ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, June 24, 2012

ਜੂਨ ਦੇ ਗਦਰੀ ਸ਼ਹੀਦ ਨੂੰ ਸਲਾਮ

ਅੰਗਰੇਜ਼ਾਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਗੁਲਾਮੀ ਹੱਥੋਂ ਸਤਾਏ ਲੋਕਾਂ ਨੇ 1847 ਦਾ ਗ਼ਦਰ ਕਰ ਦਿੱਤਾ ਜੋ ਫੇਲ੍ਹ ਤਾਂ ਹੋ ਗਿਆ ਪਰ ਅਜ਼ਾਦੀ ਲਈ ਜਾਗ ਜਰੂਰ ਲਾ ਗਿਆ।ਬਹੁਤ ਸਾਰੀਆਂ ਇਨਕਲਾਬੀ ਲਹਿਰਾਂ ਉੱਠੀਆਂ ਜੋ ਸਮੇਂ ਸਮੇਂ ਦਬਾ ਦਿੱਤੀਆਂ ਗਈਆਂ।ਫਿਰ ਆਰਥਿਕ ਮੰਦਹਾਲੀ ਦੇ ਕਾਰਨ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੁਸਤਾਨੀ ਅਵਾਸੀ ਕਨੇਡਾ ਅਮਰੀਕਾ ਆਉਣੇ ਸ਼ੁਰੂ ਹੋਏ।ਇੱਥੇ ਆ ਕੇ ਉਨ੍ਹਾਂ ਨੂੰ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦੇ ਕਈ ਭਰਮ ਟੁੱਟੇ, ਨਸਲੀ ਵਿਤਕਰਿਆਂ ਦਾ ਸ਼ਿਕਾਰ ਹੋਣਾ ਪਿਆ।ਸੜਕਾਂ 'ਤੇ ਜ਼ਲੀਲ ਹੋਣਾ ਪਿਆ, ਤੁਰੇ ਜਾਂਦਿਆਂ ਨੂੰ ਗੋਰੇ ਬੱਚੇ "ਹੈਲੋ, ਇੰਡੀਅਨ ਸਲੇਵ" ਕਹਿ ਕੇ ਬਲਾਉਂਦੇ ਤਾਂ ਉਨ੍ਹਾਂ ਦੇ ਕਾਲਜੇ 'ਚ ਛੁਰੀ ਫਿਰ ਜਾਂਦੀ।ਹਿੰਦੁਸਤਾਨੀ ਅਵਾਸੀਆਂ ਪ੍ਰਤੀ ਗੋਰੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਲਈ ਮੀਡੀਆ ਵੀ ਆਪਣਾ ਪੂਰਾ ਜ਼ੋਰ ਲਾ ਰਿਹਾ ਸੀ।ਅਖਬਾਰਾਂ ਨੇ, 'ਹਿੰਦੂਜ਼ ਕਵਰ ਡੈਡ ਬਾਡੀਜ਼ ਵਿੱਦ ਬਟਰ' ਵਰਗੀਆਂ ਨਫਰਤ ਫੈਲਾਉਂਦੀਆਂ ਸੁਰਖੀਆਂ ਲਾਈਆਂ। ਕਨੇਡਾ ਦੀ ਕੰਜ਼ਰਵੇਟਿਵ ਸਰਕਾਰ ਨੇ 27 ਮਾਰਚ 1907 ਵਾਲੇ ਦਿਨ ਬਿੱਲ ਪਾਸ ਕਰਕੇ ਹਿੰਦੁਸਤਾਨੀਆਂ ਕੋਲ਼ੋਂ ਵੋਟ ਦਾ ਅਧਿਕਾਰ ਖੋਹ ਲਿਆ। ਕਨੇਡਾ ਆਏ ਹਿੰਦੁਸਤਾਨੀ ਅਵਾਸੀਆਂ ਵਿੱਚੋਂ ਬਹੁਤ ਸਾਰੇ ਸਿੱਧੇ ਸਾਦੇ ਪੰਜਾਬੀ ਸਨ।ਜੋ ਖੇਤਾਂ ਵਿੱਚੋਂ ਕੰਮ ਕਰਦੇ ਜਾਂ ਹਿੰਦੁਸਤਾਨ ਦੀ ਫੌਜ ਵਿੱਚ ਨੌਕਰੀਆਂ ਕਰਦੇ ਆਏ ਸਨ।ਪਰ ਇੱਥੇ ਆ ਕੇ ਉਨ੍ਹਾਂ ਵਿੱਚ ਰਾਜਨੀਤਕ ਜਾਗ੍ਰਤੀ ਬਹੁਤ ਤੇਜ਼ੀ ਨਾਲ਼ ਆਈ।ਥੋੜ੍ਹੇ ਜਿਹੇ ਸਮੇਂ ਵਿੱਚ ਉਹ ਹਿੰਦੂ, ਸਿੱਖ, ਮੁਸਲਮਾਨ ਜਾਂ ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਵਖਰੇਵਿਆਂ ਨੂੰ ਭੁੱਲ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਣ ਲੱਗੇ ਤਾਂ ਹੀ ਉਹ ਸਾਮਰਾਜੀ ਬਰਤਾਨਵੀ ਸਰਕਾਰ ਨੂੰ ਦੋਸ਼ੀ ਮੰਨ ਕਹਿ ਉੱਠੇ

'ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈਂ ਨਾ 
ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ' 


ਕਨੇਡਾ ਅਮਰੀਕਾ ਆਏ ਹਿੰਦੁਸਤਾਨੀਆਂ ਨੇ ਹਥਿਆਰਬੰਦ ਇਨਕਲਾਬ ਕਰਕੇ ਦੇਸ਼ ਅਜ਼ਾਦ ਕਰਵਾਉਣ ਦੇ ਇਰਾਦੇ ਨਾਲ਼ 1913 'ਚ 'ਹਿੰਦੀ ਪੈਸਿਫਿਕ ਕੋਸਟ' ਨਾਂ ਦੀ ਜਥੇਬੰਦੀ ਬਣਾਈ ਸੀ ਜਿਸ ਦਾ ਹੈੱਡਕੁਆਟਰ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਵਿੱਚ ਸੀ, ਕਨੇਡਾ ਬਰਤਾਨਵੀ ਕਲੋਨੀ ਹੋਣ ਕਰਕੇ ਗਦਰ ਪਾਰਟੀ ਅਮਰੀਕਾ ਵਿੱਚ ਬਣੀ ਵੈਸੇ ਕਨੇਡਾ ਦੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਹੁਸੈਨ ਰਹੀਮ ਵਰਗੇ ਲੀਡਰ ਗਦਰ ਪਾਰਟੀ ਦੀ ਲੀਡਰਸ਼ਿਪ ਨਾਲ਼ ਪੂਰੀ ਤਰ੍ਹਾਂ ਜੁੜੇ ਹੋਏ ਸਨ ਤੇ ਉਨ੍ਹਾਂ ਦੀ ਰਾਇ ਨੂੰ ਗਦਰ ਪਾਰਟੀ ਵਾਲ਼ੇ ਬੜੀ ਅਹਿਮੀਅਤ ਦਿੰਦੇ ਸਨ।ਗਦਰ ਪਾਰਟੀ ਹਿੰਦੁਸਤਾਨੀਆਂ ਦੀ ਸਭ ਤੋਂ ਪਹਿਲੀ ਧਰਮ- ਨਿਰਪੱਖ ਤੇ ਗੈਰ-ਫਿਰਕੂ ਸਿਆਸੀ ਪਾਰਟੀ ਸੀ।ਜਿਸ ਨੇ ਹਥਿਆਰਬੰਦ ਸੰਘਰਸ਼ ਰਾਹੀਂ ਦੇਸ਼ ਲਈ ਅਜ਼ਾਦੀ ਪ੍ਰਾਪਤ ਕਰਨ ਅਤੇ ਹਿੰਦੁਸਤਾਨ ਵਿੱਚ ਪੰਚਾਇਤੀ ਕੌਮੀ ਰਾਜ ਸਥਾਪਿਤ ਕਰਨ ਨੂੰ ਆਪਣਾ ਨਿਸ਼ਾਨਾ ਮਿਥਿਆ।ਉਸ ਸਮੇਂ ਹਿੰਦੁਸਤਾਨ ਦੇ ਲੋਕ ਫਿਰਕੂ ਲੀਹਾਂ 'ਤੇ ਵੰਡੇ ਹੋਏ ਸਨ।ਹਿੰਦੁਸਤਾਨੀ ਇਨਕਲਾਬੀਆਂ ਵਿੱਚੋਂ ਬੰਗਾਲੀ ਇਨਕਲਾਬੀ ਫਿਰਕੂ ਜ਼ਹਿਨੀਅਤ ਤੋਂ ਕਾਫੀ ਹੱਦ ਤੱਕ ਬਚੇ ਹੋਏ ਸਨ ਪਰ ਉਨ੍ਹਾਂ ਨੇ ਵੀ ਅੰਦਰਖਾਤੇ ਤਹਿ ਕੀਤੀ ਪਾਲਸੀ ਅਧੀਨ ਮੁਸਲਮਾਨਾਂ ਨੂੰ ਜਥੇਬੰਦੀਆਂ ਤੋਂ ਬਾਹਰ ਹੀ ਰੱਖਿਆ ਸੀ।ਪਰ ਗਦਰੀਆਂ ਨੇ ਧਾਰਮਿਕ ਤੇ ਫਿਰਕੂ ਲੀਹਾਂ ਤੋਂ ਉੱਪਰ ਉੱਠ ਕੇ ਸੈਕੁਲਰ ਸੋਚ ਵਾਲ਼ੀ ਜਥੇਬੰਦੀ ਬਣਾਈ।ਉਹ ਜਾਤ ਪਾਤ ਦੇ ਕੋਹੜ ਨੂੰ ਖਤਮ ਕਰ ਬਰਾਬਰ ਦਾ ਸਮਾਜ ਸਿਰਜਣਾ ਚਾਹੁੰਦੇ ਸਨ।

ਛੂਤ-ਛਾਤ ਦਾ ਕੋਈ ਖਿਆਲ ਨਾਹੀਂ,ਸਾਨੂੰ ਪਰਖ ਨਾ ਛੂਹੜੇ- ਚੁਮਾਰ ਵਾਲ਼ੀ 
ਹਿੰਦੁਸਤਾਨ ਵਾਲ਼ੇ ਸਾਰੇ ਹੈਣ ਭਾਈ,ਨੀਤ ਰੱਖਣੀ ਨਹੀਂ ਮੱਕਾਰ ਵਾਲ਼ੀ।

 ਇਹ ਯੋਧੇ ਬਹਾਦਰੀ, ਕੁਰਬਾਨੀ, ਦਲੇਰੀ ਤੇ ਤਿਆਗ ਵਿੱਚ ਹੀ ਬੇਮਿਸਾਲ ਨਹੀਂ, ਸਗੋਂ ਵਿਚਾਰਾਂ ਦੇ ਮਾਮਲੇ ਵਿੱਚ ਵੀ ਗਾਂਧੀ ਜੀ ਦੀ ਅਗਵਾਈ ਥੱਲੇ ਚੱਲ ਰਹੀ ਲਹਿਰ ਨਾਲ਼ੋਂ ਅੱਡਰੇ ਸਨ।ਇਨ੍ਹਾਂ ਦੀ ਕੌਮ-ਪ੍ਰਸਤੀ ਸ਼ੁੱਧ ਤੇ ਬੇਬਾਕ ਸੀ।ਇਹ ਬਰਤਾਨਵੀ ਸਰਕਾਰ ਦਾ ਬੋਰੀਆ ਬਿਸਤਰਾ ਗੋਲ਼ ਕਰਨਾ ਚਾਹੁੰਦੇ ਸਨ।ਉਨ੍ਹਾਂ ਨਾਲ਼ ਕੋਈ ਸਮਝੌਤਾ ਕਰਨ ਦੇ ਵਿਰੁੱਧ ਸਨ।ਇਹ ਰਾਜੇ–ਰਜਵਾੜਿਆਂ ਤੇ ਟੋਡੀਆਂ ਦੇ ਵਿਰੁੱਧ ਸਨ।ਆਰਥਿਕ ਬਰਾਬਰੀ ਦੀ ਗੱਲ ਕਰਦੇ ਸਨ।ਇਹ ਸੁਧਾਰ ਤੇ ਡੈਪੂਟੇਸ਼ਨਾਂ ਦੀ ਸੀਮਾ ਤੋਂ ਜਾਣੂ ਸਨ।ਇਸੇ ਲਈ ਬਰਤਾਨਵੀ ਸਾਮਰਾਜ ਦੇ ਕਰਾਰੀ ਚੋਟ ਮਾਰਨ ਲਈ ਤਤਪਰ ਹੋ ਉੱਠੇ ਸਨ।ਪਹਿਲਾ ਸੰਸਾਰ ਯੁੱਧ ਸ਼ੁਰੂ ਹੋਣ 'ਤੇ ਗਦਰ ਪਾਰਟੀ ਨੇ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਗਦਰੀਆਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦਿੱਤਾ।ਗਦਰੀ ਆਪਣੇ ਕੰਮਾਂ ਕਾਰਾਂ ਨੂੰ ਛੱਡ, ਜਾਇਦਾਦਾਂ ਤਿਆਗ ਅੰਗਰੇਜ਼ ਵਿਰੁੱਧ ਵਿੱਢੀ ਜੰਗ ਵਿੱਚ ਕੁੱਦ ਪਏ।ਉਹ ਜਥੇ ਬਣਾ ਕੇ ਕਨੇਡਾ ਅਮਰੀਕਾ ਤੋਂ ਵੱਖ-ਵੱਖ ਜਹਾਜ਼ਾਂ ਰਾਹੀ ਸਮੇਂ ਦੀਆਂ ਅੱਖਾਂ 'ਚ ਅੱਖਾਂ ਪਾ ਅੰਗਰੇਜ਼ ਸਰਕਾਰ ਨੂੰ ਵੰਗਾਰਨ ਤੁਰ ਪਏ।


ਭਾਈ ਉੱਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਬੀਰ ਸਿੰਘ ਬਾਹੋਵਾਲ, ਭਾਈ ਰੰਗਾ ਸਿੰਘ ਖੁਰਦਪੁਰ, ਭਾਈ ਰੂੜ ਸਿੰਘ ਤਲਵੰਡੀ ਦੁਸਾਂਝ ਇਹ ਸਾਰੇ ਗਦਰ ਪਾਰਟੀ ਦੇ ਮੁੱਢਲੇ ਮੈਬਰਾਂ ਵਿੱਚੋਂ ਸਨ।ਉੱਤਮ ਸਿੰਘ ਹਾਂਸ ਆਪਣੇ ਸਾਥੀਆਂ ਈਸ਼ਰ ਸਿੰਘ ਢੁੱਡੀਕੇ, ਭਾਈ ਪਾਖਰ ਸਿੰਘ ਢੁੱਡੀਕੇ ਸਮੇਤ ਕਨੇਡਾ ਤੋਂ ਐੱਸ.ਅੱਸ ਮੰਗੋਲੀਆ ਜਹਾਜ਼ ਤੇ ਹਾਂਗਕਾਂਗ ਪੁੱਜੇ ਉੱਥੋਂ ਆਸਟ੍ਰੇਲੀਅਨ ਨਾਂ ਦੇ ਜਹਾਜ਼ ਰਾਂਹੀ ਜਿਸ ਵਿੱਚ 88 ਮੁਸਾਫਿਰ ਸਨ ਜਿਨ੍ਹਾਂ 'ਚੋਂ 31 ਅਮਰੀਕਾ ਤੋਂ 48 ਕਨੇਡਾ ਤੋਂ ਅਤੇ 2 ਸੰਘਾਈ ਤੋਂ ਸਨ। ਇਹ ਜਹਾਜ਼ 12 ਦਸੰਬਰ 1914 ਨੂੰ ਕੋਲੰਬੂ ਪੁੱਜਾ।ਪੁਲਿਸ ਨੇ ਸਭ ਦੀ ਤਲਾਸ਼ੀ ਲਈ ਪਰ ਕੋਈ ਅਸਲਾ ਨਾ ਮਿਲਿਆ।14 ਦਸੰਬਰ 1914 ਨੂੰ ਹਿੰਦੁਸਤਾਨੀ ਪੁਲਿਸ ਦੇ ਹਵਾਲੇ ਕਰ ਦਿੱਤਾ।ਇਸੇ ਤਰ੍ਹਾਂ ਭਾਈ ਬੀਰ ਸਿੰਘ 22 ਅਗਸਤ 1914 ਨੂੰ ਵਿਕਟੋਰੀਆ ਤੋਂ 'ਮੈਕਸੀਕੋ ਮਾਰੂ ਜਹਾਜ਼ ਰਾਹੀਂ ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਹਰੀ ਸਿੰਘ ਸੂੰਢ ਅਤੇ ਭਾਈ ਨੰਦ ਸਿੰਘ ਕੈਲੇ, ਵਰਗੇ ਵੈਨਕੂਵਰ ਦੇ ਗਦਰੀ ਵੀ ਨਾਲ਼ ਸਨ। ਗਦਰ ਲਹਿਰ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੀ ਇਸੇ ਜਹਾਜ਼ ਤੇ ਸਵਾਰ ਸਨ।ਜਹਾਜ਼ ਉੱਤੇ ਗਦਰੀਆਂ ਵਲੋਂ ਬਹੁਤ ਜੋਸ਼ੀਲੇ ਤੇ ਇਨਕਲਾਬੀ ਗੀਤ ਗਾਏ ਜਾਂਦੇ ਸਨ। ਇਹ ਜਹਾਜ਼ 13 ਅਕਤੂਬਰ, 1913 ਨੂੰ ਕਲਕੱਤੇ ਪੁੱਜਾ। ਇਸ ਤਰ੍ਹਾਂ ਇਹ ਗਦਰੀ ਗਦਰ ਕਰਨ ਦੇਸ਼ ਆ ਪਹੁੰਚੇ।



ਸ਼ਹੀਦ ਭਾਈ ਉੱਤਮ ਸਿੰਘ ਹਾਂਸ

ਸ਼ਹੀਦ ਭਾਈ ਉੱਤਮ ਸਿੰਘ ਹਾਂਸ ਉਰਫ ਰਾਘੋ ਸਿੰਘ ਦਾ ਜਨਮ 1990 ਈ. ਦੇ ਨੇੜੇ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਪਿੰਡ ਹਾਂਸ ਵਿਖੇ ਜੀਤਾ ਸਿੰਘ ਹਾਂਸ ਦੇ ਘਰ ਹੋਇਆ।ਆਪ ਸੋਹਣੇ-ਸਨੁੱਖੇ, ਇਨਸਾਫ ਪਸੰਦ ਤੇ ਜ਼ੁਲਮ ਦੇ ਵੈਰੀ ਸਨ।ਗਰੀਬੀ ਤੋਂ ਤੰਗ ਆ ਆਪ 1906 ਵਿੱਚ ਕਨੇਡਾ ਆ ਗਏ।ਉਸ ਨੇ ਜ਼ਮੀਨ ਸਾਫ ਕਰਨ ਵਾਲੀ ਵੈਨਕੂਵਰ ਦੀ ਇੱਕ ਕੰਪਨੀ ਨਾਲ ਕੰਮ ਕੀਤਾ।ਫਿਰ ਲੰਬਰ ਮਿੱਲ ਵਿੱਚ ਕੰਮ ਕਰਦਿਆਂ ਸਮਝ ਲੱਗੀ ਕਿ ਹਿੰਦੁਸਤਾਨੀਆਂ ਦੀ ਹਰ ਪਾਸੇ ਬੇਇੱਜ਼ਤੀ ਇਸ ਕਰਕੇ ਹੁੰਦੀ ਹੈ ਕਿਉਂ ਕਿ ਉਨ੍ਹਾਂ ਦਾ ਮੁਲਕ ਗੁਲਾਮ ਹੈ।1913 ਵਿੱਚ ਬਣੀ ਗਦਰ ਪਾਰਟੀ ਦੇ ਮੈਂਬਰ ਬਣੇ ਤੇ ਹਿੰਦੁਸਤਾਨ ਰਹਿੰਦੇ ਦੋਸਤਾਂ ਨੂੰ 'ਗਦਰ' ਅਖਬਾਰ ਭੇਜਿਆ ਕਰਦੇ ਸਨ।ਉਨ੍ਹਾਂ ਨੇ ਕਾਮਾਗਾਟਾ ਮਾਰੂ ਦੇ ਘੋਲ਼ ਵਿੱਚ ਅਹਿਮ ਭੂਮਿਕਾ ਨਿਭਾਈ।22 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਮਿਲ਼ੇ।ਉਨ੍ਹਾਂ ਨੇ ਮੁਸਾਫਰਾਂ ਨੂੰ ਦੇਸ਼ ਜਾ ਕੇ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਦਾ ਪੈਗਾਮ ਦਿੱਤਾ।23 ਜੁਲਾਈ ਨੂੰ ਜਹਾਜ਼ ਵਾਪਸ ਮੋੜਨ ਤੇ ਉੱਤਮ ਸਿੰਘ ਤੇ ਉਸ ਦੇ ਸਾਥੀਆਂ ਦਾ ਰੋਹ ਜਵਾਲਾ ਦਾ ਰੂਪ ਧਾਰਨ ਲੱਗਾ।4ਅਗਸਤ 1914 ਨੂੰ ਪਹਿਲਾ ਸੰਸਾਰ ਯੁੱਧ ਸ਼ੁਰੂ ਹੋਣ ਤੇ ਗਦਰ ਪਾਰਟੀ ਨੇ ਬਾਹਰਲੇ ਦੇਸ਼ਾਂ 'ਚ ਵੱਸਦੇ ਹਿੰਦੁਸਤਾਨੀ ਗਦਰੀਆਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦਿੱਤਾ।ਉਹ 19-20 ਦਸੰਬਰ ਨੂੰ ਲੁਧਿਆਣੇ ਨੇੜੇ ਪੁੱਜੇ ਆਪ ਨੇ ਪੁਲਿਸ ਨੂੰ ਪਿੰਡ ਦਾ ਨਾਂ ਰਾਘੋ ਸਿੰਘ ਦੱਸਿਆ ਕਨੇਡਾ ਵਿੱਚ ਆਪ ਉੱਤਮ ਸਿੰਘ ਦੇ ਨਾਂ ਨਾਲ ਸਰਗਰਮੀਆ ਕਰਦੇ ਸਨ, ਪੁਲਿਸ ਟਪਲ਼ਾ ਖਾ ਗਈ ਤੇ ਆਪ ਪਿੰਡ ਪੁੱਜਣ ਵਿੱਚ ਕਾਮਯਾਬ ਹੋ ਗਏ।ਕੁਝ ਹਫਤੇ ਪਿੰਡ ਗੁਜ਼ਾਰਨ ਪਿੱਛੋਂ ਆਪ ਅੰਡਰਗਰਾਉਂਡ ਹੋ ਕੇ ਕਨੇਡਾ ਤੋਂ ਪਰਤੇ ਆਪਣੇ ਮਿੱਤਰ ਈਸ਼ਰ ਸਿੰਘ ਢੁੱਡੀਕੇ ਨਾਲ਼ ਰਲ਼ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗੇ। ਉੱਤਮ ਸਿੰਘ ਹਾਂਸ ਤੇ ਉਸ ਦਾ ਗਦਰੀ ਸਾਥੀ ਈਸ਼ਰ ਸਿੰਘ ਢੁੱਡੀਕੇ ਆਖਰ 19 ਸਤੰਬਰ 1914 ਨੂੰ ਫਰੀਦਕੋਟ ਦੀ ਰਿਆਸਤ ਦੇ ਪਿੰਡ ਮਾਨਾਂ ਭਗਵਾਨਾਂ ਤੋਂ ਫੜੇ ਗਏ।ਆਪ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਹਵਾਲਾਤ ਵਿੱਚ ਰੱਖਿਆ ਗਿਆ।ਉੱਥੇ ਅਫਸਰ ਆਪ ਨੂੰ ਪੁੱਛਣ ਲੱਗੇ , "ਸਰਦਾਰ ਜੀ, ਤੁਸੀਂ ਕਿੱਥੇ-ਕਿੱਥੇ ਰਹੇ, ਕਿੱਥੇ-ਕਿੱਥੇ ਗਏ ਤੇ ਕੀ ਕੁਝ ਕੀਤਾ?" ਆਪ ਉਨ੍ਹਾਂ ਨੂੰ ਆਖਣ ਲੱਗੇ , "ਤੁਸੀਂ ਪੁੱਛ ਕੇ ਕੀ ਕਰੋਗੇ ?" ਕੀ ਮੈਨੂੰ ਫਾਂਸੀ ਦੇ ਦਿਓਗੇ ਜਾਂ ਛੱਡ ਦੇਵੋਗੇ?" ਉਨ੍ਹਾਂ ਜਵਾਬ ਦਿੱਤਾ, "ਨਹੀਂ, ਅਸੀਂ ਤੁਹਾਨੂੰ ਅਦਾਲਤ ਵਿੱਚ ਲੈ ਜਾਵਾਂਗੇ" ਭਾਈ ਸਾਹਿਬ ਉਨ੍ਹਾਂ ਨੂੰ ਕਹਿਣ ਲੱਗੇ, "ਫਿਰ ਸਾਡਾ ਤੁਹਾਡੇ ਨਾਲ਼ ਕੀ ਵਾਸਤਾ ਹੈ।ਅਸੀ ਜੋ ਕਹਿਣਾ ਹੋਊ, ਅਦਾਲਤ ਵਿੱਚ ਹੀ ਕਹਿ ਲਵਾਂਗੇ"। ਅਫਸਰ ਸ਼ਰਮਿੰਦੇ ਹੋ ਕੇ ਚਲੇ ਗਏ।ਉਹ ਹਵਾਲਾਤ ਵਿੱਚ ਬੰਦ ਹੋ ਕੇ ਵੀ ਪੁਲਿਸ ਕਰਮਚਾਰੀਆਂ ਨੂੰ ਅਜ਼ਾਦੀ ਸੰਘਰਸ਼ ਨਾਲ ਜੋੜਨ ਦੀ ਕੋਸ਼ਿਸ਼ ਕਰਦੇ। ਕੋਤਵਾਲੀ ਵਿੱਚ ਇੱਕ ਦਿਨ ਇੰਸਪੈਕਟਰ ਦਾ ਲੜਕਾ ਆਪ ਪਾਸ ਆਇਆ ।ਆਪ ਉਸ ਨੂੰ ਪੁੱਛਣ ਲੱਗੇ, "ਕਾਕਾ ਤੂੰ ਅਜ਼ਾਦੀ ਚਾਹੁੰਦਾ ਜਾਂ ਗੁਲਾਮੀ?" ਉਸ ਲੜਕੇ ਨੇ ਜਵਾਬ ਦਿੱਤਾ, "ਅਜ਼ਾਦੀ" ਆਪ ਇੰਸਪੈਕਟਰ ਨੂੰ ਕਹਿਣ ਲੱਗੇ; "ਦੇਖ ਮੀਆਂ, ਤੇਰੇ ਨਾਲੋਂ ਤਾਂ ਇਹ ਬੱਚਾ ਹੀ ਚੰਗਾ ਜਿਹੜਾ ਅਜ਼ਾਦੀ ਚਾਹੁੰਦਾ, ਤੂੰ ਤਾ ਦਿਨ ਰਾਤ ਲੋਕਾਂ ਨੂੰ ਗੁਲਾਮੀ ਦੇ ਸੰਗਲਾਂ ਵਿੱਚ ਬੰਨ੍ਹ ਰਿਹਾ।ਤੈਨੂੰ ਆਪਣੇ ਪੁੱਤਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ"।ਇਹ ਸੁਣ ਅਫਸਰ ਨੇ ਨੀਵੀਂ ਪਾ ਲਈ। ਇਸੇ ਤਰ੍ਹਾਂ ਇੱਕ ਵਾਰ ਇੱਕ ਹਿੰਦੁਸਤਾਨੀ ਅਫਸਰ ਇਨ੍ਹਾਂ ਨਾਲ਼ ਬੜੀ ਬਦਤਮੀਜ਼ੀ ਨਾਲ਼ ਪੇਸ਼ ਆਇਆ ਉਸ ਦੀ ਆਕੜ ਵੇਖ ਆਪ ਨੇ ਉਸ ਨੂੰ ਤੂੰ ਕਹਿ ਕੇ ਬੁਲਾਇਆ ਤਾਂ ਉਹ ਔਖਾ ਹੋ ਕੇ ਕਹਿਣ ਲੱਗਾ," ਮੈਂ ਇੱਕ ਅਫਸਰ ਹਾਂ ਤੁਸੀ ਮੇਰੇ ਨਾਲ ਜ਼ਰਾ ਸੋਚ ਸਮਝ ਕੇ ਗੱਲ ਕਰੋ"। ਆਪ ਉਸ ਨੂੰ ਆਖਣ ਲੱਗੇ, "ਤੂੰ ਜਿਨ੍ਹਾਂ ਦਾ ਨੌਕਰ ਹੈ, ਅਸੀਂ ਤਾਂ ਉਨ੍ਹਾਂ ਨੂੰ ਕੁਝ ਨਹੀਂ ਸਮਝਦੇ।ਤੇਰਾ ਰੋਅਬ ਅਸੀਂ ਕਿੱਥੋਂ ਸਹਿਣ ਲੱਗੇ ਹਾਂ ਅਫਸਰ ਨਿੰਮੋਝਣਾ ਹੋ ਪਾਸੇ ਨੂੰ ਚਲਾ ਗਿਆ"। ਇੱਕ ਵਾਰ ਬਹੁਤ ਭੈੜੀ ਹਾਲਤ ਵਾਲ਼ਾ ਗਰੀਬੜਾ ਜਿਹਾ ਘੁਮਿਆਰ ਆਪ ਦੀ ਝੂਠੀ ਗਵਾਹੀ ਦੇਣ ਆ ਗਿਆ ਆਪ ਉਸ ਦੀ ਦਸ਼ਾ ਦੇਖ ਕੇ ਕਹਿਣ ਲੱਗੇ, "ਦੇਖੋ, ਇਹ ਦਸ਼ਾ ਹੈ ਸਾਡੇ ਭਰਾਵਾਂ ਦੀ ! ਇਸ ਵਿਚਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੀਂ ਕਿਸ ਜੁਰਮ ਵਿੱਚ ਫੜੇ ਹੋਏ ਹਾਂ।ਇਹ ਤਾਂ ਭੁੱਖ ਦਾ ਮਾਰਿਆ ਝੂਠੀ ਗਵਾਹੀ ਦੇਣ ਆ ਗਿਆ ਹੈ।ਇਸ ਤੇ ਰੰਜ ਕਰਨਾ ਸਰਾਸਰ ਸਾਡੀ ਬੇਵਕੂਫੀ ਹੈ।ਇਹ ਕਹਿੰਦਿਆਂ ਆਪ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ।ਆਪ ਦੇ ਪ੍ਰਭਾਵ ਅਧੀਨ ਆਪ ਦਾ ਭਾਣਜਾ ਇੰਦਰ ਸਿੰਘ ਸ਼ੇਖ ਦੌਲਤ ਵੀ ਗਦਰ ਲਹਿਰ ਵਿੱਚ ਆਇਆ ਉਸ ਨੂੰੰ ਇਸ ਮੁਕੱਦਮੇ ਵਿੱਚ ਉਮਰ ਕੈਦ ਤੇ ਘਰ ਘਾਟ ਜ਼ਬਤੀ ਦੀ ਸਜ਼ਾ ਹੋਈ ਜੋ ਬਾਅਦ 'ਚ ਸੱਤ ਸਾਲ ਕੈਦ ਕਰ ਦਿੱਤੀ।ਉੱਤਮ ਸਿੰਘ ਹਾਂਸ ਨੂੰ ਫਾਸੀ ਦੀ ਸਜ਼ਾ ਹੋਈ।



ਭਾਈ ਈਸ਼ਰ ਸਿੰਘ ਢੁੱਡੀਕੇ

ਗਦਰ ਲਹਿਰ ਨੂੰ ਦਰਜਨ ਦੇ ਕਰੀਬ ਯੋਧੇ ਦੇਣ ਵਾਲਾ ਮਾਲਵੇ ਦੇ ਪਿੰਡ ਢੁੱਡੀਕੇ ਵਿੱਚ ਇਸ ਮਹਾਨ ਗਦਰੀ ਈਸ਼ਰ ਸਿੰਘ ਦਾ ਜਨਮ 1882 ਈ. ਨੂੰ ਪਿਤਾ ਗੱਜਣ ਸਿੰਘ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਸੀ ।ਗਦਰ ਲਹਿਰ ਵਿੱਚ ਇਸ ਪਿੰਡ ਦਾ ਰੋਲ ਵੇਖਦਿਆਂ ਅੰਗਰੇਜ਼ ਸਰਕਾਰ ਨੇ ਪਿੰਡ 'ਚ ਪੁਲਿਸ ਚੌਂਕੀ ਬਿਠਾ ਦਿੱਤੀ ਸੀ।ਆਪ ਧਾਰਮਿਕ, ਦਿਆਲੂ ਤੇ ਯਾਰਾਂ ਖਾਤਰ ਜਾਨ ਵਾਰਨ ਵਾਲ਼ੇ ਇਨਸਾਨ ਸਨ।ਜਦੋਂ ਪੰਜਾਬ ਵਿੱਚ ਪਲੇਗ ਫੈਲੀ ਤਾਂ ਸਭ ਲੋਕ ਪਿੰਡ ਛੱਡ ਬਾਹਰ ਖੇਤਾਂ ਵਿੱਚ ਰਹਿਣ ਲੱਗੇ।ਆਪ ਦੇ ਮਿੱਤਰ ਦੇ ਪਲੇਗ ਦਾ ਫੋੜਾ ਨਿਕਲ਼ਿਆ ਹੋਇਆ ਸੀ ਆਪ ਛੂਤ ਦੀ ਬਿਮਾਰੀ ਤੋਂ ਨਾ ਡਰੇ, ਜਾਨ ਦੀ ਪਰਵਾਹ ਨਾ ਕਰਦਿਆਂ ਆਪਣੇ ਮਿੱਤਰ ਕੋਲ਼ ਰਹਿ ਉਸ ਦੀ ਸੇਵਾ ਸੰਭਾਲ ਕਰਦੇ ਰਹੇ। 1907 ਈ. ਵਿੱਚ ਆਪ ਕਮਾਈ ਕਰਨ ਕਨੇਡਾ ਆ ਕੇ ਮਿੱਲ 'ਚ ਨੌਕਰੀ ਕੀਤੀ।ਪਿੱਛੋਂ ਆਪ ਦੇ ਦੋਨੋਂ ਭਰਾਵਾਂ ਦੀ ਮੌਤ ਹੋ ਗਈ।1911 ਈ. ਆਪ ਪਿੰਡ ਆ ਗਏ ਮਾਂ ਬਾਪ ਕੋਲ਼।ਆਪ ਦਾ ਭਰਾ ਜੈਤੋ ਲਾਗੇ ਪਿੰਡ ਝੱਖੜਵਾਲ ਦੇ ਫੁੰਮਣ ਸਿੰਘ ਦੀ ਧੀ ਰਾਮ ਕੌਰ ਨਾਲ਼ ਵਿਆਹਿਆ ਹੋਇਆ ਸੀ ਪਰ ਮੁਕਲਾਵਾ ਨਹੀਂ ਸੀ ਆਇਆ।ਦੋਹਾਂ ਪਰਿਵਾਰਾਂ ਨੇ ਸਲਾਹ ਕਰਕੇ ਈਸ਼ਰ ਸਿੰਘ ਦੇ ਘਰ ਰਾਮ ਕੌਰ ਨੂੰ ਬਿਠਾ ਦਿੱਤਾ।1912 ਨੂੰ ਆਪ ਕਨੇਡਾ ਵਾਪਸ ਆ ਗਏ ਫਿਰ ਲੱਕੜ ਮਿੱਲ 'ਚ ਕੰਮ ਕਰਨ ਲੱਗੇ। ਕਨੇਡਾ 'ਚ ਰਹਿੰਦਿਆਂ ਈਸ਼ਰ ਸਿੰਘ ਨੇ ਹਿੰਦੀਆਂ ਦਾ ਨਿਰਾਦਰ ਹੁੰਦਾ ਦੇਖਿਆ।ਉਨ੍ਹਾਂ ਨੂੰ ਸਮਝ ਆਈ ਕਿ ਇਸ ਦੁਰਵਿਵਹਾਰ ਦਾ ਅਸਲ ਕਾਰਨ ਹਿੰਦੁਸਤਾਨ ਦੀ ਗੁਲਾਮੀ ਹੈ।ਆਪ ਨੇ ਦੇਸ਼ ਅਜ਼ਾਦ ਕਰਾਉਣ ਦਾ ਇਰਾਦਾ ਧਾਰ ਲਿਆ ਤੇ ਗਦਰ ਪਾਰਟੀ ਦੇ ਮੈਂਬਰ ਬਣ ਗਏ।ਆਪ ਨੇ ਸੰਗੀ ਸਾਥੀਆਂ ਨੂੰ ਮੈਂਬਰ ਬਣਨ ਲਈ ਪ੍ਰੇਰਿਆ ਹੀ ਨਹੀਂ ਸਗੋਂ ਆਪਣੇ ਅਸਰ ਰਸੂਖ ਸਦਕਾ ਗਦਰ ਪਾਰਟੀ ਲਈ ਬਹੁਤ ਸਾਰਾ ਫੰਡ ਇਕੱਠਾ ਕੀਤਾ।ਆਪ ਹਿੰਦੁਸਤਾਨ ਵਿੱਚ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਕਨੇਡਾ ਤੋਂ ਡਾਕ ਰਾਹੀਂ ਗਦਰ ਅਖਬਾਰ ਭੇਜਿਆ ਕਰਦੇ ਸਨ। ਆਪ 19-20 ਦਸੰਬਰ ਦੇ ਨੇੜੇ ਲੁਧਿਆਣੇ ਪੁੱਜੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।ਕੁਝ ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਭਾਈ ਈਸ਼ਰ ਸਿੰਘ ਨੂੰ ਢੁੱਡੀਕੇ ਲਿਜਾ ਕੇ ਜੂਹਬੰਦ ਕਰ ਦਿੱਤਾ।ਮਹੀਨੇ ਕੁ ਬਾਅਦ ਜ਼ਮਾਨਤ ਮੰਗ ਲਈ ਗਈ।ਆਪ ਜ਼ਮਾਨਤ ਰੱਖਣ ਲਈ ਤਿਆਰ ਨਾ ਹੋਏ ਪਰ ਜ਼ੈਲਦਾਰ ਨੂੰ ਇਹ ਕਹਿ ਪਿੰਡੋਂ ਨਿਕਲ ਗਏ ਕਿ ਉਹ ਸੌਹਰਿਆਂ ਨੂੰ ਚੱਲੇ ਹਨ ਪਰ ਆਪ ਸੌਹਰਿਆਂ ਨੂੰ ਜਾਣ ਦੀ ਥਾਂ ਅੰਡਰਗਰਾਉਂਡ ਹੋ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗੇ। ਗਦਰ ਪਾਰਟੀ ਦਾ ਪ੍ਰਚਾਰ ਕਰਦੇ ਤੇ ਲੋਕਾਂ ਨੂੰ ਪਾਰਟੀ ਨਾਲ਼ ਜੋੜਦੇ ਸੀ। ਆਪ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਕਈੇ ਵਾਰ ਛਾਪਾ ਮਾਰਿਆ। ਪਰ ਆਪ ਪੁਲਿਸ ਦੇ ਹੱਥ ਨਾ ਆਏ, ਪੁਲਿਸ ਆਪ ਨੂੰ ਹੱਥ ਪਾਉਣੋਂ ਝਿਜਕਦੀ ਸੀ।ਈਸ਼ਰ ਸਿੰਘ ਦੇ ਪੁੱਤਰ ਭਾਗ ਸਿੰਘ ਨੇ ਆਪਣੀ ਮਾਂ ਰਾਮ ਕੌਰ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਲਿਖਿਆ ਹੈ ਕਿ ਇੱਕ ਵਾਰੀ ਆਪ ਨੂੰ ਫੜਨ ਲਈ ਪੁਲਿਸ ਦੀ ਟੋਲੀ ਪਿੰਡ ਆਈ ਥਾਣੇਦਾਰ ਨੇ ਪਤਾ ਕਰਨ ਲਈ ਸਿਪਾਹੀ ਨੂੰ ਘਰ ਭੇਜਿਆ।ਸਿਪਾਹੀ ਨੇ ਘਰ ਜਾ ਕੇ ਪੁੱਛਿਆ, "ਈਸ਼ਰ ਸਿੰਘ ਕਿੱਥੇ ਹੈ ?" ਈਸ਼ਰ ਸਿੰਘ ਦੀ ਪਤਨੀ ਰਾਮ ਕੌਰ ਨੇ ਨਿਧੜਕ ਜਵਾਬ ਦਿੱਤਾ, ਅਗਲੇ ਅੰਦਰ"। ਸਿਪਾਹੀ ਨੇ ਥਾਣੇਦਾਰ ਨੂੰ ਜਾ ਦੱਸਿਆ ਪਰ ਥਾਣੇਦਾਰ ਆਪਣੀ ਟੋਲੀ ਨਾਲ਼ ਘਰ ਵੱਲ ਜਾਣ ਦੀ ਥਾਂ ਪਿਛਾਂਹ ਮੁੜ ਗਿਆ।ਈਸ਼ਰ ਸਿੰਘ ਦੇ ਯਤਨਾਂ ਸਦਕਾ ਢੁੱਡੀਕੇ ਗਦਰੀਆਂ ਦਾ ਗੜ੍ਹ ਬਣ ਗਿਆ।ਈਸ਼ਰ ਸਿੰਘ ਤੋਂ ਬਿਨ੍ਹਾਂ ਇਸ ਪਿੰਡ ਦੇ ਹੋਰ ਗਦਰੀ ਸਨ ਪਾਖਰ ਸਿੰਘ, ਮਹਿੰਦਰ ਸਿੰਘ, ਸ਼ਾਮ ਸਿੰਘ, ਪਾਲਾ ਸਿੰਘ ਸਪੁੱਤਰ ਕਾਲਾ ਸਿੰਘ, ਪਾਲਾ ਸਿੰਘ ਸਪੁੱਤਰ ਬੱਗਾ ਸਿੰਘ ਅਤੇ ਮਾਸਟਰ ਫੇਰਾ ਸਿੰਘ ਆਦਿ।ਭਾਈ ਈਸ਼ਰ ਸਿੰਘ ਤੇ ਉਸ ਦਾ ਵੈਨਕੂਵਰ ਤੋਂ ਗਿਆ ਸਾਥੀ, ਸਾਧੂਆਂ ਦੇ ਭੇਸ ਵਿੱਚ ਵਿੱਚ ਪਿੰਡੋਂ ਬਾਹਰ ਕੁਟੀਆ ਵਿੱਚ ਰਹਿੰਦੇ ਸਨ। ਇੱਕ ਦਿਨ ਪਿੰਡ ਦੇ ਕਿਸੇ ਬੰਦੇ ਨੇ ਆਖਿਆ, "ਸੰਤੋਂ, ਜੇ ਕੁਝ ਚਾਹੀਦਾ ਹੋਵੇ ਤਾਂ ਪਿੰਡੋਂ ਲੈ ਆਇਆ ਕਰੋ। ਆਪ ਨੇ ਜਵਾਬ ਦਿੱਤਾ, "ਮੰਗਣਾ ਖਾਲਸੇ ਦਾ ਧਰਮ ਨਹੀਂ"। ਪਿੰਡ ਵਾਲੇ ਬੰਦੇ ਨੂੰ ਸ਼ੱਕ ਹੋ ਗਿਆ।ਉਸ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ।ਆਪ ਨੂੰ ਫੜਨ ਲਈ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਆਪ ਗੁਆਰੇ ਦੀਆਂ ਫਲ਼ੀਆਂ ਤੋੜ ਰਹੇ ਸਨ।ਜਦੋਂ ਆਪ ਨੂੰ ਫੜਿਆ ਗਿਆ।ਤਾਂ ਆਪ ਨੇ ਗਦਰ ਗੂੰਜਾਂ ਵਾਲ਼ੇ ਇਨਕਲਾਬੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ।ਈਸ਼ਰ ਸਿੰਘ ਹੁਰਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਹਥਿਆਰ ਉਨ੍ਹਾਂ ਕੋਲ ਨਹੀਂ ਸਨ।ਨਹੀਂ ਤਾਂ ਉਹ ਪੁਲਿਸ ਨੂੰ ਹੱਥ ਜ਼ਰੂਰ ਦਿਖਾਉਦੇ।ਤਲਾਸ਼ੀ ਲੈਣ 'ਤੇ ਪੁਲਿਸ ਨੂੰ ਕੁਟੀਆ ਵਿੱਚੋਂ ਇੱਕ ਰੀਵਾਲਵਰ, ਇੱਕ ਆਟੋਮੈਟਿਕ ਪਿਸਤੌਲ ਅਤੇ ਬਹੁਤ ਸਾਰੇ ਕਾਰਤੂਸ ਮਿਲੇ।ਈਸ਼ਰ ਸਿੰਘ ਦੇ ਫੜੇ ਜਾਣ ਦੀ ਖਬਰ ਸੁਣ ਕੇ ਢੁੱਡੀਕੇ ਦੇ ਬਹੁਤ ਸਾਰੇ ਘਰਾਂ ਵਿੱਚ ਮਾਤਮ ਛਾ ਗਿਆ।ਲੋਕ ਅੰਦਰ ਵੜ-ਵੜ ਰੋਦੇਂ ਸਨ।ਪਿੰਡ ਦੇ ਝੋਲੀ-ਚੁੱਕਾਂ ਨੇ ਖੁਸ਼ੀਆਂ ਵੀ ਮਨਾਈਆਂ।ਈਸ਼ਰ ਸਿੰਘ ਨੂੰ ਪਹਿਲਾਂ ਲੁਧਿਆਣੇ ਫਿਰ ਲਾਹੌਰ ਲਿਜਾਇਆ ਗਿਆ।ਜੇਲ੍ਹ ਵਿੱਚ ਆਪ ਉੱਤੇ ਬਹੁਤ ਤਸ਼ਦੱਦ ਕੀਤਾ ਗਿਆ।ਪਰ ਆਪ ਨੇ ਕੋਈ ਭੇਦ ਨਾ ਖੋਲ੍ਹਿਆ।ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਅਤੇ ੧੦੦ ਹੋਰ ਗਦਰੀਆਂ ਉੱਤੇ ਅੰਗਰੇਜ਼ ਸਰਕਾਰ ਦਾ ਤਖਤਾ ਉਲਟਾਉਣ ਦੀ ਕੋਸ਼ਿਸ਼ ਦਾ ਦੋਸ਼ ਲਾ ਕੇ 'ਸਪਲੀਮੈਟਰੀ ਲਾਹੌਰ ਕਾਂਸਪੀਰੇਸੀ ਕੇਸ' ਨਾਂ ਦਾ ਮੁਕੱਦਮਾ ਚਲਾਇਆ ਗਿਆ।18 ਜੂਨ 1916 ਨੂੰ ਫਾਂਸੀ ਲਾ ਸ਼ਹੀਦ ਕਰ ਦਿੱਤਾ।


ਭਾਈ ਬੀਰ ਸਿੰਘ ਬਾਹੋਵਾਲ

ਬਾਈ ਬੀਰ ਸਿੰਘ ਦਾ ਜਨਮ 1871 ਈ. ਨੂੰ ਜ਼ਿਲ੍ਹਾ ਹੁਸ਼ਿਆਰਪੁਰ 'ਚ ਮਾਹਿਲਪੁਰ ਨੇੜੇ ਪਿੰਡ ਬਾਹੋਵਾਲ ਵਿਖੇ ਬੂਟਾ ਸਿੰਘ ਬੈਂਸ ਦੇ ਘਰ ਹੋਇਆ।1893 'ਚ ਬੰਗਿਆਂ ਲਾਗੇ ਮਾਹਿਲ ਗਹਿਲ਼ਾਂ ਆਪ ਦਾ ਵਿਆਹ ਬੀਬੀ ਅਤਰੀ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਪੁੱਤਰ ਕਿਸ਼ਨ ਸਿੰਘ ਤੇ ਨਿਰਮਲ ਸਿੰਘ ਤੇ ਇੱਕ ਧੀ ਸਵਰਨੀ ਪੈਦਾ ਹੋਈ।1906 ਵਿੱਚ ਭਾਈ ਬੀਰ ਸਿੰਘ ਕਨੇਡਾ ਆ ਗਏ।ਲੱਕੜ ਮਿੱਲ 'ਚ ਕੰਮ ਕਰਦਿਆਂ ਗੋਰਿਆਂ ਵੱਲੋਂ ਮਾਰੇ ਜਾਂਦੇ ਤਾਹਨੇ ਕਿ ਹਿੰਦੁਸਤਾਨ ਵਿੱਚ ਤੀਹ ਕਰੋੜ ਬੰਦੇ ਨਹੀਂ, ਭੇਡਾਂ ਰਹਿੰਦੀਆਂ ਹਨ।ਜਿਨ੍ਹਾਂ ਨੂੰ ਥੋੜ੍ਹੇ ਜਿਹੇ ਗੋਰੇ ਕਾਬੂ ਕਰੀ ਬੈਠੇ ਹਨ, ਆਪ ਨੂੰ ਬੜਾ ਦੁੱਖੀ ਕਰਦੇ ਆਪ ਦਾ ਅਣਖੀ ਮਨ ਉਬਾਲੇ ਖਾਂਦਾ ਆਪ ਦੇਸ਼ ਅਜ਼ਾਦ ਕਰਾਉਣ ਬਾਰੇ ਸੋਚਣ ਲੱਗਦੇ ਆਪ ਨੂੰ ਯਕੀਨ ਸੀ ਕਿ ਗੋਰਿਆਂ ਨੂੰ ਸਿਰਫ ਹਥਿਆਰਬੰਦ ਸੰਘਰਸ਼ ਰਾਹੀਂ ਹੀ ਬਾਹਰ ਕੱਢਿਆ ਜਾ ਸਕਦਾ।ਆਪ ਗਦਰ ਪਾਰਟੀ ਦੇ ਮੈਂਬਰ ਬਣੇ ਦੂਸਰੇ ਹਿੰਦੁਸਤਾਨੀਆਂ ਨੂੰ ਵੀ ਮੈਂਬਰ ਬਣਨ ਲਈ ਪ੍ਰੇਰਿਆ। ਉਹ ਪਾਰਟੀ ਲਈ ਫੰਡ ਵੀ ਇੱਕਠਾ ਕਰਦੇ। ਦੇਸ਼ ਵਿੱਚ ਬਹੁਤ ਸਾਰੇ ਗਦਰੀ ਫੜੇ ਗਏ ਬਾਹਰੋਂ ਸੰਪਰਕ ਟੁੱਟਣ ਕਰਕੇ ਪੈਸਿਆਂ ਦੀ ਕਮੀ ਮਹਿਸੂਸ ਹੋਈ।ਪੈਸਿਆਂ ਦੀ ਘਾਟ ਨੂੰ ਪੂਰੀ ਕਰਨ ਲਈ ਪਾਰਟੀ ਅੰਦਰ ਮੱਤ-ਭੇਦ ਹੋਣ ਦੇ ਬਾਵਜੂਦ ਵੀ ਸਿਆਸੀ ਡਾਕੇ ਮਾਰਨੇ ਪਏ। ਭਾਈ ਬੀਰ ਸਿੰਘ ਨੇ ਬੜੀ ਬਹਾਦਰੀ ਨਾਲ਼ ਹਿੱਸਾ ਲਿਆ।ਗਦਰ ਪਾਰਟੀ ਵੱਲੋਂ ਪਹਿਲਾ ਡਾਕਾ ਪਿੰਡ ਸਾਨ੍ਹੇਵਾਲ, ਦੂਜਾ ਡਾਕਾ ਮਨਸੂਰਾਂ ਮਾਰਿਆ ਭਾਈ ਬੀਰ ਸਿੰਘ ਦੋਨਾਂ ਡਾਕਿਆ ਵਿੱਚ ਸ਼ਾਮਿਲ ਸਨ।ਭਾਈ ਬੀਰ ਸਿੰਘ ਇਸ ਡਾਕੇ ਵਿੱਚ ਜ਼ਖਮੀ ਹੋ ਗਏ ਅਗਲੇ ਪਿੰਡ ਜਾ ਕੇ ਬੀਬੀ ਅਤਰੀ ਦੇ ਘਰ ਭਾਈ ਬੀਰ ਸਿੰਘ ਦੇ ਖੂਨ ਨਾਲ਼ ਭਿੱਜੇ ਕੱਪੜੇ ਸਾੜੇ ਗਏ ਤੇ ਉਨਾਂ ਨੂੰ ਨਵੇਂ ਕੱਪੜੇ ਪੁਆਏ ।ਭਾਈ ਬੀਰ ਸਿੰਘ ਦੇ ਸਾਥੀ ਉਨ੍ਹਾਂ ਨੂੰ ਅੰਮ੍ਰਿਤਸਰ ਲੈ ਗਏ, ਜਿੱਥੇ ਫੌਜ ਦੇ ਸਾਬਕਾ ਕੰਪਾਊਂਡਰ ਨੇ ਉਨ੍ਹਾਂ ਦੀ ਪਿੱਠ 'ਚੋਂ ਬੰਬ ਦੇ ਛੋਟੇ-ਛੋਟੇ ਟੁਕੜੇ ਕੱਢੇ।ਫਰਵਰੀ 1915 ਦਾ ਗਦਰ ਫੇਲ੍ਹ ਹੋ ਗਿਆ ਗਦਰੀ ਲੀਡਰਾਂ ਨੇ ਪੈਸੇ ਇਕੱਠੇ ਕਰਨ ਤੇ ਝੋਲੀ-ਚੁੱਕਾਂ ਦਾ ਸਫਾਇਆ ਕਰਨ ਦਾ ਫੈਸਲਾ ਕੀਤਾ।ਕਪੂਰਥਲੇ ਅਸਲਾਖਾਨੇ 'ਤੇ ਹਮਲਾ ਕਰਨ ਦੀ ਸਕੀਮ ਫੇਲ੍ਹ ਹੋਣ ਕਰਕੇ ਹਮਲੇ ਦੀ ਤਰੀਕ 12 ਜੂਨ ਤੱਕ ਮੁਲਤਵੀ ਕਰ ਦਿੱਤਾ ਗਦਰੀ ਵੱਖ ਵੱਖ ਦਿਸ਼ਾਵਾਂ ਵੱਲ ਚਲੇ ਗਏ ਇਸ ਤੋਂ ਥੋੜ੍ਹੀ ਦੇਰ ਬਾਅਦ ਸੁੰਦਰ ਸਿੰਘ ਤੇ ਹਰਨਾਮ ਸਿੰਘ ਨਾਂ ਦੇ ਦੋ ਬੌਰੀਏ ਤਿੱਤਰਾਂ ਨੂੰ ਲੱਭਦੇ ਲੱਭਦੇ ਫੌਜੀ ਬੈਰਕਾਂ ਦੇ ਪਿਛਲੇ ਪਾਸੇ ਆ ਨਿਕਲ਼ੇ। ਉਨ੍ਹਾਂ ਗਦਰੀਆਂ ਦੀਆਂ ਪੈੜਾਂ ਵੇਖ ਲਈਆਂ।ਉਨ੍ਹਾਂ ਨੂੰ ਸ਼ੱਕ ਪੈ ਗਈ ਉਹ ਪੈੜ ਲੱਭਦੇ ਲੱਭਦੇ ਉੱਥੇ ਪੁੱਜ ਗਏ ਜਿੱਥੇ ਅਠਾਰਾਂ ਗਦਰੀ ਇੱਕਠੇ ਹੋਏ ਸੀ ਉੱਥੇ ਰੇਤ ਉੱਤੇ ਛਵ੍ਹੀਆਂ ਦੇ ਨਿਸ਼ਾਨ ਸਨ ਬੌਰੀਆਂ ਦੀ ਸ਼ੱਕ ਪੱਕੀ ਹੋ ਗਈ।ਉਹ ਖੁਰੇ ਮਗਰ ਹੋ ਤੁਰੇ ।ਗਦਰੀਆਂ 'ਚੋਂ ਸੱਤ ਜਣੇ ਕਰਤਾਰਪੁਰ ਵੱਲ ਤਿੰਨ ਜਣੇ ਛਾਉਣੀ ਵੱਲ ਤੇ ਚਾਰ ਜਣੇ ਕੱਚੇ ਰਸਤੇ ਕਾਲ਼ਾ ਸੰਘਿਆਂ ਵੱਲ ਗਏ ਸਨ।ਪੱਕੀ ਸੜਕ 'ਤੇ ਜਾ ਕੇ ਬਾਕੀ ਸਭ ਦਾ ਖੁਰਾ ਤਾਂ ਗੁਆਚ ਗਿਆ ਪਰ ਜੋ ਚਾਰ ਜਣੇ ਕੱਚੇ ਰਸਤੇ ਕਾਲ਼ਾ ਸੰਘਿਆਂ ਵੱਲ ਗਏ ਸਨ, ਬੌਰੀਏ ਉਨ੍ਹਾਂ ਮਗਰ ਹੋ ਤੁਰੇ।ਕਾਲ਼ਾ ਸੰਘਿਆਂ ਪੁੱਜ ਕੇ ਉਨ੍ਹਾਂ ਪੁਲਿਸ ਨਾਲ਼ ਲੈ ਲਈ ਤੇ ਚਿੱਟੀ ਪਿੰਡ ਵੱਲ ਹੋ ਤੁਰੇ। ਚਿੱਟੀ ਤੋਂ ਲੰਬੜਦਾਰ ਮੋਹਣ ਸਿੰਘ ਨੂੰ ਨਾਲ਼ ਲੈ ਕੇ ਉਹ ਖੁਰੇ ਦੇ ਮਗਰ ਮਗਰ ਚਿੱਟੀ ਦੇ ਗੁਰਦੁਆਰੇ ਜਾ ਪੁੱਜੇ।6 ਜੂਨ ਵਾਲ਼ੇ ਦਿਨ ਚਿੱਟੀ ਦੇ ਗੁਰਦੁਆਰੇ 'ਚੋਂ ਭਾਈ ਬੀਰ ਸਿੰਘ ਬਾਹੋਵਾਲ, ਬੂਟਾ ਸਿੰਘ ਅਕਾਲਗੜ੍ਹ, ਅਰਜਨ ਸਿੰਘ ਜਗਰਾਉਂ ਤੇ ਕਪੂਰ ਸਿੰਘ ਕਉਂਕੇ ਗ੍ਰਿਫਤਾਰ ਕਰ ਲਏ ਗਏ।ਭਾਈ ਬੀਰ ਸਿੰਘ ਨੂੰ ਲਾਹੌਰ ਲਿਜਾ ਕੇ "ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ ਸ਼ਾਮਿਲ ਕੀਤਾ ਗਿਆ।ਭਾਈ ਬੀਰ ਸਿੰਘ ਉੱਤੇ ਦੋਸ਼ ਸੀ ਕਿ ਉਨ੍ਹਾਂ ਨੇ ਸਾਹਨੇਵਾਲ ਅਤੇ ਚੱਬੇ ਦੇ ਡਾਕਿਆ ਵਿੱਚ, ਜਿੱਥੇ ਕਿ ਕਤਲ ਕੀਤੇ ਗਏ ਸਨ, ਹਿੱਸਾ ਲਿਆ ਸੀ।ਉਨ੍ਹਾਂ ਉੱਤੇ ਇਹ ਵੀ ਦੋਸ਼ ਸੀ ਕਿ ਉਨ੍ਹਾਂ ਉੱਤੇ ਕਪੂਰਥਲੇ ਅਸਲਾਖਾਨੇ ਤੇ ਹਮਲਾ ਕਰਨ ਅਤੇ ਅੰਗਰੇਜ਼ ਸਰਕਾਰ ਨੂੰ ਡੇਗਣ ਲਈ ਲੜਾਈ ਲੜੀ ਸੀ।ਸਰਕਾਰੀ ਵਕੀਲ ਨੇ ਭਾਈ ਬੀਰ ਸਿੰਘ ਦੇ ਬੰਬ ਨਾਲ ਲੱਗੇ ਜ਼ਖਮਾਂ ਨੂੰ ਦਰਸਾਉਂਦੀਆਂ ਫੋਟੋਆਂ ਅਦਾਲਤ ਵਿੱਚ ਪੇਸ਼ ਕੀਤੀਆਂ।ਜੱਜਾਂ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ 121/396 ਅਤੇ 302/109 ਅਧੀਨ ਭਾਈ ਬੀਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਫਾਂਸੀ ਅਤੇ ਘਰ ਘਾਟ ਜ਼ਬਤੀ ਦੀ ਸਜ਼ਾ ਸੁਣਾਈ।19 ਜੂਨ 1916 ਨੂੰ ਐਤਵਾਰ ਵਾਲ਼ੇ ਦਿਨ ਆਪ ਦੇ ਚਾਰ ਸਾਥੀਆਂ ਸਮੇਤ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ।ਇਨ੍ਹਾਂ ਗਦਰੀਆਂ ਦੀਆਂ ਲਾਸ਼ਾਂ ਘਰਦਿਆਂ ਨੂੰ ਦੇਣ ਦੀ ਬਜਾਇ ਜੇਲ੍ਹ ਦੇ ਹਾਤੇ ਵਿੱਚ ਹੀ ਸੰਸਕਾਰ ਕਰ ਦਿੱਤਾ।


ਸ਼ਹੀਦ ਭਾਈ ਰੂੜ ਸਿੰਘ ਤਲਵੰਡੀ 

ਸ਼ਹੀਦ ਰੂੜ ਸਿੰਘ (ਸਪੁੱਤਰ ਸ. ਸਮੁੰਦ ਸਿੰਘ) ਜਿਹਨਾਂ ਦਾ ਜਨਮ ਤਾਂ ਤਲਵੰਡੀ ਦੁਸਾਂਝ ਦਾ ਹੈ ਪਰ ਆਪ ਰਹਿੰਦੇ ਢੁੱਡੀਕੇ ਸਨ ਜਿੱਥੇ ਕਿ ਇਹਨਾਂ ਦਾ ਮੇਲ ਇੱਥੋਂ ਦੇ ਇਨਕਲਾਬੀ ਜੱਥੇ ਨਾਲ ਹੋਇਆ।ਇੱਕ ਵਾਅਦਾ ਮਾਫ਼ ਅਨੁਸਾਰ ਭਾਈ ਰੂੜ ਸਿੰਘ ਦਾ ਬਾਬਾ ਪਾਖਰ ਸਿੰਘ ਦੇ ਖੂਹ 'ਤੇ ਆਮ ਆਉਣਾ ਜਾਣਾ ਸੀ। ਕਪੂਰਥਲੇ ਦੇ ਪੰਜ ਜੂਨ ਦੇ ਹਮਲੇ ਵਿੱਚ ਹਿੱਸਾ ਲੈਣ ਲਈ ਅਜਿਤਵਾਲ ਦੇ ਸਟੇਸ਼ਨ 'ਤੇ ਗੱਡੀ ਚੜ੍ਹ ਕੇ ਕਪੂਰਥਲੇ ਗਏ। ਹਥਿਆਰ ਤੇ ਆਦਮੀ ਘੱਟ ਹੋਣ ਕਰਕੇ ਹਮਲੇ ਦੀ ਤਾਰੀਕ 4 ਜੂਨ ਦੀ ਥਾਂ 12 ਜੂਨ ਕਰ ਦਿੱਤੀ ਗਈ। ਇਸ ਤੇ ਬਚਨ ਸਿੰਘ ਦਿਨ ਵੱਲੇ ਪੁਲ ਦੀ ਗਾਰਦ ਤੇ ਹਮਲਾ ਕਰਕੇ ਰਾਈਫਲਾਂ ਖੋਹਣ ਦਾ ਪ੍ਰੋਗਰਾਮ ਬਣਿਆ ਜੋ ਕਿ 12 ਜੂਨ ਨੂੰ ਕੰਮ ਆਉਣਗੀਆਂ। ਭਾਈ ਰੂੜ ਸਿੰਘ ਵੱਲੇ ਪੁੱਲ ਵਾਲੇ ਜਥੇ ਵਿੱਚ ਸ਼ਾਮਲ ਹੋਏ। ਇਸ ਹਮਲੇ ਲਈ ਭਾਈ ਰੂੜ ਸਿੰਘ, ਭਾਈ ਪ੍ਰੇਮ ਸਿੰਘ (ਸੁਰ ਸਿੰਘ), ਭਾਈ ਜਵੰਦ ਸਿੰਘ (ਨੰਗਲ ਕਲਾਂ) ਤੇ ਬਚਨ ਸਿੰਘ (ਵਾਦਾ ਮਾਫ਼) ਇਕੱਠੇ ਤੁਰੇ, ਰਸਤੇ ਵਿੱਚ ਭਾਈ ਪ੍ਰੇਮ ਸਿੰਘ ਨੇ ਇਹਨਾਂ ਦੀ ਜਾਣ ਪਛਾਣ ਠੱਠੀਖਾਰੇ ਦੇ ਭਾਈ ਹਰਨਾਮ ਸਿੰਘ ਨਾਲ ਕਰਵਾਈ, ਇਹ ਵੀ ਇਸ ਜਥੇ ਵਿੱਚ ਸ਼ਾਮਲ ਹੋਏ ਤੇ ਪਿੱਛੋਂ ਸ਼ਹੀਦ ਹੋਏ। ਭਾਈ ਰੂੜ ਸਿੰਘ ਨੂੰ ਭਾਈ ਪ੍ਰੇਮ ਸਿੰਘ ਨੇ ਭਾਈ ਹਰਨਾਮ ਸਿੰਘ ਦੇ ਘਰ ਤੇਜ਼ਾਬ ਦੀ ਬੋਤਲ ਲੈਣ ਲਈ ਭੇਜਿਆ ਜੋ ਉੱਥੇ ਛੱਡ ਆਏ ਸਨ।12 ਜੂਨ ਦੀ ਰਾਤ ਨੂੰ ਹਮਲਾ ਨਾ ਹੋ ਸਕਿਆ ਤੇ 11 ਜੂਨ ਨੂੰ ਹਮਲਾ ਕਰਕੇ ਸਿਪਾਹੀਆਂ ਦੀਆਂ ਰਾਈਫਲਾਂ ਤੇ ਵਰਦੀਆਂ ਲੈ ਕੇ ਗ਼ਦਰੀ ਚੱਲ ਪਏ। ਹਮਲੇ ਵਿੱਚ ਭਾਈ ਜਵੰਦ ਸਿੰਘ ਨੇ ਸਿਪਾਹੀ ਦੀ ਵਰਦੀ ਪਾ ਲਈ ਅਤੇ ਕੁੱਝ ਦੇਰ ਪਿੱਛੋਂ ਇਹਨਾਂ ਨੇ ਇਹ (ਵਰਦੀ ਵਾਲੀ) ਪਗੜੀ ਭਾਈ ਰੂੜ ਸਿੰਘ ਨਾਲ ਵਟਾ ਲਈ।ਇਹ ਪੱਗੜੀ ਬਾਅਦ ਵਿੱਚ ਇਹਨਾਂ ਕੋਲੋਂ ਬਰਾਮਦ ਹੋਈ ਦੱਸੀ ਗਈ ਹੈ। ਗ਼ਦਰੀਆਂ ਦਾ ਇੱਕ ਜੱਥਾ ਤਾਂ ਨਹਿਰ ਪੈ ਕੇ ਤਰਨ ਤਾਰਨ ਚਲਿਆ ਗਿਆ, ਪਰ ਰੂੜ ਸਿੰਘ ਤੇ ਬਚਨ ਸਿੰਘ (ਵਾਦਾ ਮਾਫ਼) ਜੰਡਿਆਲੇ, ਬਿਆਸ ਤੇ ਕਰਤਾਰਪੁਰ ਵੱਲ ਹੋ ਕੇ ਕਪੂਰਥਲੇ ਆ ਗਏ ਜਿਥੇ ਉਹ ਭਾਈ ਪ੍ਰੇਮ ਸਿੰਘ (ਸੁਰ ਸਿੰਘ) ਤੇ ਹਵਲਦਾਰ ਭਗਵਾਨ ਸਿੰਘ ਨੂੰ ਮਿਲੇ, ਉਥੇ ਉਹਨਾਂ ਨੂੰ ਪਤਾ ਲੱਗਾ ਕਿ ਚਿੱਟੀ ਪਿੰਡ ਦੇ ਗੁਰਦੁਆਰੇ ਵਿੱਚ ਭਾਈ ਅਰਜਨ ਸਿੰਘ, ਭਾਈ ਬੀਰ ਸਿੰਘ ਬਾਹੋਵਾਲ (ਜੋ ਇਹਨਾਂ ਨਾਲ ਸ਼ਹੀਦ ਹੋਏ), ਭਾਈ ਬੂਟਾ ਸਿੰਘ (ਸ਼ਹੀਦ) ਅਕਾਲ ਗੜੀਆ ਤੇ ਭਾਈ ਕਪੂਰ ਸਿੰਘ (ਕਾਉਂਕੇ) ਫੜੇ ਗਏ। ਉਥੇ ਆਪ ਕਪੂਰਥਲੇ ਤੋਂ ਉੱਗੀ ਚਿੱਟੀ ਹੁੰਦੇ ਹੋਏ ਪਿੰਡ ਗਾਂਧਰਾ ਨੂੰ ਗਏ ਜਿੱਥੇ ਰਾਤ ਰਹੇ, ਫਿਰ ਪਿੰਡ ਸੋਹਲ ਤੇ ਜਨੇਤਪੁਰੇ ਹੁੰਦੇ ਹੋਏ ਪਿੰਡ ਸ਼ੇਖ ਦੌਲਤ ਗਏ। ਫਿਰ ਆਪ ਢੁਡੀਕੇ ਵਾਪਸ ਆ ਗਏ। ਭਾਈ ਰੂੜ ਸਿੰਘ ਦੀ ਇੱਕ ਅੱਖ ਨਿਕਾਰਾ ਹੋ ਚੁੱਕੀ ਸੀ ਅਤੇ ਕੰਨਾਂ ਤੋਂ ਵੀ ਉੱਚਾ ਸੁਣਦਾ ਸੀ।ਪਰ ਜੋਸ਼ ਤੇ ਉਤਸ਼ਾਹ ਵਿੱਚ ਕਿਸੇ ਨਾਲੋਂ ਵੀ ਪਿੱਛੇ ਨਹੀਂ ਸਨ। ਇਹਨਾਂ ਦੀ ਅੱਖ ਦੀ ਨਿਸ਼ਾਨੀ ਕਰਕੇ ਛੇਤੀ ਪਛਾਣੇ ਜਾਂਦੇ ਸਨ ਇਸ ਲਈ ਗਵਾਹਾਂ ਨੂੰ ਪਛਾਣਨ ਵਿੱਚ ਕੋਈ ਮੁਸ਼ਕਲ ਨਹੀਂ ਸੀ।ਜੱਜਾਂ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਭਾਈ ਰੂੜ ਸਿੰਘ ਉਹਨਾਂ ਇਨਕਲਾਬੀਆਂ ਵਿੱਚੋਂ ਸੀ ਜਿਹੜੇ ਪਿੰਡ ਢੁੱਡੀਕੇ ਵਿੱਚ ਇਕੱਠੇ ਹੋਏ। ਫਿਰ 5 ਜੂਨ 1915 ਨੂੰ ਕਪੂਰਥਲੇ ਗਏ ਤੇ ਵੱਲੇ ਪੁੱਲ਼ ਵਾਲੇ ਹਮਲੇ ਵਿੱਚ ਸ਼ਾਮਲ ਹੋਏ।ਆਪ ਨੂੰ ਸਰਕਾਰ ਦੇ ਵਿਰੁੱਧ ਜੰਗ ਕਰਨ ਦੇ ਦੋਸ਼ ਵਿੱਚ ਫਾਂਸੀਂ ਦੀ ਸਜ਼ਾ ਤੇ ਘਰਘਾਟ ਦੀ ਜ਼ਬਤੀ ਦੀ ਸਜ਼ਾ ਦਿੱਤੀ ਗਈ।ਆਪ ਦੀ ਕੋਈ ਫੋਟੋ ਨਹੀਂ ਮਿਲ ਸਕੀ।ਭਾਈ ਰੂੜ ਸਿੰਘ ਆਪਣੇ ਚਾਰ ਸਾਥੀਆਂ ਸਮੇਤ 18 ਜੂਨ 1916 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ।


ਸ਼ਹੀਦ ਰੰਗਾ ਸਿੰਘ ਉਰਫ਼ ਰੋਡਾ ਸਿੰਘ

ਉੱਘੇ ਦੇਸ਼ ਭਗਤ ਤੇ ਲੰਮੀ ਸਜ਼ਾਜ਼ਾਫਤਾ ਸਾਥੀ ਹਰਭਜਨ ਸਿੰਘ ਚਮਿੰਡਾ (ਲੁਧਿਆਣਾ) ਸ਼ਹੀਦ ਰੰਗਾ ਸਿੰਘ ਬਾਰੇ ਇਉਂ ਲਿਖਦੇ ਹਨ :- " ਰੰਗਾ ਰੰਗ ਦੇ ਹੈਨ ਇਨਸਾਨ ਭਾਵੇਂ, ਰੰਗਾ ਸਿੰਘ ਅਨੋਖੜੀ ਸ਼ਾਨ ਦਾ ਸੀ। ਸ਼ੇਰੇ-ਮਰਦ ਕਹਿੰਦੇ ਇਹਨੂੰ ਪੁਲਿਸ ਵਾਲੇ ਭੌ ਰੱਖਦਾ ਨਾ ਕਿਸੇ ਖਾਨ ਦਾ ਸੀ। ਦੋ ਚਾਰ ਛੇ ਸਾਲ ਦੀ ਕੈਦ ਤਾਂਈ, ਹੱਤਕ ਆਪਦੀ ਇਹ ਸੋਹਣਾ ਜਾਣਦਾ ਸੀ। ਦਿਨੇ ਰਾਤ ਸਾਥੀ ਇਹਦੇ ਦਿਲ ਅੰਦਰ, ਰਹੇ ਚਾਓ ਸ਼ਹੀਦੀਆਂ ਪਾਉਣ ਦਾ ਸੀ। ਹੋਰ ਵਿਸਥਾਰ 'ਚ ਉਹ ਲਿਖਦੇ ਹਨ ਕਿ ਭਾਵੇਂ ਇਹ ਵੀਰ ਦੁਆਬੇ ਦੇ ਸਨ, ਪਰ ਇਨ੍ਹਾਂ ਦਾ ਜੁੱਟ ਭਾਈ ਉੱਤਮ ਸਿੰਘ ਹਾਂਸ (ਲੁਧਿਆਣਾ) ਤੇ ਭਾਈ ਈਸ਼ਰ ਸਿੰਘ ਢੁੱਡੀਕੇ (ਮੋਗਾ) ਦੇ ਨਾਲ ਰਿਹਾ ਹੈ।ਇਹ ਸੱਜਣ ਬਹੁਤ ਦਲੇਰ ਤੇ ਦ੍ਰਿੜ ਵਿਸ਼ਵਾਸੀ ਸੀ, ਜਿਸ ਦੀ ਤਾਰੀਫ਼ ਭਰੀ ਕਚਹਿਰੀ ਵਿੱਚ ਹਕੀਮ ਇਕਰਅਲ ਹੱਕ ਇੰਸਪੈਕਟਰ ਸੀ. ਆਈ. ਡੀ. ਨੇ ਵੀ ਕੀਤੀ। ਰੋਡਾ ਸਿੰਘ ਉਰਫ਼ ਰੰਗਾ ਸਿੰਘ ਖੁਰਦਪੁਰ ਵਤਨ ਪਰਤਿਆ ਪ੍ਰਵਾਸੀ ਸੀ, ਜਿਹੜਾ ਕੁਝ ਵਰ੍ਹੇ ਕੈਲੇਫੋਰਨੀਆ (ਅਮਰੀਕਾ) ਵਿੱਚ ਰਿਹਾ।ਪੰਜਾਬ ਆ ਕੇ ਉਸ ਨੇ ਬਹੁਤ ਸਾਰੀਆਂ ਇਨਕਲਾਬੀ ਮੀਟਿੰਗਾਂ ਵਿੱਚ ਹਿੱਸਾ ਲਿਆ। ਉਸਨੇ ਜ਼ੈਲਦਾਰ ਚੰਦਾ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਨੂੰ, ਜਿਸ ਉੱਤੇ ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਫੜਵਾਉਣ ਦਾ ਵੀ ਦੋਸ਼ ਸੀ, ਨੂੰ ਆਪਦੇ ਸਾਥੀਆਂ (ਸ. ਜਵੰਦ ਸਿੰਘ ਨੰਗਲ ਕਲਾਂ, ਬੰਤਾ ਸਿੰਘ ਸੰਘਾਵਾ, ਬੂਟਾ ਸਿੰਘ ਅਕਾਲਗੜ੍ਹ ਆਦਿ) ਨਾਲ ਕਤਲ ਕਰਨ ਦਾ ਦੋਸ਼ ਲੱਗਾ। ਉਹ ਕਪੂਰਥਲੇ ਦੇ ਅਸਲਾਖਾਨੇ ਦੇ ਉੱਤੇ 6 ਜੂਨ 1914 ਦੇ ਹਮਲੇ ਵਿੱਚ ਵੀ ਸ਼ਾਮਲ ਸੀ, ਜਿੱਥੋਂ ਗ਼ਦਰ ਲਈ ਹਥਿਆਰ ਲੁੱਟਣੇ ਸਨ।ਉਸ ਨੂੰ ਵੱਲਾ ਪੁੱਲ (ਅੰਮ੍ਰਿਤਸਰ) ਸਾਕੇ ਵਿੱਚ ਵੀ ਹਥਿਆਰ ਲੁੱਟਣ ਲਈ ਪੁੱਲ ਉੱਤੇ ਤਾਇਨਾਤ ਫੌਜੀ ਟੁਕੜੀ ਉੱਤੇ ਹਮਲਾ ਕਰਨ ਦਾ ਦੋਸ਼ੀ ਮੰਨਿਆ ਗਿਆ। ਦਰਅਸਲ ਉਸ ਵਿੱਚ ਉਹ ਸ਼ਾਮਲ ਨਹੀਂ ਸੀ, ਪਰ ਉਸਦੇ ਗ਼ਦਰੀ ਸਾਥੀ ਚੰਨਣ ਸਿੰਘ ਬੂੜਚੰਦ, ਆਤਮਾ ਸਿੰਘ ਤੇ ਹਰਨਾਮ ਸਿੰਘ ਠੱਠੀਖਾਰਾ, ਬੰਤਾ ਸਿੰਘ ਸੰਘਵਾਲ, ਜਾਵੰਦ ਸਿੰਘ ਨੰਗਲ ਕਲਾਂ, ਕਾਲਾ ਸਿੰਘ ਜਗਤਪੁਰ, ਬਚਨ ਸਿੰਘ ਢੁੱਡੀਕੇ, ਰੂੜ ਸਿੰਘ ਤਲਵੰਡੀ ਦੁਸਾਂਝ ਤੇ ਪ੍ਰੇਮ ਸਿੰਘ ਸ਼ਾਮਲ ਸਨ।ਹਾਂ ਕਪੂਰਥਲੇ ਦੇ ਹਮਲੇ ਸਮੇਂ ਉਹ ਪ੍ਰੇਮ ਸਿੰਘ, ਬੰਤਾ ਸਿੰਘ ਸੰਘਵਾਲ, ਜਵੰਦ ਸਿੰਘ ਨੰਗਲ ਕਲਾਂ, ਨਿਰੰਜਣ ਸਿੰਘ ਪੰਡੋਰੀ ਲੱਧਾ ਸਿੰਘ, ਅਮਰ ਸਿੰਘ ਉਸਮਾਨਪੁਰ, ਉੱਤਮ ਸਿੰਘ ਹਾਂਸ, ਬੂਟਾ ਸਿੰਘ ਅਕਾਲਗੜ੍ਹ, ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਰੂੜ ਸਿੰਘ ਤਲਵੰਡੀ ਦੁਸਾਂਝ, ਰਿਸ਼ਨ ਸਿੰਘ ਵਰਪਾਲ, ਮਹਿੰਦਰ ਸਿੰਘ, ਈਸ਼ਰ ਸਿੰਘ ਤੇ ਸ਼ਾਮ ਸਿੰਘ ਢੁੱਡੀਕੇ, ਰਾਮ ਸਿੰਘ ਫੁਲੈਵਾਲ, ਅਰਜਨ ਸਿੰਘ ਸਹਿਜਭਾਈ, ਹਰੀਦਿੱਤ ਸਿੰਘ, ਅਰਜਨ ਸਿੰਘ ਸਲੋਤਰੀ ਅਤੇ ਬੀਰ ਸਿੰਘ ਬਾਹੋਵਾਲ ਆਦਿ ਸਮੇਤ ਸ਼ਾਮਲ ਸੀ।ਰੰਗਾ ਸਿੰਘ ਹੋਰ ਵੀ ਬਹੁਤ ਸਾਰੀਆਂ ਦਲੇਰਾਨਾ ਕਾਰਵਾਈਆਂ ਅਤੇ ਪ੍ਰਚਾਰ ਪ੍ਰਸਾਰ ਮੁਹਿੰਮਾਂ 'ਚ ਸ਼ਾਮਲ ਰਿਹਾ।ਇਹ ਮਹਾਂ ਗ਼ਦਰੀ ਹੋਤੀ ਮਰਦਾਨ (ਹੁਣ ਪਾਕਿਸਤਾਨ) ਵਿੱਚ ਹਥਿਆਰਾਂ ਸਮੇਤ ਫੜਿਆ ਗਿਆ। ਉਹਨਾਂ ਉੱਤੇ ਪਹਿਲੇ ਲਾਹੌਰ ਸਪਲੀਮੈਂਟ ਸਾਜਿਸ਼ ਕੇਸ ਤਹਿਤ ਮੁਕੱਦਮਾ 925 (ਅਕਤੂਬਰ 1915 ਤੋਂ ਮਾਰਚ 1916 ਤੱਕ) ਚਲਾ ਕੇ 18 ਜੂਨ 1916 ਨੂੰ ਸਾਥੀਆਂ ਸਮੇਤ ਫਾਂਸੀ ਲਗਾ ਦਿੱਤੀ।

ਗਦਰੀਆਂ ਦੀਆਂ ਸਰਗਰਮੀਆਂ 

ਗਦਰੀਆਂ ਨੇ ਫੌਜਾਂ ਵਿੱਚ ਪ੍ਰਚਾਰ ਕਰਕੇ ਬਹੁਤ ਸਾਰੇ ਫੌਜੀਆਂ ਨੂੰ ਆਪਣੇ ਨਾਲ਼ ਜੋੜ ਲਿਆ ਸੀ।ਉੱਤਰੀ ਹਿੰਦੁਸਤਾਨ ਦੀਆਂ ਬਹੁਤੀਆਂ ਫੌਜੀ ਛਾਉਣੀਆਂ ਵਿੱਚ ਉੇਨ੍ਹਾਂ ਦੇ ਸੈੱਲ ਸਨ।ਪਾਰਟੀ ਨੇ ਗਦਰ ਦਾ ਦਿਨ 21 ਫਰਵਰੀ,1914 ਦਾ ਮਿੱਥਿਆ ਗਦਰ ਦੀ ਸ਼ੁਰੂਆਤ ਮੀਆਂ ਮੀਰ ਦੀਆਂ ਛਾਉਣੀਆਂ ਤੋਂ ਹੋਣੀ ਸੀ।ਗਦਰੀਆਂ ਨੇ ਪਹਿਲਾਂ ਆਪਣੇ ਬੰਦਿਆਂ ਨਾਲ਼ ਹਮਲਾ ਕਰਨਾ ਸੀ। ਇਸ ਤੋਂ ਬਾਅਦ ਫੌਜੀਆਂ ਨੇ ਨਾਲ਼ ਰਲ਼ ਕੇ ਗਦਰ ਮਚਾ ਦੇਣਾ ਸੀ।ਈਸ਼ਰ ਸਿੰਘ ਤੇ ਮਾਲਵੇ ਦੇ ਹੋਰ ਗਦਰੀ 14 ਫਰਵਰੀ,1914 ਨੂੰ ਗੁੱਜਰਵਾਲ਼ ਇੱਕ ਅਖੰਡਪਾਠ ਤੇ ਇਕੱਠੇ ਹੋਏ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਗਦਰ ਲਹਿਰ ਦੀ ਸਹਾਇਤਾ ਕਰਨ ਲਈ ਅਪੀਲ ਕੀਤੀ।ਅਖੰਡਪਾਠ ਤੋਂ ਬਾਅਦ ਗਦਰੀਆਂ ਨੇ ਫੈਸਲਾ ਕੀਤਾ ਕਿ ਆਪਣੇ ਬੰਦਿਆਂ ਨੂੰ ਹਥਿਆਰਾਂ ਨਾਲ਼ ਲੈਸ ਕਰਕੇ 21 ਫਰਵਰੀ 1914 ਨੂੰ ਗਦਰ ਕਰਨ ਲਈ ਫਿਰੋਜ਼ਪੁਰ ਜਾਇਆ ਜਾਵੇ।ਪਰ ਮੁਖਬਰ ਕਿਰਪਾਲ ਸਿੰਘ ਵੱਲ਼ੋਂ ਭੇਦ ਖੋਲ੍ਹ ਦਿੱਤੇ ਜਾਣ ਕਰਕੇ ਪਾਰਟੀ ਨੇ ਗਦਰ ਦੀ ਤਰੀਕ 21 ਤੋਂ ਬਦਲ ਕੇ 19 ਫਰਵਰੀ ਕਰ ਦਿੱਤੀ।19 ਫਰਵਰੀ ਦੀ ਸ਼ਾਮ ਨੂੰ ਈਸ਼ਰ ਸਿੰਘ ਢੁੱਡੀਕੇ, ਕਰਤਾਰ ਸਿੰਘ ਸਰਾਭਾ, ਉੱਤਮ ਸਿੰਘ ਹਾਂਸ ਆਦਿ ਗਦਰੀ ਲੀਡਰ ਅਤੇ ਸੰਤ ਰਣਧੀਰ ਸਿੰਘ ਦੇ ਜਥੇ ਦੇ 60-70 ਬੰਦੇ ਫਿਰੋਜ਼ਪੁਰ ਸਟੇਸ਼ਨ ਤੇ ਗੱਡੀਓਂ ਉੱਤਰੇ ਤੇ ਛਾਉਣੀ ਵੱਲ ਗਏ।ਇਨ੍ਹਾਂ ਗਦਰੀਆਂ ਦੀ ਟੋਲੀ ਪਾਸ ਢੋਲਕੀ ਤੇ ਹਰਮੋਨੀਅਮ ਸੀ।ਰਾਹ ਵਿੱਚ ਉਨ੍ਹਾਂ ਨੂੰ ਫੌਜ ਦੀ ਟੁਕੜੀ ਮਿਲ਼ੀ ਜੋ ਗਦਰ ਦਾ ਭੇਦ ਖੁੱਲ ਜਾਣ ਕਾਰਨ ਗਦਰੀਆਂ ਦੀ ਭਾਲ ਵਿੱਚ ਫਿਰ ਰਹੀ ਸੀ ਫੌਜੀਆਂ ਵੱਲੋਂ ਪੁੱਛਣ ਤੇ ਉਨ੍ਹਾਂ ਜਵਾਬ ਦਿੱਤਾ ਕਿ ਉਹ ਤਾਂ ਰਾਗੀ ਹਨ ਜੋ ਕਿਸੇ ਵਿਆਹ 'ਤੇ ਕੀਰਤਨ ਕਰਨ ਜਾ ਰਹੇ ਹਨ।19 ਫਰਵਰੀ ਨੂੰ ਹੋਣ ਵਾਲ਼ੇ ਗਦਰ ਦਾ ਵੀ ਸਰਕਾਰ ਨੂੰ ਪਤਾ ਲੱਗ ਗਿਆ ਸਭ ਛਾਉਣੀਆਂ ਵਿੱਚ ਗਦਰੀਆਂ ਨਾਲ ਰਲ਼ੀਆਂ ਹੋਈਆਂ ਹਿੰਦੁਸਤਾਨੀ ਫੌਜਾਂ ਤੋਂ ਹਥਿਆਰ ਰਖਾ ਲਏ ਗਏ ਤੇ ਉਨ੍ਹਾਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ।ਲਾਹੌਰ ਦੀ ਮੀਆਂਮਾਰ ਛਾਉਣੀ ਤੇ ਹਮਲਾ ਕਰਨ ਦੀ ਪਲੈਨ ਵੀ ਭੇਦ ਖੁੱਲ ਜਾਣ ਕਾਰਣ ਕਾਮਯਾਬ ਨਾ ਹੋ ਸਕੀ।ਗ਼ਦਰੀਆਂ ਦੀ ਫੜੋਫੜੀ ਸ਼ੁਰੂ ਹੋ ਗਈ ਬਾਹਰ ਬਚੇ ਗ਼ਦਰੀਆਂ ਨੇ ਫੈਸਲਾ ਕੀਤਾ ਕਿ ਪਾਰਟੀ ਦੀ ਤਾਕਤ ਵਧਾਉਣ ਲਈ ਹਥਿਆਰ ਪ੍ਰਾਪਤ ਕੀਤੇ ਜਾਣ ਤੇ ਦੁਸ਼ਮਣ ਦੀ ਤਾਕਤ ਘਟਾਉਣ ਲਈ ਝੋਲ਼ੀ ਚੁੱਕਾਂ ਦਾ ਸਫਾਇਆ ਕੀਤਾ ਜਾਵੇ।ਮਾਲ਼ਪੁਰ ਨੇੜੇ ਪੈਂਦੇ ਪਿੰਡ ਨੰਗਲ ਕਲਾਂ ਦੇ ਜ਼ੈਲਦਾਰ ਚੰਦਾ ਸਿੰਘ ਨੇ ਵੈਨਕੂਵਰ ਤੋਂ ਗਏ ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਪੁਲਸ ਕੋਲ ਫੜਾ ਦਿੱਤਾ। ਉਸ ਨੂੰ ਸਜ਼ਾ ਦੇਣ ਲਈ ਗ਼ਦਰੀਆਂ ਨੇ 24 ਅਪਰੈਲ 1914 ਨੂੰ ਉਸਦਾ ਕਤਲ ਕਰ ਦਿੱਤਾ।ਗਦਰ ਪਾਰਟੀ ਵੱਲ਼ੋਂ ਪਹਿਲਾ ਡਾਕਾ 23 ਜਨਵਰੀ 1914 ਈ ਨੂੰ ਲੁਧਿਆਣੇ ਦੇ ਪਿੰਡ ਸਾ੍ਹਨੇਵਾਲ ਵਿੱਚ ਮਾਰਿਆ ਗਿਆ।27 ਜਨਵਰੀ ਨੂੰ ਗਦਰੀਆਂ ਵੱਲ਼ੋਂ ਮਨਸੂਰਾਂ ਪਿੰਡ ਵਿੱਚ ਡਾਕਾ ਮਾਰਨ ਤੇ ਪੁਲਿਸ ਨੇ ਝਾਬੇਵਾਲ਼ ਪਿੰਡ ਵਿੱਚ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਜਿੱਥੇ ਗਦਰੀਆਂ ਦੀ ਬੰਬ ਫੈਕਟਰੀ ਸੀ।ਗਦਰੀ ਬੰਬ ਫੈਕਟਰੀ ਝਾਬੇਵਾਲ ਤੋਂ ਉਠਾ ਕੇ ਨਾਭੇ ਰਿਆਸਤ ਵਿੱਚ ਲੋਹਟਬੱਦੀ ਲੈ ਆਏ ਜਿੱਥੇ ਪਿੱਤਲ ਜਾਂ ਸ਼ੀਸ਼ੇ ਦੀਆਂ ਦਵਾਤਾਂ ਵਿੱਚ ਮਸਾਲਾ ਭਰ ਕੇ ਬੰਬ ਬਣਾਏ ਜਾਂਦੇ ਸਨ। 2 ਫਰਵਰੀ 1914 ਦੀ ਰਾਤ ਨੂੰ ਅੰਮ੍ਰਿਤਸਰ ਨੇੜੇ ਚੱਬੇ ਪਿੰਡ 'ਚ ਡਾਕਾ ਮਾਰਿਆ ਇਸ ਡਾਕੇ ਵਿੱਚ ਗ਼ਦਰੀਆਂ ਦਾ ਆਪਣਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ। ਵਰਿਆਮ ਸਿੰਘ ਅਮਲੀ ਪੌੜੀਆਂ ਉੱਤਰਦਾ ਹੀ ਡਿੱਗ ਪਿਆ, ਉਸ ਕੋਲ ਜੋ ਬੰਬ ਸੀ ਉਹ ਚੱਲ ਗਿਆ, ਉਸਦੀ ਉੱਥੇ ਹੀ ਮੌਤ ਹੋ ਗਈ। ਪਿੰਡੋਂ ਨਿਕਲਦੇ ਗ਼ਦਰੀਆਂ ਨੂੰ ਪਿੰਡ ਦੇ ਲੋਕਾਂ ਨੇ ਘੇਰ ਲਿਆ, ਉਹਨਾਂ ਨੂੰ ਗਲ਼ੋਂ ਲਾਹੁਣ ਲਈ ਰਾਮ ਰੱਖੇ ਨੇ ਬੰਬ ਸੁੱਟਿਆ ਜੋ ਕੰਧ ਵਿੱਚ ਵੱਜ ਕੇ ਮੁੜ ਆਇਆ ਉਸ ਨਾਲ ਰਾਮ ਰੱਖਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਉਸ ਨੂੰ ਚੁੱਕ ਕੇ ਲਿਜਾਣਾ ਪਿਆ। ਭਾਈ ਬੀਰ ਸਿੰਘ ਵੀ ਇਸ ਨਾਲ ਪੂਰੀ ਤਰ੍ਹਾਂ ਜਖ਼ਮੀ ਹੋ ਗਏ । ਉਹਨਾਂ ਦੀ ਪਿੱਠ ਵਿੱਚ ਬੰਬ ਦੇ ਛੋਟੇ ਛੋਟੇ ਟੁਕੜੇ ਧੱਸ ਗਏ, ਪਿੰਡ ਵਾਲੇ ਗ਼ਦਰੀਆਂ ਦੇ ਮਗਰ ਲੱਗੇ ਹੋਏ ਸਨ। ਅਰਜਨ ਸਿੰਘ ਵਲੋਂ ਇੱਕ ਹੋਰ ਬੰਬ ਸੁੱਟਿਆ ਗਿਆ ਜਿਸਦੇ ਧੂੰਏਂ ਦੀ ਆੜ ਵਿੱਚ ਗ਼ਦਰੀ ਪਿੰਡੋਂ ਨਿਕਲ ਗਏ ਹਥਿਆਰਾਂ ਦੀ ਘਾਟ ਪੂਰੀ ਕਰਨ ਲਈ ਗ਼ਦਰੀਆਂ ਨੇ ਕਪੂਰਥਲਾ ਦੇ ਅਸਲਾਖ਼ਾਨੇ ਉੱਤੇ ਹਮਲਾ ਕਰਨ ਦੀ ਸਕੀਮ ਬਣਾਈ ਪਰ ਬੰਦੇ ਪੂਰੇ ਨਾ ਪਹੁੰਚਣ ਕਰਕੇ ਹਮਲਾ ਕਰਨ ਦੀ ਪਲੈਨ 12 ਜੂਨ ਤੱਕ ਮੁਲਤਵੀ ਕਰਨੀ ਪਈ।11 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਵਾਲੀ ਨਹਿਰ ਤੇ ਵੱਲੇ ਪਿੰਡ ਨੇੜੇ ਰੇਲਵੇ ਪੁੱਲ ਤੇ ਤਾਇਨਾਤ ਫੌਜੀ ਗਾਰਦ ਕੋਲ਼ੋਂ ਰਫਲਾਂ ਖੋਹਣ ਦੀ ਕੋਸ਼ਿਸ਼ ਕੀਤੀ ਪਰ ਇਸ ਹਮਲੇ ਵਿੱਚ ਗ਼ਦਰੀਆਂ ਦਾ ਬੜਾ ਨੁਕਸਾਨ ਹੋਇਆ ਤੇ ਕਪੂਰਥਲਾ ਅਸਲਾਖ਼ਾਨੇ ਵਿੱਚੋਂ ਹਥਿਆਰ ਲੁੱਟਣ ਦੀ ਸਕੀਮ ਵਿੱਚੇ ਰਹਿ ਗਈ।ਇਸ ਤਰ੍ਹਾਂ ਇਹ ਗਦਰੀ ਯੋਧੇ ਆਪਣੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਨੂੰ ਲੱਤ ਮਾਰ ਹੱਸ ਹੱਸ ਫਾਂਸੀ ਦਾ ਰੱਸਾ ਚੁੰਮ 18 ਜੂਨ 1916 ਨੂੰ ਸ਼ਹੀਦ ਇਹ ਕਹਿੰਦਿਆ ਹੋ ਗਏ ।

"ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ 
ਸਾਨੂੰ ਦੇਖ ਕੇ ਨਾ ਘਬਰਾ ਜਾਣਾ"

ਜਸਵੀਰ ਕੌਰ 
ਲੇਖਿਕਾ ਕੈਨੇਡਾ 'ਚ ਰਹਿ ਰਹੇ ਹਨ ਤੇ ਅੱਜਕਲ੍ਹ ਜੂਨ ਦੇ ਗਦਰੀ ਸ਼ਹੀਦਾਂ ਦੀ ਯਾਦ 'ਚ ਪ੍ਰੋਗਰਾਮ ਕਰਵਾ ਰਹੇ ਹਨ।

No comments:

Post a Comment