ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, June 9, 2012

ਸ਼ੰਘਾਈ: ਸੁਫ਼ਨਿਆਂ ਦੀ ਸਿਆਸਤ


ਸਿਨੇਮਾ ਦਾ ਜਿਹੜਾ ਮਿਹਦਾ ਨਹਿਰੂ ਆਦਰਸ਼ ਦੀ ਜੁਗਾਲੀ ਕਰਦਾ ਹੋਇਆ ਵੱਡਾ ਹੋਇਆ ਉਹ 70 ਦੇ ਦਹਾਕੇ 'ਚ ਕਿੰਝ ਐਂਗਰੀ ਯੰਗ ਮੈਨ ਨੂੰ ਪੇਸ਼ ਕਰਨ ਲੱਗ ਪਿਆ ਅਤੇ ਫਿਰ ਸਮਾਜਵਾਦ ਦਾ ਸਾਰਾ ਖਾਕਾ ਉਤਾਰਦਾ ਹੋਇਆ ਕਿੰਝ ਮੱਧਵਰਗੀ ਪਰਿਵਾਰ ਦਾ ਹੱਸਦਾ ਹਸਾਉਂਦਾ ਮੁਹਾਂਦਰਾ ਉਲੀਕਣ ਲੱਗ ਪਿਆ ਇਸ ਦੀ ਕਲਪਨਾ ਤਾਂ ਮਾਰਕਸ ਨੇ ਵੀ ਨਹੀਂ ਕੀਤੀ ਹੋਣੀ।ਕਿਉਂ ਕਿ ਮਾਰਕਸ ਦੇ ਸ਼ਬਦਕੋਸ਼ 'ਚ ਮੱਧਵਰਗ ਨਹੀਂ ਸੀ।ਜਿਸ ਭਾਰਤ ਦੀ ਆਰਥਿਕ ਇਕਾਈ ਖੇਤੀਬਾੜੀ ਹੈ ਅਤੇ ਜਿਸ ਬਾਰੇ ਮਹਾਤਮਾ ਗਾਂਧੀ ਤੋਂ ਲੈ ਕੇ ਹੁਣ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਹਦੀ ਆਤਮਾ ਪਿੰਡਾ 'ਚ ਵੱਸਦੀ ਹੈ।ਇਹ ਆਤਮਾ ਕਦੋਂ ਆਪਣਾ ਖਾਸਾ ਤਿਆਗਕੇ ਸ਼ਹਿਰਾਂ ਨੂੰ ਹਿਜਰਤ ਕਰਣ ਲੱਗ ਪਈ ਇਹਦੇ ਸੂਖਮ ਭੇਦ 90 ਦੀਆਂ ਆਰਥਿਕ ਨੀਤੀਆਂ ਤੋਂ ਸਮਝਨੇ ਪੈਣਗੇ।

ਦਿਬਾਕਰ ਬੈਨਰਜੀ ਦੀ ਫ਼ਿਲਮ 'ਸ਼ੰਘਾਈ' ਬਾਰੇ ਗੱਲ ਕਰਨ ਤੋਂ ਪਹਿਲਾਂ ਚੀਨ ਦੇ ਸ਼ਹਿਰ 'ਸ਼ੰਘਾਈ' ਦਾ ਮਿਜਾਜ਼ ਵੀ ਸਮਝਨਾ ਪਵੇਗਾ।ਸੰਸਾਰ ਦੀ ਸਭ ਤੋਂ ਵੱਧ ਵੱਸੋਂ ਨੂੰ ਆਪਣੇ ਅੰਦਰ ਸਮੇਟੀ ਇਹ ਸ਼ਹਿਰ ਆਧੁਨਿਕਤਾ 'ਚ ਜਿਸ ਤਰ੍ਹਾਂ ਅੱਜ ਤਕਨੀਕ,ਆਵਾਜਾਈ,ਸਿਹਤ,ਸਿੱਖਿਆ,ਸਨਅਤ,ਰੁਜ਼ਗਾਰ,ਸੰਭਾਵਨਾ,ਸੁਫ਼ਨਿਆ ਨੂੰ ਪੈਦਾ ਕਰਦਾ ਹੋਇਆ ਇਸ ਨਕਸ਼ ਦਾ ਬਿੰਬ ਬਣਿਆ ਹੈ ਉਹ ਇੱਕ ਪਿੰਡ ਦਾ ਸਨਅਤ ਬਜ਼ਾਰ ਦੇ ਰੂਪ 'ਚ ਖੱੜ੍ਹਾ ਹੋਣ ਦਾ ਸਫਰ ਹੈ।ਪੁਰਾਤਨ ਸੱਭਿਅਤਾ ਦੇ ਇਸ ਸ਼ਹਿਰ ਨੂੰ ਆਪਣੀ ਛਾਤੀ 'ਤੇ ਅਫੀਮ ਯੁੱਧ ਤੇ ਬ੍ਰਿਟਿਸ਼ ਸੰਤਾਪ ਨੂੰ ਝੱਲਦਿਆ ਇਤਿਹਾਸ ਦਾ ਗਵਾਹ ਹੋਣ ਦੀ ਗੁਰਦਾਉਰੀ ਵੀ ਹਾਸਲ ਹੈ ਅਤੇ ਪੂਰਬ ਤੇ ਪੱਛਮ ਵਿਚਕਾਰ ਸਨਅਤ ਦਾ ਸਾਝਾ ਮੰਚ ਬਣਨ ਦੀ ਵਿਚੋਲਗੀ ਵੀ ਨਸੀਬ ਹੋਈ ਹੈ।ਸ਼ੰਘਾਈ ਸ਼ਹਿਰ ਦਾ ਸ਼ਾਬਦਿਕ ਅਰਥ ਹੈ 'ਸਮੁੰਦਰ ਉੱਤੇ' ਅਤੇ ਇਹਨੂੰ 'ਪੈਰਿਸ ਆਫ ਦੀ ਈਸਟ' ਵੀ ਕਿਹਾ ਜਾਂਦਾ ਹੈ।ਇਸੇ ਕਰਕੇ ਹਰ ਹਿਯਾਤੀਆਂ ਦੇ ਸੁਫ਼ਨਿਆਂ ਨੂੰ ਸਤੁੰਸ਼ਟ ਕਰਨ ਲਈ 'ਸ਼ੰਘਾਈ' ਇੱਕ ਨਾਅਰੇ ਦੀ ਤਰ੍ਹਾਂ ਉੱਭਰਿਆ ਹੈ।ਇਹ ਤਬਦੀਲੀ ਦਾ ਪ੍ਰਤੀਕ ਬਣਿਆ ਹੈ।ਇਹ ਆਮ ਲੋਕਾ ਲਈ ਉਹਨਾਂ ਦੇ ਸੁਫ਼ਨਿਆਂ ਦਾ ਨਾਮ ਬਣ ਗਿਆ ਹੈ।ਇਹ ਸਿਆਸਤਦਾਨਾਂ ਲਈ ਇੱਕ ਅਜਿਹਾ ਲੱਡੂ ਬਣਿਆ ਹੈ ਜਿਹਨੂੰ ਉਹ ਲੋਕਾਂ ਨੂੰ ਕਦੋਂ ਵੀ ਕਿਤੇ ਵੀ ਵੰਡ ਸਕਦੇ ਹਨ ਅਤੇ ਆਪਣੀ ਮੁਨਾਫਖੌਰੀ ਨੂੰ ਵਧਾ ਸਕਦੇ ਹਨ।

ਦਿਬਾਕਰ ਬੈਨਰਜੀ ਦੀ ਇਹ ਫ਼ਿਲਮ ਗ੍ਰੀਕ ਲੇਖਕ ਵਾਸਲਿਸ ਵੈਸਲੀਕੋਸ ਦੇ ਨਾਵਲ 'ਜ਼ੈੱਡ' 'ਤੇ ਅਧਾਰਿਤ ਹੈ।ਜ਼ੈੱਡ ਸਿਆਸੀ ਸਰਜ਼ਮੀਨ ਦੇ ਕਥਾਨਕ ਦੁਆਲੇ ਬੁਣਿਆ ਸ਼ਾਹਕਾਰ ਨਾਵਲ ਸੀ।ਇਸ ਤੋਂ ਪਹਿਲਾਂ ਇਸੇ ਨਾਵਲ 'ਤੇ ਅਧਾਰਿਤ 1969 'ਚ ਕੋਸਤਾ ਗਾਵਰਸ ਦੀ 'ਜ਼ੈੱਡ' ਨਾਮ ਦੀ ਫ਼ਿਲਮ ਆ ਚੁੱਕੀ ਹੈ।ਦਿਬਾਕਰ ਬੈਨਰਜੀ ਦੀ ਫ਼ਿਲਮ ਦਾ ਸਿਆਸੀ ਜਾਲ ਆਮ ਆਦਮੀ ਦੇ ਸੁਫ਼ਨਿਆਂ ਦੀ ਹੋ ਰਹੀ ਸਿਆਸਤ ਦੁਆਲੇ ਆਪਣੇ ਘੇਰੇ ਨੂੰ ਉਲੀਕਦਾ ਹੈ।ਸੂਬੇ ਦੀ ਸੱਤਾਧਾਰੀ ਪਾਰਟੀ ਆਧੁਨਿਕ ਸ਼ਹਿਰੀ ਪ੍ਰੋਜੈਕਟ 'ਚ ਆਪਣਾ ਵਿਸ਼ਵਾਸ ਲੈਕੇ ਚੱਲ ਰਹੀ ਹੈ ਜਿਹਦਾ ਵਿਰੋਧ ਡਾ. ਅਹਿਮਦੀ ਨਾਮ ਦਾ ਸਮਾਜਸੇਵੀ ਕਰ ਰਿਹਾ ਹੈ।ਡਾ. ਅਹਿਮਦੀ ਨੂੰ ਸੱਤਾਧਾਰੀ ਆਗੂ ਆਪਣੇ ਆਧੁਨਿਕ ਪ੍ਰੋਜੈਕਟ 'ਚ ਰੋੜਾ ਮੰਨਦੇ ਹਨ ਜਿਸ ਕਾਰਣ ਉਹ ਪੂਰੀ ਤਰ੍ਹਾਂ ਵਿਉਂਤਕੇ ਡਾ. ਅਹਿਮਦੀ ਦਾ ਕਤਲ ਕਰਵਾ ਦਿੰਦੇ ਹਨ।ਇਹ ਕਤਲ ਵੇਖਣ ਨੂੰ ਸੜਕ ਹਾਦਸਾ ਲੱਗਦਾ ਹੈ ਪਰ ਇਸ ਦੀ ਪੇਚੇਦਗੀ ਸਿਆਸੀ ਤੰਦਾ ਨਾਲ ਹੈ।ਇਸ ਸਾਰੇ ਘਟਨਾਕ੍ਰਮ 'ਚ ਫ਼ਿਲਮ ਜਿਹੜੇ ਸਵਾਲ ਜਾਂ ਹਲਾਤ ਸਾਹਮਣੇ ਲੈਕੇ ਆਉਂਦੀ ਹੈ ਉਹ ਮੌਜੂਦਾ ਲਾਲਚ ਦੀ ਬਿਸਾਤ 'ਤੇ ਆਮ ਆਦਮੀ ਦੇ ਸੁਫ਼ਨਿਆਂ ਦੇ ਵੇਚਣ ਦਾ ਤਮਾਸ਼ਾ ਹੈ।

ਇਸ ਫ਼ਿਲਮ ਨੂੰ ਵੇਖਦੇ ਹੋਏ ਸਾਡਾ ਧਿਆਨ ਡਾ. ਅਹਿਮਦੀ ਦੇ ਕਥਨ ਵੱਲ ਜਾਂਦਾ ਹੈ।ਉਸ ਮੁਤਾਬਕ,"ਉੱਨਤੀ ਦੇ ਨਾਮ 'ਤੇ ਤੁਸੀ ਇਹਨਾਂ ਲੋਕਾਂ ਨੂੰ ਇੱਥੋਂ ਕਢਵਾਕੇ ੫੦ ਮੀਲ ਦੂਰ ਜਗ੍ਹਾ ਦੇ ਦੇਵੋਗੇ।ਫਿਰ ਆਪਣੇ ਹੀ ਘਰ 'ਚ ਇਹਨਾਂ ਨੂੰ ਬਾਹਰ ਚੌਕੀਦਾਰਾ ਕਰਵਾਉਣ ਖੱੜ੍ਹਾ ਦੇਵੋਗੇ।ਕਿਉਂ ਕਿ ਇਹ ਲੋਕ ਅੰਗਰੇਜ਼ੀ ਨਹੀਂ ਬੋਲ ਸਕਦੇ ਤੇ ਸੱਭਿਅਕ ਹੋਣ ਲਈ ਤੁਹਾਡੀ ਬਣਾਈ ਪਰਿਭਾਸ਼ਾ 'ਚ ਇਹ ਫਿਟ ਨਹੀਂ ਬੈਠਦੇ।" ਸੋ ਵਿਕਾਸ ਦਾ ਅਜਿਹਾ ਦਸਤੂਰ ਉੱਨਤੀ ਦਾ ਭੁਲੇਖਾ ਤਾਂ ਦਿੰਦਾ ਹੀ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਉੱਨਤੀ ਨਹੀਂ ਹੈ।ਅਜਿਹੀਆਂ ਵਿਕਾਸਮਈ ਪੁਲਾਘਾਂ ਰਾਹੀਂ ਬਿਓਰੋ ਕਰੈਟਸ,ਸਿਆਸੀ ਆਗੂਆਂ ਤੇ ਸਨਅਤਕਾਰਾਂ ਲਈ ਨਿਜੀ ਮੁਨਾਫੇਖੋਰੀ ਦਾ ਧੰਦਾ ਪਰਤ ਦਰ ਪਤਰ ਵੱਧਦਾ ਫੁੱਲਦਾ ਹੈ।ਇਸ ਦੌਰਾਨ ਕਿਸੇ ਵੀ ਸਮਾਜਸੇਵੀ ਦਾ ਬੋਲਣਾ ਦੇਸ਼ ਧ੍ਰੋਹ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ।(ਅਜਿਹੇ ਵਿਕਾਸਮਈ ਪ੍ਰੋਜੈਕਟਾਂ 'ਚ ਜੱਥੇਬੰਦੀਆਂ ਦੀ ਅਵਾਜ਼ ਨੂੰ ਦਬਾਇਆ ਜਾਂਦਾ ਹੈ,ਮੀਡੀਆ ਨੂੰ ਦੂਰ ਰੱਖਣ ਦੀ ਕੌਸ਼ਿਸ਼ ਕੀਤੀ ਜਾਂਦੀ ਹੈ)

ਭਾਰਤ ਦੇ ਅੰਦਰ ਅਜਿਹੇ ਸੰਦਰਭ ਸਾਨੂੰ ਸੇਜ਼,ਨਹਿਰੀ ਯੋਜਨਾਵਾਂ,ਐਕਵਾਇਰ ਜ਼ਮੀਨਾਂ ਦੇ ਕੇਸ 'ਚ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ।ਫਿਲਮ ਕੁਝ ਬਿੰਦੂਆਂ ਨੂੰ ਬਹੁਤ ਬਰੀਕੀ ਨਾਲ ਵਿਖਾਉਂਦੀ ਹੈ।ਡਾ. ਅਹਿਮਦੀ ਦੀ ਮੌਤ ਦੌਰਾਨ ਜਿਸ ਤਰ੍ਹਾਂ ਦਾ ਡਰਾਮਾ ਰਚਿਆ ਗਿਆ ਅਤੇ ਉਸ ਦੌਰਾਨ ਮੀਡੀਆ ਨੂੰ ਕਿਵੇਂ ਇਸ ਸਾਰੇ ਘਟਨਾਕ੍ਰਮ ਤੋਂ ਦੂਰ ਖਿਚਿਆ ਜਾਂਦਾ ਹੈ ਇਹ ਮੀਡੀਆ 'ਤੇ ਲਗਾਮ ਕੱਸਕੇ ਆਪਣੇ ਤਾਨਾਸ਼ਾਹੀ ਵਰਤਾਰੇ ਨੂੰ ਅੰਜਾਮ ਦੇਣ ਦੀ ਕਰਤੂਤ 'ਤੇ ਵਿਅੰਗ ਹੈ।(ਮੌਜੂਦਾ ਸਿਆਸੀ ਰੰਗ 'ਚ ਬਹੁਤ ਸਾਰੇ ਪਾਰਟੀ ਕਾਰਕੂਨ ਅਜਿਹੇ ਪੈਦਾ ਹੋ ਗਏ ਹਨ ਜੋ ਬਾਹੂਬਲੀ ਹਨ ਅਤੇ ਜਿਹਨਾਂ ਦਾ ਕੰਮ ਸਿਰਫ ਕੁੱਟਮਾਰ,ਗੁੰਡਾਗਰਦੀ ਤੇ ਕੇਬਲ ਕਨੈਸ਼ਨਾਂ ਨੂੰ ਕਬਜ਼ੇ 'ਚ ਲੈਣਾ ਹੀ ਹੈ) 
ਇਸ ਤੋਂ ਇਲਾਵਾ ਜਾਂਚ ਅਧਿਕਾਰੀ ਕ੍ਰਿਸ਼ਨਨ(ਅਭੈ ਦਿਓਲ) ਆਪਣੀ ਨੌਕਰੀ ਦੌਰਾਨ ਟਾਈ ਨੂੰ ਗਲੇ 'ਚ ਪਾਉਂਦਾ ਹੋਇਆ ਉਹਨਾਂ ਅਫਸਰਾਂ ਦੀ ਕਾਰਗੁਜ਼ਾਰੀ ਨੂੰ ਦਿਖਾਉਣ ਦਾ ਬਹੁਤ ਕਰਾਰਾ ਵਿਅੰਗਾਤਮਕ ਪ੍ਰਭਾਵ ਛੱਡਦਾ ਹੈ।ਸਾਡੇ ਮਨਾਂ 'ਤੇ ਅਜਿਹੀ ਚੋਭ ਮਾਰਨਾ ਨਿਰਦੇਸ਼ਕ ਦੇ ਹੁਨਰ ਦਾ ਕਮਾਲ ਹੈ।ਟਾਈ ਨੂੰ 'ਜੀ ਹਜ਼ੂਰੀ' ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।ਕ੍ਰਿਸ਼ਨਨ ਅੱਗੇ ਪਿਛੇ ਟਾਈ ਨਹੀਂ ਪਹਿਨਦਾ ਪਰ ਜਦੋਂ ਉਹ ਕਿਸੇ ਅਫਸਰ ਨੂੰ ਜਾਂ ਆਪਣੇ ਉੱਚ ਅਧਿਕਾਰੀ ਨੂੰ ਮਿਲਦਾ ਹੈ ਤਾਂ ਫੋਰਨ ਟਾਈ ਪਹਿਨਦਾ ਵਿਖਾਇਆ ਹੈ।ਭਾਰਤ 'ਚ ਅਜਿਹੇ ਬਹੁਤ ਸਾਰੇ ਕਾਬਲ ਅਫਸਰ ਹਨ ਜੋ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਉੱਪਰੋਂ,ਇੱਧਰੋਂ,ਉੱਧਰੋਂ ਦੇ ਦਬਾਅ ਹੀ ਟਾਈ ਪਹਿਨਣ ਨੂੰ ਮਜਬੂਰ ਕਰ ਦਿੰਦੇ ਹਨ।

ਫ਼ਿਲਮ ਦਾ ਇੱਕ ਹੋਰ ਦ੍ਰਿਸ਼ ਬਿਆਨ ਕਰਦਾ ਹੈ ਕਿ ਅਜਿਹੀ ਜਾਂਚ 'ਚ ਉੱਚ ਅਧਿਕਾਰੀਆਂ ਦਾ ਕੁਝ ਨਹੀਂ ਵਿਗੜਦਾ ਅਤੇ ਇਸ ਦੌਰਾਨ ਸਿਸਟਮ 'ਚ ਕੰਮ ਕਰਨ ਵਾਲੇ ਸਭ ਤੋਂ ਛੋਟੇ ਅਧਿਕਾਰੀ ਨੂੰ ਹੀ ਮੋਹਰਾ ਬਣਾਇਆ ਜਾਂਦਾ ਹੈ ਇਹ ਵਿਅੰਗ ਪ੍ਰਸ਼ਾਸ਼ਨਿਕ ਢਾਂਚੇ ਦੀ ਕਾਰਗੁਜ਼ਾਰੀ ਨੂੰ ਖੋਲ੍ਹਦਾ ਹੈ।ਇਸ ਤਰ੍ਹਾਂ ਦੀਆਂ ਕਾਗਜ਼ੀ ਕਾਰਵਾਈਆਂ ਕਿੰਝ ਨਕਸਲੀ ਇਲਾਕਿਆਂ 'ਚ ਅੰਜਾਮ ਦਿੱਤੀਆਂ ਜਾਂਦੀਆਂ ਹਨ ਇਸ ਬਾਰੇ ਫਿਲਮ ਆਪਣੇ ਸੰਵਾਦ ਰਾਹੀਂ ਖੁੱਲ੍ਹਕੇ ਬਿਆਨ ਕਰਦੀ ਹੈ।ਅਸੀ ਅਕਸਰ ਵੇਖਦੇ ਹਾਂ ਕਿ ਅਜਿਹੇ ਬਹੁਤ ਸਾਰੇ ਹੇਰ ਫੇਰ 'ਚ ਵੱਡੇ ਆਗੂ ਕਿੰਝ ਬੱਚਦੇ ਹਨ।ਇਸ ਨੂੰ ਫ਼ਿਲਮ 'ਚ ਬਹੁਤ ਵਾਰੀ ਮਹਿਸੂਸ ਕਰ ਸਕਦੇ ਹਾਂ ਪਰ ਮੁੱਖ ਮੰਤਰੀ ਤੇ ਜਾਂਚ ਅਧਿਕਾਰੀ ਕ੍ਰਿਸ਼ਨਨ ਵਿਚਕਾਰ ਚੱਲ ਰਹੇ ਸੰਵਾਦ ਤੋਂ ਸਮਝਿਆ ਜਾ ਸਕਦਾ ਹੈ।ਮੁੱਖ ਮੰਤਰੀ ਇਸ ਜਾਂਚ ਨੂੰ ਬੰਦ ਕਰਨਾ ਚਾਹੁੰਦੀ ਹੈ ਪਰ ਉਹ ਸਿੱਧੇ ਰੂਪ 'ਚ ਨਾ ਕਹਿਕੇ ਕ੍ਰਿਸ਼ਨਨ ਨੂੰ ਹੀ ਪੁੱਛਦੀ ਹੈ।ਇਸ ਦੌਰਾਨ ਕ੍ਰਿਸ਼ਨਨ ਉਹੀ ਜਵਾਬ ਦਿੰਦਾ ਹੈ ਜੋ ਮੁੱਖ ਮੰਤਰੀ ਸੁਨਣਾ ਚਾਹੁੰਦੀ ਹੈ।ਕ੍ਰਿਸ਼ਨਨ ਜਾਣਦਾ ਹੈ ਕਿ ਇਸ ਮਾਹੌਲ 'ਚ ਉਹਦੀ ਰਾਏ ਕਿਸੇ ਕੰਮ ਦੀ ਨਹੀਂ।

ਸਮਝੌਤਿਆਂ,ਸੁੰਤਸ਼ਟੀਆਂ,ਜੁਗਲਬੰਦੀਆਂ ਦੀ ਸਿਆਸਤ 'ਚ ਇਸ ਫ਼ਿਲਮ ਦੀ ਸਭ ਤੋਂ ਵੱਧ ਨਜ਼ਰ ਆਉਣ ਵਾਲੀ ਖੂਬਸੂਰਤੀ ਇਹ ਹੈ ਕਿ 'ਸ਼ੰਘਾਈ' ਕਿਸੇ ਵੀ ਜਗ੍ਹਾ ਸਿਆਸੀ ਆਗੂ ਜਾਂ ਅਫਸਰਸ਼ਾਹੀ ਦੇ ਕਿਰਦਾਰ ਨੂੰ ਨਹੀਂ ਵਿਖਾਉਂਦੀ।ਇਹ ਉਸ ਢਾਂਚੇ ਨੂੰ ਵਿਖਾਉਂਦੀ ਹੈ ਜਿਸ 'ਚ ਇਹ ਕਿਰਦਾਰ ਵਿਚਰ ਰਹੇ ਹਨ।ਇਹਨਾਂ ਕਿਰਦਾਰਾਂ 'ਚ ਹਾਂ ਪੱਖੀ ਅਤੇ ਨਾਂਹ ਪੱਖੀ ਦੋਵੇਂ ਤਰ੍ਹਾਂ ਦੇ ਰੂਪ ਹਨ।ਜਾਂਚ ਅਧਿਕਾਰੀ ਕ੍ਰਿਸ਼ਨਨ ਇਨਸਾਫ ਵੀ ਕਰਨਾ ਚਾਹੁੰਦਾ ਹੈ ਪਰ ਨਾਲ ਉਹਦਾ ਵੀ ਇੱਕ ਸਵਾਰਥ ਹੈ ਕਿ ਉਹ ਇਸ ਸਾਰੇ ਝਮੇਲੇ ਤੋਂ ਦੂਰ ਹੋਕੇ ਅਰਾਮ ਪ੍ਰਸਤੀ ਵਾਲੀ ਥਾਂ 'ਤੇ ਬਿਰਾਜਮਾਨ ਹੋ ਸਕੇ।ਕ੍ਰਿਸ਼ਨਨ ਦਾ ਉੱਚ ਅਧਿਕਾਰੀ(ਫਾਰੂਖ਼ ਸ਼ੇਖ਼) ਆਧੁਨਿਕ ਪ੍ਰੋਜੈਕਟ 'ਚ ਆਪਣੇ ਰਿਸ਼ਤੇਦਾਰਾਂ ਨੂੰ ਫਾਇਦਾ ਵੀ ਦਵਾ ਰਿਹਾ ਹੈ ਪਰ ਕ੍ਰਿਸ਼ਨਨ ਨੂੰ ਥੌੜ੍ਹੀ ਖੁੱਲ ਵੀ ਦੇ ਰਿਹਾ ਹੈ।ਮੁੱਖ ਮੰਤਰੀ ਆਧੁਨਿਕ ਪ੍ਰੋਜੈਕਟ ਰਾਹੀਂ ਵਿਕਾਸ ਵੀ ਕਰਨਾ ਚਾਹੁੰਦੀ ਹੈ ਪਰ ਨਾਲ ਭਾਰਤ ਨਗਰ ਦੇ ਵਾਸੀਆਂ ਦੇ ਆਸ਼ਿਆਨੇ ਉਜਾੜਨਾ ਵੀ ਚਾਹੁੰਦੀ ਹੈ।ਇਮਰਾਨ ਹਾਸ਼ਮੀ ਪੋਰਨ ਫ਼ਿਲਮ ਦਾ ਗ਼ੈਰ ਕਾਨੂੰਨੀ ਧੰਦਾ ਵੀ ਕਰਦਾ ਹੈ ਪਰ ਸਮਾਜਸੇਵੀ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਮਦਦ ਵੀ ਕਰਦਾ ਹੈ।ਸਮਾਜਸੇਵੀ ਡਾ. ਅਹਿਮਦੀ ਆਮ ਲੋਕਾਂ ਦੇ ਹੱਕ 'ਚ ਲੜਦਾ ਵੀ ਹੈ ਪਰ ਨਾਲ ਫਰੇਬੀ ਇਸ਼ਕ ਮਜਾਜ਼ੀ ਬੰਦਾ ਵੀ ਹੈ ਜੋ ਆਪਣੀ ਵਿਦਿਆਰਥਨਾਂ ਨਾਲ ਹੀ ਇਸ਼ਕ ਕਰ ਬੈਠਦਾ ਹੈ।ਡਾ. ਅਹਿਮਦੀ ਦੀ ਘਰ ਵਾਲੀ ਆਪਣੇ ਪਤੀ ਦੇ ਕਤਲ ਲਈ ਸਘੰਰਸ਼ ਵੀ ਕਰਨਾ ਚਾਹੁੰਦੀ ਹੈ ਪਰ ਅਖੀਰ ਉਹ ਵੀ ਮੁਨਾਫੇਖੋਰੀ 'ਚ ਪ੍ਰੋਜੈਕਟ ਦੀ ਹਮਾਇਤੀ ਬਣ ਜਾਂਦੀ ਹੈ।ਪੂਰੀ ਫ਼ਿਲਮ ਦੇ ਸਾਰੇ ਦੇ ਸਾਰੇ ਕਿਰਦਾਰ ਇਸੇ ਤਰ੍ਹਾਂ ਹਾਂ ਪੱਖੀ ਤੇ ਨਾਂਹ ਪੱਖੀ ਰਵੱਈਏ 'ਚ ਬਿਲਕੁਲ ਸੁਭਾਵਿਕ ਜ਼ਮੀਨ 'ਤੇ ਖੜ੍ਹੇ ਨਜ਼ਰ ਆਉਣਗੇ।ਇੱਕ ਜਗ੍ਹਾ ਫਾਰੂਖ਼ ਸ਼ੇਖ਼ ਕਹਿੰਦਾ ਵੀ ਹੈ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਸਕਦੀ ਸੀ ਪਰ ਨਹੀਂ(ਭਾਵ ਕਿ ਨਿਜੀ ਸਵਾਰਥ ਦੀ ਸਿਆਸਤ 'ਚ ਹੁਨਰ ਵਿਕ ਗਿਆ) ਇਸੇ ਕਰਕੇ ਸਾਡਾ ਦੇਸ਼ ਪਿੱਛੇ ਹੈ।ਇਹ ਚੀਨ ਵੀ ਬਣ ਸਕਦਾ ਸੀ।ਯਾਨਿ ਕਿ ਫ਼ਿਲਮ ਦਾ ਰੁਖ ਸ਼ੰਘਾਈ ਵੱਲ ਨੂੰ ਪੇਸ਼ ਕਰਦਾ ਹੈ।


ਫ਼ਿਲਮ ਦਾ ਅੰਤਲੇ ਦ੍ਰਿਸ਼ ਨੂੰ ਬਿਆਨ ਕੀਤਾ ਜਾਵੇ ਤਾਂ ਉਹ ਹੀ ਮੌਜੂਦਾ ਸਿਸਟਮ ਦਾ ਸੱਚ ਹੈ।ਮੁੱਖ ਮੰਤਰੀ 'ਤੇ ਕਮਿਸ਼ਨ ਬੈਠ ਚੁੱਕਾ ਹੈ ਪਰ ਭਾਰਤ ਨਗਰ ਨਾਮ ਦੀ ਕਲੋਨੀ 'ਤੇ ਆਧੁਨਿਕ ਪ੍ਰੋਜੈਕਟ ਵੀ ਬਣ ਰਿਹਾ ਹੈ।ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਵਾਲਾ ਜੇ.ਸੀ.ਪੀ ਚਲਾਉਣ ਵਾਲਾ ਡਰਾਈਵਰ ਹੀ ਇਸ ਨਗਰ ਨੂੰ ਢਾਹੁਣ ਦੀ ਸ਼ੁਰੂਆਤ ਕਰਦਾ ਹੈ।ਜੋ ਕਿ ਇੱਥੋਂ ਦਾ ਹੀ ਵਸਨੀਕ ਹੈ।ਮੌਜੂਦਾ ਅਵਾਮ ਦੀ ਅਵਾਜ਼ ਕਿਉਂ ਕਮਜ਼ੋਰ ਹੈ ਕਿਉਂ ਕਿ ਉਹ ਆਪਣੀਆਂ ਜੜ੍ਹਾਂ ਇੰਝ ਹੀ ਮਜਬੂਰ ਹੋਕੇ ਖੁਦ ਵੱਢ ਰਿਹਾ ਹੈ।ਇਹੋ ਹੀ ਸੱਚ ਹੈ ਪਰ ਇਹ ਆਖਰੀ ਸੱਚ ਨਹੀਂ-ਫਿਲਮ ਇਹ ਸਭ ਕੁਝ ਪੇਸ਼ ਕਰਦੀ ਹੋਈ ਸਿਆਸਤ ਦੇ ਇਸ ਤਸੱਵਰ ਪ੍ਰਤੀ ਸਾਨੂੰ ਜਾਗਰੂਕ ਕਰ ਰਹੀ ਹੈ।ਨਹੀਂ ਤਾਂ ਇੰਝ ਹੀ ਸ਼ਹਿਰ ਜ਼ਮੀਨਾਂ 'ਤੇ ਫੈਲਦੇ ਜਾਣਗੇ।ਸਾਡੇ ਘਰ ਬਾਹਰ ਨੂੰ ਧਕੇਲੇ ਜਾਣਗੇ।ਕੁਝ ਨਾ ਬਦਲੇਗਾ ਤੇ ਕੁਝ ਨਾ ਆਵੇਗਾ ਬੱਸ ਸਿਆਸਤ ਇੰਝ ਹੀ ਆਮ ਆਦਮੀ ਨੂੰ ਸੁਫ਼ਨੇ ਵੇਚਦੀ ਰਹੇਗੀ।ਇਹ ਹੁਣ ਸਾਡੇ 'ਤੇ ਹੈ ਕਿ ਅਸੀ ਇਸ ਖੇਡ ਤਮਾਸ਼ੇ ਦਾ ਹਿੱਸਾ ਕਦੋਂ ਤੱਕ ਬਣਕੇ ਰਹਾਂਗੇ।

ਅਦਾਕਾਰੀ 'ਚ ਅਭੈ ਦਿਓਲ ਦਾ ਖ਼ਾਮੋਸ਼ ਅਫਸਰੀ ਦਵੰਦ ਪ੍ਰਭਾਵ ਪਾਉਂਦਾ ਹੈ।ਇਮਰਾਨ ਹਾਸ਼ਮੀ ਦੀ ਅਦਾਕਾਰੀ ਪੂਰੀ ਤਰ੍ਹਾਂ ਉਸ ਨੂੰ ਆਪਣੇ ਬਣੇ ਬਣਾਏ ਢਾਂਚੇ ਤੋਂ ਨਵਾਂ ਰੂਪ ਦਿੰਦੀ ਹੈ।ਡਾ. ਅਹਿਮਦੀ ਦੀ ਭੂਮਿਕਾ 'ਚ ਪ੍ਰਸੂਨਜੀਤ ਅਤੇ ਕਾਲਕੀ ਦੀ ਅਦਾਕਾਰੀ ਕਹਾਣੀ ਨੂੰ ਮਜ਼ਬੂਤ ਅਧਾਰ ਦਿੰਦੀ ਹੈ।ਫ਼ਿਲਮ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਦਿਬਾਕਰ ਬੈਨਰਜੀ ਨੇ ਪ੍ਰਚਲਿਤ ਖਾਸੇ ਤੋਂ ਵੱਖ ਭੂਮਿਕਾ ਦੀ ਚੋਣ 'ਚ ਨਵਾਂ ਤਜਰਬਾ ਕੀਤਾ ਹੈ।ਖੋਸਲਾ ਕਾ ਘੋਸਲਾ,ਓਏ ਲੱਕੀ ਲੱਕੀ ਓਏ,ਲਵ ਸੈਕਸ ਔਰ ਧੌਖਾ ਤੋਂ ਬਾਅਦ ਦਿਬਾਕਰ ਨੇ ਆਪਣੇ ਕਦਮਾਂ ਨੂੰ ਹੋਰ ਅੱਗੇ ਵਧਾਇਆ ਹੈ ਅਤੇ ਮਨੋਰੰਜਨ ਤੇ ਚਿੰਤਨ ਪੱਖੋਂ ਸਿਨੇਮਾ ਦਾ ਨਵਾਂ ਸੰਵਾਦ ਵਿਖਾਇਆ ਹੈ।ਬੇਸ਼ੱਕ ਦਿਬਾਕਰ ਨੇ ਵੱਖਰੀ ਤਰ੍ਹਾਂ ਦਾ ਸਿਨੇਮਾ ਬਣਾਇਆ ਹੈ ਪਰ ਇਸ ਵਾਰ ਦਿਬਾਕਰ ਚਰਚਾ ਲਈ ਇਸ ਲਈ ਵੀ ਖਾਸ ਹੈ ਕਿਉਂ ਕਿ ਦਿਬਾਕਰ ਦਾ ਸਿਨੇਮਾ ਦਿੱਲੀ ਦੁਆਲੇ ਘੁੰਮਦੇ ਕਥਾਨਕਾਂ ਤੋਂ ਵੀ ਬਾਹਰ ਨਿਕਲਿਆ ਹੈ।

ਸੰਗੀਤ ਫ਼ਿਲਮ 'ਚ ਉਨਾਂ ਕੁ ਹੀ ਹੈ ਜਿੰਨਾ ਕੁ ਕਹਾਣੀ ਲਈ ਜ਼ਰੂਰੀ ਹੈ ਬਾਕੀ ਗੀਤ ਤੁਸੀ ਫ਼ਿਲਮ ਦੀ ਮਿਊਜ਼ਿਕ ਐਲਬਮ 'ਚ ਹੀ ਸੁਣ ਸਕਦੇ ਹੋ।'ਦੁਆ' ਬਹੁਤ ਪਿਆਰਾ ਰੌਮਾਂਟਿਕ ਗੀਤ ਹੈ ਪਰ ਭਾਰਤ ਮਾਤਾ ਕੀ ਜੈ ਗੀਤ ਨੂੰ ਸੁਣਦੇ ਹੋਏ ਸਬੱਬੀ ਯਾਦ ਆ ਜਾਂਦਾ ਹੈ ਜੋ ਕਦੀ ਗਲੀਆਂ 'ਚ ਪਿੰਡ ਦੇ ਆਮ ਲੋਕਾਂ ਦੇ ਵਿਅੰਗਮਈ ਬਾਣਾਂ ਚੋਂ ਨਿਕਲਿਆ ਸੀ।ਜਿਵੇਂ ਕਿ ਅਕਸਰ ਪਿੰਡ ਦੇ ਆਮ ਲੋਕ ਕਹਿ ਦਿੰਦੇ ਸਨ ਕਿ ਸੌ ਮੇਂ ਸੇ ਅੱਸੀ ਬੇਈਮਾਨ,ਫਿਰ ਭੀ ਮੇਰਾ ਦੇਸ਼ ਮਹਾਨ..! ਭਾਰਤ ਮਾਤਾ ਕੀ ਜੈ ਸੁਣਦੇ ਹੋਏ ਅਜਿਹੇ ਵਿਅੰਗ ਨੂੰ ਹੀ ਮਹਿਸੂਸ ਕੀਤਾ ਜਾ ਸਕਦਾ ਹੈ।ਜੈ ਪ੍ਰਗਤੀ ਜੈ ਪ੍ਰਗਤੀ ਦਾ ਰੌਲਾ ਜਿਸ ਸੰਵਾਗ ਨੂੰ ਪੈਦਾ ਕਰਦਾ ਹੈ ਉਹ ਮੌਜੂਦਾ ਸਿਆਸਤ ਦਾ ਸਭ ਤੋਂ ਵੱਡਾ ਛੈਣਾ ਹੈ।ਫਿਲਮ ਦੇ ਅਖੀਰ 'ਤੇ ਤੁਹਾਨੂੰ ਇੰਝ ਵੀ ਲੱਗੇਗਾ ਕਿ ਇਸ 'ਚ ਕੁਝ ਨਵਾਂ ਨਹੀਂ ਹੈ।ਬੱਸ ਦਲੇਰੀ ਇਹੋ ਹੈ ਕਿ ਦਿਬਾਕਰ ਨੇ ਹੂ ਬੂ ਹੂ ਪੇਸ਼ ਕਰ ਦਿੱਤਾ ਹੈ।ਫ਼ਿਲਮ ਨੂੰ ਵੇਖਦੇ ਹੋਏ ਸਾਡੇ ਮਨਾਂ 'ਚ ਵੱਸੀ ਹੋਈ ਸਿਆਸਤ ਨੂੰ ਲੈਕੇ ਉਦਾਸੀ ਹੋਰ ਘੂੜ੍ਹੀ ਹੋ ਜਾਵੇਗੀ।ਪਰ ਜਿਵੇਂ ਕਿ ਇੱਕ ਮੁਲਕਾਤ ਦੌਰਾਨ ਮੈਨੂੰ ਕਿਸੇ ਨੇ ਕਿਹਾ ਸੀ ਕਿ ਨਮੌਸ਼ੀ ਵੀ ਆਪਣੇ ਆਪ 'ਚ ਕ੍ਰਾਂਤੀ ਹੁੰਦੀ ਹੈ।ਇਸੇ ਚੋਂ ਸਾਨੂੰ ਫਿਰ ਤੋਂ ਖੱੜ੍ਹੇ ਹੋਣ ਦੀ ਸ਼ਕਤੀ ਮਿਲਦੀ ਹੈ।ਸੋ ਇਹ ਕ੍ਰਾਂਤੀ ਲੱਭਣੀ ਤਾਂ ਸਾਨੂੰ ਹੀ ਪਵੇਗੀ।

ਸਿਆਸਤ ਦੀ ਅਜਿਹੀ ਬਿਸਾਤ 'ਚ 'ਸ਼ੰਘਾਈ' ਵਰਗੇ ਲੋਲੀਪੋਪ ਨਾਅਰੇ ਸਿਆਸੀ ਆਗੂਆਂ ਵੱਲੋਂ ਲੋਕਾਂ ਨੂੰ ਕਿੰਝ ਸੁਫ਼ਨਮਈ ਸੰਸਾਰ ਦੀ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ ਇਸ ਚਾਲ ਚਰਿੱਤਰ ਨੂੰ ਸਮਝਨ ਦੀ ਜ਼ਰੂਰਤ ਹੈ।ਜ਼ਿਕਰਯੋਗ ਸੱਚ ਇਹ ਹੈ ਕਿ ਇੱਕ ਏ.ਸੀ ਬੱਸ ਅੱਡਾ ਬਣਾਉਂਦੇ ਹੋਏ ਜਾਂ ਏ.ਸੀ ਬੱਸਾਂ ਲੋਕਾਂ ਦੀ ਸਹੂਲਤ ਦਾ ਕੇਂਦਰੀ ਵਿਸ਼ਾ ਨਹੀਂ ਹੈ ਸਗੋਂ ਉਹਨਾਂ ਏ.ਸੀ ਬੱਸਾਂ ਜਾਂ ਬੱਸ ਅੱਡੇ ਲਈ ਏ.ਸੀ ਲਾਉਣ ਦਾ ਠੇਕਾ ਕਿਸ ਕੰਪਨੀ ਨੂੰ ਮਿਲਿਆ ਹੈ ਇਸ ਮੌਜੂਦਾ ਸਿਆਸਤ ਦਾ ਅਸਲ ਸੁਭਾਅ ਇੱਥੋਂ ਤੱਕ ਸਿਮਟਕੇ ਰਹਿ ਗਿਆ ਹੈ।ਸਿਆਸਤ ਦਾ ਅਖਾੜਾ ਲੋਕਾਂ ਨੂੰ ਉਹਨਾਂ ਦਾ ਆਪਣਾ ਸ਼ਹਿਰ 'ਸ਼ੰਘਾਈ' ਦੇ ਰੂਪ 'ਚ ਵਿਖਾਉਂਦਾ ਹੈ ਕਿਉਂ ਕਿ ਇਹ ਸ਼ਹਿਰ ਵਿਕਾਸ ਦੀ ਯਾਤਰਾ ਦੇ ਪ੍ਰਤੀਕ ਵਜੋਂ ਪੇਸ਼ ਹੋਇਆ ਹੈ।ਵਕਤ ਦਰ ਵਕਤ ਅਜਿਹਾ ਸੁਫ਼ਨਾ ਬਹੁਤ ਵਾਰ ਸਾਡੇ ਕੰਨਾ 'ਚ ਵੀ ਕਦੀ ਨਾ ਕਦੀ ਪਿਆ ਹੋਵੇਗਾ।ਅਕਸਰ ਪੰਜਾਬ 'ਚ ਵੀ ਬਹੁਤ ਸਾਰੇ ਹੋਰਡਿੰਗ ਜਾਂ ਕਥਨ ਸਾਨੂੰ ਇਸੇ ਤਰ੍ਹਾਂ ਭੁਲੇਖੇ ਪਾਉਂਦੇ ਹਨ।ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਜਿੱਦ ਜਾਂ ਲੁਧਿਆਣਾ ਨੂੰ ਸ਼ਰੇਆਮ ਹੋਰਡਿੰਗਾਂ 'ਤੇ 'ਮੈਨੇਚੇਸਟਰ ਆਫ ਪੰਜਾਬ' ਕਹਿਣ ਦਾ ਹੇਜ ਆਖਰ ਸਿਆਸਤ ਦੀ ਕਿਸ ਵਿਕਾਸਮਈ ਯਾਤਰਾ ਦਾ ਸਫ਼ਾ ਹੈ ਇਸ ਬਾਰੇ ਅਵਾਮ ਨੂੰ ਜਾਗਰੂਕ ਹੋਣ ਦੀ ਲੋੜ ਹੈ।


ਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ  ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
MOB-94641-41678

No comments:

Post a Comment