ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, May 16, 2012

ਜੱਟਾਂ,ਬੰਦੂਕਾਂ ਤੇ ਕਬਜ਼ਿਆਂ ਤੋਂ ਦੂਰ ਵਿਚਰਦਾ ਸੰਗੀਤ


ਹਰਪ੍ਰੀਤ ਸਿੰਘ ਕਾਹਲੋਂ ਦੀ ਰੱਬੀ ਸ਼ੇਰਗਿੱਲ ਨਾਲ ਮੁਲਾਕਾਤ 

ਕੀ ਕਾਰਣ ਹੈ ਕਿ ਤੁਸੀ ਆਪਣੀ ਨਵੀਂ ਤੀਜੀ ਐਲਬਮ ਦਾ ਨਾਮ 'ਥ੍ਰੀ' ਰੱਖਿਆ,ਕੀ ਕੋਈ ਹੋਰ ਨਾਮ ਨਹੀਂ ਸੁੱਝਿਆ?:ਸੱਚੀ ਦੱਸਾਂ ਤਾਂ ਇਸ ਬਾਰੇ ਸੋਚਿਆ ਬਹੁਤ ਗਿਆ ਸੀ ਪਰ ਮਹਿਸੂਸ ਇਹ ਹੋਇਆ ਕਿ ਅਜੋਕੇ ਸੰਸਾਰ ਵਿੱਚ ਇਨਫੋਰਮੇਸ਼ਨ ਲੋਡ ਬਹੁਤ ਹੈ ਸੋ ਅਜਿਹੇ ਮਿਜਾਜ਼ 'ਚ ਅਸੀ ਨਾਮ ਜਸਟ 'ਥ੍ਰੀ' ਰੱਖ ਦਿੱਤਾ ਕਿ ਲੋਕ ਸਿਰਫ ਐਲਬਮ ਨੂੰ ਖਰੀਦਨ ਅਤੇ ਉਹਨਾਂ ਨੂੰ ਸ਼ੁਰੂਆਤ 'ਚ ਕੋਈ ਬਹੁਤਾ ਦਿਮਾਗੀ ਖਪਾਈ ਨਾ ਕਰਨੀ ਪਵੇ।ਪਹਿਲਾਂ ਅਸਾਂ ਸੋਚਿਆ ਸੀ ਕਿ ਐਲਬਮ ਦਾ ਨਾਮ 'ਕੈਬਰੇਟ ਵਾਇਮਰ' ਰੱਖਿਆ ਜਾਵੇ ਪਰ ਇਸ ਬਾਰੇ ਰਿਕਾਰਡ ਲੇਬਲ ਯਕੀਨੀ ਨਹੀਂ ਸੀ ਕਿ ਇਹ ਲੋਕਾਂ ਨੂੰ ਕਿਲੱਕ ਕਰੇ ਕਿ ਨਾ ਕਰੇ।ਫਿਰ ਆਪਣੇ ਇੱਕ ਹੋਰ ਗੀਤ 'ਗੰਗਾ' ਨੂੰ ਵੀ ਐਲਬਮ ਦਾ ਨਾਮ ਦੇਣ ਦੀ ਕੌਸ਼ਿਸ਼ ਕੀਤੀ ਗਈ ਫਿਰ ਇਸ ਬਾਰੇ ਵੀ ਰਿਕਾਰਡ ਲੇਬਲ ਨੂੰ ਲੱਗਿਆ ਕਿ ਇਹ ਪੰਜਾਬੀ ਸਰੋਤਿਆਂ ਦੇ ਹਿਸਾਬ ਨਾਲ ਨਹੀਂ।ਫਿਰ ਅਸੀ ਜਸਟ ਇਹਦਾ ਨਾਮ 'ਥ੍ਰੀ' ਰੱਖ ਦਿੱਤਾ।ਕਿਉਂ ਕਿ ਐਲਬਮ ਦਾ ਨਾਮ ਰੱਖਣ ਲਈ ਰਿਕਾਰਡ ਕੰਪਨੀਆਂ ਬਹੁਤ ਤਰ੍ਹਾਂ ਸੋਚਦੀਆਂ ਹਨ।ਦੂਜਾ ਮੈਨੂੰ ਲੱਗਦਾ ਹੈ ਕਿ ਨਾਮ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਗੋਂ ਲੋਕਾਂ ਨੇ ਤੇ ਐਲਬਮ ਦੇ ਗੀਤਾਂ ਕਰਕੇ ਹੀ ਕਿਸੇ ਐਲਬਮ ਨਾਲ ਜੁੜਨਾ ਹੁੰਦਾ ਹੈ।

ਪਰ ਕਹਿਣ ਵਾਲੇ ਤਾਂ ਕਹਿੰਦੇ ਹਨ ਕਿ ਨਾਮ ਵਿੱਚ ਹੀ ਅਸਲ ਦਾ ਵਜੂਦ ਲੁਕਿਆ ਹੁੰਦਾ ਹੈ।ਇੱਕ ਨਾਮ ਹੀ ਕਿਸੇ ਨੂੰ ਬੇਪਛਾਣਾ ਹੋਣ ਤੋਂ ਬਚਾਉਂਦਾ ਹੈ?
:ਨਾਮ ਦੇ ਵੀ ਬਹੁਤ ਸਾਰੇ ਅਧਾਰ ਹੁੰਦੇ ਹਨ।ਜੇ ਨਾਮ ਸਿਰਫ ਨਾਂਵ ਹੈ ਤਾਂ ਕੋਈ ਮਤਲਬ ਨਹੀਂ ਜਦੋਂ ਤੱਕ ਉਹ ਕਿਰਿਆ ਨਹੀਂ ਬਣਦਾ।ਆਦਿਵਾਸੀ ਆਪਣੇ ਬਹੁਤ ਸਾਰੇ ਨਾਮ ਆਪਣੇ ਤਿਉਹਾਰਾ ਤੋਂ ਹੀ ਰੱਖ ਦਿੰਦੇ ਹਨ।ਜਿਵੇਂ ਨਾਮ ਵੱਜੋਂ ਵੇਖਿਆ ਜਾਵੇ ਤਾਂ ਬੀਟਲ ਦਾ ਕੋਈ ਮਤਲਬ ਨਹੀਂ।ਅੱਜ ਕੱਲ੍ਹ ਵੇਖਿਆ ਜਾਵੇ ਕਿ ਨਾਮ ਤਾਂ ਬਲਵਿੰਦਰ ਸਿੰਘ ਹੁੰਦਾ ਹੈ ਪਰ ਉਹਨੂੰ ਸਾਰੇ ਕਹਿ ਭਿੰਦਾ ਹੀ ਰਹੇ ਹੁੰਦੇ ਹਨ।ਨਾਮ ਤਾਂ ਇੱਕ ਪਹਿਲਾਂ ਕਦਮ ਤਾਂ ਹੋ ਸਕਦਾ ਹੈ ਪਰ ਅਸਲੀ ਪਛਾਣ ਤਾਂ ਆਦਮੀ ਦੀ ਕਿਰਿਆ ਤੋਂ ਹੀ ਹੁੰਦੀ ਹੈ।ਮੇਰੇ ਗੀਤ ਹੀ ਅਸਲ ਪਛਾਣ ਤੈਅ ਕਰਦੇ ਹਨ।

ਇਸ ਵਾਰ ਆਪਣੀ ਐਲਬਮ ਨੂੰ ਪ੍ਰਚਾਰਨ ਦਾ ਜ਼ਰੀਆ ਇੰਟਰਨੈੱਟ ਕਿਉਂ ਚੁਣਿਆ,ਕੀ ਰਵਾਇਤੀ ਤਰੀਕਿਆਂ 'ਤੇ ਵਿਸ਼ਵਾਸ ਨਹੀਂ ਰਿਹਾ?
:ਅਸਲ 'ਚ ਜ਼ਮਾਨੇ ਦੇ ਬਦਲ ਰਹੇ ਮਿਜਾਜ਼ 'ਚ ਇੰਟਰਨੈੱਟ ਹੀ ਸਭ ਤੋਂ ਵਧੀਆ ਬਦਲ ਹੈ।ਇਸ ਰਾਂਹੀ ਤੁਸੀ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।ਹੁਣ ਦੀ ਮਹਿੰਗਾਈ 'ਚ ਨਿਜੀ ਮਿਊਜ਼ਿਕ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਔਖਾ ਹੋ ਗਿਆ ਹੈ।ਨਿਜੀ ਮਿਊਜ਼ਿਕ ਜਾਂ ਅਜ਼ਾਦ ਤੌਰ 'ਤੇ ਕੰਮ ਕਰਨ ਵਾਲੇ ਗਾਇਕਾਂ ਲਈ ਇਹ ਬਹੁਤ ਔਖਾ ਹੈ ਕਿ ਉਹ ਰਵਾਇਤੀ ਤਰੀਕਆਂ ਨਾਲ ਬਜ਼ਾਰ 'ਚ ਉਤਰਣ,ਕਿਉਂ ਕਿ ਰਿਕਾਰਡ ਲੇਬਲ ਕੰਪਨੀਆਂ ਦਾ ਹਿੱਤ ਆਰਥਿਕਤਾ ਨਾਲ ਜੁੜਿਆ ਹੁੰਦਾ ਹੈ ਸੋ ਤੁਹਾਨੂੰ ਬਹੁਤ ਸਾਰੇ ਸਮਝੌਤਿਆਂ ਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ।ਟੈਲੀਵਿਜ਼ਨ ਨੂੰ ਵੀ ਇੱਕ ਤਰ੍ਹਾਂ ਨਾਲ ਲਹੂ ਲੱਗਿਆ ਹੋਇਆ ਹੈ।ਇੰਟਰਨੈੱਟ ਦੀ ਤਾਕਤ ਨੂੰ ਅਸੀ ਸਤਿੰਦਰ ਸਰਤਾਜ ਦੇ ਸਦੰਰਭ 'ਚ ਬਾਖ਼ੂਬੀ ਸਮਝ ਸਕਦੇ ਹਾਂ।

ਤੁਹਾਡੀ ਐਲਬਮ ਦੀ ਨੌਹਵਾਨ ਪੀੜ੍ਹੀ ਖਾਸ ਤੌਰ 'ਤੇ ਮੁਰੀਦ ਹੈ, ਐਲਬਮ 'ਥ੍ਰੀ' ਬਾਰੇ ਦੱਸੋ?
:ਇਸ ਐਲਬਮ 'ਚ 9 ਗੀਤ ਹਨ ਜਿਨ੍ਹਾਂ ਚੋਂ 6 ਪੰਜਾਬੀ,2 ਹਿੰਦੀ ਤੇ 1 ਇੰਨਸਟਰੂਮੈਂਟਲ ਹੈ।ਇਸ ਐਲਬਮ ਦਾ ਗੰਗਾ ਗੀਤ ਇੱਕ ਪੋਪ ਗੀਤ ਹੈ ਜੋ ਇੱਕ ਸੁਨੇਹੇ ਨਾਲ ਉਤਰਦਾ ਹੈ ਕਿ ਜ਼ਿੰਦਗੀ ਮਹਿਜ਼ ਉਸ ਤਰ੍ਹਾਂ ਨਹੀਂ ਹੁੰਦੀ,ਸ਼ਹਿਰ ਤੋਂ ਬਾਹਰ ਉਹਨਾਂ ਸਾਰਿਆਂ ਕਾਇਦੇ ਕਾਨੂੰਨਾਂ ਤੋਂ ਬਾਹਰ ਵੀ ਇੱਕ ਦੁਨੀਆ ਹੈ।ਇਸ ਗੀਤ ਰਾਂਹੀ ਹੋਂਦ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ ਤੇ ਇਹ ਦੱਸਿਆ ਗਿਆ ਹੈ ਕਿ ਕੁਦਰਤੀ ਜੀਵਨ ਹੀ ਅਸਲ ਜ਼ਿੰਦਗੀ ਦਾ ਰਾਹ ਹੈ।ਦੂਜਾ ਗੀਤ ਕੈਬਰੇ ਵਾਇਮਰ 1920-30 ਦੇ ਜਰਮਨੀ ਪੀਰਿਅਡ ਵੱਲ ਇਸ਼ਾਰਾ ਕਰਦਾ ਹੋਇਆ ਉਸ ਕੈਬਰੇ ਕਲਚਰ ਨੂੰ ਬਿਆਨ ਕਰਦਾ ਹੈ ਕਿ ਕਿੰਝ ਜਰਮਨੀ ਅਯਾਇਸ਼ੀ 'ਚ ਗ਼ਲਤਾਨ ਹੋਇਆ ਤੇ ਉਸ ਤੋਂ ਬਾਅਦ ਉੱਥੇ ਕਿੰਝ ਫਿਰ ਹਿਟਲਰ ਯੁੱਗ ਤੱਕ ਸੱਭਿਅਤਾ ਦਾ ਬੇੜਾ ਗ਼ਰਕ ਹੋਇਆ।ਇਹੋ ਮਨੋਰੰਜਨ ਦੀ ਅੱਤ ਅੱਜੋਕੇ ਸਮੇਂ 'ਚ ਦਿੱਲੀ,ਮੁੰਬਈ ਤੇ ਕੋਲਕਾਤਾ ਦੇ ਕੈਬਰਿਆਂ 'ਚ ਤੇ ਪੰਜਾਬ ਦੀ ਗਾਇਕੀ 'ਚ ਵੇਖੀ ਜਾ ਰਹੀ ਹੈ।ਸੋ ਇਸ ਉਸ ਵਿਚਾਰ ਦਾ ਗੀਤ ਹੈ ਕਿ ਬਹੁਤਾ ਮਨੋਰੰਜਨ ਵੀ ਦਿਮਾਗ ਨੂੰ ਪੈਦਲ ਕਰ ਦਿੰਦਾ ਹੈ।'ਤੂੰ ਹੀ' ਗੀਤ ਰੁਹਾਨੀਅਤ ਦੇ ਆਸਰੇ ਦਾ ਗੀਤ ਹੈ ਜਿਸ 'ਚ ਦੱਸਵੇਂ ਗੁਰੁ ਸਾਹਿਬ ਦੀ ਬਾਣੀ ਤੋਂ ਪ੍ਰੇਰਣਾ ਲਈ ਗਈ ਹੈ।'ਤੂੰ ਹੈ ਖ਼ੂਬਸੂਰਤ' ਗੀਤ ਇਸ ਮਿਜਾਜ਼ ਦਾ ਗੀਤ ਹੈ ਕਿ ਛੋਟੀਆਂ ਚੀਜ਼ਾਂ 'ਚ ਖੁਸ਼ੀ ਲੁਕੀ ਹੋਈ ਹੈ ਤੇ ਵੱਡੀਆਂ ਖੁਸ਼ੀਆਂ ਨੇ ਸਾਨੂੰ ਸੁੰਨ ਕਰ ਦਿੱਤਾ ਹੈ।'ਅੱਧੀ ਕ੍ਰਾਂਤੀ' ਗੀਤ 26/11 ਦੇ ਮੁੰਬਈ ਹਮਲੇ ਦੇ ਸਮੇਂ 'ਚ ਪੈਦਾ ਹੋਏ ਜਜ਼ਬੇ ਬਾਰੇ ਹੈ ਕਿ ਉਸ ਸਮੇਂ ਮਨਾਂ 'ਚ ਸੀ ਕਿ ਅਸੀ ਕੁਝ ਕਰ ਬੈਠਾਂਗੇ ਪਰ ਕੁਝ ਹੋਇਆ ਨਹੀਂ ਤੇ ਅਸੀ ਸਿਰਫ ਅਫਸੋਸ ਕਰਕੇ ਬੈਠ ਗਏ ਤੇ ਇਹ ਸਿਰਫ ਅੱਧੀ ਕ੍ਰਾਂਤੀ ਹੀ ਸੀ।'ਇਹੋ ਹਮਾਰਾ ਜੀਵਨਾ' ਸ਼ੇਖ ਫਰੀਦ ਜੀ ਦੀ ਬਾਣੀ ਦਾ ਆਸਰਾ ਲੈਕੇ ਬਿਆਨ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ।ਇਸ 'ਚ ਬੰਦੇ ਦੀਆਂ ਦੋ ਹਲਾਤਾਂ ਬਿਆਨ ਹਨ ਕਿ ਮਨ ਦੀਆਂ ਦੋ ਅਵਸਥਾਵਾਂ ਹੁੰਦੀਆਂ ਹਨ।ਇਹਨਾਂ ਚੋਂ ਇੱਕ ਕੁਲੈਕਿਟਵ ਹੈ ਤੇ ਦੂਜੀ ਨਿਜੀ,ਸੋ ਇਹਨਾਂ ਚੋਂ ਇੱਕ ਸੰਭਾਲਕੇ ਰੱਖਣ ਦੇ ਇਸ਼ਾਰੇ ਦਿੰਦੇ ਹੈ ਤੇ ਦੂਜੇ ਲਕੀਰ ਦੇ ਫਕੀਰ ਤੋਂ ਪਾਰ ਹੋਕੇ ਬਗਾਵਤ ਵੱਲ ਨੂੰ ਪ੍ਰੇਰਦਾ ਹੈ।ਅਸਲ 'ਚ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਇਹ ਤੁਹਾਡਾ ਰਾਹ ਹੈ ਅਤੇ ਤੁਸੀ ਇਸ 'ਤੇ ਇੰਝ ਚੱਲਣਾ ਹੈ।ਅਸੀ ਉਸ ਨੂੰ ਤੋੜ ਨਹੀਂ ਸਕਦੇ,ਇਹ ਇੰਝ ਹੈ ਜਿਵੇਂ ਕਿ ਹਰ ਕੋਈ ਕੈਰੀਅਰ ਪੱਖੋਂ ਡਾਕਟਰ ਜਾਂ ਇੰਜੀਨਅਰ ਹੀ ਬਣਨਾ ਚਾਹੁੰਦਾ ਹੈ ਪਰ ਇੱਕ ਅਵਾਜ਼ ਇਹ ਹੈ ਕਿ ਕੋਈ ਇਸ ਕੰਟਰੋਲ ਚੋਂ ਨਿਕਲਣਾ ਚਾਹੁੰਦਾ ਹੈ।ਹੁਣ ਉਹ ਬਗਾਵਤ ਹੁੰਦੀ ਹੈ ਜਾਂ ਨਹੀਂ ਇਸ ਬਾਰੇ ਮੈਂ ਸੁਨਣ ਵਾਲਿਆਂ 'ਤੇ ਛੱਡਿਆ ਹੋਇਆ ਹੈ।

ਪਹਿਲੀ ਐਲਬਮ 'ਬੁੱਲ੍ਹਾ' ਫਿਰ 'ਆਵੇਂਗੀ ਜਾਂ ਨਹੀਂ' ਤੇ ਹੁਣ 'ਥ੍ਰੀ' ਤੱਕ ਵੇਖਿਆ ਜਾਵੇ ਤਾਂ ਐਲਬਮ ਲਾਂਚ ਕਰਨ 'ਚ ਇੰਨਾ ਜ਼ਿਅਦਾ ਵਕਫਾ ਕਿਉਂ?
:ਅਸਲ 'ਚ ਮਨੋਰੰਜਨ ਲੈਅ ਦੁਆਲੇ ਘੁੰਮਦਾ ਹੈ ਅਤੇ ਮੈਨੂੰ ਇਹ ਗੱਲ ਮੰਨਣ 'ਚ ਕੋਈ ਗੁਰੇਜ਼ ਨਹੀਂ ਕਿ ਫ਼ਿਲਮੀ ਮਾਹੌਲ 'ਚ ਗ਼ੈਰ ਫ਼ਿਲਮੀ ਸੰਗੀਤ ਨੂੰ ਪ੍ਰਚਾਰਿਤ ਕਰਨਾ ਬਹੁਤ ਔਖਾ ਹੈ।ਕਿਉਂ ਕਿ ਅਜ਼ਾਦ ਤੌਰ 'ਤੇ ਕੰਮ ਕਰਨ ਵਾਲੇ ਗਾਇਕਾਂ ਨੂੰ ਇਸ ਲਈ ਕੰਪਨੀਆਂ ਲੱਭਣੀਆਂ ਪੈਂਦੀਆਂ ਹਨ ਅਤੇ ਰਿਕਾਰਡ ਲੇਬਲ ਵੀ ਵਿਹਾਰਕ ਪੱਖੋਂ ਪ੍ਰਚਾਰ ਕਰਨ ਦੀਆਂ ਬਹੁਤੀਆਂ ਇੱਛੁਕ ਨਹੀਂ ਹੁੰਦੀਆਂ।ਜੇ ਕੋਈ ਕੰਪਨੀ ਪ੍ਰਚਾਰ ਕਰਦੀ ਵੀ ਹੈ ਤਾਂ ਬਹੁਤ ਤਰ੍ਹਾਂ ਦੇ ਸਮਝੌਤਿਆਂ ਚੋਂ ਲੰਘਣਾ ਪਵੇਗਾ।ਇੰਝ ਕਰਨ 'ਤੇ ਅਜ਼ਾਦ ਕਲਾਕਾਰ ਵੱਜੋਂ ਤੁਹਾਡੇ ਅਸੂਲ ਪ੍ਰਭਾਵਿਤ ਹੁੰਦੇ ਹਨ।ਸੋ ਇਸ ਲਈ ਮੈਨੂੰ ਐਲਬਮ ਲਿਆਉਣ ਲਈ ਪੂਰਾ ਸਮਾਂ ਲੈਣਾ ਪੈਂਦਾ ਹੈ ਕਿਉਂ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਐਲਬਮ ਲੈ ਕੇ ਆਵਾਂ ਤੇ ਉਹ ਸਿਰਫ ਦੁਕਾਨਾਂ ਦਾ ਸ਼ਿੰਗਾਰ ਬਣਕੇ ਹੀ ਰਹੇ।ਕਿਉਂ ਕਿ ਸੰਗੀਤ ਮੇਰੇ ਲਈ ਕਾਰੋਬਾਰ ਨਹੀਂ ਹੈ ਇਹ ਮੇਰੇ ਲਈ ਇੱਕ ਪ੍ਰਗਟਾਵਾ ਹੈ,ਨਿਰੋਲ ਰਚਨਾਤਮਕਤਾ ਹੈ।ਮੈਂ ਕਬਜ਼ਾ,ਬੰਦੂਕ,ਲੱਕ ਦਾ ਹੁਲਾਰਾ ਜਾਂ ਪਜੈਰੋ ਟਾਈਪ ਗਾਣੇ ਨਹੀਂ ਗਾ ਸਕਦਾ।

ਜਦੋਂ ਕਿ ਮਿਊਜ਼ਿਕ ਦੀ ਦੁਨੀਆ 'ਚ ਗਲੈਮਰ ਦੀਆਂ ਪਿਰਤਾਂ ਹਨ,ਇੱਥੇ ਚੁੰਧਿਆਂਦੀਆਂ ਰੌਸ਼ਨੀਆਂ ਦੇ ਜਲਵੇ ਹਨ,ਸਟਾਰਡਮ ਹੈ ਅਜਿਹੇ 'ਚ ਸਿੱਧਾ ਸਾਦਾ ਲਿਬਾਸ ਪਾਈ ਰੱਬੀ ਸ਼ੇਰਗਿੱਲ ਇਸ ਇੰਡਸਟਰੀ 'ਚ ਵਿਚਰਦਾ ਹੋਇਆ ਚਣੌਤੀ ਕਿਵੇਂ ਦਿੰਦਾ ਹੈ?
:ਅਸਲ 'ਚ ਮੈਂ ਇਹ ਚਣੌਤੀ ਪੇਸ਼ ਨਹੀਂ ਕੀਤੀ ਇਹ ਆਪਣੇ ਆਪ ਹੋ ਗਈ।ਮੇਰੇ ਲਈ ਇੱਕੋ ਫਾਰਮੂਲਾ ਹੈ ਕਿ ਜੋ ਤੁਸੀ ਹੋ ਉਹੀ ਪੇਸ਼ ਕਰੋ।ਜੋ ਮੇਰੇ ਆਦਰਸ਼ ਹਨ,ਮੈਂ ਉਹਨਾਂ ਵਰਗਾ ਹੀ ਬਣਨ ਦੀ ਕੌਸ਼ਿਸ਼ ਕੀਤੀ ਹੈ।ਜੇ ਮੈਂ ਹੋਰ ਸਿੱਧਾ ਹੋ ਕੇ ਕਹਾਂ ਕਿ ਗਲੈਮਰ 'ਚ ਸਟਾਇਲਸ਼ ਕਰਿਏਟ ਕਰਨਾ ਮਿਹਨਤ ਦਾ ਕੰਮ ਹੈ ਤੇ ਇਹ ਮਿਹਨਤ ਮੈਥੋਂ ਹੁੰਦੀ ਨਹੀਂ।ਜਿਵੇਂ ਕਿ ਮੇਰੇ ਦਾੜੀ ਦੇ ਵਾਲ ਚਿੱਟੇ ਆ ਗਏ ਹਨ ਤੇ ਇਹਨਾਂ ਨੂੰ ਰੰਗਣਾ ਬਹੁਤ ਮਿਹਨਤ ਦਾ ਕੰਮ ਹੈ ਸੋ ਅਜਿਹੀ ਮਿਹਨਤ ਮੈਥੋਂ ਨਹੀਂ ਹੁੰਦੀ।ਮੈਨੂੰ ਇੰਝ ਲੱਗਦਾ ਹੈ ਕਿ ਇਹ ਹੈ ਵੀ ਫਿਜ਼ੂਲ ਦੀ ਮਿਹਨਤ ਹੈ।ਮੇਰੇ ਲਈ ਮੇਰੇ ਪਿਤਾ ਜੀ ਆਦਰਸ਼ ਹਨ ਮੈਂ ਹਮੇਸ਼ਾ ਉਹਨਾਂ ਦੀਆਂ ਕੀਮਤਾਂ ਨੂੰ ਹੀ ਧਾਰਿਆ ਹੈ।

ਤੁਸੀ ਸੂਫ਼ੀ ਗਾਇਕੀ ਦੇ ਕੁਝ ਰੰਗ ਜਾਂ ਫੋਕ ਗਾਇਕੀ ਨੂੰ ਗਿਟਾਰ ਰਾਂਹੀ ਟ੍ਰੈਸੰਡ ਕਰਨ ਦਾ ਉਪਰਾਲਾ ਲੈਕੇ ਆਏ,ਆਖਰਕਾਰ ਹੈ ਤਾਂ ਇਹ ਇੱਕ ਜੋਖ਼ਿਮ ਸੀ,ਡਰ ਨਹੀਂ ਲੱਗਾ ਕਿ ਇੰਡਸਟਰੀ ਦੇ ਆਰਥਿਕ ਢਾਂਚੇ 'ਚ ਕਿੰਝ ਖਰਾ ਉਤਰਾਂਗਾ?
:ਅਜ਼ਾਦ ਆਰਟਿਸਟ ਕੋਲ ਡਰ ਤਾਂ ਹਮੇਸ਼ਾ ਰਹਿੰਦਾ ਹੈ ਕਿਉਂ ਕਿ ਉਹਨੂੰ ਬਹੁਤ ਸਾਰਾ ਸੁੰਤਲਨ ਬਣਾਕੇ ਚੱਲਣਾ ਪੈਂਦਾ ਹੈ।ਵਿਤੀ ਤੌਰ 'ਤੇ ਉਸ ਕੋਲ ਬਹੁਤ ਸਾਰੀਆਂ ਅੜਚਨਾਂ ਹੁੰਦੀਆਂ ਹਨ।ਪਰ ਇੱਥੇ ਇਹ ਜ਼ਰੂਰ ਵੇਖਣਾ ਪੈਂਦਾ ਹੈ ਕਿ ਤੁਹਾਡੀ ਡਰ ਨਾਲ ਦੋਸਤੀ ਕਿੰਝ ਦੀ ਹੈ ਇਹੋ ਰਾਹਵਾਂ ਦੇ ਫੈਸਲੇ ਤੈਅ ਕਰਦਾ ਹੈ।ਹੁਣ ਮੈਂ ਡਰ ਨਾਲ ਯਾਰੀ ਗੰਢ ਲਈ ਹੈ ਤੇ ਡਰ ਮੇਰੇ ਲਈ ਗਾਈਡ ਦੀ ਤਰ੍ਹਾਂ ਹੈ।ਇਹੋ ਮੈਨੂੰ ਕਦਰਾਂ ਕੀਮਤਾਂ ਨੂੰ ਘੂਕੇ ਫੱੜ੍ਹਣ ਲਈ ਪ੍ਰੇਰਦੀਆਂ ਹਨ।

ਜਦੋਂ ਤੁਸੀ 'ਹੀਰ,ਤੋਤਿਆ ਮਨਮੋਤਿਆ,ਛੱਲਾ,ਜੁਗਨੀ ਜਾਂ ਪੱਗੜੀ ਸੰਭਾਲ ਜੱਟਾਂ' ਜਹੇ ਗੀਤ ਪੰਜਾਬ ਦੇ ਜ਼ਮੀਨ ਨਾਲ ਜੁੜੇ ਲੋਕਾਂ ਲਈ ਗਾਏ ਹਨ ਪਰ ਤੁਹਾਨੂੰ ਇੰਝ ਨਹੀਂ ਲੱਗਦਾ ਕਿ ਜਦੋਂ ਤੱਕ ਤੁਹਾਡੇ ਗੀਤ ਪੈਲੀ ਵਾਹੁੰਦੇ ਹੋਏ ਟਰੈਕਟਰ 'ਤੇ ਬਹਿਕੇ ਕੋਈ ਨਹੀਂ ਸੁਣ ਰਿਹਾ ਤਾਂ ਕੁਝ ਅਧੂਰਾ ਹੈ?
:ਇਸ ਗੱਲ ਨੂੰ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਅਰਥ ਰੱਖਦੇ ਗੀਤ ਉਹਨਾਂ ਲੋਕਾਂ ਤੱਕ ਜਦੋਂ ਨਹੀਂ ਪਹੁੰਚਦੇ ਤਾਂ ਮੇਰਾ ਕਾਰਵਾਂ ਅਧੂਰਾ ਹੈ।ਅਸਲ 'ਚ ਮੈਨੂੰ ਇਹ ਮੰਨਦੇ ਹੋਏ ਬਿਲਕੁਲ ਝਿਜਕ ਨਹੀਂ ਕਿ ਮੇਰਾ ਵਿਰਸਾ ਪੇਂਡੂ ਹੈ ਪਰ ਮੈਂ ਸ਼ਹਿਰ ਦੀ ਉਪਜ ਹਾਂ।ਮੇਰਾ ਸੰਗੀਤ ਪੱਛਮੀ ਪ੍ਰਭਾਵ ਦਾ ਹੈ ਸੋ ਮੇਰੇ ਸੰਗੀਤ 'ਚ ਰਾਕ ਮਿਊਜ਼ਿਕ ਦਾ ਪ੍ਰਭਾਵ ਹੈ।ਰਾਕ ਮਿਊਜ਼ਿਕ ਦਾ ਆਰਟ ਫੋਰਮ ਬਹੁਤ ਵੱਖਰਾ ਹੁੰਦਾ ਹੈ।ਇਹ ਮੇਰੀ ਨਬਜ਼ ਹੈ ਇਸ ਰਾਹੀ ਮੈਂ ਇੱਕੋ ਸਮੇਂ ਗਾਇਕ,ਲੇਖਕ ਤੇ ਚਿੰਤਕ ਦੇ ਤੌਰ 'ਤੇ ਵਾਪਰਦਾ ਹਾਂ ਸੋ ਇਹ ਮੇਰੀ ਸਾਰਥਕਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਕਾਸ਼ ਮੈਂ ਪੰਜਾਬੀ ਸੰਗੀਤ,ਫੋਕ ਸੰਗੀਤ ਜਾਂ ਇਸ ਦਾ ਭਾਰਤੀ ਰੂਪ ਸਿੱਖਿਆ ਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਕੁਝ ਹੋਰ ਤਰ੍ਹਾਂ ਸਿਰਜੀਆ ਜਾਂਦੀਆ।ਇਹ ਗੱਲਾਂ ਮੈਨੂੰ ਅੱਜ ਸਮਝ ਆਉਂਦੀਆਂ ਹਨ ਪਰ ਉਦੋਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ।

ਆਪਣੇ ਗੀਤਾਂ ਰਾਹੀ ਜੋ ਤੁਸੀ ਸਮਾਜਿਕ ਸਰੋਕਾਰਤਾ ਦਾ ਚਿੰਤਨ ਪੇਸ਼ ਕੀਤਾ ਹੈ ਇਹ ਤੁਹਾਡੇ ਸੰਗੀਤ ਤੇ ਲੇਖਣੀ ਦਾ ਮਹਿਜ ਇੱਕ ਸੰਗੀਤਕ ਤੁਜਰਬਾ ਸੀ ਜਿਵੇਂ ਕਿ ਦੂਜੇ ਗਾਇਕ ਕਰਦੇ ਹਨ ਕਿ ਅਜੋਕੀ ਮੰਗ ਮੁਤਾਬਕ ਕੋਈ ਸਮਾਜਿਕ ਸੰਦੇਸ਼ ਦਾ ਗੀਤ ਐਲਬਮ 'ਚ ਪਾ ਦਿੰਦੇ ਹਨ ਪਰ ਅਸਲ 'ਚ ਉਹ ਕੋਈ ਬਹੁਤੇ ਹਿਤੈਸ਼ੀ ਨਹੀਂ ਹੁੰਦੇ ਇਸਦੇ ਜਾਂ ਸਮਾਜਿਕ ਸਰੋਕਾਰਤਾ ਤੁਹਾਡੇ ਸੰਗੀਤ 'ਚ ਮੁੱਖ ਉਦੇਸ਼ ਰਿਹਾ ਹੈ?
:ਸਮਾਜਿਕ ਸਰੋਕਾਰਤਾ ਜਾਂ ਮਨੁੱਖਤਾ ਦੇ ਸੰਤਾਪ ਦੀ ਅਵਾਜ਼ ਬਣਨ ਦੀ ਮੈਂ ਹਮੇਸ਼ਾ ਕੌਸ਼ਿਸ਼ ਕੀਤੀ ਹੈ।ਮੇਰੀ ਕੌਸ਼ਿਸ਼ ਰਹੀ ਹੈ ਕਿ ਮੈਂ ਵੱਧ ਤੋਂ ਵੱਧ ਜਿੰਨ੍ਹਾ ਮੇਰੇ ਵੱਸ ਹੋਵੇ ਮੈਂ ਯੋਗਦਾਨ ਪਾ ਸਕਾਂ ਫਿਰ ਚਾਹੇ ਉਹ ਗ੍ਰੀਨ ਪੀਸ ਹੋਵੇ ਜਾਂ ਯੂ.ਐੱਨ.ਏ ਲਈ ਕੋਈ ਯੋਗਦਾਨ ਹੋਵੇ।ਮੈਂ ਬੇਸ਼ੱਕ ਪੰਜਾਬ ਤੋਂ ਬਾਹਰ ਰਹਿੰਦਾ ਰਿਹਾ ਹਾਂ ਪਰ ਜਦੋਂ ਮੈਂ ਪੰਜਾਬ ਆਉਂਦਾ ਹਾਂ ਤਾਂ ਮੈਨੂੰ ਇਹ ਧਰਤੀ ਪਹਿਲਾਂ ਵਾਂਗੂ ਨਜ਼ਰ ਨਹੀਂ ਆਉਂਦੀ।ਪੰਜਾਬੀ ਆਪਣੇ ਅਸਲ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਸੀ ਪਰ ਹੁਣ ਪੰਜਾਬੀਆਂ 'ਚ ਇਸ ਗੁਣ ਦੀ ਮੈਨੂੰ ਅਣਹੋਂਦ ਨਜ਼ਰ ਆਉਂਦੀ ਹੈ।ਪੰਜਾਬੀ ਆਪਣੀ ਪਛਾਣ ਦਾ ਜਸ਼ਨ ਮਨਾਉਂਦੇ ਸੀ ਪਰ ਅੱਜ ਕੱਲ੍ਹ ਮੈਨੂੰ ਇਨਫਿਰੋਇਟੀ ਕੰਪਲੈਕਸ ਜ਼ਿਆਦਾ ਵਿਖਦਾ ਹੈ।ਪੰਜਾਬੀ ਅੱਜ ਆਪਣੀ ਉਰਜਨੈਲਟੀ ਉਹ ਬਣਾ ਬੈਠੇ ਹਨ ਜੋ ਅਜੋਕੇ ਬਜ਼ਾਰ ਨੇ ਉਹਨਾਂ ਨੂੰ ਰੂਪ ਦਿੱਤਾ ਹੈ।ਇਹ ਜੈਲ ਲਗਾਕੇ ਜਾਂ ਟੈਟੂ ਕਲਚਰ ਜਾਂ ਅਜਿਹੇ ਹੋਰ ਸੰਵਾਗ 'ਚ ਪਛਾਣ ਹੁਣ ਅਸਲ ਨਾ ਹੋਕੇ ਅਸਲ ਦਾ ਭੁਲੇਖਾ ਜੀਅ ਰਹੀ ਹੈ।ਮੇਰੀ ਗਾਇਕੀ 'ਚ ਬੰਦੇ ਦੀ ਅਸਲ ਦੀਆਂ ਜੱੜ੍ਹਾਂ,ਪੰਜਾਬੀਅਤ ਵਜੂਦ ਤੇ ਮਨੁੱਖਤਾ ਲਈ ਹਮੇਸ਼ਾ ਜਗ੍ਹਾ ਰਹੇਗੀ।ਸੋ ਕਲਮ ਮੇਰੀ ਬੰਦੂਕ ਹੈ ਤੇ ਗਿਟਾਰ ਮੇਰੀ ਤੋਪ ਹੈ।

ਪੰਜਾਬੀਆਂ ਦੀ ਅਜਿਹੀ ਹਿਜਰਤ ਜਿਹਨੂੰ ਤੁਸੀ ਆਪਣੀ ਗਾਇਕੀ 'ਚ ਜਗ੍ਹਾ ਦਿੰਦੇ ਹੋ।ਤੇਰੇ ਹੱਥ ਕੀ ਆਇਆ ਜੱਟਾਂ,ਤਵਾਰੀਖਾਂ ਦਾ ਘੱਟਾ,ਬੇਇਤਫਾਕੀਆ ਦੀ ਤੂੜੀ ਜਹੇ ਗੀਤਾਂ 'ਚ ਉਹ ਸੰਤਾਪ ਪੇਸ਼ ਕਰ ਰਹੇ ਹੋ ਸੋ ਇਤਿਹਾਸ ਤੋਂ ਲੈਕੇ ਅਜੋਕੇ ਸੰਦਰਭ ਤੱਕ ਪੰਜਾਬੀਅਤ ਜਿਸ ਤਰ੍ਹਾਂ ਆਰਥਿਕ,ਸਮਾਜਿਕ,ਸਿਆਸੀ ਤੇ ਧਾਰਮਿਕ ਤੌਰ 'ਤੇ ਸੰਘਰਸ਼ ਕਰ ਹਰੀ ਹੈ ਇਸ ਬਾਰੇ ਤੁਸੀ ਕੀ ਸੋਚਦੇ ਹੋ?
:ਇਹ ਇੱਕ ਹਵਾ ਵੱਗੀ ਹੋਈ ਹੈ।ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਹਿਜਰਤ ਦਾ ਇਹ ਸੰਤਾਪ ਹੈ।ਇਹ ਸਿਰਫ ਪੰਜਾਬ ਦੇ ਸੰਦਰਭ 'ਚ ਹੀ ਨਹੀਂ ਸਗੋਂ ਇਸ ਨੂੰ ਮੈਂ ਦੇਸ਼ ਦੇ ਦੂਜਿਆਂ ਹਿੱਸਿਆ 'ਚ ਵੀ ਵੇਖਦਾ ਹਾਂ।ਪੰਜਾਬੀਆਂ ਦੇ ਅੰਦਰ ਹੀ ਮਾਝਾ,ਦੁਆਬ,ਮਲਵਈ ਦਾ ਇੱਕ ਵੱਖਰੀ ਤਰ੍ਹਾਂ ਦਾ ਅੰਤਰ ਵੇਖਿਆ ਜਾ ਰਿਹਾ ਹੈ।ਜਿਹੜੀਆ ਵੀ ਸਮੱਸਿਆਵਾਂ ਸਾਨੂੰ ਪੇਸ਼ ਆ ਰਹੀਆਂ ਹਨ ਉਹ ਅਜੋਕੀ ਸਰਮਾਇਦਾਰੀ ਦੇ ਨਿਸ਼ਾਨ ਹਨ।ਇਸ ਤੋਂ ਬੱਚਣ ਲਈ ਸਾਡੇ ਸਾਹਿਤ ਤੇ ਕਦਰਾਂ ਕੀਮਤਾਂ 'ਚ ਹੀ ਹੱਲ ਲੁੱਕੇ ਹੋਏ ਹਨ।ਪਰ ਅਸੀ ਸਿਰਫ ਠੂੱਠੂ ਬਣਕੇ ਰਹਿ ਗਏ ਹਾਂ।ਇਹ ਵਰਚੂਅਲ ਸਾਧਨਾਂ ਦੀ ਮਾਰ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਪੰਜਾਬੀ ਸਿਨੇਮਾ ਤਿਆਰ ਕਰਨਾ ਚਾਹੀਦਾ ਹੈ ਸੰਗੀਤ ਸਿਰਜਣਾ ਚਾਹੀਦਾ ਹੈ ਤੇ ਆਪਣੀ ਜ਼ੁਬਾਣ ਸਾਨੂੰ ਖੁੱਲ੍ਹਕੇ ਬੋਲਣੀ ਚਾਹੀਦੀ ਹੈ।ਸਾਹਿਤ ਨਿਰਮਾਣ ਤੋਂ ਲੈਕੇ ਪੰਜਾਬੀ ਨਾਲ ਸਬੰਧਤ ਸਾਫਟਵੇਅਰ ਬਣਾਉਣੇ ਚਾਹੀਦੇ ਹਨ।ਅਸਲ 'ਚ ਲੜਾਈ ਸਰਵਾਈਵਲ ਦੀ ਹੈ।ਇਰਾਨ ਸਰਵਾਈਵ ਕਰ ਰਿਹਾ ਹੈ,ਉੜੀਸਾ ਤੇ ਅਸਮ ਦੀਆਂ ਆਪਣੀਆਂ ਸਮੱਸਿਆਵਾਂ ਹਨ।ਅਮਰੀਕਾ ਦੇ ਮੀਡੀਆ ਕਲਚਰ ਦੀ ਮਾਰ ਪੈ ਰਹੀ ਹੈ ਅਤੇ ਸਾਨੂੰ ਇਸ ਦਾ ਇਲਮ ਵੀ ਨਹੀਂ ਹੁੰਦਾ।ਜਦੋਂ ਤੱਕ ਅਸੀ ਸਰਮਾਏਦਾਰੀ ਦੇ ਰੱਸੇ ਨਹੀਂ ਤੋੜਾਂਗੇ ਇਹ ਇੱਦਾਂ ਹੀ ਰਹੇਗਾ ਤੇ ਇਸ ਲਈ ਸਾਨੂੰ ਆਪਣੇ ਮਾਨਸਿਕ ਘੇਰੇ ਤੋੜਨ ਦੀ ਜ਼ਰੂਰਤ ਹੈ।ਇਹ ਹਿਜਰਤ ਹਰ ਉਸ ਜਗ੍ਹਾ ਹੈ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ।ਉੜੀਸਾ 'ਚ ਬਹੁਤ ਸਾਰੇ ਅਜਿਹੇ ਪਰਵਾਰਾਂ ਬਾਰੇ ਵੀ ਸੁਣੀਦਾ ਹੈ ਜਿਨ੍ਹਾਂ ਆਪਣੀ ਰੋਜ਼ੀ ਚਲਾਉਣ ਲਈ ਚੰਦ ਰੁਪਈਆਂ 'ਚ ਆਪਣੀ ਕੁੜੀ ਟਰੱਕ ਡਰਾਈਵਰਾਂ ਨੂੰ ਵੇਚ ਦਿੱਤੀ।

ਸਮਾਜ ਬਹੁਤ ਵੱਡਾ ਸਕੰਲਪ ਹੈ ਇਸ 'ਚ ਅਜਿਹਾ ਰਾਹ ਸਿਰਫ ਕਲਾ ਦੀਆਂ ਸੂਖਮ ਇਕਾਈਆਂ ਤਾਂ ਨਹੀਂ ਲਿਆ ਸਕਣਗੀਆਂ?
:ਬੇਸ਼ੱਕ ਇਸ ਲਈ ਹੋਰ ਬਹੁਤ ਕੁਝ ਚਾਹੀਦਾ ਹੈ।ਮਾਡਰਨਿਟੀ ਨੂੰ ਰੋਕਣ ਦੀ ਲੋੜ ਹੈ।ਮੈਂ ਇਸ ਨੂੰ ਹੋਰ ਖੋਲ੍ਹਕੇ ਸਮਝਾ ਦੇਵਾਂ ਉਹ ਮਾਡਰਨਿਟੀ ਜੋ ਪਦਾਰਥਕ ਚੀਜ਼ਾਂ ਦੁਆਲੇ ਘੁੰਮਦੀ ਹੈ।ਚੰਡੀਗੜ੍ਹ ਨੂੰ ਛੱਡਲੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਕਾਰਾਂ ਪਹਿਲਾਂ ਆ ਰਹੀਆਂ ਹਨ ਤੇ ਪਾਰਕਿੰਗ ਬਾਅਦ 'ਚ ਬਣ ਰਹੀ ਹੈ।ਘਰ ਪਹਿਲਾਂ ਬਣ ਰਹੇ ਹਨ ਤੇ ਸੀਵਰੇਜ਼ ਬਾਅਦ 'ਚ ਪੈ ਰਹੀ ਹੈ।ਇਸ ਸਿਸਟਮ ਨੂੰ ਸਹੀ ਢੰਗ ਨਾਲ ਐਕਿਜ਼ੀਕਿਊਟ ਕਰਨ ਦੀ ਲੋੜ ਹੈ।ਸਿਆਸੀ ਪ੍ਰਬੰਧ ਨੂੰ ਸੁਧਾਰਣ ਦੀ ਲੋੜ ਹੈ।ਅਸਲ 'ਚ ਸਾਡੇ ਦੇਸ਼ 'ਚ ਇੰਟਲੈਕਚੁਅਲ ਰਿਸਸਟੈਂਸ ਹੈ ਨਵੀਂ ਗੱਲ ਸੁਣਨਾ ਦੇਸ਼ ਧ੍ਰੋਹ ਬਣ ਜਾਂਦਾ ਹੈ।ਉਹਨਾਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਦੇਸ਼ ਤੋਂ ਵੱਡਾ ਸਕੰਲਪ ਵੀ ਹੁੰਦਾ ਹੈ ਤੇ ਉਹ ਹੈ ਕੁਦਰਤ ਦਾ ਸਕੰਲਪ ਇਨਸਾਨੀ ਜ਼ਿੰਦਗੀ ਦਾ ਸਕੰਲਪ।ਇਸ ਮਸ਼ੀਨੀ ਮਾਡਲ 'ਚ ਮਾਡਰਨਿਟੀ ਦੇ ਚਿੰਤਕਾਂ ਦੀ ਗੱਲਾਂ 'ਚ ਕੁਦਰਤ ਲਈ ਕੋਈ ਜਗ੍ਹਾ ਹੀ ਨਹੀਂ ਹੁੰਦੀ।


ਮੁਲਾਕਾਤੀ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ  ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
MOB-94641-41678

No comments:

Post a Comment