਨਾਲ ਮੈਂ ਕਦੇ ਹਿਸਾਬਾਂ ਕਿਤਾਬਾਂ ਦੇ ਚੱਕਰਾਂ ‘ਚ ਨਹੀਂ ਪਿਆ।ਅਰਾਜਕਤਾਵਾਦੀ ਕੌਮ ਹੈ ਨਾ,ਨਰਕ ‘ਚ ਰਹਿਣਾ ਔਖਾ ਕਰਦੂ!! ਹੁਣ ਮੈਂ ਕੰਮ ਕਾਰ ‘ਚ ਰੁੱਝਿਆ ਹੋਇਆਂ,ਆਥਣੇ ਬੈਠਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਪੰਜਾਬ ਬਾਰੇ।ਜਦੋਂ ਮਾਰਕਸ ਨੇ “ਬੈਠਾਂਗੇ” ਸ਼ਬਦ ਵਰਤਿਆ,ਤਾਂ ਜਾਨ ਜੀ ਪੈ ਗਈ ਮੇਰੇ ‘ਚ।ਸਾਡੇ ਪੰਜਾਬ ਤੇ ਖਾਸ ਕਰ ਮਾਲਵੇ ਦਾ ਕਿੰਨਾ ਸੋਹਣਾ ਸ਼ਬਦ ਐ।ਮੈਂ ਤਾਂ ਬਸ ਬੈਠਿਆ ਹੀ ਹਾਂ ਨਾ ਹੁਣ ਤੱਕ।

ਆਥਣੇ ਮੈਂ ਪੁੱਛ ਪੱਛ ਕੇ ਨਰਕ ਦੇ “ਦਾਰੂ ਪਾਰਕ” ਪਹੁੰਚ ਗਿਆ।ਮੂਹਰੇ ਦੇਖਕੇ ਅੱਖਾਂ ਫੁੱਲ ਗਈਆਂ।ਮਾਰਕਸ ਦੇ ਆਲੇ ਦਾਲੇ ਲੈਨਿਨ, ਰੋਜ਼ਾ ਲਗਜ਼ਮਬਰਗ,ਸਿਮੋਨ,ਬ੍ਰੈਖ਼ਤ,ਚਾਰੂ ਮਜ਼ੂਮਦਾਰ,ਕਾਨੂ ਸਾਨਿਆਲ,ਸਟਾਲਿਨ,ਮਾਓ,ਚੇ-ਗਵੇਰਾ,ਪਾਬਲੋ ਨੈਰੁਦਾ,ਗੋਰਖ ਪਾਂਡੇ,ਪਾਸ਼,ਵਿਲਾਸ ਭੋਗਰੇ ਹੋਰ ਪਤਾ ਨਹੀਂ ਕਿੰਨੇ ਹੀ ਬੈਠੇ ਸੀ।ਮੈਂ ਜਾਣ ਸਾਰ ਪਾਸ਼ ਨੂੰ ਪੁੱਛਿਆ,ਓਏ ਕਾਮਰੇਡ ਸੁਰਜੀਤ ਕਿਥੇ ਹੈ,ਤਾਂ ਪਾਸ਼ ਕਹਿੰਦਾ “ਸੀ ਪੀ ਆਈ ਤੇ ਸੀ ਪੀ ਐੱਮ ਵਾਲੇ ਨਰਕ ‘ਚ ਨਹੀਂ ਆਉਂਦੇ,ਉਹ ਸਵਰਗ ‘ਚ ਜਾਂਦੇ ਨੇ,ਹੁਣ ਤਾਂ ਲਿਬਰੇਸ਼ਨ ਦੇ ਬੰਦੇ ਵੀ ਘੱਟ ਘੱਟ ਹੀ ਆਉਂਦੇ ਨੇ..ਨਰਕ ‘ਚ।ਸਵਰਗ ‘ਚ ਸੱਤਾ ਦੀ ਹਿੱਸੇਦਾਰੀ ਦਾ ਮਸਲਾ ਹੈ ਨਾ।ਮੈਂ ਹੱਥ ਹੀ ਮਿਲਾ ਰਿਹਾ ਸੀ ਸਭ ਨਾਲ,ਚੀ ਗਵੇਰੇ ਨੇ “ਸ਼ੀਵਾਸ ਰੀਗਲ” ‘ਚੋਂ ਇਕ ਪੈਗ ਪਾ ਦਿੱਤਾ।ਮੈਂ ਕਿਹਾ “ਕਾਮਰੇਡ ਬੜੀ ਮਹਿੰਗੀ ਦਾਰੂ ਪੀਂਦੇ ਹੋਂ,ਮੈਂ ਤਾਂ ਗੁਲਾਬ ਜਾਂ ਮੋਟਾ ਸੰਤਰਾ ਨਾਲ ਹੀ ਸਾਰਦਾ ਰਿਹਾਂ ਹੁਣ ਤੱਕ।ਚੀ ਕਹਿੰਦਾ ਡਰ ਨਾ, “ਦਾਰੂ ਪਾਰਕ” ‘ਚ 8 ਤੋਂ 12 ਵਜੇ ਤੱਕ ਦਾਰੂ ਮੁਫ਼ਤ ਐ।

ਦੋ-ਦੋ ਪੈਗ ਲਾਏ ਸੀ ਅਜੇ।ਮਾਰਕਸ ਤੇ ਦੂਜੇ ਸਾਥੀਆਂ ਦੀ ਬਹਿਸ ਗਰਮ ਸੀ।ਮਾਰਕਸ ਕਹਿੰਦਾ,ਯਾਰ ਗਾਮੀ ਬੋਰ ਹੁੰਦਾ ਹੋਊ,ਪਹਿਲੇ ਦਿਨ ਆਇਆ,ਆਓ ਕੋਈ ਪੰਜਾਬ ਬਾਰੇ ਗੱਲਬਾਤ ਕਰਦੇ ਹਾਂ।ਹਾਂ ਵੀ ਗਾਮੀ,ਕੀ ਹਾਲ ਐ ਪੰਜਾਬ ਦਾ।ਮੈਂ ਕਿਹਾ ,ਬਾਈ ਹਾਲ ਤਾਂ ਬਹੁਤ ਮਾੜੇ ਨੇ।ਐੱਮ ਐਲ ਦੀਆਂ ਧਿਰਾਂ ਕੁਝ ਹੱਥ ਪੈਰ ਮਾਰ ਰਹੀਆਂ ਨੇ,ਕਿਸਾਨਾਂ,ਮਜ਼ਦੂਰਾਂ, ਵਿਦਿਆਰਥੀਆਂ ‘ਚ।ਪਰ ਸਾਰੇ ਧੜਿਆ ‘ਚ ਹੰਕਾਰ ਐਨਾ ਭਰਿਆ ਹੋਇਆ ਕਿ ਸਿਆਸੀ ਤਾਂ ਕੀ ਨਿੱਜੀ ਤੌਰ ‘ਤੇ ਵੀ ਇਕ ਦੂਜੇ ਨੂੰ ਨਹੀਂ ਜਰਦੇ।ਇਕੋ ਲੈਨ ‘ਚ ਕਹਾਂ ਤਾਂ ਐਮ.ਐਲ .ਈਏ ਹੰਕਾਰ ਦਾ ਸ਼ਿਕਾਰ ਨੇ।ਮਾਰਕਸ ਕਹਿੰਦਾ,ਪਿੱਛੇ ਜੇ ਦਲਜੀਤ ਅਮੀ ਦੀ ਇਕ ਚਿੱਠੀ ਦਾ ਰੌਲਾ ਪਿਆ ਸੀ,ਮੇਰੇ ਕੋਲ ਵੀ ਆਈ ਸੀ ਬਿਜਲਈ ਚਿੱਠੀ।ਹਾਂ,ਕਿਰਨਜੀਤ ਕਾਂਡ ‘ਤੇ ਬਣੀ ਫਿਲਮ ਨੂੰ ਲੈ ਕੇ ਰੌਲਾ ਰੂਲਾ ਪੈ ਗਿਆ ਸੀ।ਇਹਨਾਂ ਦੀ ਸੰਵੇਦਨਾ ਦੇਖੋ …..ਕੋਈ ਕਹਿੰਦਾ ਜੀ ਸਾਡਾ ਐਕਟਰ ਘੱਟ ਦਿਖਾਇਆ,ਕੋਈ ਕਹਿੰਦਾ ਸਾਡੇ ਐਕਟਰ ਨੂੰ ਜਾਣ ਬੁੱਝ ਕੇ ਵੀਲਨ ਦਿਖਾਇਆ।ਫਿਰ ਕਹਿੰਦੇ ਮਹਿੰਗੀ ਫਿਲਮ ਵੇਚਕੇ ਦਲਜੀਤ ਅਮੀ ਠੱਗੀਆਂ ਮਾਰ ਰਿਹਾ ਐ।ਅਮੀ ਕਹਿੰਦੈ, ਮੈਂ ਇਹਨਾਂ ਤੋਂ ਸੱਭਿਆਚਾਰਕ ਕਾਮੇ ਦੀ ਸਿਆਸੀ ਆਰਥਕਤਾ ਸਬੰਧੀ ਸਵਾਲ ਪੁੱਛੇ ਨੇ,ਕਿ ਇਕ ਲੋਕ ਪੱਖੀ ਕਲਾਕਾਰ ਨੂੰ ਆਰਥਿਕ ਤੌਰ ‘ਤੇ ਜਿਉਂਦਾ ਕਿਵੇਂ ਰੱਖਿਆ ਜਾਵੇ।ਖੈਰ,ਮੈਨੂੰ ਤਾਂ ਸਿਆਸੀ ਗੱਲਾਂ ਜ਼ਿਆਦਾ ਸਮਝ ਸੁਮਝ ਨਹੀਂ ਆਉਂਦੀਆਂ,ਪਰ ਸਣਿਆ ਚਿੱਠੀ ਗਈ ਨੂੰ ਪੰਜ ਸਾਲ ਹੋ ਗਏ,ਇਹਨਾਂ ਮਾਂ ਦੇ ਪੁੱਤਾਂ ਨੇ ਅਜੇ ਤੱਕ ਜਵਾਬ ਨਹੀਂ ਦਿੱਤੇ।ਇਹ ਕਹਿੰਦੇ ਨੇ ਅਸੀਂ ਤਹਿ ਕਰਾਂਗੇ ਕਿਹੜਾ ਸਵਾਲ ਕਿਸ ਵੇਲੇ ਸਾਡੇ ਲਈ ਮਹੱਤਵਪੂਰਨ ਹੈ,ਉਦੋਂ ਹੀ ਚਰਚਾ ਕਰਾਂਗੇ।ਮੈਨੂੰ ਇਕ ਗੱਲ ‘ਤੇ ਬੜਾ ਗੁੱਸਾ ਚੜ੍ਹਦਾ ਰਿਹਾ ਇਹਨਾਂ ਦੀ ‘ਤੇ।ਮੈਂ ਜਦ ਵੀ ਕਦੇ ਸਿਆਸੀ ਪ੍ਰੋਗਰਾਮ ਤੋਂ ਪਹਿਲਾਂ ਨਾਟਕ ਖੇਡਣਾ ਤਾਂ ਨਾਟਕ ਤੋਂ ਬਾਅਦ ਇਹ ਕਹਿ ਦਿੰਦੇ ਸੀ,ਇਹ ਸੀ ਨਾਟਕ,ਹੁਣ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ।ਵੇਖ ਲਓ ਕਲਾ ਬਾਰੇ ਇਹਨਾਂ ਦਾ ਨਜ਼ਰੀਆ।ਜਿਵੇਂ ਸੁਖਬੀਰ ਦੀ ਰੈਲੀ ‘ਚ ਆਰਕੈਸਟਰਾ ਦਾ ਕੱਠ ਕਰਨ ਤੋਂ ਬਾਅਦ ਕਿਹਾ ਜਾਂਦੈ,ਹੁਣ ਬਾਦਲ ਸਾਹਿਬ ਬੋਲਣਗੇ।ਮਾਰਕਸ ਕਹਿੰਦਾ,ਕੋਈ ਗੱਲ ਨਹੀਂ ਕਈ ਗੱਲਾਂ ਸਮੇਂ ਨਾਲ ਸਮਝ ਆਉਂਦੀਆਂ ਨੇ।

ਫਿਰ ਮਾਰਕਸ ਮੈਨੂੰ,ਗੋਰਖ ਪਾਂਡੇ ਤੇ ਵਿਲਾਸ ਭੋਗਰੇ ਨੂੰ ਕਹਿੰਦਾ,ਯਾਰ ਕਲਾਕਾਰ ਬੜੀਆਂ ਖੁਦਕੁਸ਼ੀਆਂ ਕਰ ਕਰ ਮਰਦੇ ਨੇ,ਕੀ ਹੋ ਗਿਆ।ਗੋਰਖ ਪਾਂਡੇ ਕਹਿੰਦਾ ਮੇਰੀ ਖੁਦਕੁਸ਼ੀ ਦਾ ਮਾਮਲਾ ਸਿਆਸੀ ਵੀ ਸੀ,ਪਰ ਨਿੱਜੀ ਜ਼ਿਆਦਾ ਸੀ।ਮੈਨੂੰ ਕਿਸੇ ਦਾ ਗਮ ਖਾ ਗਿਆ ਸੀ ਯਾਰ।ਪਰ ਵੈਸੇ ਮੈਨੂੰ ਲਗਦਾ ਕਿ ਕਮਿਊਨਿਸਟ ਕਲਾਕਾਰਾਂ ਵਰਗੇ ਸੰਵੇਦਨਸ਼ੀਲ ਤੇ ਸੂਖ਼ਮ ਜੀਵ ਨੂੰ ਸਮਝ ਨਹੀਂ ਸਕੇ।ਉਹਦੇ ਲਈ ਕਦੇ ਥਾਂ ਹੀ ਨਹੀਂ ਬਣਨ ਦਿੱਤੀ।ਵਿਲਾਸ ਭੋਗਰੇ ਮਹਾਰਾਸ਼ਟਰੀ ਅੰਦਾਜ਼ ‘ਚ ਕਹਿੰਦਾ,ਅਸਲ ‘ਚ ਕਲਾਕਾਰ ਜਾਂ ਕੋਈ ਸੰਵੇਦਨਸ਼ੀਲ ਬੰਦਾ ਮਾਨਸਿਕ ਤੌਰ ‘ਤੇ ਆਮ ਸਮਾਜ ਨਾਲੋਂ ਜ਼ਿਆਦਾ ਜਿਉਂਦਾ ਹੈ।ਜਦੋਂ ਜ਼ਿਆਦਾ ਜਿਉਂਵੇਗਾ ਤਾਂ ਜ਼ਿਆਦਾ ਮਾਨਸਿਕ ਦਬਾਅ।ਓਪਰੋਂ ਅਸੰਵੇਦਨਸ਼ੀਲ਼ ਸਮਾਜ ਤੇ ਨਾ ਸਮਝ ਸਿਆਸੀ ਧਾਰਾ।ਕਿਵੇਂ ਬਚ ਸਕਦੈ ਕਲਾਕਰ।ਪਾਸ਼ ਟੱਲੀ ਹੋਇਆ ਵਿੱਚ ਆ ਕੇ ਕਹਿੰਦਾ “ਸਾਥੀ ਮਸਲਾ ਆਰਥਿਕ ਵੀ ਹੈ।ਗਾਮੀ ਤੇਰੀ ਆਰਥਿਕ ਖੁਦਕੁਸ਼ੀ ਆ।ਮੈਂ ਦੇਖ ਰਿਹਾਂ ਕਾਮਰੇਡਾਂ ਦੀ ਨਾ ਸਮਝੀ ਤੇ ਵਿਅਕਤੀਗਤ ਚੌਧਰ ਨੇ ਪੰਜਾਬ ਦੇ ਸਾਰੇ ਲੋਕ ਪੱਖੀ ਸੱਭਿਅਚਾਰਕ ਫਰੰਟ ਖ਼ਤਮ ਕਰਤੇ।ਗਦਰੀ ਬਾਬਿਆਂ ਦੇ ਮੇਲੇ ਤੇ 1 ਮਈ ਨੂੰ ਲੁਧਿਆਣੇ ਸਿਵਲ ਸੋਸਾਇਟੀ ਕਾਮਰੇਡ ਆਪਣੇ ਲਾਇਸੰਸ ਰਨਿਊ ਕਰਵਾਉਣ ਜਾਂਦੇ ਨੇ।ਓਥੇ ਕੀਹਦਾ ਨਾਟਕ ਹੋਊ,ਕੀਹਦਾ ਨਹੀਂ ਹੋਊ।ਇਹ ਪੂਰਾ ਅਫਸਰੀ ਮਾਮਲਾ ਹੈ।ਜੇ ਇਹਨਾਂ ਦੇ ਸੱਭਿਆਚਾਰਕ ਫਰੰਟਾਂ ਤੋਂ ਬਾਹਰ ਕੋਈ ਨਵਾਂ ਉਪਰਾਲਾ ਕਰ ਰਿਹਾ,ਉਹਨੂੰ ਡਿਪਰੈਸ ਕਰ ਦਿੰਦੇ ਨੇ।ਪਾਸ਼ ਗੱਲਾਂ ਕਰਦਾ ਕਰਦਾ ਭਾਵੁਕ ਹੋ ਗਿਆ।

ਚੀ ਗਵੇਰਾ ਸਿਖਰ ਛੁਹ ਚੱਕਿਆ ਸੀ।ਸਿਮੋਨ ਨਾਲ ਨਾਰੀਵਾਦ ‘ਤੇ ਬਹਿਸ ਕਰ ਰਿਹਾ ਸੀ।ਕਹਿੰਦਾ ਤੇਰੀ ਕਿਤਾਬ “ਦ ਸੈਕੇਂਡ ਸੈਕਸ” ਦਾ ਕੋਈ ਮੂੰਹ ਸਿਰ ਨਹੀਂ ਹੈ।ਬੁਰਜ਼ੂਆ ਡੈਮੋਕਰੇਸੀ ਦਾ ਨਾਰੀਵਾਦ ਐ,ਜਿਸਨੂੰ ਅਮੀਰ ਔਰਤਾਂ ਮਾਣਦੀਆਂ ਨੇ,ਗਰੀਬੜੀਆਂ ਦਾ ਕਾਹਦਾ ਨਾਰੀਵਾਦ।ਮੈਨੂੰ ਲਗਦਾ ਤੂੰ ਸੋਵੀਅਤ ਨਾਰੀਵਾਦ ਨਹੀਂ ਪੜ੍ਹਿਆ।ਮੈਂ ਕੋਲ ਗਿਆ ਤਾਂ ਕਹਿੰਦਾ,ਬਾਈ ਗਾਮੀ ਆਪਾਂ ਤਾਂ ਮਿਲੇ ਹੀ ਨਹੀਂ ਚੱਜ ਨਾਲ।ਸੱਚੀਂ ਜਦੋਂ ਕੋਈ ਪੰਜਾਬ ਦਾ ਕਾਮਰੇਡ ਨਰਕ ‘ਚ ਆਉਂਦਾ,ਮੈਨੂੰ ਬੜੀ ਖੁਸ਼ੀ ਹੁੰਦੀ ਹੈ।ਮੈਨੂੰ ਬੈਠਣ ਵਾਲੇ ਬੰਦਿਆਂ ਦੀ ਲੋੜ ਹੁੰਦੀ ਹੈ,ਪੰਜਾਬ ਵਾਲੇ ਬਾਈਆਂ ਦੇ ਬਾਈ ਹੁੰਦੇ ਨੇ।ਬਾਈ ਸੁਣਿਆ ਤੇਰੇ ਨਾਟਕ ਏਨੀ ਚਰਚਾ ਨਹੀਂ ਸਨ,ਜਿੰਨੀ ਤੇਰੀ ਦਾਰੂ ਚਰਚਾ ‘ਚ ਸੀ।ਮੈਂ ਕਿਹਾ ਹਾਂ।ਕਹਿੰਦਾ ਮਸਲਾ ਸਾਲਾ ਇਹੀ ਹੈ ਕਿ ਸਮਾਜ ਦਾਰੂ ਪੀਣ ਵਾਲੇ ਨੂੰ ਦੇਖਦਾ,ਪਰ ਉਹ ਦਾਰੂ ਕਿਉਂ ਪੀ ਰਿਹੈ..ਇਹ ਕੋਈ ਨਹੀਂ ਦੇਖਦਾ।ਬਾਈ ਲੋੜ ਟਾਹਣੀਆਂ ਫੜ੍ਹਨ ਦੀ ਨਹੀਂ,ਜੜ੍ਹ ਤੱਕ ਪਹੁੰਚਣ ਦੀ ਹੈ।ਸੋਡੇ ਜਗੀਰੂ ਸਮਾਜ ‘ਚ ਤਾਂ ਤਹਿ ਹੀ ਇਥੋਂ ਹੁੰਦੈ ਕਿ ਕਿਹੜਾ ਸਾਬਤ ਸੂਰਤ ਹੈ,ਕੌਣ ਸ਼ਰੀਫ ਦਿਖਦਾ ਹੈ।ਮੈਂ ਕਿਹਾ ਬਾਈ ਉਹ ਵੀ ਤੇ ਅਸੀਂ ਵੀ ਸਾਬਤ ਸੁਰਤਾਂ ਤੇ ਕਥਿਤ ਸ਼ਰੀਫਾਂ ਦੀਆਂ ਕਰਤੂਤਾਂ ਨੁੰ ਚੰਗੀ ਤਰ੍ਹਾਂ ਜਾਣਦੇ ਹਾਂ।

12 ਵਜੇ ਦੇ ਨੇੜੇ ਅਸੀਂ “ਦਾਰੂ ਪਾਰਕ” ਦੇ ਗੇਟ ‘ਤੇ ਆ ਚੁੱਕੇ ਸੀ।ਓਥੇ 2-3 ਸੇਮੀ ਤੇ ਸੈਮੂਅਲ ਜੌਹਨ ਵਰਗੇ ਮੰਤਰ ਪੜ੍ਹਨ ਵਾਂਗੂੰ ਜਾਕ ਦੈਰੀਦਾ…ਜਾਕ ਦੈਰੀਦਾ….ਜਾਕ ਦੈਰੀਦਾ ਕਰੀਂ ਜਾਂਦੇ ਸੀ।ਮੈਂ ਪਹਿਲੀ ਵਾਰ ਸੁਣਿਆ ਸੀ।ਚਾਰੂ ਮਜੂਮਦਾਰ ਤੋਂ ਪੁੱਛਿਆ ਤਾਂ ਉਹ ਕਹਿੰਦਾ ਇਹ ਉੱਤਰ ਅਧੁਨਿਕਤਾਵਾਦੀ ਨੇ,ਇਹਨਾਂ ਨੁੰ ਜਦੋਂ ਗੱਲ ਓੜਨੋਂ ਹਟ ਜਾਂਦੀ ਹੈ,ਫਿਰ ਇਹ ਉੱਚੀ ਉੱਚੀ ਜਾਕ ਦੈਰੀਦੈ..ਜਾਕ ਦੈਰੀਦੈ ਦਾ ਮੰਤਰ ਉਚਾਰਨ ਕਰਦੇ ਹਨ।ਇਹ ਤੈਨੁੰ ਹਰ ਰੋਜ਼ ਮਿਲਿਆ ਕਰਨਗੇ,ਕਹਿਣਗੇ ਦਲਿਤਾਂ ਦਾ ਮੁੱਦਾ ਜਮਾਤੀ ਨਹੀਂ ਵਰਗ ਦਾ ਹੈ।

ਨਰਕ ਕਾਫੀ ਵਿਕਸਤ ਹੈ,ਮੈਂ 5-7 ਦਿਨਾਂ ‘ਚ ਹੀ ਖਾਸਾ ਕੁਝ ਸਿੱਖ ਲਿਐ।ਬੜੇ ਮਿਹਨਤੀ ਲੋਕ ਨੇ ਇਥੇ।ਥੌੜ੍ਹੇ ਅਰਾਜਕ ਨੇ,ਤੋੜਨ ‘ਚ ਜ਼ਿਆਦਾ ਵਿਸ਼ਵਾਸ਼ ਰੱਖਦੇ ਨੇ,ਪਰ ਮੈਨੂੰ ਲਗਦਾ ਜਿਹੜੇ ਤੋੜ ਸਕਦੇ ਨੇ,ਉਹੀ ਬਣਾ ਸਕਦੇ ਹਨ।ਮੈਂ ਕੰਪਿਊਟਰ,ਇੰਟਰਨੈਟ,ਟਾਈਪਿੰਗ ਸਭ ਕੁਝ ਸਿੱਖ ਚੁੱਕਿਆਂ।ਬੜਾ ਜਮਹੂਰੀ ਸਮਾਜ ਹੈ ਨਰਕ ਦਾ।ਜਿਹੜਾ ਸਮਾਜ ਸ਼ਰਾਬੀ ਨੁੰ ਸ਼ਰਾਬੀ ਤੇ ਪਾਗਲ ਨੁੰ ਪਾਗਲ ਹੋਣ ਦਾ ਹੱਕ ਤੇ ਮਾਣ ਦੇ ਸਕਦੈ,ਉਸਤੋਂ ਜਮਹੂਰੀ ਸਮਾਜ ਕਿਹੜਾ ਹੋ ਸਕਦੈ।ਕਾਮਰੇਡ ਗੁੱਸੇ ਹੁੰਦੇ ਹੋਣਗੇ ਮੇਰੇ ਨਾਲ,ਪਰ ਸੱਚ ਦੱਸਾਂ ਮੇਰਾ ਕਹਿਣ ਨੂੰ ਉਦੋਂ ਵੀ ਬਹੁਤ ਕੁਝ ਜੀਅ ਕਰਦਾ ਹੁੰਦਾ ਸੀ,ਡਰਦਾ ਨਹੀ ਸੀ ਕਹਿੰਦਾ।ਰੋਟੀ ਦਾ ਵੀ ਮਸਲਾ ਸੀ।ਪਰ ਹੁਣ ਮੈਨੂੰ ਕਿਸੇ ਦਾ ਡਰ ਨਹੀਂ,ਅਜ਼ਾਦ ਹਾਂ ਮੈਂ।ਨਾਲੇ ਨਰਕ ਵਾਲੇ ਪੰਜਾਬ ਵਾਲਿਆਂ ਵਰਗੇ ਨਹੀਂ, ਇੱਥੇ ਅਲੋਚਨਾ ਬੜੀ ਖੁੱਲ੍ਹਦਿਲੀ ਨਾਲ ਸੁਣੀ ਜਾਂਦੀ ਹੈ।ਬਸ ਆਖਰੀ ਦੋ ਗੱਲਾਂ ਕਹਿਣ ਲੱਗਿਆਂ।ਸੇਮੀ,ਸੈਮੂਅਲ ਤੇ ਵਿਸ਼ਵ ਬਰਾੜ ਨੁੰ ਕਹਿਣਾ ਹੈ,ਬਾਈ ਜਵਾਕਾਂ ਨੂੰ ਸਾਂਭ ਲਿਓ।ਸਾਡੇ ਲੋਕਾਂ ਨੂੰ ਇਹੀ ਕਹਿਣਾ ਹੈ ਰੰਗਮੰਚ,ਕਲਾ ਤੇ ਕਲਾਕਾਰ ਸਾਂਭ ਲਓ ਯਾਰ।ਬਦਲਵੇਂ ਸੱਭਿਆਚਾਰ ਦੀ ਗੱਲ ਕਰਦੇ ਹੋਂ,ਉਹਦੀ ਬਦਲਵੀਂ ਆਰਥਕਤਾ ਨੂੰ ਵੀ ਸਮਝ ਲਓ ਤਾਂ ਕਿ ਅਸੀਂ ਖੁਦਕੁਸ਼ੀਆਂ ਘੱਟ ਕਰੀਏ।

ਨਰਕ ‘ਚੋਂ ਗਾਮੀ ਦੀ ਬਿਜਲਈ ਚਿੱਠੀ

ਇਹ ਚਿੱਠੀ ਬਿਨਾਂ ਪੁੱਛੇ ਕਿਤੇ ਵੀ ਛਾਪੀ ਜਾ ਸਕਦੀ ਹੈ।

14 comments:

 1. 'ਬਿਜਲਈ' ਝਟਕੇ ਨੇ, ਜਾਪਦਾ ਹੈ, ਅਗਿਆਤ ਲੇਖਕ ਦੀ ਸੁੱਧ-ਬੁੱਧ 'ਤੇ ਹੀ ਕਰੰਡ ਮਾਰ ਦਿੱਤਾ ਹੈ। ਸੰਭਵ ਹੈ, ਇਹ ਦਸਤਾਵੇਜ ਕਿਸੇ 'ਸ਼ਰਧਾਂਜਲੀ' ਸਭਾ ਦਾ ਹੀ ਨਤੀਜਾ ਹੋਵੇ ਜਿਥੇ ਲੇਖਕ ਨੇ, ਕੋਈ ਆਪੂੰ-ਬਣੇ 'ਬੁੱਧੀਜੀਵੀਆਂ' ਨਾਲ ਦਾਰੂ 'ਚ ਗੜੁੱਚ ਹੋ ਕੇ 'ਵਿਸ਼ਲੇਸ਼ਣ' ਕੀਤੇ ਹੋਣ । ਜਦੋਂ ਅਜਿਹੇ 'ਵਿਸ਼ਲੇਸ਼ਣ' ਜਾਦੇ ਗਾੜ੍ਹੇ ਹੋ ਜਾਂਦੇ ਹਨ ਅਤੇ ਦਾਰੂ ਹਾਜ਼ਮੇ ਤੋਂ ਵੱਧ ਪੀਤੀ ਜਾਂਦੀ ਹੈ ਤਾਂ ਖਾਧਾ-ਪੀਤਾ ਬਾਹਰ ਆ ਜਾਂਦਾ ਹੇ ਤੇ ਨਾਲ ਹੀ ਅਜਿਹੀ ਲਿਖਤ ਵੀ।
  ਸ਼ਾਇਦ ਲੇਖਕ 'ਗਾਮੀ' ਦਾ 'ਲਾਹਾ' ਲੈ ਕੇ, ਆਪਣੇ ਮਨ-ਭਾਉਂਦੇ 'ਕਿੱਤੇ' - ਜੱਗ-ਨਿਂਦਾ - ਦਾ ਲੁਤਫ਼ ਲੈਣਾ ਚਾਹੁੰਦਾ ਹੈ। ਲੇਖਕ ਦਰਸਾਉਣਾ ਸ਼ਾਇਦ ਇਹ ਚਾਹੁੰਦਾ ਹੋਵੇ ਕਿ ਉਸਨੂੰ ਗਾਮੀ ਜਾਂ ਗਾਮੀ 'ਵਰਗਿਆਂ' ਦੀ ਜਾਦੇ ਚਿੰਤਾ ਹੈ ਪਰ ਅਜਿਹਾ ਨਹੀਂ ਹੈ। ਕਿਉਂਕਿ ਅਜਿਹੀ ਹਾਲਤ 'ਚ 'ਬੰਦਾ' ਗੰਭੀਰ ਸੰਵਾਦ ਕਰਦਾ ਹੈ, ਆਵਦੀ ਕੋਈ ਪਹਿਲਕਦਮੀ, ਕੋਈ ਉੱਦਮ ਸਾਹਮਣੇ ਰੱਖਦਾ ਹੈ ਤੇ ਹੋਰਾਂ ਨੂੰ ਸਾਥ ਦੇਣ ਦਾ ਸੁਝਾਅ ਦਿੰਦਾ ਹੈ ਪਰ ਨਹੀਂ ਸਾਡਾ 'ਖੱਬੀਖਾਨ' ਅਜਿਹੇ ਕਿਸੇ ਝਮੇਲੇ 'ਚ ਨਹੀਂ ਪੈਂਦਾ।
  ਅਸਲ 'ਚ ਲੇਖਕ 'ਮਾਡਰਨ' 'ਬੁੱਧੀਜੀਵੀਆਂ' ਦੀ ਨਸਲ 'ਚੋਂ ਜਾਪਦਾ ਹੈ ਜਿਹੜੇ ਅਮੂਮਨ 'ਜਲੰਧਰ ਮੇਲੇ' 'ਚ ਕਾਫ਼ੀ ਗਿਣਤੀ 'ਚ ਦਰਸ਼ਨ ਦਿੰਦੇ ਹਨ। ਇਸ ਨਸਲ ਦਾ ਬਕਾਇਦਾ ਇਕ ਡਰੈਸ ਕੋਡ ਹੈ, ਵਿਸ਼ੇਸ਼ ਭਾਸ਼ਾ ਹੈ (ਜਿਸ ਵਾਸਤੇ ਪੰਜ ਸੱਤ ਵਿਦੇਸ਼ੀ ਲੇਖਕਾਂ ਦੇ ਵਿਕਲੋਤਰੇ ਨਾਮ ਯਾਦ ਹੋਣੇ ਜਰੂਰੀ ਹਨ ਤੇ ਪੰਜ-ਚਾਰ ਵਿਕਲੋਤਰੀਆਂ ਕਿਤਾਬਾਂ ਦੇ), ਨਾਰੀ-ਮੁਕਤੀ ਇਨ੍ਹਾਂ ਦਾ ਮਨਪਸੰਦ ਜਿਹਾਦ ਹੈ, ਦਲਿਤਾਂ ਬਾਰੇ ਵੀ ਇਹ ਕਾਫ਼ੀ ਫ਼ਿਕਰਮੰਦ ਹੁੰਦੇ ਹਨ। ਪੂਰੇ ਜੋਬਨ 'ਤੇ ਇਹ ਉਦੋਂ ਖਿੜਦੇ ਹਨ ਜਦੋਂ ਇਹ ਸਮਾਜਕ ਕਾਰਜਕਰਤਾਵਾਂ ਜਾਂ ਕਿਸੇ ਵੀ ਖੇਤਰ ਦੇ ਅਮਲੀ ਕੰਮ-ਕਾਰ 'ਚ ਜੁੜੇ ਲੋਕਾਂ ਜਾਂ ਸੰਸਥਾਵਾਂ ਦੀ ਨਿੰਦਾ ਕਰਦੇ ਹਨ।
  ਉਂਝ, ਇਹ ਆਪਣੇ ਪੂਰਵਜਾਂ ਮੁਤਾਬਕ 'ਕਰਦੇ-ਕਤਰਦੇ' ਕੁੱਝ ਨਹੀਂ।ਪਿੰਡੇ ਨੂੰ ਇਹ ਮੁੜ੍ਹਕਾ ਨ੍ਹੀਂ ਝੱਲਦੇ। ਚੌਵੀ 'ਚੋਂ ਸੋਲਾਂ ਘੰਟੇ ਦਾਰੂ ਪੀ ਸਕਦੇ ਹਨ। ਜੁੰਮੇਵਾਰੀ ਚੱਕਕੇ ਇਹ ਕਿਤੇ ਰਾਜ਼ੀ ਨਹੀਂ। ਘਰਦੇ, ਇਨ੍ਹਾਂ ਨੂੰ ਪੂਰਾ ਨਫ਼ੈਥਰ ਸਮਝਦੇ ਹਨ। ਬੱਸ, ਗੱਲਾਂ, ਇਹ ਵੱਡੀਆਂ ਵੱਡੀਆਂ ਮਾਰਦੇ ਹਨ।
  ਆਸ ਹੈ, ਕਿ ਲੇਖਕ ਗਾਮੀ ਬਾਰੇ ਭਕਾਈ ਮਾਰਨ ਨਾਲੋਂ, ਕੋਈ ਚੱਜ ਦਾ ਉਦਮ ਕਰੇਗਾ। ਕੁਝ ਲੋਕਾਂ ਨੇ ਘੱਟੋ-ਘੱਟ ਗਾਮੀ ਦੀ ਲੋਥ ਢਕੀ ਤਾਂ ਹੈ, ਲੇਖਕ ਨੂੰ ਬੇਨਤੀ ਹੈ ਕੇ ਉਹ ਗਾਮੀ ਦੇ ਸਿਵੇ ਖਰਾਬ ਨਾ ਕਰੇ। ਜੇ ਉਸਨੂੰ ਕੋਈ ਪੀੜਾ ਹੈ ਤਾਂ ਗੰਭੀਰ ਸੰਵਾਦ ਕਰੇ।

  ReplyDelete
 2. ਚਲਾਕੀ ਨਾਲ ਨਾਂਅ ਨਾ ਲਿਖਣ ਵਾਲੇ ਕਾਮਰੇਡ ਬੜਾ ਹਾਸਾ ਆ ਰਿਹਾ ਤੇਰੀ ਗੱਲ 'ਤੇ........ਯਾਰ ਓਹ ਸੰਵਾਦ ਦੀ ਗੱਲ ਕਰ ਰਹੇ ਨੇ,ਜਿਹੜੇ ਆਪ ਕਿਸੇ ਨਾਲ ਸੰਵਾਦ ਰਚਾਉਣ ਨੂੰ ਤਿਆਰ ਨਹੀਂ।ਮੈਂ ਤਾਂ ਬੜੇ ਸਹਿਜ ਢੰਗ ਨਾਲ ਪੂਰੀ ਚਿੱਠੀ 'ਚ 5-7 ਗੱਲਾਂ ਕੀਤੀਆਂ ਨੇ।ਥੌਡੇ ਮੁਤਾਬਕ ਮੈਂ ਭਕਾਈ ਮਾਰੀ ਹੈ,ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓ,ਚਰਚਾ ਗੰਭੀਰ ਹੋ ਜਾਵੇਗੀ।ਤੁਸੀਂ ਕਹਿਣੇ ਹੋਂ ਲੇਖਕ ਖੱਬੀਖਾਨ ਹੈ,ਡਰੈਸ ਕੋਡ ਹੈ,ਵਿਸ਼ੇਸ਼ ਭਾਸ਼ਾ ਹੈ,ਮਾਰਡਨ ਬੁੱਧੀਜੀਵੀ ਹੈ,ਅਸਲ 'ਚ ਇਥੋਂ ਥੌਡੀ ਮਾਨਸਿਕਤਾ ਝਲਕਦੀ ਹੈ।ਤੁਸੀਂ ਹੁਣ ਤੱਕ ਵਿਸ਼ੇਸ਼ਣ ਵਰਤਣੇ ਹੀ ਸਿੱਖੇ ਨੇ,ਇਸਤੋਂ ਵੱਧ ਕੁਝ ਨਹੀਂ। ਨਾਲੇ ਯਾਰ ਮੈਂ ਤਾਂ ਕਹਿ ਚੁੱਿਕਆ ਨਰਕ ਪਾਗਲ ਨੂੰ ਪਾਗਲ ਹੋਣ ਦਾ ਹੱਕ ਦਿੰਦੀ ਹੈ,ਜੇ ਤੁਸੀਂ ਜਮਹੂਰੀ ਹੋ ਤਾਂ ਘੱਟੋ ਘੱਟੋ ਮੈਨੂੰ ਪਾਗਲ ਹੋਣ ਦਾ ਹੱਕ ਤਾਂ ਦੇ ਦਿਓ---ਗਾਮੀ

  ReplyDelete
 3. 'ਪਾਗਲ ਹੋਣ ਦਾ ਜਮਹੂਰੀ ਹੱਕ' ਤੁਹਾਡੇ ਤੋਂ ਕਿਸੇ ਨੇ ਨਹੀਂ ਖੋਹਿਆ ਤੇ ਤੁਸੀਂ ਪੂਰੀ ਸ਼ਿਦੱਤ ਨਾਲ ਇਸ ਨੂੰ ਪਹਿਲਾਂ ਹੀ ਮਾਣ ਰਹੇ ਹੋ। ਮੈਂ ਤਾਂ, ਗਲਤੀ ਨਾਲ, ਅਰਜ਼ ਕੀਤੀ ਸੀ ਕਿ ਜੇ ਪਲ-ਕੁ ਇਸ ਅਧਿਕਾਰ ਨੂੰ ਰਾਖਵਾਂ ਕਰ ਦਿਓਂ....ਬਾਕੀ ਮੈਂ ਉਸ ਕਲਬੂਤ ਨੂੰ ਮੁਖਾਤਿਬ ਹਾਂ ਜਿਸਨੇ ਗਾਮੀ ਦਾ ਭੂਤ ਮੱਲਿਆ ਹੋਇਆ ਹੈ।

  ReplyDelete
 4. ਕਿਆ ਬਾਤ ਹੈ ਕਾਮਰੇਡ--ਤੁਸੀਂ ਆਪਣੇ ਚੌਖਟੇ 'ਚੋਂ ਬਾਹਰ ਨਿਕਲਕੇ ਕਿਸੇ ਨੂੰ ਹੱਕ ਵੀ ਦੇਣ ਲੱਗ ਪਏ।ਨਹੀਂ ਤਾਂ ਆਮ ਕਰਕੇ ਤੁਸੀਂ ਹੱਕ ਦਿਵਾਉਂਦੇ ਹੋ..ਦਿੰਦੇ ਤਾਂ ਨਹੀਂ।ਕਿਸ ਪਾਰਟੀ ਦੇ ਹੋਂ ..ਦੱਸ ਦਿਓ..ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਕੱਚੇ ਚਿੱਠੇ ਹਨ ਮੇਰੇ ਕੋਲ।.ਵੈਸੇ ਮੈਨੂੰ ਥੋੜ੍ਹਾ ਬਹੁਤਾ ਪਤਾ ਲੱਗਿਆ ਤੁਹਾਡੇ ਬਾਰੇ.....ਤਹਾਡੀ ਤਾਂ ਪਾਰਟੀ ਹੀ ਬਹੁਤ ਮਹਾਨ ਹੈ।ਦੇਖੇ ਤੁਸੀਂ ਸਮਾਜ ਦੇ ਜ਼ਿੰਮੇਵਾਰ ਤੇ ਗੰਭੀਰ ਬਹਿਸ ਕਰਨ ਵਾਲੇ ਬੰਦੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋਂ।----ਧੰਨਵਾਦ ਤੁਹਾਡਾ-----ਪਰ ਜੇ ਤੁਹਾਡੇ ਕੋਲ ਇਸ ਲਿਖਤ ਤੇ ਦਲਜੀਤ ਅਮੀ ਦੀ ਚਿੱਠੀ ਦੇ ਜਵਾਬ ਹਨ ਤਾਂ ਗੰਭੀਰ ਬਹਿਸ ਚਲਾਓ।ਤੁਹਾਡੀ ਰਚਨਾ ਦਾ ਸਵਾਗਤ ਕਰਨਗੇ ਗੁਲਾਮ ਕਲਮ ਵਾਲੇ।ਜੇ ਦਲਜੀਤ ਅਮੀ ਦੀ ਚਿੱਠੀ ਪੜ੍ਹੀ ਨਹੀਂ ਤਾਂ ਮੈਂ ਮੇਲ ਕਰ ਦਿੰਦਾ ਹਾਂ।ਲੋਕ ਵੀ ਤਾਂ ਵੇਖਣ ਤੁਸੀਂ ਕਿੰਨੇ ਗੰਭੀਰ ਹੋਂ।---ਗਾਮੀ

  ReplyDelete
 5. ਪਤਾ ਨਹੀਂ ਕਿੰਨੇ ਹੀ ਗਾਮੀ ਨਰਕ 'ਚ ਆਵਦੀਆਂ ਚਿੱਠੀਆਂ ਲਿਖ-ਲਿਖ ਆਪ ਨੂੰ ਹੀ ਪਾਉਂਦੇ ਰਹੇ ਹੋਣਗੇ।ਤੁਸੀਂ ਭਲੇ-ਮਾਣਸ ਡਾਕੀਏ ਹੋ ਜਿੰਨ੍ਹਾਂ ਨੇ ਇਹ ਚਿੱਠੀ ਅਸਲੀ ਸਿਰਨਾਵੇਂ ਤੇ ਅਪੜਾ ਦਿੱਤੀ।
  ਗੁਰਮੀਤ ਬਰਾੜ
  www.likhtam.com

  ReplyDelete
 6. Rodee Jave Utle Mano - Huth Ghutt ke Hane noo paye!!!!- Darshan Dhillon www.charchapunjab.com

  ReplyDelete
 7. ਓਹੋ, ਤੁਸੀਂ ਤਾਂ ਧਮਕੀਆਂ 'ਤੇ ਉੱਤਰ ਆਏ।
  ਤਬਦੀਲੀ ਦੇ ਕਿਸੇ ਵੀ ਅਮਲ ਦੌਰਾਨ, ਵਿਕਾਸ ਦੇ ਅਧੂਰੇ, ਲੰਗੜੇ ਜਾਂ ਬਿਮਾਰ ਵਗੈਰਾ-ਵਗੈਰਾ ਪੱਖਾਂ ਨੂੰ ਚੱਕ ਕੇ ਉਛਾਲਣ ਵਾਲੇ 'ਵਿਹਲੇ' ਹੱਥ ਬਹੁਤਾਤ 'ਚ ਮਿਲਦੇ ਹਨ। ਅੱਜ ਨਹੀਂ, ਹਮੇਸ਼ਾਂ ਤੋਂ ਹੀ। ਕਿਉਂਕਿ 'ਤਬਦੀਲੀ' ਆਪਣੇ ਤਰਕ ਵਜੋਂ ਹੀ ਅਧੂਰੇਪਣ ਦਾ ਨਾਂ ਹੈ। ਅਧੂਰੀ ਚੀਜ਼ ਨੂੰ ਨਿੰਦਣਾ ਕੀ ਔਖਾ ਹੈ?? 'ਸੁਆਲ' ਉਠਾਉਣੇ ਕੀ ਔਖੇ ਹਨ। ਮਾਮਲਾ ਤਾਂ ਜਵਾਬ ਬਨਾਉਣ ਦਾ ਹੁੰਦਾ ਹੈ। ਸਥਿਤੀ ਦੇ ਅਧੂਰੇਪਣ ਨੂੰ ਸਵੀਕਾਰਨਾ, 'ਨਿੰਦਾ' ਨਾਲੋਂ 'ਨਿਰਮਾਣ' ਦਾ ਨਮੂਨਾ ਪੇਸ਼ ਕਰਨਾ- ਗੰਭੀਰਤਾ ਦਾ ਮਤਲਬ ਹੋਰ ਕੀ ਹੈ?
  ਸੋ,ਤੁਹਾਨੂੰ ਜੇ ਲਗਦਾ ਹੈ ਕਿ ਤੁਸੀਂ ਕੁਝ ਸੁਆਲ ਉਠਾਏ ਹਨ, ਤਾਂ ਦੋਸਤ ਉਸਦਾ 'ਤੁਸੀਂ' ਜੁਆਬ ਕੀ ਬਣਾਇਆ ਹੈ?? ਲਾਗੂ ਕੀ ਕੀਤਾ ਹੈ? ਕੋਈ ਚੰਗਾ ਕੰਮ ਕਰਨ ਲਈ ਅਵਾਜ਼ ਮਾਰੀ ਹੈ? ਕੋਈ ਰਹਿ ਗਈਆਂ ਕਸਰਾਂ ਨੂੰ ਦੂਰ ਕਰਨ ਲਈ ਆਵਾਜ਼ ਮਾਰੀ ਹੈ? ਆ ਰਹੀਆਂ ਦਿੱਕਤਾਂ ਲਈ ਕੋਈ ਹੱਲ ਤਲਾਸ਼ਿਆ ਹੈ?
  ਕੰਮ ਤਾਂ ਆਹ ਕਰਨ ਵਾਲਾ ਹੁੰਦਾ ਹੈ। ਫਿਰ ਕਿਸੇ ਦਾ ਦਿੱਤਾ 'ਜਵਾਬ' ਵੀ ਸਮਝ ਆ ਜਾਵੇਗਾ।
  ਵੈਸੇ ਮੈਨੂੰ ਕਿਸੇ ਦੀ ਚਿੱਠੀ ਕੀ ਮੇਲ ਕਰਨੀ ਹੈ? ਛਾਪ ਕਿਉਂ ਨਹੀਂ ਦਿੰਦੇ? 'ਨਾਲੇ ਘੁੰਢ ਕਢਣਾ, ਨੰਗਾ ਰੱਖਣਾ ਕਲਿਪ ਵਾਲਾ ਪਾਸਾ।'
  ਸੋ, ਮੇਰਾ ਸੁਝਾਅ ਹੈ ਕਿ ਜੋ ਵੀ ਸੁਆਲ ਤੁਹਾਡੇ ਚਿੱਤ 'ਚ ਹਨ, ਉਨ੍ਹਾਂ ਦਾ 'ਤੁਹਾਡਾ' ਜਵਾਬ, ਲਾਗੂ ਕਰਨ ਦੇ ਤੁਹਾਡੇ 'ਯਤਨ', ਸਭ ਦਾ ਖੁਲਾਸਾ ਕਰੋ ਤਾਂ ਜੋ ਕੋਈ ਵਿਸ਼ਾਲ 'ਜਵਾਬ' ਬਣ ਸਕਣ।

  ReplyDelete
 8. ਸੱਜੇਪੱਖੀਆਂ ਤੇ ਕਥਿਤ ਕਾਮਰੇਡਾਂ ਦੀ ਇਕ ਗੱਲ ਇਕੋ ਜਿਹੀ ਹੁੰਦੀ ਹੈ,ਕਿ ਦੋਵੇਂ ਨਤੀਜੇ ਕੱਢਕੇ ਬਹਿਸ ਕਰਨੀ ਸ਼ੁਰੂ ਕਰਦੇ ਨੇ ਤੇ ਦੋਵੇਂ ਸੁਣਨ ਦਾ ਮਾਦਾ ਨਹੀਂ ਰੱਖਦੇ,ਕਿਉਂਕਿ ਦੋਵੇਂ ਨੂੰ "ਅਤਿ ਸਿਆਣਪ" ਨਾਂਅ ਦੀ ਬੀਮਾਰੀ ਹੁੰਦੀ ਹੈ।ਮਹਾਰਾਜ ,...ਸਿਆਸੀ ਆਰਥਿਕਤਾ ਪੜੋ ਤੇ ਸਮਝੋ..ਪਤਾ ਲੱਗ ਜਾਊ ਤਬਦੀਲੀ ਦੇ ਅਮਲ ਦਾ ਸਮਾਜ ਨਾਲ ਦਵੰਦਵਾਦੀ ਰਿਸ਼ਤਾ ਹੈ,ਇਹ ਅਧੂਰੇਪਣ ਦਾ ਨਾਂਅ ਨਹੀ ਪੂਰੇਪਣ ਦਾ ਦੌਰ ਹੁੰਦਾ ਹੈ।ਪਰ ਇਸ ਦੌਰ 'ਚ ਲੀਡਰਸ਼ਿੱਪ ਤੇ ਸਿਆਸੀ ਸਮਝ 'ਤੇ ਹੀ ਸਭ ਕੁਝ ਨਿਰਭਰ ਕਰਦਾ ਹੈ,ਕੀ ਭਵਿੱਖ ਕਿਹੋ ਜਿਹਾ ਹੋਵੇਗਾ।.........ਅਸੀਂ ਜਿਹੜੇ ਨਿਰਮਾਣ ਕਰਨ ਦਾ ਦਾਅਵਾ ਕਰਦੇ ਨੇ,ਉਹਨਾਂ ਨੂੰ ਸਵਾਲ ਕਰ ਰਹੇ ਹਾਂ।ਜਵਾਬ ਉਹਨਾਂ ਨੇ ਦੇਣੇ ਨੇ,ਕਿਉਂਕਿ ਉਹਨਾਂ ਕੋਲ ਹੀ ਵਿਸ਼ਾਲ ਨਜ਼ਰੀਆ ਤੇ ਗੰਭੀਰ ਸਮਝ ਹੈ।ਪਾਰਟੀਆਂ ਚਲਾਉਂਦੇ ਨੇ ਤੇ ਪਾਰਟੀਆਂ ਨੂੰ ਸਵਾਲ ਕਰਨ ਦਾ ਹੱਕ ਸਭ ਦਾ ਹੈ।ਅਸੀਂ ਸਿਰਫ ਸਵਾਲ ਕਰ ਸਕਦੇ ਹਾਂ,ਪਰ ਤੁਸੀਂ ਬੋਲਣ ਦਾ ਹੱਕ ਵੀ ਖੋਹ ਰਹੇ ਹੋਂ।ਵਿਅਕਤੀਗਤ ਅਜ਼ਾਦੀ ਨਾਂਅ ਦੀ ਵੀ ਇਕ ਚਿੜੀ ਹੁੰਦੀ ਹੈ,ਜਿਹੜੀ ਤਹਾਨੂੰ ਪਸੰਦ ਨਹੀਂ।ਕੀ ਜਿਹੜੇ ਜਵਾਬ ਨਹੀਂ ਦੇ ਸਕਦੇ,ਤੁਹਾਡੇ ਵਾਂਗੂੰ ਚੰਗਾ ਕੰਮ ਨਹੀਂ ਕਰ ਸਕਦੇ,ਯਤਨ ਵੀ ਨਹੀਂ ਕਰ ਸਕਦੇ....ਉਹਨਾਂ ਨੁੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ...?ਇਹ ਅਧਿਕਾਰ ਕਿਸਨੇ ਦਿੱਤਾ ਤਹਾਨੂੰ।ਜਨਤਾ ਨੇ ਜਾਂ ਫਲਸਫੇ ਨੇ।ਸਦਕੇ ਜਾਈਏ ਤੁਹਾਡੀ ਸਮਝ ਦੇ।ਤੁਸੀਂ "ਸੌ ਫੁੱਲ਼ ਖਿੜਨ ਦਿਓ,ਹਜ਼ਾਰ ਵਿਚਾਰ ਭਿੜਨ ਦਿਓ" ਦੇ ਪੋਸਟਰ ਕੰਧਾਂ 'ਤੇ ਸਜਾ ਸਕਦੇ ਹੋਂ।ਵਿਚਾਰਾਂ ਦਾ ਅਮਲ ਤਾਂ ਸਭ ਨੂੰ ਦਿਖ ਹੀ ਰਿਹਾ ਹੈ।-ਗਾਮੀ

  ReplyDelete
 9. From the above comments of anonymous, may someone tell us that what we, the youth of country should conclude about So-called Comrades fighting for liberal world? Talking about maturity in the writing of above letter, did he measure his own level of argumentation while condemning the writer he said "ਇਹ ਆਪਣੇ ਪੂਰਵਜਾਂ ਮੁਤਾਬਕ 'ਕਰਦੇ-ਕਤਰਦੇ' ਕੁੱਝ ਨਹੀ, ਜੁੰਮੇਵਾਰੀ ਚੱਕਕੇ ਇਹ ਕਿਤੇ ਰਾਜ਼ੀ ਨਹੀਂ।" So Mr. Anonymous may we ask you people that except advocacy of your own acts, squabbling with other's views and repudiating the melioration in your thoughts, what else you did? Atleast this person ignited the tragedy of existent world. Am very much thankful to the mailman of this letter to deliver this letter in this world and now those people really need to think and find reason behind their exasperation to whom it appeared callow and impolite.

  ReplyDelete
 10. ਤੁਹਾਡਾ ਗੁੱਸਾ _____ ਹੈ। ਮੈਂ, ਨਾ ਕੋਈ ਸੰਸਥਾ ਹਾਂ ਨਾ ਕਿਸੇ ਸੰਸਥਾ ਦਾ ਨੁਮਾਇੰਦਾ। ਬਿਲਕੁਲ ਵੀ ਨਹੀਂ। ਸ਼ਾਇਦ, ਇਸੇ ਕਰਕੇ ਇਸ ਤਰ੍ਹਾਂ ਗੱਲਾ ਕਰਨ ਦੀ ਖੁੱਲ ਲੈ ਰਿਹਾਂ ਹਾਂ।
  ਪਰ ਮੈਂ ਤੁਹਾਡੀ ਇਸ ਵੰਡ ਨਾਲ ਸਹਿਮਤ ਨਹੀਂ ਕਿ ਇਕਨਾਂ ਨੇ ਸਵਾਲ ਹੀ ਕਰਨੇ ਹਨ ਅਤੇ ਇਕਨਾਂ ਨੇ ਜਵਾਬ ਦੇਣੇ ਹਨ। ਅਜਿਹੀ ਵੰਡ ਦੇ ਹੁੰਦਿਆਂ ਨਾ ਕੋਈ ਜਵਾਬ ਦੇ ਸਕਦਾ ਹੈ ਨਾਂ ਹੀ ਕੋਈ ਦਿੱਤੇ ਜਵਾਬ ਦੀ ਕਦਰ ਪੈ ਸਕਦੀ ਹੈ। ਚਾਹੇ ਕੋਈ ਲੇਖਣੀ ਦੇ ਕਿੱਤੇ 'ਚ ਹੀ ਹੋਵੇ, ਇਹ ਵੰਡ ਦਰੁਸਤ ਨਹੀਂ ਹੈ। ਜਿਡੇ ਮੋਟੇ ਝਾੜੂ ਨਾਲ ਤੁਸੀਂ ਸੰਭਰਦੇ ਹੋ ਉਸਦਾ ਕੋਈ ਰਚਨਾਤਮਕ ਲਾਭ ਨਹੀਂ।
  ਸ਼ਿਕਾਇਤੀਏ ਦੀ ਮਾਨਸਕਤਾ ਨਾਲੋਂ 'ਉਸਰਈਏ' ਤੇ 'ਕਾਮੇ' ਦੀ ਮਾਨਸਕਤਾ 'ਚ ਆ ਕੇ ਹੀ ਜਵਾਬ ਘੜੇ ਜਾਂ ਸਿਰਜੇ ਜਾਂ ਸੁਧਾਰੇ ਜਾ ਸਕਦੇ ਹਨ। ਤੇ ਉਸੇ ਦਾ ਲਾਭ ਹੁੰਦਾ ਹੈ।
  ਪੰਜਾਬ ਦੀ ਅਗਾਂਹਵਧੂ ਸਭਿਚਾਰਕ ਲਹਿਰ ਦਾ ਪੰਜਾਬ ਦੇ ਕੁੱਲ ਸਭਿਆਚਾਰਕ ਮਹੌਲ 'ਚ ਆਪਣਾ ਇੱਕ ਸਥਾਨ ਹੈ। ਤੇ ਇਹ ਕਈ ਦਹਾਕਿਆਂ ਪੁਰਾਣੀ ਹੈ। ਆਪਣੇ ਤਮਾਮ ਅਧੂਰੇਪਣਾਂ ਦੇ ਬਾਵਜੂਦ, ਜਿਸ ਬਾਰੇ ਕੋਈ ਵੀ ਲੰਮਾ ਚਿੱਠਾ ਪੇਸ਼ ਕਰ ਸਕਦਾ ਹੈ, ਇਸਨੇ ਆਪਣੀ ਹੋਂਦ ਨਾ ਸਿਰਫ ਬਣਾਈ ਰੱਖੀ ਹੈ ਸਗੋਂ ਨਵੀਆਂ ਪੈੜਾਂ ਵੀ ਪਾ ਰਹੀ ਹੈ। ਔਰ ਇਸ ਵਿਚ ਸਭਿਆਚਾਰਕ ਕਾਮਿਆਂ ਦੇ ਸਿਰੜ ਦਾ ਅਹਿਮ ਯੋਗਦਾਨ ਹੈ। ਉਹਨਾਂ ਨੇ ਤੁਹਾਡੇ ਸਰੋਕਾਰ ਵਾਲੀਆਂ ਕਈ ਸਮੱਸਿਆਵਾਂ ਨਾਲ ਸਿੱਝਣ ਦੇ ਰਾਹ ਵੀ ਕੱਢੇ ਹਨ। ਗੁਰਸ਼ਰਨ ਭਾਜੀ ਇਸਦੀ ਢੁਕਵੀਂ ਮਿਸਾਲ ਹਨ। ਪਰ ਬਹੁਤ ਕੁਝ ਨਵਾਂ ਕਰਨ ਵਾਲਾ ਹੈ। ਬਹੁਤ ਕੁਝ ਦਰੁਸਤ ਕਰਨ ਵਾਲਾ ਹੈ। ਇਸੇ ਤਰ੍ਹਾਂ, ਸਭਿਆਚਾਰਕ ਲਹਿਰ ਦੇ ਵਧਾਰੇ-ਫੁਲਾਰੇ ਲਈ ਤਮਾਮ ਜਨ-ਸੰਗਠਨਾਂ ਦਾ ਆਪਣਾ ਰੋਲ ਰਿਹਾ ਹੈ। ਇਸ ਵਿਚ ਵੀ ਬਹੁਤ ਕੁਝ ਨਵਾਂ ਤੇ ਦਰੁਸਤ ਕਰਨ ਵਾਲਾ ਹੋ ਸਕਦਾ ਹੈ।
  ਕੀ ਹਾਂ-ਪੱਖੀ ਹੈ, ਕੀ ਕਸਰਾਂ ਹਨ, ਕੀ ਕਰਿਆ ਜਾਵੇ - ਇਹੋ ਜਿਹੀਆਂ ਗੱਲਾਂ ਦਾ ਫਾਇਦਾ ਹੋ ਸਕਦਾ ਹੈ। ਬਿਜਲੀਆਂ ਸਿਟਣ ਨਾਲ ਕੀ ਸੰਵਰੇਗਾ??

  ReplyDelete
 11. ਸੁਧਾਰ - ਉਕਤ ਦੀ ਪਹਿਲੀ ਲਾਈਨ ਇਸ ਤਰ੍ਹਾਂ ਹੈ --ਤੁਹਾਡਾ ਗੁੱਸਾ misplaced ਹੈ।

  ReplyDelete
 12. ਮਾਰਕਸ ਕਹਿੰਦਾ,ਕੋਈ ਗੱਲ ਨਹੀਂ ਕਈ ਗੱਲਾਂ ਸਮੇਂ ਨਾਲ ਸਮਝ ਆਉਂਦੀਆਂ ਨੇ।

  ReplyDelete
 13. ਆਹ ਚਿਠੀ ਮੌਤ ਤੋਂ ਪਹਿਲਾਂ ਗਾਮੀ ਨੇ ਖੁਦ ਲਿਖੀ ਸੀ, ਜਾਂ ਕਿਸੇ ਹੋਰ ਨੇ?

  ReplyDelete
 14. ਕੁਝ ਭੰਡੀ ਪਰਚਾਰ ਵਰਗੀ ਚੀਜ ਹੈ

  ReplyDelete