ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, May 29, 2013

ਕੁਦਰਤ ਨਾਲ ਗੈਰ ਕੁਦਰਤੀ ਰਿਸ਼ਤਿਆਂ ਦਾ ਆਤਮ-ਚਿੰਤਨ

First,there is Life in the Water, by which everything else is made green. 
(Sri Guru Granth Sahib Ji(page 472, Line 14) 

ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭਿ ਕੋਇ 
( ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ, ਸਫ਼ਾ 472, ਪੰਕਤੀ 14)

ਕਹਿੰਦੇ ਨੇ ਸੁਫ਼ਨੇ ਦਾ ਡਰਾਉਣਾ ਜ਼ਿੰਦਗੀ ਦੇ ਅਸਲ ਦਾ ਡਰ ਹੁੰਦਾ ਹੈ।ਉਸ ਡਰ ਚੋਂ ਜੇ ਅਸੀ ਗੰਭੀਰਤਾ ਦੇ ਨਿਸ਼ਾਨ ਲੱਭਦੇ ਹੋਏ ਆਪਣੀ ਜ਼ਿੰਦਗੀ ‘ਚ ਪੇਸ਼ ਹੋ ਰਹੀ ਤ੍ਰਾਸਦੀ ਖਿਲਾਫ ਇੱਕ ਜੁਟ ਹੋਈਏ ਤਾਂ ਹੀ ਕੁਝ ਵਾਜਬ ਹੈ।ਸੁਫਨੇ ਅੰਦਰ ਤੁਰਦਾ ਹੋਇਆ ਇਹ ਖੌਫ ਸਾਡੇ ਅੱਜ ਦਾ ਸੱਚ ਹੈ।ਅਜਿਹੇ ਬਹੁਤ ਸਾਰੇ ਖੌਫ ਹੋ ਸਕਦੇ ਹਨ ਜੋ ਵਿਅਕਤੀਗਤ ਰੂਪ ‘ਚ ਵੱਖੋ ਵੱਖਰੇ ਹੋ ਸਕਦੇ ਹਨ ਪਰ ਆਉਣ ਵਾਲੇ ਸਮੇਂ ‘ਚ ਸਾਫ ਪਾਣੀਆਂ ਦੀ ਸਮੱਸਿਆ ਅਤੇ ਕੁਦਰਤ ਸਾਡੇ ਲਈ ਨਵੀਂ ਤ੍ਰਾਸਦੀ ਨੂੰ ਜਨਮ ਦੇਵੇਗਾ।ਇਹਨਾਂ ਸਾਰੇ ਪਹਿਲੂਆਂ ਨੂੰ ਮਨਦੀਪ ਸਿੰਘ ਔਜਲਾ ਦੀ ਛੋਟੀ ਫ਼ਿਲਮ ‘ਆਬ’ ਬਹੁਤ ਸੁੱਚਜੇ ਢੰਗ ਨਾਲ ਪੇਸ਼ ਕਰਦੀ ਹੈ।ਪਰ ਉਸ ਤੋਂ ਪਹਿਲਾਂ ਮੈਂ ਇੱਕ ਪਹਿਲੂ ਹੋਰ ਪੇਸ਼ ਕਰਨਾ ਚਾਹੁੰਦਾ ਹਾਂ ਜੋ ਸੁਰਜੀਤ ਪਾਤਰ ਹੁਣਾਂ ਦੀ ਕਥਨੀ ਤੋਂ ਸਮਝਿਆ ਜਾ ਸਕਦਾ ਹੈ।

ਸੁਰਜੀਤ ਪਾਤਰ ਹੁਣਾਂ ਨੇ ਮੈਨੂੰ ਇੱਕ ਮੁਲਾਕਾਤ ਦੌਰਾਨ ਕਿਹਾ ਸੀ ਕਿ ਮਨੁੱਖ 95 ਫੀਸਦੀ ਕੁਦਰਤ ਹੈ 5 ਫੀਸਦੀ ਸੱਭਿਆਚਾਰ ਭਾਵ ਕਿ ਮਨੁੱਖ ਅੰਦਰ ਜ਼ਿਆਦਾ ਪਾਣੀ ਹੈ ਅਤੇ ਉਹ ਕੁਦਰਤ ਦੀ ਬਰਕਤ ਹੈ ਉਸ ਤੋਂ ਬਾਅਦ ਉਹ ਉਹ ਹੈ ਜੋ ਉਸ ਦੀ ਰੂਪ ਰੇਖਾ ਸੱਭਿਆਚਾਰ ਤੈਅ ਕਰਦਾ ਹੈ।ਇਸੇ ਕਰਕੇ ਮੇਰੇ ਜ਼ਿਆਦਾ ਕਿਤਾਬਾਂ ਦੇ ਸਿਰਲੇਖ ਕੁਦਰਤ ਅਤੇ ਸੱਭਿਆਚਾਰ ਤੇ ਆਪਸੀ ਰਿਸ਼ਤੇ ਦੀ ਹੋਂਦ ਚੋਂ ਇਤਿਫਾਕੀਆ ਬਣਦੇ ਗਏ।ਜਿਵੇਂ ਕਿ ‘ਬਿਰਖ ਅਰਜ਼ ਕਰੇ,ਹਵਾ ਵਿੱਚ ਲਿਖੇ ਹਰਫ਼,ਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ,ਸੁਰਜ਼ਮੀਨ ਆਦਿ।ਸੁਰਜੀਤ ਪਾਤਰ ਮੁਤਾਬਕ ਸੱਭਿਆਚਾਰਕ ਸ਼ਬਦਾਵਲੀ ਅੰਦਰ ਘੜੇ ਗਏ ਨਵੇਂ ਪਦਾਰਥਕ ਸ਼ਬਦਾਂ ਨੇ ਕੁਦਰਤ ਅਤੇ ਸੱਭਿਆਚਾਰ ਵਿਚਲੀ ਸੰਧੀ ਨੂੰ ਪ੍ਰਭਾਵਿਤ ਕੀਤਾ ਹੈ।

ਇਸੇ ਤਰ੍ਹਾਂ ਮਨਦੀਪ ਸਿੰਘ ਔਜਲਾ ਵੀ ਆਪਣੀ ਫ਼ਿਲਮ ਦਾ ਅਧਾਰ ਦੁਬਾਰਾ ਉਸ ਮੁਹਾਨੇ ਤੋਂ ਮਹਿਸੂਸ ਕਰਾਉਂਦੇ ਹੋਏ ਇਸ਼ਾਰਾ ਕਰਦੇ ਹਨ ਕਿ ਸੱਭਿਆਚਾਰ ਅੰਦਰ ਗੁਰਮਤਿ ਫਲਸਫ਼ੇ ਦਾ ਕਿਹਾ ‘ਪਹਿਲਾਂ ਪਾਣੀ ਜੀਉ ਹੈ’ ਦੇ ਮਾਇਨੇ ਅਸੀ ਗਵਾਉਂਦੇ ਜਾ ਰਹੇ ਹਾਂ।ਮਨਦੀਪ ਔਜਲਾ ਮਨੋਵਿਗਿਆਨਕ ਸਮਝ ਨੂੰ ਬਹੁਤ ਖੂਬਸੂਰਤ ਬਿਆਨਦਾ ਹੈ।ਇਸੇ ਕਰਕੇ ਇਹ ਫ਼ਿਲਮ ਕਪਿਊਂਟਰੀ ਐਨੀਮੇਸ਼ਨ ਨਾਲ ਕਹਿਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਜਾਪਦੀ ਹੈ ਕਿਉਂ ਕਿ ਸਾਰੀ ਫ਼ਿਲਮ ਇੱਕ ਸੁਫ਼ਨੇ ਨੂੰ ਬਿਆਨ ਕਰ ਰਹੀ ਹੈ ਅਤੇ ਸੁਫ਼ਨੇ ਅੰਦਰਲੇ ਦ੍ਰਿਸ਼ ਕੁਝ ਇਸੇ ਤਰ੍ਹਾਂ ਬੇਤਰਤੀਬੇ ਅਤੇ ਘੱਟ ਸਪੱਸ਼ਟ ਹੁੰਦੇ ਹਨ।ਕਹਾਣੀ ਸਿੱਧੀ ਸਾਦੀ ਹੈ ਪਰ ਇਸ ਕਹਾਣੀ ਦੇ ਪ੍ਰਤੀਕ ਬਹੁਤ ਅਰਥਪੂਰਨ ਹਨ।ਸੰਸਾਰ ਉਸ ਦੌਰ ‘ਚ ਹੈ ਜਦੋਂ ਕੁਝ ਕੁ ਮਨੁੱਖ ਜਾਤੀ ਅਤੇ ਜੀਵ ਜੰਤੂ ਬਚੇ ਹੋਏ ਹਨ।ਇਸ ਦੌਰਾਨ ਤਮਾਮ ਕਾਇਨਾਤ ‘ਚ ਪਾਣੀ ਦੀ ਸਾਂਝ ਕਿਹੋ ਜਿਹੀ ਹੈ ਅਤੇ ਇਸ ਦੇ ਦੂਸ਼ਿਤ ਹੋਣ ਦਾ ਪ੍ਰਭਾਵ ਸਮੁੱਚੇ ਰੂਪ ‘ਚ ਕਿੰਝ ਪੈ ਰਿਹਾ ਹੈ ਇਸ ਨੂੰ ਕਹਿਣ ਦਾ ਢੰਗ ਵੀ ਪਾਣੀ ਦੀਆਂ ਲਹਿਰਾਂ ਵਰਗਾ ਹੀ ਹੈ।ਜਿਵੇਂ ਕੀੜੇ ਦੇ ਪਾਣੀ ਪੀਣ ਤੋਂ ਬਾਅਦ ਮੌਤ,ਫਿਰ ਇੱਕ ਮੱਖੀ ਦਾ ਪਾਣੀ ਪੀਕੇ ਮਰਨਾ ਅਤੇ ਫਿਰ ਆਬ(ਫ਼ਿਲਮ ਵਿਚਲਾ ਕਿਰਦਾਰ) ਦਾ ਪਾਣੀ ਪੀਕੇ ਮਰਨਾ ਅਤੇ ਉਸ ਤੋਂ ਬਾਅਦ ਨੀਰ(ਅਮਰ ਨੂਰੀ) ਅਤੇ ਉਹਦੇ ਪਿਤਾ(ਜਸਬੀਰ ਜੱਸੀ) ਦਾ ਅਫਸੋਸ ਕਰਦੇ ਹੋਏ ਮੰਥਨ ਕਰਨਾ ਤੇ ਅਖੀਰ ਸੁਫ਼ਨੇ ਚੋਂ ਜਾਗਨਾ ਇਹ ਪਾਣੀ ਦੇ ਉਸੇ ਵੇਗ ਦੀ ਤਰ੍ਹਾਂ ਹੀ ਬਿਆਨ ਕੀਤਾ ਗਿਆ ਹੈ ਜਿਸ ਤਰ੍ਹਾਂ ਦਰਿਆਵਾਂ ‘ਚ ਹੁੰਦਾ ਹੈ।

ਪਾਣੀ ਦੀ ਸਮੁੱਚੀ ਗੱਲ ਕਰਨ ਤੋਂ ਪਹਿਲਾਂ ਇਹ ਵੀ ਦੱਸਣਾ ਬਣਦਾ ਹੈ ਕਿ ਪੂਰੇ ਸੰਸਾਰ ‘ਚ ਬਹੁਮਤ ਉਹਨਾਂ ਦੇਸ਼ਾਂ ਦਾ ਹੈ ਜਿੱਥੇ ਵਾਤਾਵਰਨ ਦੇ ਮੁੱਦੇ ਕਦੀ ਵੀ ਚੁਣਾਵੀ ਮੁੱਦੇ ਨਹੀਂ ਬਣਦੇ।ਇੱਕ ਖ਼ੋਜ ਮੁਤਾਬਕ ਹਜ਼ਾਰਾਂ ਲੋਕਾਂ ਦੇ ਸੈਂਪਲ ਨੂੰ ਜਦੋਂ ਪਿਛਲੇ ਦੱਸ ਸਾਲਾਂ ਦੌਰਾਨ ਵਾਤਾਵਰਨ ‘ਤੇ ਲਿਖੇ ਲੇਖ ਵੱਖ ਵੱਖ ਅਖ਼ਬਾਰਾਂ ਚੋਂ ਪੜ੍ਹਾਏ ਗਏ ਤਾਂ ਬਾਅਦ ‘ਚ ਉਹਨਾਂ ਦੀ ਰਾਏ ਸੀ ਕਿ ਇਹ ਮੁੱਦਾ ਗੰਭੀਰ ਨਹੀਂ ਹੈ।ਜਿਵੇਂ ਕਿ ਪਿੰਡਾ ‘ਚ ਅਸੀ ਦੇਖਦੇ ਹਾਂ ਕਿ ਪਾਣੀ ਵਾਲੀਆਂ ਟੈਂਕੀਆਂ ਭਰ ਜਾਂਦੀ ਹਨ ਤਾਂ ਵੀ ਅਸੀ ਮੋਟਰ ਦੇਰ ਨਾਲ ਬੰਦ ਕਰਦੇ ਹਾਂ ਅਜਿਹੀਆਂ ਛੋਟੀਆਂ ਛੋਟੀਆਂ ਅਣਗਹਿਲੀਆਂ ‘ਚ ਅਸੀ ਪਾਣੀ ਦੀ ਦੁਰਵਰਤੋਂ ਕਰਦੇ ਹਾਂ ਅਤੇ ਅਜਾਈ ਪਾਣੀ ਨੂੰ ਗਵਾਉਂਦੇ ਹਾਂ।ਵਾਤਾਵਰਨ ਨਾਲ ਸਬੰਧਿਤ 1974 ਦਾ ਐਕਟ ਵੀ ਸਾਡੇ ਲਈ ਗੰਭੀਰ ਨਹੀਂ।ਤਮਾਮ ਲੈਦਰ ਕੰਪਲੈਕਸ ਸਨਅਤ ਅਤੇ ਹੋਰ ਅਧਾਰੇ ਸ਼ਰੇਅਮ ਨਿਯਮਾਂ ਨੂੰ ਅਣਗੋਲਿਆਂ ਕਰਦੇ ਹਨ।ਇਸ ਬਾਰੇ ਅਸਲ ਅਤੇ ਨਾਟਕੀ ਬਿੰਬ ਕਿੰਝ ਸੰਸਾਰ ‘ਚ ਵਾਪਰ ਰਿਹਾ ਹੈ ਇਹ ਅਮੋਲ ਪਾਲੇਕਰ ਦੀ ਫ਼ਿਲਮ ‘ਥੋੜ੍ਹਾ ਰੂਮਾਨੀ ਹੋ ਜਾਏਂ’ ਦਾ ਇੱਕ ਸੰਵਾਦ ਇਸ ਨੁਕਤੇ ਨੂੰ ਬਹੁਤ ਖੂਬਸੂਰਤ ਬਿਆਨ ਕਰਦਾ ਹੈ।ਇਸ ਫ਼ਿਲਮ ‘ਚ ਇਸ ਸੰਵਾਦ ਹੈ ਕਿ ਜਿਹਨੂੰ ਇੱਕ ਕਿਰਦਾਰ ਕੁਝ ਇੰਝ ਬਿਆਨ ਕਰਦਾ ਹੈ।ਆਦਮੀ ਕਹਿੰਦਾ ਹੈ ਕਿ ਅਕਾਲ ਹੈ ਤੇ ਮੈˆ ਮੀˆਹ ਲਿਆਵਾˆਗਾ ਪੰਜ ਹਜ਼ਾਰ ਰੁਪਏ 'ਚ ਉਹੀ ਬਾਰਿਸ਼ ਜਿਹੜੀ ਅੰਬਰਾ ਚੋˆ ਆਉˆਦੀ ਏ,ਕਿਣ ਮਿਣ 'ਚ ਗਾਉˆਦੀ ਏ,ਪਹਾੜਾˆ ਤੋˆ ਫਿਸਲਦੀ ਏ,ਨਦੀਆˆ 'ਚ ਚਲਦੀ ਹੈ।ਨਹਿਰਾˆ 'ਚ ਮਚਲਦੀ ਹੈ,ਖੂਹਾˆ ਖੱਡਿਆ 'ਚ ਮਿਲਦੀ ਹੈ।ਛੱਤਾˆ 'ਤੇ ਗਿਰਦੀ ਹੈ ਗਲੀਆˆ 'ਚ ਫਿਰਦੀ ਹੈ।ਮੋੜ 'ਤੇ ਸੰਭਲਦੀ ਹੈ ਫਿਰ ਅੱਗੇ ਨਿਕਲਦੀ ਹੈ।ਉਹੀ ਮੀˆਹ....ਇਹ ਮੀˆਹ ਅਕਸਰ ਗਿਲਾ ਹੁੰਦਾ ਏ।ਇਹਨੂੰ ਪਾਣੀ ਵੀ ਕਹਿੰਦੇ ਹਨ।ਉਰਦੂ 'ਚ ਆਬ,ਮਰਾਠੀ 'ਚ ਪਾਣੀ,ਤਮਿਲ 'ਚ ਤੱਨੀ,ਕੰਨੜ 'ਚ ਨੀਰ ਅਤੇ ਬੰਗਾਲੀ 'ਚ ਜੌਲ ਵੀ ਕਹਿੰਦੇ ਨੇ....ਸੰਸਕ੍ਰਿਤ 'ਚ ਜਿਹਨੂੰ ਵਾਰੀ,ਨੀਰ,ਜੀਵਨ,ਅੰਮ੍ਰਿਤ,ਉਦ ਤੇ ਅੰਬੂ ਵੀ ਕਹਿੰਦੇ ਹਨ।ਗ੍ਰੀਕ 'ਚ ਇਹਨੂੰ ਐਕਵਾਪਿਊਰਾ,ਅੰਗਰੇਜ਼ੀ 'ਚ ਵਾਟਰ,ਫ੍ਰੈˆਚ 'ਚ ਔਰ ਅਤੇ ਰਸਾਇਣ ਸ਼ਾਸ਼ਤਰ 'ਚ ਇਹਨੂੰ ਐੱਚ ਟੂ ਓ ਵੀ ਕਹਿੰਦੇ ਹਨ।ਇਹ ਪਾਣੀ ਜਦੋˆ ਅੱਖ ਚੋˆ ਵਹਿੰਦਾ ਹੈ ਤਾˆ ਹੰਝੂ ਕਹਾਉˆਦਾ ਹੈ ਜਦੋˆ ਚਿਹਰੇ 'ਤੇ ਛਾ ਜਾਵੇ ਤਾˆ ਰੌਬਾਬ ਬਣ ਜਾˆਦਾ ਹੈ।ਕੋਈ ਸ਼ਰਮ ਨਾਲ ਪਾਣੀ ਪਾਣੀ ਹੋ ਜਾˆਦਾ ਹੈ ਅਤੇ ਕਦੀ ਕਦੀ ਇਹ ਪਾਣੀ ਸਰਕਾਰੀ ਫਾਈਲਾˆ 'ਚ ਆਪਣੇ ਖੂਹ ਸਨੇ ਚੋਰੀ ਹੋ ਜਾਦਾ ਹੈ।ਪਾਣੀ ਤਾ ਪਾਣੀ ਹੈ,ਪਾਣੀ ਤਾ ਜ਼ਿੰਦਗਾਨੀ ਹੈ।ਇਸ ਲਈ ਜਦੋˆ ਰੂਹ ਦੀ ਨਦੀ ਸੁੱਕੀ ਹੋਵੇ ਤੇ ਮਨ ਦਾ ਹਿਰਨ ਪਿਆਸਾ ਹੋਵੇ ਤੇ ਦਿਮਾਗ 'ਚ ਲੱਗੀ ਹੋਵੇ ਅੱਗ ਅਤੇ ਪਿਆਰ ਦੀ ਗਾਗਰ ਖਾਲੀ ਹੋਵੇ ਉਦੋˆ ਮੈˆ ਹਮੇਸ਼ਾ ਬਾਰਿਸ਼ ਨਾਮ ਦਾ ਗਿੱਲਾ ਪਾਣੀ ਦੀ ਸਿਫਾਰਸ਼ ਕਰਦਾ ਹਾˆ।ਮੇਰੀ ਮੰਨੋ ਤਾˆ ਇਹ ਬਾਰਿਸ਼ ਖਰੀਦੋ,ਸਸਤੀ ਸੁੰਦਰ,ਟਿਕਾਊ ਬਾਰਿਸ਼ ਸਿਰਫ ਪੰਜ ਹਜ਼ਾਰ ਰੁਪਏ 'ਚ....ਇਸ ਤੋˆ ਘੱਟ ਰੇਟ 'ਤੇ ਜੇ ਕੋਈ ਤੁਹਾਨੂੰ ਦੇਵੇ ਤਾˆ ਚੋਰ ਦੀ ਸਜ਼ਾ ਹੋਵੇ।ਤੁਹਾਡੀ ਜੁਤੀ ਮੇਰੇ ਸਿਰ 'ਤੇ.....ਮੇਰੀ ਤੇ ਸਿਰਫ ਮੇਰੀ ਬਾਰਿਸ਼ ਖਰੀਦੋ...!

ਸੋ ਇਸੇ ਅੰਦਾਜ਼ ਬਾਰੇ ਮਨਦੀਪ ਵਿਅੰਗ ‘ਚ ਨਾ ਜਾਕੇ ਇਹਨੂੰ ਸਹਿਮ ਦੇ ਵਿੱਚੋਂ ਸਮਝਾਉਂਦੇ ਹਨ।ਜਜ਼ਬਾਤ ਦੀ ਬੁਣਕਰ ਵੀ ਅਜਿਹੀ ਹੈ ਕਿ ਲੋਕਾਂ ਕੋਲ ਪਾਣੀ ਦੀ ਘਾਟ ਹੈ ਸਾਫ ਪਾਣੀ ਨਹੀਂ ਹੈ ਅਤੇ ਇਸ ਕੀਮਤੀ ਨਾਮ ਨੂੰ ਉਹ ਆਪਣੇ ਨਾਮ ਵਜੋਂ ਵਰਤ ਰਹੇ ਹੁੰਦੇ ਹਨ।ਜਿਵੇਂ ਕਿ ਫ਼ਿਲਮ ਵਿਚਲੇ ਕਿਰਦਾਰਾਂ ਦੇ ਨਾਮ ਆਬ ਅਤੇ ਨੀਰ ਹੈ।ਸੋ ਮੈਂ ਇਸ ਫ਼ਿਲਮ ਰਾਹੀਂ ਇਹ ਵੀ ਸਮਝਨ ਦੀ ਕੌਸ਼ਿਸ਼ ਕਰ ਰਿਹਾ ਸੀ ਕਿ ਤਮਾਮ ਬਜ਼ਾਰ ‘ਚ ਕੁਦਰਤ ਅਤੇ ਪਦਾਰਥਵਾਦੀ ਬਨਾਮ ਜੋ ਸੰਵਾਦ ਚੱਲ ਰਿਹਾ ਹੈ ਉਸ ‘ਚ ਹਲਾਤ ਕਲਾ ਰਾਹੀਂ ਚਰਚਾ ‘ਚ ਲਿਆਂਦੇ ਜਾਣ ਤਾਂ ਕੁਝ ਸਾਰਥਕਤਾ ਦੀ ਉਮੀਦ ਵੱਧ ਜਾਂਦੀ ਹੈ।ਅਨਵਰ ਜਮਾਲ ਆਪਣੀ ਫ਼ਿਲਮ ਸਵਰਾਜ-ਦੀ ਲਿਟਿਲ ਰਪਬਲਿਕ,ਵਿਜੈ ਆਨੰਦ ਦੀ ਫ਼ਿਲਮ ਗਾਈਡ,ਮਨੋਜ ਕੁਮਾਰ ਦੀ ਸ਼ੋਰ,ਆਸ਼ੂਤੋਸ਼ ਗੋਵਾਰੀਕਰ ਦੀ ਲਗਾਨ,ਅਮੋਲ ਦੀ ਥੌੜ੍ਹਾ ਰੂਮਾਨੀ ਹੋ ਜਾਏਂ ਜਾਂ ਇੰਡੀਅਨ ਓਸ਼ਨ ਬੈਂਡ ਦਾ ਗੀਤ ਮਾਂ ਰੇਵਾ ਇਹ ਸਾਰੇ ਵੱਖਰੇ ਵੱਖਰੇ ਕੋਣ ਦੇ ਇਸ਼ਾਰੇ ਨੇ ਪਰ ਪਾਣੀ ਦੀ ਕਹਾਣੀ ਨੂੰ ਆਪਣੇ ਮਿਜਾਜ਼ ਮੁਤਾਬਕ ਮਹਿਸੂਸਦੇ ਹਨ।ਅਜਿਹੇ ‘ਚ ਇੱਕ ਪੱਖ ਇਹ ਹੈ ਕਿ ਪ੍ਰਸ਼ਾਸ਼ਣ ਕੀ ਕਰਦਾ ਹੈ ਸਰਕਾਰ ਕੀ ਕਰਦੀ ਹੈ ਜਿਸ ਬਾਰੇ ਪ੍ਰਸਿੱਧ ਦਸਤਾਵੇਜ਼ੀ ਫ਼ਿਲਮ ‘ਐਨ ਇਨਕਨਵੀਨਅਟ ਟਰੁੱਥ’ ਇਸ਼ਾਰਾ ਕਰਦੀ ਹੈ ਅਤੇ ਐਪਟਨ ਸਿਨਕਲੇਅਰ ਵਰਗੇ ਚਿੰਤਕ ਦੀ ਕਹੀ ਗੱਲ ਨੂੰ ਕਹਿੰਦੀ ਉਸ ਸਿਸਟਮ ਦੇ ਕੰਮ ਕਰਨ ਦੇ ਸੁਭਾਅ ਨੂੰ ਬਿਆਨ ਕਰਦੀ ਹੈ।ਸਿਨਕਲੇਅਰ ਕਹਿੰਦਾ ਹੈ ਕਿ ਜਦੋਂ ਕੋਈ ਅਧਿਕਾਰੀ ਤੁਹਾਡੀ ਕਹੀ ਗੱਲ ‘ਤੇ ਗੰਭੀਰ ਹੁੰਦਾ ਉਹਨੂੰ ਨਹੀਂ ਸਮਝ ਰਿਹਾ ਤਾਂ ਯਾਦ ਰੱਖੋ ਉਹਨੂੰ ਤਨਖ਼ਾਹ ਹੀ ਨਾ ਸਹਿਮਤ ਹੋਣ ਲਈ ਦਿੱਤੀ ਜਾਂਦੀ ਹੈ।ਦੂਜਾ ਪੱਖ ਇਹ ਹੈ ਕਿ ਅਸੀ ਖੁਦ ਜ਼ਿੰਮੇਵਾਰੀ ਕਿਵੇਂ ਲਈਏ ਅਤੇ ਪਾਣੀ ਦੀ ਬੇਹਤਰੀ ਲਈ ਕੀ ਕਰੀਏ।ਇਹਨਾਂ ਸਾਰੀਆਂ ਗੱਲਾਂ ਵੱਲ ਮਨਦੀਪ ਸਿੰਘ ਔਜਲਾ ਦੀ ਫ਼ਿਲਮ ‘ਆਬ’ ਬਹੁਤ ਛੋਟੇ ਪਰ ਸਾਰਥਕ ਕੈਨਵਸ ਨਾਲ ਵਾਜਬ ਗੱਲ ਕਰਦੀ ਹੈ।ਸਰਦੂਲ ਸਿੰਕਦਰ ਦਾ ਗਾਇਆ ਪਹਿਲਾਂ ਪਾਣੀ ਜੀਉ ਹੈ ਇੱਕ ਪੁਕਾਰ ਹੈ।ਜਜ਼ਬਾਤ ਬਹੁਤ ਸਾਰੇ ਹਨ ਪਰ ਫ਼ਿਲਮ ਨੂੰ ਵੇਖਕੇ ਕੁਝ ਗੱਲਾਂ ਖੁਦ ਸੋਚੋ…ਕਿਉਂ ਕਿ ਇਹ ਸਾਂਝਾ ਮਸਲਾ ਹੈ।ਅਖੀਰ ‘ਤੇ ਜਗਤਾਰ ਦੀਆਂ ਕਹੀਆਂ ਕੁਝ ਸਤਰਾਂ ਨਾਲ ਮਨੁੱਖੀ ਸੁਭਾਅ ਦੇ ਬੇਮੁੱਖ ਹੋਏ ਵਰਤਾਰੇ ਨੂੰ ਬਿਆਨ ਕਰ ਰਿਹਾ ਹਾਂ..ਉਮੀਦ ਹੈ ਕਿ ਇਹ ਜ਼ਰੂਰ ਸਾਨੂੰ ਆਪਣਾ ਅੰਦਰ ਟਟੋਲਨ ਦਾ ਇਸ਼ਾਰਾ ਕਰਦੀਆਂ ਹਨ ।

ਪਰ ਤਾਂ ਲੈ ਆਇਆ ਸਜਾਵਟ ਦੇ ਲਈ,ਤਾਂ ਸੀ ਕਮਾਲ 
ਦਰਦ ਵੀ ਪੰਛੀ ਦਾ ਲੈਂ ਆਉਂਦਾ ਪਰਾਂ ਦੇ ਨਾਲ ਨਾਲ 
 ਹੈ ਉਡ ਉਡ ਮਿਲਕੇ ਪੁੱਛਦੀ ਰੇਤ ਹਰ ਆਉਂਦੇ ਮੁਸਾਫਿਰ ਨੂੰ 
 ਚੁਰਾ ਕੇ ਲੈ ਗਿਆ ਕਿਹੜਾ ਜੋ ਇੱਥੇ ਸੀ ਨਦੀ ਵਹਿੰਦੀ 
 ਪਰਿੰਦੇ ਬਸਤੀਆਂ ਛੱਡ ਕੇ ਤੁਰ ਜਾਂਦੇ ਨੇ ਜੰਗਲ ਨੂੰ 
 ਜਦੋਂ ਦੇ ਲੋਕ ਰੱਖਣ ਲੱਗ ਪਏ ਨੇ ਪਰ ਕਿਤਾਬਾਂ ਵਿੱਚ 

Interview with Mandeep Singh Aujla 
https://soundcloud.com/harpreetskahlon/conversational-mood-with 
AAB Movie Link 
 http://vimeo.com/66644669 

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Monday, May 20, 2013

ਵਿਰਸਾ ਸੰਭਾਲਣ ਦਾ ਸਹਿਜ ਸੁਨੇਹਾ

ਸਤਾਵੇਜ਼ੀ ਫ਼ਿਲਮਸਾਜ਼ ਦਲਜੀਤ ਅਮੀ ਦੀ ਨਵੀਂ ਫ਼ਿਲਮ 'ਸੇਵਾ' ਗਿਆਨ ਦੇ ਅਮੁੱਕ ਖ਼ਜ਼ਾਨੇ ਦੀ ਸਾਂਭ-ਸੰਭਾਲ ਬਾਰੇ ਵੱਖ-ਵੱਖ ਨੁਕਤਾ-ਨਿਗ੍ਹਾ ਤੋਂ ਸਹਿਜ ਸੰਵਾਦ ਤੋਰਦੀ ਹੈ। ਕੁੱਲ 27 ਮਿੰਟਾਂ ਦੀ ਇਸ ਫ਼ਿਲਮ ਦਾ ਤੋੜਾ ਗੁਰਬਾਣੀ ਵਿਚ ਆਈ ਤੁਕ 'ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ।। ਤਾ ਮੇਰਿ ਮਨਿ ਭਇਆ ਨਿਧਾਨਾ।।' ਉਤੇ ਝੜਦਾ ਹੈ। ਪਿਉ-ਦਾਦਿਆਂ ਦੇ ਅਮੁੱਲ ਖ਼ਜ਼ਾਨੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਸੇਵਾ ਇਸ ਫ਼ਿਲਮ ਦੀ ਚੂਲ ਹੈ। ਇਹ ਉਹ ਕਰਜ਼ ਹੈ ਜਿਸ ਨੂੰ ਉਤਾਰਨ ਦੀ ਗੱਲ ਇਸ ਫ਼ਿਲਮ ਵਿੱਚ ਉਭਾਰ ਕੇ ਕੀਤੀ ਗਈ ਹੈ। ਇਤਿਹਾਸ ਅਤੇ ਵਿਰਸੇ ਬਾਰੇ ਬਹੁ-ਪਰਤੀ ਵਿਚਾਰ ਅਤੇ ਵਿਹਾਰ ਇਸ ਫ਼ਿਲਮ ਵਿੱਚ ਨਾਲੋ-ਨਾਲ ਤੁਰਦੇ ਹਨ। 

ਇਹ ਵਿਚਾਰ ਬਹੁਤ ਥਾਈਂ ਹਮ-ਰਾਹ ਵੀ ਹੁੰਦੇ ਹਨ ਅਤੇ ਕਈ ਥਾਈਂ ਇੱਕ-ਦੂਜੇ ਨਾਲ ਖਹਿੰਦੇ ਵੀ ਹਨ, ਪਰ ਫ਼ਿਲਮਸਾਜ਼ ਇਨ੍ਹਾਂ ਨੂੰ ਇਸ ਤਰ੍ਹਾਂ ਲੜੀ ਵਿੱਚ ਪਰੋ ਕੇ ਪੇਸ਼ ਕਰਦਾ ਹੈ ਕਿ ਫ਼ਿਲਮ ਦਾ ਹਰ ਫਰੇਮ/ਹਰ ਦ੍ਰਿਸ਼ ਸੁਨੇਹਾ ਲੈ ਕੇ ਆਉਂਦਾ ਹੈ। ਅਸਲ ਵਿਚ ਦਲਜੀਤ ਅਮੀ ਆਪਣੀ ਇਸ ਫ਼ਿਲਮ ਰਾਹੀਂ ਸਾਡੇ ਸਾਹਮਣੇ ਹੀ ਗੁਆਚ ਰਹੇ ਵਿਰਸੇ ਦਾ ਦਰਦ ਦਰਸ਼ਕਾਂ ਨਾਲ ਸਾਂਝਾ ਕਰਦਾ ਹੈ।  


ਗਿਆਨ ਦਾ ਇਹ ਖ਼ਜ਼ਾਨਾ ਅਗਿਆਨਤਾ ਕਰ ਕੇ, ਜਾਂ ਕੁਦਰਤ ਦੀ ਮਾਰ ਕਰ ਕੇ ਲਗਾਤਾਰ ਤਬਾਹ ਹੋ ਰਿਹਾ ਹੈ। ਇਹੀ ਨਹੀਂ, ਕੁਝ ਹੋਰ ਕਾਰਨਾਂ ਕਰ ਕੇ ਇਹ ਗਿਆਨ ਮਿਥ ਕੇ ਮਿਟਾਇਆ ਜਾ ਰਿਹਾ ਹੈ। ਫ਼ਿਲਮ ਵਿੱਚ ਜਦੋਂ ਅਫ਼ਗ਼ਾਨਿਸਤਾਨ, ਇਰਾਕ ਜਾਂ ਮਿਸਰ ਦਾ ਜ਼ਿਕਰ ਆਉਂਦਾ ਹੈ ਤਾਂ ਵਿਰਸੇ ਨੂੰ ਮਿਥ ਕੇ ਮਿਟਾਉਣ ਵਾਲੀ ਗੱਲ ਹੁੱਝ ਮਾਰ ਕੇ ਦਰਸ਼ਕ ਦੇ ਸਾਹਮਣੇ ਆਣ ਖਲੋਂਦੀ ਹੈ ਅਤੇ ਵੱਡਾ ਸਵਾਲ ਬਣ ਜਾਂਦੀ ਹੈ। ਦਲਜੀਤ ਨੇ ਇਹ ਸਵਾਲ ਬੜੇ ਪ੍ਰਚੰਡ ਰੂਪ ਵਿੱਚ ਕੀਤਾ ਹੈ। ਇਸ ਨੁਕਤੇ ਤੋਂ ਇਹ ਫ਼ਿਲਮ ਜੰਗ-ਵਿਰੋਧੀ ਸੁਨੇਹਾ ਦਿੰਦੀ ਜਾਪਦੀ ਹੈ। 

ਪੂਰੀ ਫ਼ਿਲਮ ਵਿੱਚ ਫ਼ਿਲਮਸਾਜ਼ ਆਪਣੇ ਕੈਮਰੇ ਦੀ ਅੱਖ ਰਾਹੀਂ ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੱਸਦਾ ਹੈ ਕਿ ਵਿਰਸੇ ਦੀ ਸੰਭਾਲ ਦਾ ਮਸਲਾ ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਹੈ। ਅੱਜ ਮਸਲਾ ਕਿਸੇ ਧਰਮ, ਧਾਰਾ ਜਾਂ ਧੜੇ ਨਾਲ ਸਬੰਧਤ ਸਮੱਗਰੀ ਸੰਭਾਲਣ ਦਾ ਨਹੀਂ ਹੈ, ਮਸਲਾ ਤਾਂ ਬਿਨਾਂ ਕਿਸੇ ਭੇਦਭਾਵ, ਹਰ ਤਰ੍ਹਾਂ ਦੀ ਅਮੁੱਲ ਅਤੇ ਉਪਲਭਧ ਸਮੱਗਰੀ ਨੂੰ ਅਗਲੀਆਂ ਪੀੜ੍ਹੀਆਂ ਦੇ ਅਧਿਐਨ ਲਈ ਸੰਭਾਲਣ ਦਾ ਹੈ। ਅਗਲੀਆਂ ਪੀੜ੍ਹੀਆਂ ਆਪੇ ਤੈਅ ਕਰਨਗੀਆਂ ਕਿ ਇਸ ਖ਼ਜ਼ਾਨੇ ਵਿੱਚੋਂ ਕੀ ਛੱਡਣਾ ਤੇ ਕੀ ਰੱਖਣਾ ਹੈ ਅਤੇ ਕਿਸ-ਕਿਸ ਰੂਪ ਵਿੱਚ ਰੱਖਣਾ ਹੈ। ਇਉਂ ਕਰ ਕੇ ਹੀ ਅਗਲੀਆਂ ਪੀੜ੍ਹੀਆਂ ਦੇ ਰਾਹ ਸੁਖਾਲੇ ਕੀਤੇ ਜਾ ਸਕਦੇ ਹਨ। ਇਸੇ ਨੂੰ ਉਹ ਅਗਲੀਆਂ ਪੀੜ੍ਹੀਆਂ ਦਾ ਅੱਜ ਦੀ ਪੀੜ੍ਹੀ ਸਿਰ ਕਰਜ਼ਾ ਤਸੱਵੁਰ ਕਰਦਾ ਹੈ। 

ਕਿਸੇ ਵੀ ਦਸਤਾਵੇਜ਼ੀ ਫ਼ਿਲਮ ਲਈ ਸਬੰਧਤ ਮਸਲੇ ਦੀ ਤਫ਼ਸੀਲ ਬੜੀ ਅਹਿਮ ਹੁੰਦੀ ਹੈ। ਇਸ ਫ਼ਿਲਮ ਦਾ ਵਾਧਾ ਇਹ ਹੈ ਕਿ ਇਹ ਫ਼ਿਲਮ ਬਹੁਤ ਘੱਟ ਬੋਲ ਕੇ, ਪੂਰੀ ਤਫ਼ਸੀਲ ਦਰਸ਼ਕਾਂ ਲਈ ਛੱਡ ਕੇ ਜਾਂਦੀ ਹੈ। ਫ਼ਿਲਮ ਵਿੱਚ ਪਰੋਏ ਖਿਆਲਾਤ ਦਰਸ਼ਕ ਦੇ ਅੰਦਰ ਵੱਲ ਯਾਤਰਾ ਕਰਦੇ ਹਨ। ਇਹ ਯਾਤਰਾ ਦਰਸ਼ਕ ਨੂੰ ਮਸਲੇ ਦੀ ਜੜ੍ਹ ਤੱਕ ਲਿਜਾਣ ਦਾ ਜ਼ਰੀਆ ਬਣਦੀ ਹੈ। ਇਸ ਤੋਂ ਵੀ ਵੱਡੀ ਗੱਲ, ਫ਼ਿਲਮਸਾਜ਼ ਵੱਖ-ਵੱਖ ਪੱਖਾਂ ਵਾਲੀਆਂ ਗੱਲਾਂ ਨੂੰ ਮੂਲ ਰੂਪ ਵਿੱਚ ਹੀ ਸਭ ਦੇ ਸਾਹਮਣੇ ਆਉਣ ਦਿੰਦਾ ਹੈ, ਬਗੈਰ ਕਿਸੇ ਰਲਾ ਦੇ; ਪਰ ਇਹ ਮੁੱਦੇ ਦਰਸ਼ਕ ਦੇ ਦਿਲੋ-ਦਿਮਾਗ ਉਤੇ ਇੰਨਾ ਕੁ ਜ਼ਰੂਰ ਅਸਰ ਕਰਦੇ ਹਨ ਕਿ ਉਹ ਫ਼ਿਲਮ ਵਿੱਚ ਉਠੇ ਵਿਚਾਰਾਂ ਦੀ ਪੁਣ-ਛਾਣ ਲਈ ਖੁਦ ਅਹੁਲਦਾ ਹੈ। ਫ਼ਿਲਮ ਵਿੱਚ ਜਿਨ੍ਹਾਂ ਸ਼ਖ਼ਸੀਅਤਾਂ ਨਾਲ ਸੰਵਾਦ ਰਚਾਇਆ ਗਿਆ ਹੈ, ਉਨ੍ਹਾਂ ਦੇ ਫਿਕਰਾਂ ਨੂੰ ਇਸ ਫ਼ਿਲਮ ਰਾਹੀਂ ਜ਼ੁਬਾਨ ਮਿਲੀ ਹੈ।
-ਪੰਜਾਬ ਟਾਈਮਜ਼ ਫੀਚਰਜ਼ 

ਦਲਜੀਤ ਅਮੀ ਅੱਜਕੱਲ੍ਹ 'ਡੇ ਐਂਡ ਨਾਈਟ' ਟੀ.ਵੀ. ਚੈਨਲ ਵਿੱਚ ਸੰਪਾਦਕੀ ਸਲਾਹਕਾਰ ਵਜੋਂ ਕੰਮ ਕਰ ਰਿਹਾ ਹੈ। 'ਸੇਵਾ. ਤੋਂ ਪਹਿਲਾਂ ਉਹਨੇ ਸੱਤ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ ਜਿਨ੍ਹਾਂ ਵਿੱਚ 'ਕਰਜ਼ੇ ਹੇਠ', 'ਸੁਦਰਸ਼ਨ: ਇੱਕ ਸਹਿਜ ਸੰਸਥਾ', 'ਜ਼ੁਲਮ ਔਰ ਅਮਨ', 'ਅਨਹਦ ਬਾਜਾ ਬਜੇ', 'ਕਾਰਸੇਵਾ', 'ਖਰੜਿਆਂ ਵਾਲਾ ਬਾਬਾ' ਅਤੇ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਸ਼ਾਮਲ ਹਨ। ਛੇ ਸਾਲਾਂ ਦੇ ਵਕਫ਼ੇ ਤੋਂ ਬਾਅਦ ਦਲਜੀਤ ਨੇ 'ਸੇਵਾ' ਬਣਾਈ ਹੈ।

'ਪੰਜਾਬ ਟਾਈਮਜ਼' ਤੋਂ 'ਗੁਲਾਮ ਕਲਮ' ਵਾਇਆ 'ਪੰਜਾਬੀ ਕਲਾਵੇਅਰ' 

Saturday, May 18, 2013

ਕਨੇਡਾ 'ਚ ਗ਼ਦਰ ਲਹਿਰ ਸ਼ਤਾਬਦੀ ਵਰ੍ਹੇ ਸਬੰਧੀ ਪ੍ਰੋਗਰਾਮ ਜਾਰੀ

ਭਾਰਤ ਦੀ ਜੰਗੇ ਅਜ਼ਾਦੀ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਉਣ ਵਾਲੀ ਗ਼ਦਰ ਲਹਿਰ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਉਪਰੰਤ ਗ਼ਦਰੀ ਯੋਧਿਆਂ ਦੀ ਸੋਚ ਨੂੰ ਪੁਨਰ ਜਾਗਰਿਤ ਕਰਨ ਅਤੇ ਇਸ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਅਰਪਿਤ ਕਰਨ ਲਈ ਸਥਾਪਤ ਕੀਤੀ ਜਥੇਬੰਦੀ 'ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ' ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 

ਯਾਦ ਰਹੇ ਕਿ ਸੰਨ 1993 ਵਿੱਚ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਅਨੇਕਾਂ ਹੋਰ ਦੇਸ਼ ਭਗਤਾਂ ਨਾਲ ਮਿਲਕੇ, ਅਮਰੀਕਾ ਦੇ ਔਸਟਰੀਆ ਸ਼ਹਿਰ 'ਚ ਭਾਰਤ ਨੂੰ ਜ਼ਾਲਮ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਾਉਣ ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ ਜਿਸ ਉਪਰੰਤ ਸੈਂਕੜੇ ਦੇਸ਼ ਭਗਤਾਂ ਨੇ, ਉੱਤਰੀ ਅਮਰੀਕਾ ਅਤੇ ਸੰਸਾਰ ਦੇ ਹੋਰ ਭਾਗਾਂ ਤੋਂ ਸੁਖ-ਅਰਾਮ ਦੀ ਜ਼ਿੰਦਗੀ ਨੂੰ ਲੱਤ ਮਾਰ, ਭਾਰਤ ਜਾ ਕੇ ਦੇਸ਼ ਦੀ ਜੰਗੇ ਅਜ਼ਾਦੀ ਲਈ ਆਪਾ ਵਾਰਨ ਦੀਆਂ ਕਸਮਾਂ ਖਾ, ਲਹਿਰ 'ਚ ਕੁੱਦਣ ਦਾ ਫੈਸਲਾ ਕੀਤਾ ਸੀ। 

ਇਹ ਦੇਸ਼ ਭਗਤ ਜਿਹਨਾਂ 'ਚ ਮੁੱਖ ਤੌਰ ਤੇ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਰਾਭਾ, ਲਾਲਾ ਹਰਦਿਆਲ, ਊਧਮ ਸਿੰਘ ਕਸੇਲ ਆਦਿ ਸ਼ਾਮਲ ਸਨ ਨੇ ਭਾਰਤ ਪਹੁੰਚ ਕੇ, ਅਜ਼ਾਦੀ ਸੰਗਰਾਮ 'ਚ ਨਵੀਂ ਰੂਹ ਫੂਕ ਦਿੱਤੀ। ਜਿਸ ਦੇ ਸਿੱਟੇ ਵਜੋਂ ਭਾਰਤੀ ਫੌਜੀ ਛਾਉਣੀਆਂ 'ਚ ਬਗਾਵਤ ਵੀ ਬਿਲਕੁੱਲ ਤਿਆਰੀ ਹੋ ਚੁੱਕੀ ਸੀ ਪਰ ਐਨ ਮੌਕੇ ਤੇ ਲਹਿਰ 'ਚ ਸ਼ਾਮਲ ਗ਼ਦਾਰਾਂ ਵਲੋਂ ਇਸ ਬਗਾਵਤ ਦੀ ਸੂਹ ਸਰਕਾਰ ਤੱਕ ਪਹੁੰਚਾਏ ਜਾਣ ਕਾਰਣ ਇਹ ਬਗਾਵਤ ਨੇਪਰੇ ਨਾ ਚੜ੍ਹ ਸਕੀ ਤੇ ਦੇਸ਼ ਭਗਤਾਂ ਦੀ ਫੜੋ ਫੜਾਈ ਸ਼ੁਰੂ ਹੋ ਗਈ। ਅੰਗਰੇਜ਼ੀ ਸਰਕਾਰ ਦੁਆਰਾ ਬਹੁਤ ਸਾਰੇ ਦੇਸ਼ ਭਗਤਾਂ ਨੂੰ ਫਾਂਸੀਆਂ ਤੇ ਚਾੜ੍ਹ ਦਿੱਤਾ ਗਿਆ, ਉਹਨਾਂ ਦੀਆਂ ਜਾਇਦਾਦਾਂ ਜਬਤ ਕਰ ਲਈਆਂ ਗਈਆਂ ਤੇ ਬਹੁਤ ਸਾਰਿਆਂ ਨੂੰ ਦੇਸ਼ ਨਿਕਾਲਾ ਦੇ ਕੇ ਕਾਲ਼ੇ ਪਾਣੀਆਂ ਦੀਆਂ ਜੇਲ਼੍ਹਾਂ 'ਚ ਸੜਨ ਲਈ ਮਜ਼ਬੂਰ ਕਰ ਦਿੱਤਾ। 


ਇਸ ਲਈ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਹਨਾਂ ਦੀ ਸੋਚ ਨੂੰ ਅਜੋਕੀ ਪੀੜ੍ਹੀ ਤੱਕ ਪਹੁੰਚਦਾ ਕਰਨ ਲਈ ਇਸ ਕਮੇਟੀ ਦੁਆਰਾ ਵੱਖ ਵੱਖ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾ ਚੁੱਕੀ ਹੈ। ਜੋ ਇਸ ਪ੍ਰਕਾਰ ਹੈ। 

1. 2 ਜੂਨ, 2013 ਨੂੰ ਬੱਚਿਆਂ ਦੇ ਗ਼ਦਰ ਬਾਰੇ ਲੇਖ ਅਤੇ ਭਾਸ਼ਨ ਮੁਕਾਬਲੇ, #126, 7536-130 ਸਟਰੀਟ, ਸਰ੍ਹੀ ਤੇ ਸਥਿਤ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਕਰਵਾਏ ਜਾਣਗੇ। ਬੱਚਿਆਂ ਦੁਆਰਾ ਲਿਖੇ ਲੇਖ ਮਿਤੀ 25 ਮਈ ਤੱਕ ਉਪਰੋਕਤ ਪਤੇ ਤੇ ਜਾਂ ਕਮੇਟੀ ਦੀ email - info@ghadarparty.com 'ਤੇ ਪਹੁੰਚਦੇ ਕਰ ਦਿੱਤੇ ਜਾਣ। ਅੱਵਲ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਪੁਰਸਕਾਰ ਵੀ ਦਿੱਤੇ ਜਾਣਗੇ। 

2. 16 ਜੂਨ, 2013 ਨੂੰ ਗ਼ਦਰ ਦੀ ਕਵਿਤਾ ਦੇ ਸਬੰਧ ਵਿੱਚ ਕਵੀ ਦਰਬਾਰ, ਸਵੇਰ ਦੇ 11 ਵਜੇ ਗਰੈਂਡ ਤਾਜ ਬੈਂਕੁਇਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। 

3. 23 ਜੂਨ, 2013 ਨੂੰ ਨੌਰਥ ਡੈਲਟਾ ਸੰਕੈਡਰੀ ਸਕੂਲ 11461, 81 ਐਵੀਨਿਊ ਵਿਖੇ, ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰਾਧਾ ਡਿਸੂਜ਼ਾ, ਮਾਇਆ ਰਾਮ ਨਾਥ, ਗੁਰੂਮੇਲ ਸਿੱਧੂ, ਚਿਰੰਜੀ ਲਾਲ ਅਤੇ ਸੋਹਣ ਪੂੰਨੀ ਆਦਿ ਵਿਦਵਾਨ ਮੁੱਖ ਬੁਲਾਰੇ ਹੋਣਗੇ। 

4. 6 ਜੁਲਾਈ, 2013 ਨੂੰ ਐਬੀ ਆਰਟ ਸੈਂਟਰ ਐਬਸਫੋਰਡ ਵਿਖੇ ਸ਼ਾਮ ਦੇ 4 ਵਜੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪਰਮਿੰਦਰ ਸਵੈਚ ਦੁਆਰਾ ਲਿਖਿਆ ਤੇ ਗੁਰਦੀਪ ਭੁੱਲਰ ਦੀ ਨਿਰਦੇਸ਼ਨਾ ਹੇਠ ਤਿਆਰ ਨਾਟਕ 'ਤਵਾਰੀਖ਼ ਬੋਲਦੀ ਹੈ' ਅਤੇ ਮੁੱਲਾਂਪੁਰ ਕਲਾ ਕੇਂਦਰ ਵਲੋਂ ਕੈਲਗਰੀ ਦੀ ਟੀਮ ਦੁਆਰਾ ਤਿਆਰ ਕੀਤਾ ਨਾਟਕ 'ਗਾਥਾ ਕਾਲ਼ੇ ਪਾਣੀਆਂ ਦੀ' ਪੇਸ਼ ਕੀਤੇ ਜਾਣਗੇ।

 5. 7 ਜੁਲਾਈ 2013, ਨੂੰ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿਖੇ ਵੀ ਸ਼ਾਮ ਦੇ ਪੰਜ ਵਜੇ ਉਪਰੋਕਤ ਨਾਟਕ ਪੇਸ਼ ਕੀਤੇ ਜਾਣਗੇ। 

6. 14 ਜੁਲਾਈ,2013 ਨੂੰ ਬੈੱਲ ਪ੍ਰਫਾਰਮਿੰਗ ਆਰਟਸ ਸੈਂਟਰ ਸਰ੍ਹੀ ਵਿਖੇ ਹੀ ਸ਼ਾਮ ਦੇ 4 ਵਜੇ ਪਬਲਿਕ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਜਗਮੋਹਨ ਸਿੰਘ, ਡਾ. ਵਰਿਆਮ ਸੰਧੂ, ਚਿਰੰਜੀ ਲਾਲਾ, ਰਾਧਾ ਡੀਸੂਜ਼ਾ ਆਦਿ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੀ ਆਪਣੇ ਵਿਚਾਰ ਪੇਸ਼ ਕਰਨਗੀਆਂ। ਸਾਰੇ ਲੋਕ ਪੱਖੀ ਅਤੇ ਦੇਸ਼ ਭਗਤ ਸ਼ਖਸ਼ੀਅਤਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਗ਼ਦਰੀ ਯੋਧਿਆਂ ਦੀ ਸੋਚ ਨੂੰ ਅਜੋਕੀ ਪੀੜ੍ਹੀ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾ ਸਕੇ ਅਤੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਕਾਰਜ ਅੱਗੇ ਤੋਰਿਆ ਜਾ ਸਕੇ।ਕਮੇਟੀ ਵਲੋਂ ਸਭ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਸਾਰੇ ਪ੍ਰੋਗਰਾਮ ਬਿਲਕੁੱਲ ਫਰੀ ਹਨ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ।ਅਵਤਾਰ ਗਿੱਲ 604 728 7011, ਹਰਭਜਨ ਚੀਮਾ 604 377 2415, ਪਰਮਿੰਦਰ ਸਵੈਚ 604 760 4794 

ਬਾਈ ਅਵਤਾਰ ਗਿੱਲ 
ਮੀਡੀਆ ਕੋਆਰਡੀਨੇਟਰ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ 
info@ghadarparty.com

Monday, May 6, 2013

ਸੁਰਿੰਦਰ ਨੀਰ ਦਾ ਨਾਵਲ : 'ਮਾਇਆ'

ਸ਼ਿਕਾਰਗਾਹ ਤੋਂ ਬਾਅਦ ਲੇਖਿਕਾ ਸੁਰਿੰਦਰ ਨੀਰ ਦਾ ਨਵਾਂ ਨਾਵਲ 'ਮਾਇਆ' ਸਾਹਿਤਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ।ਇਹ ਪੰਜਾਬੀ ਦਾ ਸਭ ਤੋਂ ਲੰਬਾ ਨਾਵਲ ਹੈ। ਇਸੇ ਬਾਰੇ ਹੀ 'ਫ਼ਿਲਹਾਲ' ਰਸਾਲੇ ਦੇ ਸੰਪਾਦਕ ਗੁਰਬਚਨ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਗੁਰਬਚਨ ਛੇਤੀ ਹੀ ਆਪਣੇ ਬਲਾਗ 'ਏਜੰਡਾ ਪੰਜਾਬ' ਦਾ ਲੋਕ ਅਰਪਣ ਕਰਨਗੇ। 'ਫ਼ਿਲਹਾਲ' ਦੀ ਵੈਬਸਾਈਟ ਵੀ ਉਸਾਰੀ ਅਧੀਨ ਹੈ ਤੇ ਛੇਤੀ ਹੀ ਤਹਾਨੂੰ 'ਫ਼ਿਲਹਾਲ' ਦੀਆਂ ਰਚਨਾਵਾਂ ਪੜ੍ਹਨ ਲਈ ਊਂਗਲਾਂ ਕੀਅ ਬੋਰਡ 'ਤੇ ਲਿਜਾਣੀਆਂ ਪੈਣਗੀਆਂ।-ਗੁਲਾਮ ਕਲਮ 

ਪੰਜਾਬੀ 'ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁਲ ਚੁੱਕਾ ਹੈ। ਫ਼ਿਲਮ ਜਗਤ 'ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ 'ਮੇਰਾ ਨਾਮ ਜੋਕਰ' ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗਾਣੇ ਖਿੱਚ ਪਾਉਣ ਵਾਲੇ ਸਨ,ਪਰ ਫ਼ਿਲਮ ਪਿੱਟ ਗਈ। ਰਾਜ ਕਪੂਰ ਨੇ ਕਿਹਾ, ''ਫੁੱਟੇਜ ਨੇ ਹਮ ਕੋ ਡੁਬੋ ਦੀਆ।''(ਫੁੱਟੇਜ=ਲੰਮਾਈ) 

ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ 'ਮਾਇਆ' ਨੂੰ ਡੋਬ ਦਿੱਤਾ ਹੈ। ਅਜਿਹਾ ਕਿਉਂ ਹੋਇਆ ਹੈ? ਆਓ ਦੇਖੀਏ, ਸੰਭਾਵਨਾਵਾਂ ਨਾਲ ਭਰੀ ਨਾਵਲ ਦੀ ਸਮੱਗਰੀ ਕਿਵੇਂ ਢਹਿੰਦੀ ਹੈ; ਕਿਵੇਂ ਸਾਰਥਿਕਤਾ ਗੁਵਾਂਦੀ ਹੈ। ਕਿਵੇਂ ਇਸ ਨਾਵਲ ਨੂੰ ਪੜ੍ਹਦਿਆਂ ਸੰਵੇਦਨਾ ਵਾਲਾ ਪਾਠਕ ਹਤਾਸ਼ ਮਹਿਸੂਸ ਕਰਦਾ ਹੈ। ਫ਼ਿਲਮ ਦਾ ਹਵਾਲਾ ਦੇਣ ਦਾ ਕਾਰਣ ਇਹ ਹੈ ਕਿ ਮਾਇਆ ਰਚਨਾਤਮਿਕ ਬਿਰਤਾਂਤ ਨਹੀਂ ਹੈ। ਇਹ ਪਾਪੂਲਰ ਫ਼ਿਲਮੀ ਸ਼ੈਲੀ 'ਚ ਲਿਖਿਆ ਗਿਆ ਕਥਾ ਬਿਆਨ ਹੈ ਜੋ ਟੈਲੀ ਸੀਰੀਅਲ ਦੀ ਤਕਨੀਕ ਵੀ ਅਪਣਾਂਦਾ ਹੈ। 

ਮਾਇਆ ਦਾ ਕਿਰਦਾਰ ਪਿਤਾ ਪੁਰਖੀ ਸਥਾਪਨਾ 'ਚ ਖਲਲ ਪੈਦਾ ਕਰਦਾ ਹੈ। ਉਹ ਘਰਤੋਂ ਬਾਹਰ ਵਲ ਤੁਰ ਪੈਂਦੀ ਹੈ, ਅੰਨ੍ਹੀ ਗਲੀ ਵਲ। ਚਿੱਤ ਵਿਚ ਪੇਂਟਿੰਗ ਸਿਖਣ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣ ਦਾ ਭੂਤ ਸਵਾਰ ਹੈ। ਘਰ ਤੋਂ ਬਾਹਰ ਜੋ ਸਪੇਸ ਹੈ ਉੱਥੇ 'ਬਘਿਆੜ' ਹਨ। 'ਔਰਤ ਬਨਾਮ ਮਰਦ ਸੰਸਾਰ' ਦਾ ਪ੍ਰਾਬਲਮੈਟਿਕ ਸਾਹਮਣੇ ਆਉਂਦਾ ਹੈ। ਪਰ ਲੇਖਿਕਾ ਦੀ ਰਵਾਇਤੀ ਪੱਧਰ ਦੀ ਨਾਵਲੀ ਸੂਝ ਇਹਦੇ ਨਾਲ ਇਨਸਾਫ਼ ਨਹੀਂ ਕਰ ਸਕਦੀ। 

ਨੀਰ ਦੀ ਸੀਮਾ ਦਾ ਪਤਾ 'ਸ਼ਿਕਾਰਗਾਹ' 'ਚ ਲੱਗਾ ਸੀ। ਇਸ ਨਾਵਲ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਇਹਨੂੰ ਲਾਸਾਨੀ ਰਚਨਾ ਦਾ ਦਰਜਾ ਦਿੱਤਾ ਤੇ ਲੇਖਿਕਾ ਨੂੰ ਕੁਰਾਹੇ ਪਾ ਦਿੱਤਾ। ਨਤੀਜਾ ਪੰਜਾਬੀ ਨਾਵਲਕਾਰੀ ਲਈ ਚੰਗਾ ਨਹੀਂ ਨਿਕਲਿਆ। ਇਹਦਾ ਪਤਾ ਨਾਵਲ 'ਮਾਇਆ' ਤੋਂ ਲੱਗਦਾ ਹੈ। ਇਸ ਨਾਵਲ ਨੂੰ ਵੱਡੇ ਕੈਨਵਸ 'ਤੇ ਫੈਲਾਣ ਦਾ ਯਤਨ ਕੀਤਾ ਗਿਆ ਹੈ, ਪਰ ਕਲਾਤਮਿਕ ਸੀਮਾਵਾਂ ਲੇਖਿਕਾ ਦੀ ਵਿਰਾਟ ਪੱਧਰ ਦੀ ਮਹਤਵ ਅਕਾਂਖਿਆ ਵਿਰੁੱਧ ਖੜ ਜਾਂਦੀਆਂ ਹਨ ਤੇ ਨਾਵਲ ਸੂਝਵਾਨ ਅਤੇ ਆਮ ਪਾਠਕ ਦੋਨਾਂ ਲਈ ਅਪੜ੍ਹਣਯੋਗ ਰਚਨਾ ਬਣ ਜਾਂਦਾ ਹੈ। 

ਨੀਰ ਦੀ ਅਸਲ ਤਾਕਤ ਕਸ਼ਮੀਰੀ ਪਿਛੋਕੜ ਦਾ ਹੋਣ 'ਚ ਹੈ। ਉਸ ਖਿੱਤੇ ਵਿਚ ਸਿੱਖ ਸਭਿਆਚਾਰ 'ਚ ਪਰੁੱਚੇ ਭਾਈਚਾਰੇ ਦਾ ਅੰਗ ਹੋਣਾ ਵੀ ਉਹਨੂੰ ਵੱਖਰਿਆਂਦਾ ਹੈ। ਇਸ ਸਭਿਆਚਾਰ ਦਾ ਆਪਣਾ ਜੋ ਜੀਣ ਥੀਣ ਹੈ ਉਸ ਵਿਚ ਉਹਦੀ ਆਸਥਾ ਹੈ। ਉਹ ਆਪਣੀ ਸਥਾਨਿਕਤਾ ਦੇ ਸੰਕਟਾਂ ਨੂੰ ਸਮਝਦੀ ਹੈ। ਨਾਵਲਕਾਰ ਵਜੋਂ ਇਹ ਉਹਦੀ 'ਪੂੰਜੀ' ਹੈ। 'ਸ਼ਿਕਾਰਗਾਹ' 'ਚ ਉਹ ਇਸ 'ਪੂੰਜੀ' ਨੂੰ ਜਿੰਨਾ ਕੁ ਵਰਤਦੀ ਹੈ, ਨਾਵਲ ਉੱਨਾ ਕੁ ਵੱਖਰਾ ਦਿੱਸਦਾ ਹੈ। ਪਹਿਲੇ 30-40 ਸਫ਼ੇ ਇਹਦੀ ਮਿਸਾਲ ਹਨ। ਫਿਰ ਨਾਵਲ ਦੀ ਤੋਰ ਰਵਾਇਤੀ ਘਿਸ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਨਾਵਲ ਦੀ ਸੀਮਾ ਪ੍ਰਗਟ ਹੁੰਦੀ ਹੈ। ਕਸ਼ਮੀਰੀ ਲੋਕਾਂ ਦੀ ਆਜ਼ਾਦ ਹਸਤੀ ਬਾਰੇ ਤੜਪ ਨੂੰ ਉਹ ਕੇਂਦਰੀ ਸੱਤਾ ਦੀ ਭਾਸ਼ਾ ਰਾਹੀਂ ਸਮਝਦੀ ਹੈ। ਕੁੱਲ ਮਿਲਾ ਕੇ 'ਸ਼ਿਕਾਰਗਾਹ' ਸਾਧਾਰਣ ਰਚਨਾ ਬਣ ਜਾਂਦਾ ਹੈ। 

ਮਾਇਆ ਦਾ ਬੁਨਿਆਦੀ ਸੰਕਟ ਇਹ ਹੈ ਕਿ ਲੇਖਿਕਾ ਰਵਾਇਤੀ ਘਿਸ ਜੁਗਤਾਂ ਨੂੰ ਤੀਬਰਤਾ ਨਾਲ ਵਰਤਦੀ ਹੈ। ਹੁਣ ਉਹਦੇ ਕੋਲ ਨਾਵਲ ਦੀ ਲੰਮਾਈ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੀ ਪੂਰਤੀ ਲਈ ਉਹ ਨਾਵਲ ਨੂੰ ਸਕੀਮੀਪਣ ਦਾ ਸ਼ਿਕਾਰ ਬਣਾਂਦੀ ਹੈ। ਅੰਤ ਇਹ ਕਲਾਤਮਿਕ ਬਿਰਤਾਂਤ ਵਜੋਂ ਫੇਲ ਹੋ ਜਾਂਦਾ ਹੈ। 

ਬਿੱਲੀ/ਬਲਬੀਰ ਦਾ ਘਰੋਂ ਨਿਕਲਣਾ ਏਨਾ ਵਾਸਤਵਿਕ ਨਹੀਂ ਹੈ ਜਿੰਨਾ ਲੇਖਿਕਾ ਦੀ ਤੈਅਸ਼ੁਦਾ ਸਕੀਮ ਅਨੁਕੂਲ ਹੈ। ਉਹ ਘਰੋਂ ਨਿਕਲਦੀ ਹੈ, ਨਾਵਲ ਦੇ ਅੰਤ ਤੱਕ ਵਾਪਿਸ ਨਹੀਂ ਪਰਤਦੀ। ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਨਾਵਲ ਇਸ ਸਥਿਤੀ ਨੂੰ ਮਸਲਾ-ਗ੍ਰਸਤ ਕਰਨ ਦੇ ਯਤਨ 'ਚ 700 ਤੋਂ ਵੱਧ ਸਫ਼ਿਆਂ ਤੱਕ ਫੈਲ ਜਾਂਦਾ ਹੈ, ਤੇ ਚਲੰਤ+ਘਿਸ ਜੁਗਤਾਂ ਦਾ ਸ਼ਿਕਾਰ ਹੋ ਜਾਂਦਾ ਹੈ। 

ਬਲਬੀਰ ਜਿਸ ਅੰਨ੍ਹੀ ਗਲੀ 'ਚ ਪੁੱਜਦੀ ਹੈ, ਜਿਸ ਤਰ੍ਹਾਂ ਪਹਿਲੀ ਰਾਤ ਉਹਦਾ 'ਰੇਪ' ਹੁੰਦੀ ਹੈ ਤੇ ਜਿਸ ਹਾਈਪਰ ਲਹਿਜ਼ੇ 'ਚ ਇਹ ਵਾਰਦਾਤ ਵਾਪਰਦੀ ਹੈ, ਤੇ ਜਿਵੇਂ ਉਹ ਮਰਨ ਲਈ ਤਿਆਰ ਹੁੰਦੀ ਗੁਰਬਾਣੀ 'ਚੋਂ ਸਲੋਕ ਨੂੰ ਸੁਣਦੀ ਹੈ, ਤੇ ਉਹਦੇ 'ਤੇ ਜੋ ਅਸਰ ਹੁੰਦਾ ਹੈ, ਇਹ ਸਭ ਬੜਾ ਤੇਜ਼ੀ ਨਾਲ ਵਾਪਰਦਾ ਹੈ। ਅਜਿਹਾ ਘਟਨਾ-ਕ੍ਰਮ ਨਾਵਲ ਦੀ ਟੋਨ ਨੂੰ ਸੈੱਟ ਕਰ ਦੇਂਦਾ ਹੈ। ਪਤਾ ਚਲਦਾ ਹੈ ਨਾਵਲ ਨੇ ਝਟਕੇ ਵਾਲੀ ਘਟਨਾਕਾਰੀ ਰਾਹੀਂ ਹੀ ਤੁਰਨਾ ਹੈ। ਇਹਨੇ ਕਿਸੇ ਸਥਿਤੀ ਦੀਆਂ ਅੰਤ੍ਰੀਵੀ ਤੈਹਾਂ ਵਲ ਦੇਖਣਾ ਨਹੀਂ ਹੈ। ਸਤਹੀ ਲਿਖਣਕਾਰੀ ਦੇ ਇਸ ਪੈਰਾਡਾਈਮ ਦੀ ਲੇਖਿਕਾ ਸ਼ਿਕਾਰ ਦਿਸਦੀ ਹੈ, ਪਰ ਉਹਦੇ ਕੋਲ ਹੁਣ ਇਹੀ ਰਸਤਾ ਹੈ। ਕਲਾਤਮਿਕ ਦ੍ਰਿਸ਼ਟੀ ਦੀ ਅਣਹੋਂਦ ਦਾ ਆਰੰਭ ਤੋਂ ਹੀ ਪਤਾ ਲੱਗ ਜਾਂਦਾ ਹੈ। ਉਹਦੀ ਨਾਵਲਕਾਰੀ ਦਾ ਰਾਹ ਤੈਅ ਹੋ ਜਾਂਦਾ ਹੈ। ਇਸ ਰਾਹ ਨੇ ਲੇਖਿਕਾ ਸਮੇਤ ਬਿਰਤਾਂਤਕ ਗਤੀ ਅਤੇ ਪਾਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਹੈ। ਬੇਸ਼ੱਕ ਇਸ ਲਪੇਟ ਵਿਚ ਆਉਣ ਦੀ ਪਾਠਕ ਨੂੰ ਲਾਚਾਰੀ ਨਹੀਂ ਹੈ। ਪਰ ਜੇ ਉਹ ਇਹਨੂੰ ਵਿਚਾਲੇ ਨਹੀਂ ਛੱਡਦਾ ਤਾਂ ਅੰਤ ਤੱਕ ਪੁੱਜਦਿਆਂ ਉਹਦਾ ਉਹੀ ਹਾਲ ਹੋਣਾ ਹੈ ਜੋ ਲੰਮੇ ਟੈਲੀ ਸੀਰੀਅਲ ਦੇਖ ਕੇ ਹੁੰਦਾ ਹੈ। 

ਲੇਖਿਕਾ ਕੋਲ ਬਿਰਤਾਂਤ ਨੂੰ ਤੇਜ਼ ਗਤੀ 'ਚ ਰੱਖਣ ਲਈ ਇਹੀ ਜੁਗਤ ਹੈ। ਇਸ ਜੁਗਤ ਵਿਚ ਲਕੀਰਤਾ (horizontality) ਹੈ, ਉਸਾਰ (verticality) ਨਹੀਂ। ਇਹ ਮਹੀਨ ਬੁੱਨਤਰ ਨੂੰ ਬਾਈਪਾਸ ਕਰਦੀ ਹੈ ਜਦ ਕਿ ਬੁੱਨਤਰ ਹੀ ਬਿਰਤਾਂਤਕਾਰੀ ਨੂੰ ਕਥਾਕਾਰੀ ਤੋਂ ਵਖਰਿਆਂਦੀ ਹੈ। ਪਾਠਕ ਮਨੁੱਖੀ ਸਥਿਤੀ ਦੀਆਂ ਤੈਹਾਂ ਤੱਕ ਇਹਦੇ ਰਾਹੀਂ ਪੁੱਜਦਾ ਹੈ।ਮਹੀਨ ਬੁੱਨਤਰ ਬਿਰਤਾਂਤ ਨੂੰ ਸ਼ਿਲਪਕਾਰੀ ਦੇ ਨਿਕਟ ਕਰਦੀ ਹੈ ਤੇ ਨਾਵਲੀ ਬਿਰਤਾਂਤ ਸਹਿਜ ਤੇ ਸੰਤੁਲਤ ਗਤੀ 'ਚ ਰਹਿੰਦਾ ਹੈ। ਭਾਸ਼ਾ ਰਚਨਾਤਮਿਕ ਹੁੰਦੀ ਹੈ, ਘਟਨਾਵਾਂ ਦਾ ਵਾਹਣ ਹੋਣ ਤੱਕ ਸੀਮਤ ਨਹੀਂ ਰਹਿੰਦੀ। ਅਰਥ ਸੱਕ ਵਾਂਗ ਨਿਕਲਦੇ ਹਨ। ਅਜਿਹੀ ਭਾਸ਼ਾ ਵਾਲੀ ਚਰਨਾਕਾਰੀ ਵਲ ਦੋਬਾਰਾ ਪਰਤਨ ਦਾ ਮਨ ਕਰਦਾ ਰਹਿੰਦਾ ਹੈ। ਕਲਾਤਮਿਕ ਬਿਰਤਾਂਤ ਇਸੇ ਨੂੰ ਕਹਿੰਦੇ ਹਨ। ਨਾਵਲ 'ਮਾਇਆ' 'ਚ ਭਾਸ਼ਾ ਦੀ ਸੁਰ ਉੱਚੀ ਹੈ। ਜਿਸ ਮੈਲੋਡਰਾਮੈਟਿਕ ਢੰਗ ਨਾਲ ਰੇਪ ਦੀ ਵਾਰਦਾਤ ਘਟਦੀ ਹੈ, ਉਹ ਪਾਪੂਲਰ ਸਿਨੇਮੇ ਦੀ ਭਾਸ਼ਾ ਹੈ। ਜਿਵੇਂ ਬਲਬੀਰ ਚੰਡੀਗੜ੍ਹ ਪੁੱਜਦੀ ਹੈ, ਬਲਬੀਰ ਤੋਂ ਮਾਇਆ ਬਣਦੀ ਹੈ, ਸਮੀਰ ਨਾਲ ਨੇੜਤਾ ਪੈਦਾ ਹੁੰਦੀ ਹੈ, ਨੇੜਤਾ ਖੌਫ਼ ਪੈਦਾ ਕਰਦੀ ਹੈ, ਇਹ ਸਕੀਮ ਦੀ ਅਨੁਸਾਰੀ ਬਣਤ ਹੈ। ਜੇ ਇਹੀ ਨਾਵਲਕਾਰ ਦੀ ਪਾਠਗਤ ਨੀਤੀ (textual strategy) ਹੈ ਤਾਂ ਔਰਤ ਦੀ ਆਜ਼ਾਦੀ ਦਾ ਸਮੱਸਿਆਕਾਰ ਪਸਤ ਹੋ ਜਾਂਦਾ ਹੈ। ਪਾਤਰਾਂ ਦਾ ਵਜੂਦ ਲੇਖਿਕਾ ਦੇ ਕਬਜ਼ੇ 'ਚ ਆ ਜਾਂਦਾ ਹੈ। ਬਲਬੀਰ ਪਿਤਾ ਪੁਰਖੀ ਸਥਾਪਨਾ ਤੋਂ ਬਰੀ ਹੋਣਾ ਚਾਹੁੰਦੀ ਹੈ ਤੇ ਆਣ ਡਿੱਗਦੀ ਹੈ ਲੇਖਿਕਾ ਦੀ ਬਾਜ਼ਾਰੀ ਪਾਠਗਤ ਨੀਤੀ ਦੇ ਟ੍ਰੈਪ 'ਚ। ਸੁਰਿੰਦਰ ਨੀਰ ਦੀ 'ਵਿਯਨ', ਜਿਵੇਂ ਨਾਵਲ 'ਚ ਪ੍ਰਗਟ ਹੈ, ਮਿਡਲ ਕਲਾਸੀ ਰਵਾਇਤੀ ਔਰਤਾਂ ਵਾਲੀ ਹੈ। ਮਾਇਆ ਦਾ ਕਿਰਦਾਰ ਇਸ ਵਿਯਨ ਦਾ ਪਰਤੌ ਬਣਦਾ ਹੈ। 

ਕਲਾ ਦੇ ਪਿੜ ਵਿਚ ਮਾਇਆ ਦਾ ਦਾਖਲਾ ਕਲਾ ਦੀ ਮੰਡੀ ਰਾਹੀਂ ਹੁੰਦਾ ਹੈ। ਮੰਡੀ ਦੇ ਦਲਾਲ ਉਹਦਾ ਸ਼ੋਸ਼ਨ ਕਰਨਾ ਚਾਹੁੰਦੇ ਹਨ, ਉਹਦੇ ਜਿਸਮ ਅਤੇ ਆਰਟ ਦੋਨਾਂ ਦਾ। ਉਨ੍ਹਾਂ ਨਾਲ ਉਹ ਬੇਖੌਫ਼ ਹਿੱਸੇਦਾਰੀ ਪਾਉਂਦੀ ਹੇ। ਉਹ ਜੋ ਕਰਦੀ ਹੈ ਉਹਦੀ ਸਫ਼ਾਈ 'ਚ ਲੇਖਕੀ ਟਿੱਪਣੀ+ਤਬਸਰਾ ਮੁਹੱਈਆ ਹੋਈ ਜਾਂਦਾ ਹੈ। ਉਹਦੇ ਕੋਲ ਆਪਣੀ ਅਕਾਂਖਿਆ ਦੀ ਪੂਰਤੀ ਦਾ ਹੋਰ ਕੋਈ ਰਾਹ ਨਹੀਂ ਹੈ। ਬਦਲੇ 'ਚ ਉਹ 'ਯੂਜ਼ ਐਂਡ ਥਰੋਅ' ਦੀ ਨੀਤੀ ਦੀ ਵਰਤੋਂ ਕਰਦੀ ਹੈ। ਝੂਠ ਬੋਲ ਕੇ, ਪਬਲਿਕ ਰਿਲੇਸ਼ਨੀ ਜੁਗਤਾਂ ਰਾਹੀਂ 'ਅਗਾਂਹ' ਨਿਕਲ ਜਾਣ 'ਚ ਸਫ਼ਲ ਹੁੰਦੀ ਹੈ। ਲੇਖਿਕਾ ਸੰਭਵ/ਅਸੰਭਵ ਘਟਨਾਵਾਂ ਨੂੰ ਬਣਾਵਟੀ ਵਾਸਤਵਿਕਤਾ (contrived reality) 'ਚ ਬੰਨ੍ਹਦੀ ਹੈ। ਨਾਵਲ ਦੀ ਸਿਰਜੀ ਜਾਅਲੀ ਵਾਸਤਵਿਕਤਾ 'ਚ ਮਾਇਆ ਦਾ ਇਕੋ ਦਿਨ 'ਚ ਪਾਸਪੋਰਟ ਬਣਦਾ ਹੈ ਤੇ ਅਮਰੀਕਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ। ਅਮਰੀਕਾ ਜਾ ਕੇ ਉਹ ਹੋਰ ਠਹਿਰਣਾ ਚਾਹੁੰਦੀ ਹੈ ਤਾਂ ਉਸ ਦਾ ਨਵਾਂ ਪੈਟਰਨ ਕਹਿੰਦਾ, ''ਮੈਂ ਇੰਡੀਅਨ ਗੌਰਮਿੰਟ ਤੋਂ ਵੀਜ਼ਾ ਲਗਵਾ ਦੇਨਾਂ। (ਕੀ ਅਮਰੀਕੀ ਵੀਜ਼ਾ ਭਾਰਤ ਸਰਕਾਰ ਦੇਂਦੀ ਹੈ?) 

ਔਰਤ ਬਨਾਮ ਪਿਤਾ ਪੁਰਖੀ ਸਥਾਪਨਾ ਵਾਲਾ ਸੰਸਾਰ। ਸੰਭਾਵਨਾਵਾਂ ਵਾਲਾ ਇਹ ਜੋ ਸਮੱਸਿਆਕਾਰ ਹੈ, ਉਹ ਕੁਰਾਹੇ ਪੈ ਚੁੱਕਾ ਹੈ। ਪਿਤਾ ਪੁਰਖੀ ਹੈਜਮਨੀ ਤੇ ਨਾਵਲਕਾਰ ਦੀ ਪਾਠਗਤ ਨੀਤੀ 'ਚ ਫਰਕ ਨਹੀਂ ਦਿਖਦਾ। ਦੋਨਾਂ ਦੀ ਮੰਡੀ ਨਾਲ ਲੜਾਈ ਨਹੀਂ।

ਚੰਡੀਗੜ੍ਹ/ਦਿੱਲੀ ਵਾਲੇ ਲੋਕੈਲ 'ਚ ਮਾਇਆ ਤੀਬਰ ਢੰਗ ਨਾਲ ਵਾਪਰਦੀ ਹੈ ਤੇ ਉਹਦੇ ਰਾਹੀਂ ਲੇਖਿਕਾ ਵਾਪਰਦੀ ਦਿਸਦੀ ਹੈ, ਕਿਉਂਕਿ ਲੇਖਿਕਾ ਦਰਸ਼ਕ ਨਹੀਂ ਮਾਇਆ ਦੀ ਧਿਰ ਹੈ। ਜੇ ਦਰਸ਼ਕ ਹੁੰਦੀ ਤਾਂ ਮਾਇਆ ਨੂੰ ਸੁਤੰਤਰ ਵਿਅਕਤੀ ਬਣਾਂਦੀ। ਤਦ ਮਾਇਆ ਲੇਖਿਕਾ ਵਿਰੁੱਧ ਬਗ਼ਾਵਤ ਕਰ ਦੇਂਦੀ। ਬਗ਼ਾਵਤ ਦਾ ਤੰਤ ਉਸ ਵਿਚ ਲੇਖਿਕਾ ਨੇ ਰਹਿਣ ਨਹੀਂ ਦਿੱਤਾ, ਸਿਰਫ਼ ਚੁਸਤੀ ਨਾਲ 'ਯੂਜ਼ ਐਂਡ ਥਰੋਅ' ਦੀ ਜੁਗਤ ਵਰਤਣ ਦੀ ਜਾਚ ਸਿਖੀ ਹੈ। ਨਾਵਲ ਦੀਆਂ ਤੈਹਾਂ ਫਰੋਲਦਿਆਂ ਦਿਸਦਾ ਹੈ ਕਿ ਇਹ ਮੰਡੀ ਦੀ ਸਿਧਾਂਤਕੀ ਅਨੁਕੂਲ ਰਚਿਆ ਗਿਆ ਹੈ। ਮਾਇਆ ਉਹੀ ਕੁਝ ਬੋਲਦੀ ਹੈ ਜੋ ਲੇਖਿਕਾ ਨਿਰਦੇਸ਼ਿਤ ਕਰਦੀ ਹੈ। ਜਾਂ ਲੇਖਿਕਾ ਦਾ ਉਹੀ ਸਟੈਂਡ ਹੈ ਜੋ ਮਾਇਆ ਦਾ ਹੈ। ਬਿਰਤਾਂਤ ਦੋਨਾਂ ਦੀ ਓਵਰਲੈਪਿੰਗ ਵਾਲੀ ਲੀਲਾ ਵਿਚ ਤਬਦੀਲ ਹੁੰਦਾ ਦਿਖਦਾ ਹੈ। 

ਮਾਇਆ ਚੰਡੀਗੜ੍ਹ ਦਿੱਲੀ ਅਮਰੀਕਾ ਰਾਣੀਖੇਤ ਘੁੰਮਦੀ ਹੈ ਤੇ ਲੇਖਿਕਾ ਉਹਦਾ ਪ੍ਰਛਾਵਾਂ ਬਣ ਕੇ ਨਾਲ ਰਹਿੰਦੀ ਹੈ। ਬਾਕੀ ਪਾਤਰ, ਜੋ ਮਾਇਆ ਨਾਲ ਮੋਹ ਦੇ ਰਿਸ਼ਤੇ 'ਚ ਜੁੜਦੇ ਹਨ, ਉਹ ਵੀ ਇਸ ਟ੍ਰੈਪ 'ਚ ਹਨ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਹਨ ਜਿਵੇਂ ਮਾਇਆ ਬੋਲਦੀ ਹੈ ਜਾਂ ਲੇਖਿਕਾ ਬੋਲਦੀ ਹੈ। ਸ਼ਬਦਾਂ ਦੀ ਚੋਣ ਵੀ ਉਹੀ ਹੈ। ਇਵੇਂ ਘਟਨਾਕਾਰੀ ਦਾ ਕੇਂਦਰੀਕਰਨ ਹੋਈ ਜਾਂਦਾ ਹੈ। ਸਭ ਨੇ ਉੱਥੇ ਪੁੱਜਣਾ ਹੈ ਜਿੱਥੇ ਲੇਖਿਕਾ ਪਹੁੰਚਾਣਾ ਚਾਹੁੰਦੀ ਹੈ। ਸਭ ਦਾ ਲਕਸ਼ ਲੇਖਿਕਾ ਦੀ ਰੁਮਾਂਸੀ ਦ੍ਰਿਸ਼ਟੀ ਅਨੁਕੂਲ ਹੈ। 

ਸ਼ਿਵ ਮੈਨਨ ਦਾ ਮਿਲਣਾ, ਦਿੱਲੀ ਜਾਣ ਤੇ ਉਹਦੇ ਨਾਲ ਬਜ਼ਨਸੀ ਤੇ ਸੇਜ਼ ਸਾਂਝ ਦਾ ਨਾਤਾ ਆਦਿ, ਫਿਰ ਅਚਾਨਕ ਅਮਰੀਕਾ ਲਈ ਜਾਣ ਦਾ ਕਹਾਣੀ ਮੋੜ, ਏਅਰਪੋਰਟ 'ਤੇ ਆਰਟ ਕ੍ਰਿਟਿਕ ਦਾ ਮਿਲਣਾ ਤੇ ਦੁਨੀਆਂ ਦੇ ਆਰਟ ਕੇਂਦਰਾਂ ਦਾ ਰਟਣ! ਜਾਂ ਪਾਤਰਾਂ ਦਾ ਇਕ ਦੂਜੇ ਨਾਲ ਪਿਆਰ ਮਿਲਾਪ ਜਾਂ ਸ਼ਾਦੀ ਆਦਿ ਇੱਕੋ ਪੈਰਾਡਾਈਮ ਦੇ ਅਨੁਸਾਰੀ ਹਨ। ਬਾਖ਼ਤਿਨ ਦੇ ਸੰਵਾਦੀ ਬਿਰਤਾਂਤ ਦਾ ਹਵਾਲਾ ਦੇਣਾ ਹੋਵੇ ਤਾਂ ਕਹਾਂਗੇ ਇਹ ਸੰਵਾਦੀ ਦੀ ਜਗ੍ਹਾ ਇਕਾਲਾਪੀ ਰਚਨਾ ਹੈ। ਨਾਵਲ ਲਿਖਣ ਦਾ ਇਹ ਮਾੱਡਲ ਜੇ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਅਨੁਕੂਲ ਮੰਨ ਲਈਏ ਤਾਂ ਸਮੱਸਿਆ ਹਲ ਨਹੀਂ ਹੁੰਦੀ। ਭਾਈ ਸਾਹਿਬ ਤੇ ਨਾਨਕ ਸਿੰਘ ਨੂੰ ਉਸ ਸੰਸਾਰ ਦੀਆਂ ਕਲਪਨਾਵਾਂ ਦੀ ਸੋਝੀ ਸੀ – ਰੁਮਾਂਸੀ ਤੇ ਆਦਰਸ਼ਕ ਕਲਪਨਾਵਾਂ ਦੀ ਜੋ ਉਹ ਚਿਤਰ ਰਹੇ ਸਨ। ਆਪਣੀ ਸੀਮਾ ਦੇ ਅੰਦਰਵਾਰ ਰਹਿ ਕੇ ਉਹ ਰੁਮਾਂਸੀ ਨਾਵਲ ਦਾ ਜੋ ਸਿਰਜਣ ਕਰਦੇ ਹਨ ਉਹਦੀ ਅੰਤਰ-ਲੈਅ ਹੈ। 

ਮਾਇਆ 'ਚ ਅੰਤਰ-ਲੈਅ ਖੰਡਿਤ ਹੈ ਕਿਉਂ ਜੋ ਲੇਖਿਕਾ ਸੀਮਤ ਅਨੁਭਵ ਰਾਹੀਂ ਅਸੀਮ ਫੈਲਾਅ ਦੇ ਰਾਹੇ ਪਈ ਹੋਈ ਹੈ। ਦੋ ਨਾਵਲਾਂ ਦਾ ਮਸੌਦਾ ਇੱਕੋ 'ਚ ਫਿਟ ਹੁੰਦਾ ਹੈ। ਦੋ ਲੋਕੈਲਾਂ 'ਤੇ ਕਹਾਣੀ ਦੀ ਸਮਾਨਾਂਤਰਤਾ ਨੂੰ ਕਾਇਮ ਰੱਖਣਾ ਨਵੀਂ ਕਾਢ ਨਹੀਂ ਹੈ, ਪਰ ਇਸ ਅੰਤਰ-ਜੋੜ ਲਈ ਵਿਧੀਰਵਾਇਤੀ ਜਾਂ ਯੰਤਰੀ ਸਫ਼ਲ ਨਹੀਂ ਹੁੰਦੀ। ਮਾਇਆ 'ਚ ਸਮਾਨਾਂਤਰ ਲੋਕੈਲ 'ਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਸਾਹਿਬਜੀਤ ਜੋੜਨ ਵਾਲਾ ਹੈ ਜਾਂ ਕਿਸੇ ਹੱਦ ਤੱਕ ਮਾਇਆ ਆਪ। ਪਰ ਲੇਖਿਕਾ ਦੀਆਂ ਟਿੱਪਣੀਆਂ ਕਿਤੇ ਜ਼ਿਆਦਾ ਜੋੜਦੀਆਂ ਹਨ ਜੋ ਮਕਾਨਕੀ ਕਵਾਇਦ ਹੈ। ਨਾਵਲ 'ਚ 1984 ਦੀ ਸਿੱਖ ਖਾੜਕੂਵਾਦ ਦੇ ਹਵਾਲੇ ਨਾਲ ਮੌਜੂਦ ਸਮੱਗਰੀ ਧਿਆਨ ਖਿੱਚਦੀ ਹੈ। ਓਪ੍ਰੇਸ਼ਨ ਬਲੂ ਸਟਾਰ ਤੇ ਓਪ੍ਰੇਸ਼ਨ ਬਲੈਕ ਥੰਡਰ ਦਾ ਜ਼ਿਕਰ ਹੈ, ਪਰ ਇਸ ਜ਼ਿਕਰ ਪਿੱਛੇ 'ਸਿੱਖ ਕੌਮ ਦੀ ਆਜ਼ਾਦੀ' ਦਾ ਹਵਾਲਾ ਜੋ ਦੱਸਿਆ ਗਿਆ ਹੈ, ਉਹਦੇ ਆਰ ਜਾਂ ਪਾਰ ਦਾ ਕੋਈ ਜ਼ਿਕਰ ਨਹੀਂ ਹੈ। ਕੀ ਪੰਜਾਬ ਦੇ ਪਿੰਡੇ ਨੂੰ ਲੂਹਣ ਵਾਲੀਆਂ ਘਟਨਾਵਾਂ ਨੂੰ ਸਰਸਰੀ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਇਹਦੀ ਰਾਜਨੀਤੀ, ਇਹਦੀ ਸਿਧਾਂਤਕੀ ਨੂੰ ਬਿਨਾਂ ਛੋਹਿਆਂ ਇਹਦਾ ਜੋ ਬਿਆਨ ਹੈ, ਇਹਦੇ ਅਰਥ ਕੀ ਹਨ? 'ਕੌਮ ਦੀ ਆਜ਼ਾਦੀ' ਦਾ ਹਵਾਲਾ ਹੈ, ਇਹਦਾ ਸਿਆਸੀ ਤਰਕ ਕਿਤੇ ਨਹੀਂ ਹੈ। 

ਸਾਹਿਬਜੀਤ ਵਰਗਾ ਪਾਤਰ, ਜੋ ਪਹਿਲਾਂ ਖਾੜਕੂ ਸਿਧਾਂਤਕੀ ਅਨੁਸਾਰ ਬੋਲਦਾ ਹੈ, ਬਾਅਦ ਵਿਚ ਮਲੂਕੜਾ ਰੁਮਾਂਸੀ ਤੇ ਸਿਆਸੀ ਮੋੜਾਂ ਤੋਂ ਬੇਲਾਗ ਕਿਵੇਂ ਰਹਿੰਦਾ ਹੈ? ਉਹ ਵੀ ਮਾਇਆ ਦੀ ਭਾਸ਼ਾ ਬੋਲਣ ਲੱਗਦਾ ਹੈ। ਸਿੱਖ ਰਹਿਤਲ ਨੂੰ ਨਾਵਲੀ ਪੇਸ਼ਕਾਰੀ 'ਚ ਅਹਮੀਅਤ ਹੈ। ਇਹ ਸਾਰੀਆਂ ਗੱਲਾਂ ਇਸ ਨਾਵਲ ਵਲ ਧਿਆਨ ਖਿੱਚਦੀਆਂ ਹਨ, ਜਿਵੇਂ ਸਾਹਿਬਜੀਤ ਦਾ ਕਿਰਦਾਰ ਹੋਰਾਂ ਸਭ ਕਿਰਦਾਰਾਂ ਤੋਂ ਵੱਧ ਅਹਿਮੀਅਤ ਵਾਲਾ ਬਣਦਾ ਹੈ। ਪਰ ਗੱਲ ਵਿਚਾਲੇ ਰਹਿ ਜਾਂਦੀ ਹੈ। ਮਸਲਾ ਤਦ ਇਹ ਹੈ ਕਿ ਨਾਵਲ ਵਿਚ ਜੋ ਅਲਪ ਪੱਧਰ 'ਤੇ ਪ੍ਰਮਾਣਿਕ ਛੋਹਾਂ ਵਾਲਾ ਹਿੱਸਾ ਹੈ ਉਹ ਅਪ੍ਰਮਾਣਿਕ ਫੈਲਾਅ ਹੇਠ ਦੱਬ ਜਾਂਦਾ ਹੈ। ਜੰਮੂ ਵਾਲੀ ਸਥਾਨਿਕਤਾ ਦਾ ਜੋ ਨਾਵਲ ਵਿਚ ਹਿੱਸਾ ਹੈ, ਉਹਦੇ ਸਾਹਮਣੇ ਚੰਡੀਗੜ੍ਹ ਜਾਂ ਦਿੱਲੀ ਜਾਂ ਅਮਰੀਕਾ ਵਾਲੀ ਸਥਾਨਿਕਤਾ, ਜੋ ਮਾਇਆ ਦੇ ਕਿਰਦਾਰ ਦਾ ਵੱਖਰਾ ਰੂਪ ਪ੍ਰਸਤੁਤ ਕਰਦੀ ਹੈ, ਅਪ੍ਰਮਾਣਿਕ ਹੈ। ਜ਼ਾਹਿਰ ਹੈ, ਨਾਵਲ ਦਾ ਜ਼ਿਆਦਾ ਹਿੱਸਾ ਚਾਲੂ/ਅਪ੍ਰਮਾਣਿਕ ਚਿਤਰਪਟ ਨੇ ਮੱਲਿਆ ਹੋਇਆ ਹੈ ਜਿਸ ਕਰਕੇ ਜੰਮੂ ਵਾਲੀ ਸਥਾਨਿਕਤਾ ਦਾ ਕਾਰਜ-ਕਰਮ ਤੇ ਘਟਨਾਵਲੀ ਦੂਜੈਲੀ ਥਾਂ 'ਤੇ ਜਾ ਖੜਦਾ ਹੈ। ਨਾਵਲ ਚੂੰਕਿ ਮਾਇਆ 'ਤੇ ਕੇਂਦ੍ਰਿਤ ਹੈ ਤਾਂ ਜੰਮੂ ਵਾਲੀ ਸਥਾਨਿਕਤਾ ਸਮੁੱਚੇ ਪ੍ਰਸੰਗ 'ਚ ਅਰਥ ਗੰਵਾ ਦੇਂਦੀ ਹੈ ਕਿਉਂਕਿ ਮਾਇਆ ਨੇ ਜੰਮੂ ਨੂੰ ਲਗਪਗ ਹਮੇਸ਼ਾਂ ਲਈ ਤਿਆਗ ਦਿੱਤਾ ਹੈ। ਜੰਮੂ, ਦਿੱਲੀ (ਅਮਰੀਕਾ) ਅਤੇ ਅੰਤ ਵਿਚ ਮਕਲੋਡਗੰਜ। ਤਿੰਨਾ ਦੇ ਬਿਰਤਾਂਤ ਵਿਚ ਜੋ ਖੋਲ ਹਨ ਉਹ ਲੇਖਿਕਾ ਦੀਆਂ ਟਿੱਪਣੀਆਂ/ਤਬਸਰੇ ਰਾਹੀਂ ਹੀ ਪੁਰ ਹੁੰਦੇ ਹਨ। ਲੇਖਿਕੀ over-presence ਬਿਰਤਾਂਤ ਲਈ ਉਸੇ ਤਰ੍ਹਾਂ ਅਸਹਿ ਹੈ ਜਿਵੇਂ ਬਲਬੀਰ ਲਈ ਪਿਤਾ ਪੁਰਖੀ ਫ਼ਾਸ਼ੀਵਾਦ। 

600 ਸਫ਼ਿਆਂ ਤੋਂ ਬਾਅਦ ਜੇ ਮਾਇਆ ਮਕਲੋਡਗੰਜ ਦੇ ਨਿਮਨਾਂ 'ਚ ਰਹਿ ਕੇ, ਮਦਰ ਟੀਰੇਸਾ ਵਾਂਗ, ਪੀੜਤਾਂ ਦੀ ਪੀੜਾ ਹਰਨ ਕਰਦੀ ਹੈ ਤਾਂ ਇਹ ਸ਼ੁਰੂ ਤੋਂ ਤੁਰੀ ਆ ਰਹੀ ਯੰਤਰਤਾ ਦੀ ਆਖਰੀ ਕਿਸ਼ਤ ਬਣੇ ਬਗ਼ੈਰ ਨਹੀਂ ਰਹਿ ਸਕਦੀ। ਮਾਇਆ ਦਾ ਵਿਚਾਰਧਾਰਕ ਮੋੜ ਕਿਸੇ ਤਰ੍ਹਾਂ ਦੀ ਨਵੀਂ ਅੰਤਰ-ਲੈਅ ਪੈਦਾ ਕਰਨ ਦੇ ਸਮਰਥ ਨਹੀਂ ਰਹਿੰਦਾ। ਜੇ ਲੇਖਿਕਾ ਨੇ ਅਜਿਹਾ ਅੰਤ ਕਰਨਾ ਸੀ ਤਾਂ ਉਹਨੂੰ ਤਿੰਨ ਚੌਥਾਈ ਹਿੱਸੇ ਦੀ ਬਣਾਵਟ ਵਲ ਧਿਆਨ ਦੇ ਕੇ ਨਾਵਲ ਨੂੰ ਮੁੜ ਤੋਂ ਲਿਖਣਾ ਚਾਹੀਦਾ ਸੀ। ਨਤੀਜਾ ਇਹ ਕਿ ਅਖੀਰਲੇ ਭਾਗ ਦੀ ਘਟ ਅਸ਼ਾਂਤ ਸੁਰ ਪਹਿਲੇ ਵੱਡੇ ਹਿੱਸੇ ਦੀ ਅਪਾਰ ਪੱਧਰ ਦੀ ਅਸ਼ਾਂਤ ਸੁਰ (hyper tonality) ਦੇ ਮੁਕਾਬਲੇ ਸਿੱਥਲ ਦਿਖਦੀ ਹੈ। ਨਿਮਨਾਂ ਦੀ ਪੀੜਾ ਹਰਨ ਕਰਨ ਦਾ ਮੋੜ ਅਖਤਿਆਰ ਕਰਕੇ ਜ਼ਿੰਦਗੀ ਦੀ ਸੰਪੂਰਤਾ ਪ੍ਰਾਪਤ ਕਰਨ ਦਾ ਇਲਹਾਮ ਵੀ ਝਟਕੇ ਵਾਂਗ ਹੁੰਦਾ ਹੈ। ਕੁੱਲ ਮਿਲਾ ਕੇ, ਨਾਵਲ 'ਚ ਕੁਝ ਟੁਕੜੀਆਂ ਬਹੁਤ ਚੰਗੀਆਂ ਹਨ, ਪਰ ਇਹ ਨਾਵਲ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੁੰਦੀਆਂ। ਨਾ ਮਕਲੋਡਗੰਜ ਦਾ ਅੰਤ ਪਹਿਲੇ ਛੇਅ ਸੌ ਸਫ਼ਿਆਂ ਦੀ hyper tension ਦੇ ਮੁਕਾਬਲੇ ਖੜ ਸਕਦਾ ਹੈ। 

ਸ਼ਿਕਾਰਗਾਹ ਜਿਵੇਂ ਰਿਲੀਜ਼ ਹੋਇਆ, ਤੇ ਹੁਣ ਮਾਇਆ ਬਾਰੇ ਜੋ ਪ੍ਰਮੋਸ਼ਨੀ ਏਜੰਡਾ ਤਿਆਰ ਹੈ, ਉਸ ਦੇ ਕੇਂਦਰ ਵਿਚ ਲੇਖਿਕਾ ਸੁਰਿੰਦਰ ਨੀਰ ਹੈ। ਨਾਵਲ 'ਚ ਮਾਇਆ ਅਗਾਂਹ ਜਾਣ ਲਈ ਸਮਝੋਤਾ ਕਰਦੀ ਹੈ, ਕਲਾ ਦੀ ਮੰਡੀ ਅੰਦਰ ਜਾ ਖੁੱਭਦੀ ਹੈ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣਾ ਚਾਹੁੰਦੀ ਹੈ। ਜ਼ਾਹਿਰ ਹੈ ਲੇਖਿਕਾ ਕੋਲ ਮੰਡੀ ਦਾ ਪੁੱਖਤਾ ਵਿਕਲਪ ਨਹੀਂ ਹੈ, ਜਿਵੇਂ ਉਹਦੇ ਕਿਰਦਾਰ ਮਾਇਆ ਕੋਲ ਵੀ ਨਹੀਂ ਹੈ ਭਾਵੇਂ ਅੰਤ ਵਿਚ ਉਹ ਤਬਦੀਲ ਹੁੰਦੀ ਦਿਖਦੀ ਹੈ। ਜੇ ਇਹ ਗੱਲ ਹੈ ਤਾਂ ਏਥੇ ਔਰਤ ਦੀ ਆਜ਼ਾਦ ਹਸਤੀ ਦਾ ਤਸੱਵਰ ਬੇਜ਼ਮੀਨਾ ਹੋ ਜਾਂਦਾ ਹੈ, ਕਿਉਂਕਿ ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸਾਹਿਤ/ਕਲਾ ਦੀ ਮੰਡੀ ਵਿਚ ਔਰਤ ਅਤੇ ਕਲਾ ਦੋਨਾਂ ਨੂੰ ਵਸਤੂ ਹੀ ਸਮਝਿਆ ਜਾਂਦਾ ਹੈ। 

ਮਾਇਆ ਨਾਵਲ ਦੇ ਪਿਛਲੇ ਪਾਸੇ ਦਿੱਤੀ ਗਈ ਲੇਖਿਕ ਦੀ ਤਸਵੀਰ ਦੀ ਚਿਹਨਕਤਾ ਅਤੇ ਸ਼ਿਕਾਰਗਾਹ 'ਚ ਮੌਜੂਦ ਭੂਮਿਕਾ ਅਤੇ ਜੈਕਟ ਕਵਰ 'ਤੇ ਟੀਸੀਮੁਖ ਬਿਆਨ ਇਸ ਪ੍ਰਸੰਗ 'ਚ ਅਰਥਾਂ ਤੋਂ ਖਾਲੀ ਨਹੀਂ ਹੈ। 

 -ਗੁਰਬਚਨ

Thursday, May 2, 2013

ਮਹਾਂ ਵਿਦਵਾਨ ਦਾ ਜਨਮ ਦਿਹਾੜਾ

ਕਾਰਲ ਮਾਰਕਸ ਨਿਡਰ ਵਿਦਵਾਨ, ਮਹਾਨ ਖੋਜੀ ਤੇ ਇਕ ਸਿਰੜੀ ਇਨਕਲਾਬੀ ਸੀ।ਉਸਦਾ ਜੀਵਨ ਬਿਰਤਾਂਤ ਉਸਦੇ ਸਮੁੱਚੇ ਚਿੰਤਨ ਤੋਂ ਵੱਖਰਿਆਇਆ ਨਹੀਂ ਜਾ ਸਕਦਾ।ਮਾਰਕਸ ਦੀ ਜੀਵਨ ਗਾਥਾ ਉਸਦੇ ਬੇਸ਼ੁਮਾਰ ਅਧਿਐਨ, ਲੇਖਨ, ਖੋਜ ਕਾਰਜਾਂ, ਬਹਿਸਾਂ, ਅਲੋਚਨਾਵਾਂ, ਜਲਾਵਤਨੀਆਂ, ਪਰਿਵਾਰਕ ਔਕੜਾਂ ਤੇ ਕਿਰਤੀ ਜਮਾਤ ਦੀ ਸਦੀਆਂ ਦੀ ਗੁਲਾਮੀ ਤੋਂ ਮੁਕਤੀ ਦਾ ਗੁਰ ਲੱਭਣ ਵਾਲੇ ਪਹਾੜ ਜਿੱਡੇ ਕਾਰਜ ਨੂੰ ਇਕ ਔਸਤ ਮਨੁੱਖੀ ਉਮਰ ਅੰਦਰ ਪੂਰਾ ਕਰਨ ਦੇ ਬੇਮਿਸਾਲ ਸੰਘਰਸ਼ਾਂ ਨਾਲ ਭਰੀ ਪਈ ਹੈ।ਜਵਾਨੀ 'ਚ ਪੈਰ ਧਰਦਿਆਂ ਹੀ ਮਾਰਕਸ ਨੇ ਆਪਣੀ ਜ਼ਿੰਦਗੀ ਦਾ ਇਕ ਮਕਸਦ ਚੁਣਿਆ ਤੇ ਫਿਰ ਆਪਣੀ ਸਾਰੀ ਤਾਕਤ ਤੇ ਸਮਰੱਥਾ ਉਸੇ ਲਈ ਝੋਕ ਦਿੱਤੀ।ਆਪਣੀ ਇਸੇ ਅਥਾਹ ਸਮਰੱਥ ਨਾਲ ਉਸਨੇ ਚੜ੍ਹਦੀ ਉਮਰੇ ਹੀ ਦੁਨੀਆ ਭਰ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਮਾਰਕਸ ਦੀ ਸਮੁੱਚੀ ਜੀਵਨ ਘਾਲਣਾ ਤੇ ਚਿੰਤਨ ਨੂੰ ਦੇਖਦਿਆਂ ਲੋਕਾਈ ਦੰਗ ਰਹਿ ਜਾਂਦੀ ਹੈ ਕਿ ਇਕ ਇਨਸਾਨ ਐਨਾ ਸਮਰੱਥਾਵਾਨ ਵੀ ਹੋ ਸਕਦਾ ਹੈ।ਪਿੱਛੇ ਜਿਹੇ ਬੀ. ਬੀ. ਸੀ. ਵੱਲੋਂ ਕਰਵਾਏ ਸਰਵੇ ਅਨੁਸਾਰ ਕਾਰਲ ਮਾਰਕਸ ਨੂੰ "ਥਿੰਕਰ ਆੱਫ ਦੀ ਮਿਲੇਨੀਅਮ" (ਇਕ ਹਜ਼ਾਰ ਸਾਲ ਦਾ ਸਭ ਤੋਂ ਵੱਡਾ ਵਿਦਵਾਨ) ਦਾ ਦਿੱਤਾ ਖ਼ਿਤਾਬ ਉਸਦੀ ਮਹਾਨ ਪ੍ਰਤਿਭਾ ਦਾ ਇਕ ਮਾਤਰ ਪ੍ਰਮਾਣ ਹੈ। 

ਅੱਜ ਜਦੋਂ ਮਾਰਕਸਵਾਦੀ ਸੱਚ ਸੰਸਾਰ ਪੱਧਰ ਤੇ ਹੋਰ ਵੱਧ ਪੁਖਤਾ ਹੋ ਰਿਹਾ ਹੈ ਤਾਂ ਮਾਰਕਸ ਦੀ ਰੂਹ ਮਨੁੱਖੀ ਇਤਿਹਾਸ ਦੇ ਇਸ ਦੌਰ ਅੰਦਰ ਮਿਹਨਤਕਸ਼ਾਂ ਨੂੰ ਨਵੇਂ ਸਮਾਜ ਦੀ ਉਸਾਰੀ ਲਈ ਅਸਲੀ ਇਨਸਾਨ ਬਣਕੇ ਜਿਊਣ ਲਈ, ਸੰਘਰਸ਼ਾਂ ਲਈ, ਚਿੰਤਨ ਲਈ ਪ੍ਰੇਰ ਰਹੀ ਹੈ। 

ਮਾਰਕਸ ਦਾ ਜਨਮ 5 ਮਈ 1818 ਨੂੰ ਟਰੀਅਰ (ਰ੍ਹਾਈਨ ਕੰਢੇ ਦੇ ਪਰੁਸ਼ੀਆ) ਵਿਖੇ ਹੋਇਆ।ਉਸਦੇ ਪਿਤਾ ਪ੍ਰੋਟੈਸਟੈਂਟ ਈਸਾਈ ਮੱਤ ਦੇ ਧਾਰਨੀ ਇਕ ਵਕੀਲ ਸਨ।ਟਰੀਅਰ ਦੇ ਜਿਮਨੇਜ਼ੀਅਮ ਸਕੂਲ ਤੋਂ ਬੋਨ ਤੇ ਬਰਲਿਨ ਯੂਨੀਵਰਸਿਟੀ ਤੱਕ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਮਾਰਕਸ ਦੇ ਮੁੱਖ ਤੇ ਮਨਪਸੰਦ ਵਿਸ਼ੇ ਇਤਿਹਾਸ ਤੇ ਦਰਸ਼ਨ ਸਨ।ਮਾਨਸਿਕ ਤੌਰ ਤੇ ਮਾਰਕਸ ਸ਼ੁਰੂ ਤੋਂ ਹੀ ਆਮ ਪੱਧਰ ਤੋਂ ਉੱਚੀ ਯੋਗਤਾ ਦਾ ਮਾਲਕ ਸੀ।1841 ਵਿਚ ਉਸਨੇ ਡੀ. ਐਸ. ਸੀ. ਦੀ ਡਿਗਰੀ ਲਈ ਐਪੀਕਿਊਰੀਅਸ ਦੇ ਦਰਸ਼ਨ ਸਬੰਧੀ ਖੋਜ ਪ੍ਰਬੰਧ ਪੇਸ਼ ਕੀਤਾ।ਉਸ ਵੇਲੇ ਮਾਰਕਸ ਦੇ ਵਿਚਾਰ ਹੀਗਲਵਾਦੀ ਆਦਰਸ਼ਵਾਦੀ ਸਨ।ਪੜ੍ਹਾਈ ਖਤਮ ਕਰਨ ਪਿੱਛੋਂ ਮਾਰਕਸ ਪ੍ਰੋਫੈਸਰ ਬਣਨ ਦੀ ਆਸ ਨਾਲ ਬੋਨ ਚਲਾ ਗਿਆ, ਜਿੱਥੋਂ ਦੇ ਸਿਆਸੀ ਮਹੌਲ 'ਚ ਲੁਡਵਿਗ ਫਿਊਰਬਾਖ਼ ਦੇ ਵਿਚਾਰਾਂ ਦਾ ਕਾਫੀ ਪ੍ਰਭਾਵ ਸੀ।ਉਸਦੇ ਵਿਚਾਰਾਂ ਦੇ ਪ੍ਰਭਾਵ ਸਦਕਾ ਸਾਰੇ ਖੱਬੇਪੱਖੀ ਹੀਗਲਵਾਦੀ (ਸਮੇਤ ਮਾਰਕਸ) ਫਿਊਰਬਾਖ਼ਵਾਦੀ ਬਣ ਗਏ।ਇਸੇ ਧੜੇ ਵੱਲੋਂ 'ਰਾਈਨੁਸ਼ ਜਾਈਟੁੰਗ' ਨਾਂ ਦਾ ਪੱਤਰ ਸਥਾਪਤ ਕੀਤਾ ਗਿਆ ਜਿਸ ਵਿਚ ਮਾਰਕਸ ਤੇ ਬਰੂਨੋ ਬਾਵੇਰ ਮੁੱਖ ਲੇਖਕਾਂ ਵੱਜੋਂ ਲਿਖਦੇ ਰਹੇ।ਅਕਤੂਬਰ 1842 ਵਿਚ ਮਾਰਕਸ ਇਸ ਪੱਤਰ ਦਾ ਮੁੱਖ ਸੰਪਾਦਕ ਬਣ ਗਿਆ।ਪਰਚੇ ਦੇ ਇਨਕਲਾਬੀ ਜਮਹੂਰੀ ਵਿਚਾਰਾਂ ਕਾਰਨ ਹਕੂਮਤ ਦੀ ਇਸ ਉੱਪਰ ਤੀਹਰੀ ਸੈਂਸਰਸ਼ਿੱਪ ਲਾਗੂ ਹੋਣ ਤੇ ਅਖੀਰ ਜਨਵਰੀ 1843 'ਚ ਇਸਨੂੰ ਬੰਦ ਕਰਨਾ ਪਿਆ। 

ਉਸਦੇ ਵਿਦਿਆਰਥੀ ਜੀਵਨ ਦੌਰਾਨ ਬਰਲਿਨ ਯੂਨੀਵਰਸਿਟੀ 'ਚ ਵਿਦਿਆਰਥੀਆਂ ਤੇ ਚਿੰਤਕਾਂ ਦਾ ਇਕ ਕਲੱਬ ਬਣਿਆ ਹੋਇਆ ਸੀ ਜਿਸ ਵਿਚ ਵੱਖ-ਵੱਖ ਮਸਲਿਆਂ ਤੇ ਗਰਮਾ-ਗਰਮ ਬਹਿਸਾਂ ਚੱਲਦੀਆਂ ਰਹਿੰਦੀਆਂ ਸਨ।ਮਾਰਕਸ ਇਸ ਕਲੱਬ ਦਾ ਅਟੁੱਟ ਅੰਗ ਸੀ।ਇੱਥੇ ਵਿਭਿੰਨ ਸਿਧਾਂਤਾਂ ਤੇ ਦੂਜੇ ਰਾਜਸੀ ਪਹਿਲੂਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਜਾਂਦੀ।ਇਥੇ ਰਹਿੰਦਿਆਂ ਮਾਰਕਸ ਨੇ ਡਾਕਟਰ ਦੀ ਡਿਗਰੀ ਲਈ ਆਪਣਾ ਖੋਜ ਪੱਤਰ ਜੈਨਾ ਯੂਨੀਵਰਸਿਟੀ 'ਚ ਪੇਸ਼ ਕੀਤਾ।15 ਅਪ੍ਰੈਲ 1841 ਨੂੰ ਉਸਦੀ ਗੈਰਹਾਜ਼ਰੀ 'ਚ ਉਸਨੂੰ 'ਫਲਸਫੇ ਦੇ ਡਾਕਟਰ' ਦੀ ਸਨਦ ਨਾਲ ਨਿਵਾਜਿਆ ਗਿਆ। 

ਵਿਦਿਆਰਥੀ ਜੀਵਨ ਸਮੇਂ ਤੋਂ ਮਾਰਕਸ ਤੇ ਜੈਨੀ ਇਕ ਦੂਜੇ ਦੇ ਸੰਪਰਕ 'ਚ ਆਏ।1836 ਵਿਚ ਇਸ ਪ੍ਰੇਮੀ ਜੋੜੇ ਨੇ ਚੋਰੀ ਛਿਪੇ ਮੰਗਣੀ ਦਾ ਕਾਜ ਰਚਾ ਲਿਆ ਤੇ ਬਾਅਦ ਵਿਚ ਉਹ ਚਿੱਠੀ ਪੱਤਰ ਰਾਹੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਰਹੇ।ਮਾਰਕਸ ਬਹੁਤ ਜਿਆਦਾ ਰੁਝਿਆ ਹੋਣ ਕਰਕੇ ਜੈਨੀ ਨੂੰ ਜਲਦੀ ਚਿੱਠੀ ਨਾ ਲਿਖ ਪਾਉਂਦਾ, ਜਦਕਿ ਜੈਨੀ ਨੂੰ ਬੜੀ ਬੇਚੈਨੀ ਨਾਲ ਉਸਦੀਆਂ ਚਿੱਠੀਆਂ ਦੀ ਉਡੀਕ ਰਹਿੰਦੀ।ਜੈਨੀ ਬੇਹੱਦ ਸੁੰਦਰ ਸੀ।ਹਰ ਕੋਈ ਉਸ ਨੂੰ 'ਟਰੀਆ ਦੀ ਸੁੰਦਰੀ' 'ਨ੍ਰਿਤ ਦੀ ਮਲਕਾ' ਆਖਦਾ।1843 ਵਿਚ ਮਾਰਕਸ ਨੇ ਜੈਨੀ ਫਾਨ ਵੈਸਟਫਾਲਨ ਨਾਲ ਕ੍ਰਿਉਜਨਾਖ ਵਿਖੇ ਵਿਆਹ ਕਰਵਾ ਲਿਆ।ਜੈਨੀ ਪਰੁਸ਼ੀਆਈ ਰਾਠਸ਼ਾਹੀ ਪਰਿਵਾਰ ਨਾਲ ਸਬੰਧਿਤ ਹੁੰਦੀ ਹੋਈ ਵੀ ਵਿਆਹ ਤੋਂ ਬਾਅਦ ਮਾਰਕਸ ਨਾਲ ਚੰਗੇ ਸਮਾਜ ਦੀ ਉਸਾਰੀ ਲਈ ਜ਼ਿੰਦਗੀ ਭਰ ਮੁਸ਼ਕਲਾਂ ਦੇ ਫਾਕੇ ਕੱਟਦੀ ਰਹੀ।ਪਰਿਵਾਰ ਨੂੰ ਪਾਲਣ ਲਈ ਰੁਜ਼ਗਾਰ ਦੀ ਭਾਲ ਵਿਚ ਮਾਰਕਸ ਨੇ ਕੁਝ ਸਮਾਂ ਪੱਤਰਕਾਰੀ ਵੀ ਕੀਤੀ।ਜਿਸ ਤਜਰਬੇ ਨੇ ਉਸਨੂੰ ਸਿਆਸੀ ਜਰਨਲਿਸਟ ਬਣਾ ਦਿੱਤਾ ਜਿਸਦੇ ਖਿਆਲਾਤ ਅੱਗ ਭੜਕਾਊ ਸਮਝੇ ਜਾਂਦੇ ਸਨ।ਉਸਨੇ ਡੂੰਘਾਈ ਨਾਲ ਇਨਕਲਾਬੀ ਸਾਹਿਤ ਦਾ ਮੁਤਾਲਿਆ ਕਰਨਾ ਸ਼ੁਰੂ ਕੀਤਾ।ਮਾਰਕਸ ਨੇ ਫਰਾਂਸਿਸੀ ਭਾਸ਼ਾ ਸਿੱਖ ਕੇ ਪ੍ਰਸਿੱਧ ਸੋਸਲਿਸ਼ਟ ਲੇਖਕ ਫੁਰੀਏ, ਪੂਡੋ ਡੇਜ਼ਾਮੀ, ਕੋਬੇ ਅਤੇ ਲੌਰੂ ਦੀਆਂ ਕਿਰਤਾਂ ਦਾ ਅਧਿਐਨ ਕੀਤਾ।ਸਚਾਈ ਦੀ ਭਾਲ ਵਿੱਚ ਮਾਰਕਸ ਕਈ-ਕਈ ਰਾਤਾਂ ਜਾਗ ਕੇ ਕੱਟਦਾ।ਜਿੱਥੇ ਉਹ ਕਈ-ਕਈ ਰਾਤਾਂ ਗਿਆਨ ਸਮੁੰਦਰ 'ਚ ਡੁਬਕੀਆਂ ਲਾਉਂਦਾ ਰਹਿੰਦਾ ਉੱਥੇ ਦੂਜੇ ਪਾਸੇ ਉਹ ਅਗਿਆਨਤਾ ਦੇ ਹਨੇਰੇ ਨੂੰ ਕਾਇਮ ਰੱਖਣ 'ਚ ਲਗੇ ਹੋਏ ਹਕੂਮਤਪੱਖੀ 'ਵਿਦਵਾਨਾਂ' ਨਾਲ ਟੱਕਰਾਂ ਵੀ ਲੈਂਦਾ।ਹਕੂਮਤਪੱਖੀ 'ਵਿਦਵਾਨਾਂ' ਨੂੰ ਮਾਰਕਸ ਦੇ ਯਥਾਰਥਕ ਵਿਚਾਰ ਸੂਲਾਂ ਵਾਂਗ ਚੁਭਦੇ ਸਨ।ਮਾਰਕਸ ਦਾ ਚਿੰਤਨ ਨਿੱਜੀ ਅਨੁਭਵ ਅਤੇ ਇਤਿਹਾਸਕ ਅਧਿਐਨ ਤੇ ਅਧਾਰਿਤ ਸੀ।ਉਸਨੂੰ ਜਰਮਨ, ਨਵ-ਲਾਤੀਨੀ, ਰੂਸੀ, ਸਰਬੀਅਨ, ਫਰਾਂਸਿਸੀ ਤੇ ਸਲਾਵ ਜੁਬਾਨਾਂ ਦਾ ਗਿਆਨ ਸੀ।ਗਲਤ ਵਿਚਾਰਾਂ ਤੇ ਰੁਝਾਨਾਂ ਦੇ ਗਿਆਨਤਾ ਤੇ ਦਲੇਰੀ ਨਾਲ ਪਰਖਚੇ ਉਡਾਉਣ ਵਾਲੇ ਮਾਰਕਸ ਨੂੰ 'ਲਾਲ ਦਹਿਸ਼ਤ ਪਸੰਦ ਡਾਕਟਰ' ਆਖਿਆ ਜਾਂਦਾ।ਮਾਰਕਸ ਜਿੱਥੇ ਦਰਸ਼ਨ ਦੇ ਔਖੇ ਖੇਤਰ ਚੋਂ ਸਿਰਕੱਢ ਸੀ ਉੱਥੇ ਸਾਹਿਤ ਤੇ ਕਲਾ ਬਾਰੇ ਵੀ ਉਸਨੂੰ ਚੋਖੀ ਜਾਣਕਾਰੀ ਸੀ।ਉਸਨੂੰ ਨਾਵਲ ਪੜ੍ਹਨ ਦਾ ਬੜਾ ਸੌਂਕ ਸੀ।ਵਾਲਟਰ ਸਕਾਟ, ਡਿਊਮਾਂ, ਫੀਲ ਡੰਗ, ਸੋਵਾਟਿਸ ਆਦਿ ਦੇ ਕਿਰਤ ਨਾਵਲ ਉਸਨੂੰ ਚੰਗੇ ਲਗਦੇ ਸਨ।ਗਣਿਤ ਦੇ ਵਿਸ਼ੇ ਵਿਚ ਵੀ ਉਸਦੀ ਦਿਲਚਸਪੀ ਸੀ। 

1844 ਵਿਚ ਏਂਗਲਜ, ਮਾਰਕਸ ਨੂੰ ਪਹਿਲੀ ਵਾਰ ਪੈਰਿਸ ਵਿਖੇ ਮਿਲਿਆ ਜਿੱਥੇ ਦੋਵਾਂ ਦੀ ਬੌਧਿਕ ਸਾਂਝੇਦਾਰੀ ਬਣ ਗਈ।ਏਂਗਲਜ ਕੋਲ ਠੋਸ ਆਰਥਕ ਤੱਥਾਂ ਦਾ ਭੰਡਾਰ ਸੀ ਤੇ ਮਾਰਕਸ ਇਤਿਹਾਸਕ ਪੱਖੋਂ ਇਕ ਪ੍ਰਬਲ ਰੁਚੀ ਦਾ ਮਾਲਕ ਸੀ।ਦੋਵਾਂ ਦੀ ਮਿੱਤਰਤਾ ਸਮੇਂ ਮਾਰਕਸ ਦੇ ਕਲਪਿਤ ਇਤਿਹਾਸਕ ਖਾਕੇ ਵਿਚ ਆਰਥਕ ਤੱਥਾਂ ਨੇ ਥਾਂ ਮੱਲਣੀ ਸ਼ੁਰੂ ਕਰ ਦਿੱਤੀ ਅਤੇ ਏਂਗਲਜ ਇਤਿਹਾਸਕ ਪੱਖੋਂ ਆਰਥਿਕ ਤੱਥਾਂ ਨੂੰ ਨਵੀਂ ਰੌਸ਼ਨੀ ਵਿਚ ਵਿਚਾਰਨ ਲੱਗ ਪਿਆ।ਆਪਣੀ ਚਾਲੀ ਸਾਲ ਦੀ ਲੰਮੀ ਦੋਸਤੀ ਦੌਰਾਨ ਉਹ ਦੋਵੇਂ ਕਮਿਊਨਿਸਟ ਲਹਿਰ ਦੀ ਸਿਰਜਣਾ ਵਿਚ ਲੱਗੇ ਰਹੇ।ਇਸ ਨਿਰਸੁਆਰਥ ਦੋਸਤੀ ਦੇ ਕਾਰਨ ਏਂਗਲਜ ਵੱਲੋਂ ਸਮੇਂ ਸਿਰ ਕੀਤੀ ਜਾਂਦੀ ਆਰਥਿਕ ਮੱਦਦ ਨੇ ਮਾਰਕਸ ਨੂੰ ਸਰੀਰਕ ਤੌਰ ਤੇ ਹੀ ਜੀਵਤ ਨਹੀਂ ਰੱਖਿਆ ਬਲਕਿ ਉਸ ਨੂੰ ਯੁੱਗ ਪਲਟਾਊ ਕ੍ਰਿਤਾਂ ਰਚਨ ਦੇ ਕਾਰਜ ਵਿਚ ਆਸ਼ਾਪੂਰਵਕ ਜੋੜੀ ਰੱਖਿਆ।ਅੱਜ ਵੀ ਦੋਵਾਂ ਦੀ ਮਿੱਤਰਤਾ ਦੀ ਪੂਰੇ ਵਿਸ਼ਵ ਵਿਚ ਮਿਸਾਲ ਪੇਸ਼ ਕੀਤੀ ਜਾਂਦੀ ਹੈ। 

ਮਾਰਕਸ ਨੂੰ ਆਪਣੇ ਜੀਵਨ ਵਿਚ ਜਲਾਵਤਨੀਆਂ ਦਾ ਦੌਰ ਵੀ ਹੰਢਾਉਣਾ ਪਿਆ।ਫਰਾਂਸ ਦੀ ਗੀਜੋ ਸਰਕਾਰ ਨੇ ਵੋਰਵਰਟਸ (ਪ੍ਰਗਤੀਸ਼ੀਲ) ਪੱਤਰ ਨਾਲ ਸਬੰਧਤ ਚਾਰ ਛਾਪਕ ਬੁਰਨਸਟਾਇਨ, ਬਰਨੇ, ਰੂਗੇ ਅਤੇ ਮਾਰਕਸ ਨੂੰ ਜਰਮਨ ਬਾਦਸ਼ਾਹ ਦੇ ਵਿਰੁੱਧ ਅੱਗ ਭੜਕਾਊ ਨਿਬੰਧ ਲਿਖਣ ਦੇ ਦੋਸ਼ੀ ਠਹਿਰਾਇਆ ਅਤੇ ਮਾਰਕਸ ਨੂੰ ਇਕ ਖਤਰਨਾਕ ਇਨਕਲਾਬੀ ਵਜੋਂ ਫਰਾਂਸ ਤੋਂ ਬਾਹਰ ਕਰ ਦਿੱਤਾ।ਮਾਰਕਸ ਨੂੰ ਛੱਡ ਕੇ ਬਾਕੀ ਤਿੰਨਾਂ ਨੇ ਸਰਕਾਰ ਨਾਲ ਮਿਲਵਰਤਨ ਵਿਖਾਇਆ ਤੇ ਫਰਾਂਸ 'ਚ ਹੀ ਟਿਕੇ ਰਹੇ।ਮਾਰਕਸ ਬਰਸੱਲਜ ਚਲਾ ਗਿਆ ਅਤੇ ਉੱਥੇ 'ਕਮਿਊਨਿਸਟ ਲੀਗ' ਨਾਂ ਦੀ ਗੁਪਤ ਪ੍ਰਚਾਰ ਸਭਾ 'ਚ ਸ਼ਾਮਲ ਹੋ ਕੇ 'ਕਮਿਊਨਿਸਟ ਮੈਨੀਫੈਸਟੋ' ਲਿਖਣ 'ਚ ਰੁਝ ਗਿਆ। 

1848 ਵਿਚ ਮਾਰਕਸ ਤੇ ਏਂਗਲਜ ਵੱਲੋਂ 'ਕਮਿਊਨਿਸਟ ਮੈਨੀਫੈਸਟੋ' ਦੇ ਰੂਪ ਵਿਚ ਕ੍ਰਾਂਤੀ ਦੀ ਜੁਬਾਨ 'ਚ ਇਕ ਨਵਾਂ ਸੰਸਾਰ ਸੰਕਲਪ ਕਲਮਬੱਧ ਕੀਤਾ ਗਿਆ।ਇਸ ਵਿਚ ਉਸਨੇ ਵਿਕਾਸ ਦੀ ਸਭ ਤੋਂ ਅਗਾਂਹਵਧੂ ਵਿਚਾਰਧਾਰਾ ਵਜੋਂ ਦਵੰਦਵਾਦ, ਸ਼੍ਰੇਣੀ ਘੋਲ ਦਾ ਸਿਧਾਂਤ ਤੇ ਪ੍ਰੋਲੇਤਾਰੀ ਅਤੇ ਨਵੇਂ ਕਮਿਊਨਿਸਟ ਸਮਾਜ ਦਾ ਖਾਕਾ ਪੇਸ ਕੀਤਾ।ਦੁਨੀਆਂ ਭਰ ਦੇ ਮਿਹਨਤਕਸ਼ਾਂ ਲਈ ਮੁਕਤੀ ਦਾ ਇਹ ਇਕ ਮਜ਼ਬੂਤ ਦਸਤਾਵੇਜ ਹੈ।ਇਸਦੇ ਮੁੱਢਲੇ ਸ਼ਬਦ ਸ਼ਕਤੀਸ਼ਾਲੀ ਗਰਜਨਾਂ ਨਾਲ ਸ਼ੁਰੂ ਹੁੰਦੇ ਹਨ "ਯੂਰਪ ਨੂੰ ਇਕ ਪ੍ਰੇਤ ਡਰਾ ਰਿਹਾ ਹੈ-ਉਹ ਹੈ ਕਮਿਊਨਿਯਮ ਦਾ ਪ੍ਰੇਤ।ਇਸ ਪ੍ਰੇਤ ਨੂੰ ਭਜਾਉਣ ਲਈ ਪੋਪ ਅਤੇ ਜ਼ਾਰ, ਮੈਟਰਨਿਖ ਅਤੇ ਗੀਜ਼ੋ, ਫਰਾਂਸਿਸੀ ਅੱਤਵਾਦੀ ਅਤੇ ਜਰਮਨ ਖੁਫੀਆ ਪੁਲਿਸ ਅਤੇ ਬੁੱੱਢੇ ਯੂਰਪ ਦੀਆਂ ਸਾਰੀਆਂ ਤਾਕਤਾਂ ਨੇ "ਪਵਿੱਤਰ' ਗੱਠਜੋੜ ਬਣਾ ਲਿਆ ਹੈ।" ਅਖੀਰ ਵਿਚ ਮੈਨੀਫੈਸਟੋ ਇਨ੍ਹਾਂ ਸ਼ਬਦਾਂ ਵਿਚ ਮਜ਼ਦੂਰ ਇਨਕਲਾਬ ਦਾ ਖੁਲ੍ਹਾ ਤਾਕਤਵਾਰ, ਪ੍ਰਤਿਭਾਸ਼ਾਲੀ ਅਤੇ ਮਾਣ ਭਰਪੂਰ ਸੱਦਾ ਦਿੰਦਾ ਹੈ:-"ਕਮਿਊਨਿਸਟ ਇਨਕਲਾਬ ਦੇ ਡਰ ਨਾਲ ਹਾਕਮ ਜਮਾਤਾਂ ਨੂੰ ਕੰਬਣ ਦਿਉ।ਮਜ਼ਦੂਰ ਕੋਲ ਗਵਾਉਣ ਲਈ ਆਪਣੀਆਂ ਜੰਜੀਰਾਂ ਤੋਂ ਬਿਨਾਂ ਕੁਝ ਨਹੀਂ ਹੈ।ਜਿੱਤਣ ਲਈ ਉਹਨਾਂ ਸਾਹਮਣੇ ਸਾਰਾ ਸੰਸਾਰ ਹੈ।ਸੰਸਾਰ ਭਰ ਦੇ ਮਜ਼ਦੂਰੋ ਇਕ ਹੋ ਜਾਉ!" ਦੁਨੀਆਂ 'ਚ ਉਥਲ-ਪੁਥਲ ਲਿਆਉਣ ਵਾਸਤੇ ਅੱਜ ਤੱਕ 'ਕਮਿਊਨਿਸਟ ਮੈਨੀਫੈਸਟੋ' ਤੋਂ ਪ੍ਰਭਾਵਸ਼ਾਲੀ ਹੋਰ ਕੋਈ ਦਸਤਾਵੇਜ਼ ਨਹੀਂ ਲਿਖਿਆ ਗਿਆ।ਮੈਨੀਫੈਸਟੋ ਦੇ ਛਪਦਿਆਂ ਹੀ ਮਾਰਕਸ ਨੂੰ 24 ਘੰਟੇ ਦੇ ਅੰਦਰ ਬਰਸੱਲਜ ਛੱਡ ਜਾਣ ਵਾਸਤੇ ਹਕੂਮਤੀ ਹੁਕਮ ਜਾਰੀ ਕੀਤਾ ਗਿਆ।ਇਥੋਂ ਮਾਰਕਸ ਪੈਰਿਸ ਤੇ ਫਿਰ ਪੈਰਿਸ ਤੋਂ ਹੁੰਦਾ ਹੋਇਆ ਕਲੋਨ ਚਲਾ ਗਿਆ ਅਤੇ ਉਥੋਂ ਦੇ ਇਨਕਲਾਬੀਆਂ ਨਾਲ ਆਪਣਾ ਸੰਪਰਕ ਕਾਇਮ ਕਰਕੇ ਅਗਲੇ ਇਤਿਹਾਸਕ ਮਿਸ਼ਨ 'ਚ ਰੁਝ ਗਿਆ।  

ਆਰਥਿਕ ਤੌਰ ਤੇ ਮਾਰਕਸ ਤੇ ਉਸਦੇ ਪਰਿਵਾਰ ਲਈ ਇਹ ਸਮਾਂ ਘੋਰ ਗਰੀਬੀ ਤੇ ਕੰਗਾਲੀ ਵਾਲਾ ਰਿਹਾ।ਇਕ ਵਾਰ ਫਿਰ ਉਸਨੇ 1850 ਵਿਚ ਪੇਪਰ 'ਨੋਏ ਰਾਈਨੁਸ਼ ਜਾਈਟੁੰਗ' ਕੱਢਣਾ ਸ਼ੁਰੂ ਕੀਤਾ।ਉਸਦਾ ਨਿਵਾਸ ਸਥਾਨ ਲੰਡਨ ਦੀ ਸਭ ਤੋਂ ਗੰਦੀ ਤੇ ਸਸਤੀ ਬਸਤੀ ਸੀ।ਉਸਨੂੰ ਘਰ ਦਾ ਕੀਮਤੀ ਸਮਾਨ ਤੇ ਆਪਣੀ ਲਾਈਬ੍ਰੇਰੀ ਤੱਕ ਵੇਚਣੀ ਪਈ।ਮਾਲਕ ਵੱਲੋਂ ਘਰ ਦਾ ਸਾਰਾ ਸਮਾਨ ਤੇ ਵਿਲਕਦੇ ਬੱਚਿਆਂ ਦੇ ਖਿਡੌਣੇ ਤੱਕ ਜਬਤ ਕਰ ਲਏ ਗਏ।ਇਕ ਥਾਂ ਮਾਰਕਸ ਦੀ ਪਤਨੀ ਜੈਨੀ ਲਿਖਦੀ ਹੈ ਕਿ ਖਾਣਾ ਨਾ ਮਿਲਣ ਕਾਰਨ ਉਸਦੀਆਂ ਛਾਤੀਆਂ ਚੋਂ ਦੁੱਧ ਮੁਕ ਗਿਆ।ਬੱਚੇ ਦੁਆਰਾ ਰੰਜ ਕਰਨ ਤੇ ਸੁੱਕੀਆਂ ਛਾਤੀਆਂ ਵਿਚੋਂ ਅਕਸਰ ਖੂਨ ਦੀਆਂ ਬੂੰਦਾਂ ਦੁੱਧ ਚੁੰਘਣ ਵੇਲੇ ਉਸਦੇ ਮੂੰਹ ਵਿਚ ਚਲੀਆਂ ਜਾਂਦੀਆਂ।ਇਸ ਭਿਆਨਕ ਗਰੀਬੀ ਤੇ ਬਿਮਾਰੀ ਨੇ ਮਾਰਕਸ ਦੇ ਤਿੰਨ ਬੱਚਿਆਂ ਦੀ ਜਾਨ ਲੈ ਲਈ।ਇਸ ਘੋਰ ਗੁਰਬਤ ਵਾਲੀ ਹਾਲਤ ਵਿਚ ਮਾਰਕਸ ਦੀ ਪਤਨੀ ਜੈਨੀ ਤੇ ਅਜ਼ੀਜ ਮਿੱਤਰ ਏਂਗਲਜ ਦਾ ਹਰ ਪੱਖੋਂ ਸਹਿਯੋਗ ਮਿਸਾਲੀ ਤੇ ਨਾ-ਭੁਲਾਉਣਯੋਗ ਹੈ।ਮਾਰਕਸ, ਏਂਗਲਜ ਨੂੰ ਇਕ ਚਿੱਠੀ ਰਾਹੀਂ ਆਪਣੀ ਮਾੜੀ ਮਾਇਕ ਹਾਲਤ ਬਾਰੇ ਲਿਖਦਾ ਹੈ ਕਿ "ਮੇਰਾ ਖਿਆਲ ਨਹੀਂ, ਕਿਸੇ ਨੇ 'ਮੁਦਰਾ' ਬਾਰੇ ਲਿਖਿਆ ਹੋਵੇ ਤੇ ਖੁਦ ਜੇਬ ਤੋਂ ਖਾਲੀ ਹੋਵੇ।ਜਿੰਨ੍ਹਾਂ ਚਿੰਤਕਾਂ ਨੇ ਇਸ ਆਰਥਿਕ ਵਿਸ਼ੇ ਬਾਰੇ ਖੋਜ ਕੀਤੀ ਹੈ, ਉਹਨਾਂ ਦਾ 'ਮੁਦਰਾ' ਨਾਲ ਅਟੁੱਟ ਤੇ ਗਹਿਰਾ ਸਬੰਧ ਰਿਹਾ ਹੈ।" ਮਾਰਕਸ ਇਸ ਅਤਿ ਮਾੜੇ ਦੌਰ ਅੰਦਰ ਵੀ ਆਪਣੇ ਉਦੇਸ਼ ਨੂੰ ਨਹੀਂ ਭੁਲਿਆ।ਉਸਨੇ 1859 ਵਿਚ ਇਕ ਮਿੱਤਰ ਨੂੰ ਮਿਲਦਿਆਂ ਕਿਹਾ ਕਿ "ਉਹ ਬੁਰਜੂਆ ਸਮਾਜ ਦੇ ਦਬਾਊ ਹੇਠ ਕਦੇ ਵੀ "ਪੈਸਾ ਕਮਾਊ ਮਸ਼ੀਨ" ਬਣਨਾ ਗਵਾਰਾ ਨਹੀਂ ਕਰੇਗਾ।" ਗਲਤ ਵਿਚਾਰਾਂ ਤੇ ਰੁਝਾਨਾਂ ਦਾ ਖੰਡਨ ਨਾ ਕਰਨਾ ਮਾਨਸਿਕ ਅਚਾਰਹੀਣਤਾ ਹੁੰਦੀ ਹੈ ਜਿਸਦਾ ਹਰਜਾ ਪ੍ਰੋਲੇਤਾਰੀ ਲਹਿਰ ਨੂੰ ਝੱਲਣਾ ਪੈਂਦਾ ਹੈ।1864 ਵਿਚ 'ਕਿਰਤੀ ਲੋਕਾਂ ਦੀ ਕੌਮਾਂਤਰੀ ਸਭਾ' ਤੇ 'ਪਹਿਲੀ ਪ੍ਰਸਿੱਧ ਇੰਟਰਨੈਸ਼ਨਲ' ਦੀ ਜਿੰਦ ਜਾਨ ਮਾਰਕਸ ਔਖੀਆਂ ਹਾਲਤਾਂ ਵਿਚ ਵੀ ਸਦਾ ਨਿਕ ਬੁਰਜੂਆ ਸ਼ੋਸ਼ਲਿਜ਼ਮ ਤੇ ਗੈਰ ਪ੍ਰੋਲੇਤਾਰੀ ਸ਼ੋਸ਼ਲਿਜ਼ਮ ਦੇ ਪ੍ਰਚਲਤ ਗਲਤ ਸਿਧਾਂਤਾਂ ਤੇ ਰੁਝਾਨਾਂ ਵਿਰੁੱਧ ਬੇਕਿਰਕ ਸੰਘਰਸ਼ ਕਰਦਾ ਰਿਹਾ। ਦਾਸ ਕੈਪੀਟਲ ਮਾਰਕਸ ਦੀ ਸਭ ਤੋਂ ਉੱਤਮ ਰਚਨਾ ਹੈ।ਦਾਸ ਕੈਪੀਟਲ ਦੀ ਰਚਨਾ ਉਹਨਾਂ ਦਿਨਾਂ ਵਿਚ ਹੋਈ, ਜਦੋਂ ਮਾਰਕਸ ਗਰੀਬੀ, ਤੰਗਦਸਤੀ, ਸਰੀਰਕ ਬਿਮਾਰੀਆਂ, ਘਰੇਲੂ ਪਰੇਸ਼ਾਨੀਆਂ ਤੇ ਔਲਾਦ ਦੀ ਜੁਦਾਈ ਦੇ ਅੱਲੇ ਜਖ਼ਮਾਂ ਦਾ ਦਿਨ ਰਾਤ ਸਾਹਮਣਾ ਕਰ ਰਿਹਾ ਸੀ।ਵਿਤੋਂ ਵੱਧ ਮਿਹਨਤ, ਖਰਾਬ ਤੇ ਘੱਟ ਖੁਰਾਕ ਕਾਰਨ ਉਹ ਪਹਿਲਾਂ 1863 ਵਿਚ ਤੇ ਫਿਰ 1866 ਵਿਚ ਬਿਮਾਰ ਪੈ ਗਿਆ।'ਸਰਮਾਇਆ' ਜਿਹੜੀ 1851 ਵਿਚ ਮੁਕੰਮਲ ਹੋ ਜਾਣੀ ਚਾਹੀਦੀ ਸੀ ਉਸਦੀ ਪਹਿਲੀ ਜਿਲਦ ਜਰਮਨ ਭਾਸ਼ਾ 'ਚ 1867 ਵਿਚ ਪੂਰੀ ਹੋਈ।ਇਸ ਕਿਤਾਬ ਨੂੰ ਮਜ਼ਦੂਰ 'ਜਮਾਤ ਦੀ ਬਾਈਬਲ' ਕਿਹਾ ਜਾਂਦਾ ਹੈ।ਸਰਮਾਇਆ ਰਾਜਨੀਤਿਕ ਆਰਥਿਕਤਾ ਵਿਚ ਇਕ ਇਨਕਲਾਬ ਹੈ।ਇਸ ਪੁਸਤਕ ਦੀ ਤਿਆਰੀ ਲਈ ਵੀਹ ਸਾਲ ਤੋਂ ਵੱਧ ਦਾ ਸਮਾਂ ਲੱਗਿਆ।ਇਸਦੀ ਰਚਨਾ ਤੋਂ ਪਹਿਲਾਂ ਮਾਰਕਸ ਨੇ ਕਈ ਉੱਘੇ ਲੇਖਕਾਂ ਦੀਆਂ ਕਿਰਤਾਂ ਦਾ ਡੂੰਘਾ ਅਧਿਐਨ ਕੀਤਾ ਜਿਨ੍ਹਾਂ 'ਚ ਐਡਮ ਸਮਿੱਥ, ਰਿਕਾਰਡੋ, ਮਿੱਲ, ਟਾਮਸਨ, ਹੀਗਲ, ਫਿਊਰਬਾਖ਼, ਸੀਨੀਅਰ, ਓਵਨ, ਕੁਐਜਨੇ, ਆਦਿ ਵਿਦਵਾਨ ਸ਼ਾਮਲ ਸਨ।ਮਾਰਕਸ ਨੇ ਪੈਰਿਸ, ਬਰੱਸਲਜ, ਲੰਡਨ, ਕਲੋਨ ਤੇ ਮਾਨਚੈਸਟਰ 'ਚ ਜਲਾਵਤਨੀਆਂ ਦੌਰਾਨ ਵੀ ਅਧਿਐਨ ਦਾ ਪੱਲਾ ਘੁੱਟਕੇ ਫੜੀ ਰੱਖਿਆ। 

ਮਾਰਕਸ ਦੀ ਕਿਤਾਬ 'ਸਰਮਾਇਆ' ਨੂੰ ਸਰਮਾਏਦਾਰ ਜਮਾਤ ਦੇ ਸਿਰ ਵਿਚ ਠੋਕਿਆ ਗਿਆ ਸਭ ਤੋਂ ਖਤਰਨਾਕ ਅਸ਼ਤਰ ਆਖਿਆ ਗਿਆ।ਇਸੇ ਲਈ ਨਵੇਂ-ਨਰੋਏ ਸਮਾਜ ਦੇ ਮੁਦੱਈ ਇਸਦੇ ਅਧਿਐਨ ਤੋਂ ਬਿਨਾਂ ਸ਼ੋਸ਼ਲਿਜਮ ਲਈ ਸੁਚੇਤ ਤੇ ਈਮਾਨਦਾਰ ਘੁਲਾਟੀਏ ਨਹੀਂ ਅਖਵਾ ਸਕਦੇ।ਇਹ ਇਕ ਵਿਗਿਆਨਕ ਪੁਸਤਕ ਦੇ ਨਾਲ-ਨਾਲ ਇਨਕਲਾਬੀ ਜਨਤਕ ਮਜ਼ਦੂਰ ਲਹਿਰ ਦਾ ਸਿਧਾਂਤਕ ਹਥਿਆਰ ਤੇ ਕਲਾਤਮਕ ਕਿਰਤ ਵੀ ਹੈ।ਏਂਗਲਜ ਅਨੁਸਾਰ "ਜਦ ਤੋਂ ਧਰਤੀ ਉਪਰ ਸਰਮਾਏਦਾਰ ਤੇ ਮਜ਼ਦੂਰ ਚੱਲੇ ਆਏ ਹਨ, ਕੋਈ ਵੀ ਹੋਰ ਪੁਸਤਕ ਨਹੀਂ ਛਪੀ ਜੋ ਮਜ਼ਦੂਰਾਂ ਲਈ ਇਸ ਪੁਸਤਕ ਤੋਂ ਵਧੇਰੇ ਮਹੱਤਵ ਰੱਖਦੀ ਹੋਵੇ" ਮਾਰਕਸ ਨੇ ਸਿੱਧ ਕੀਤਾ ਕਿ ਮਨੁੱਖੀ ਇਤਿਹਾਸ ਸ਼੍ਰੇਣੀ ਘੋਲ ਦਾ ਇਤਿਹਾਸ ਹੈ।ਇਕ ਜਮਾਤ ਦੀ ਜਿੱਤ ਦੂਜੀ ਜਮਾਤ ਦੀ ਹਾਰ ਤੇ ਟਿਕੀ ਹੋਈ ਹੈ।ਪ੍ਰੋਲੇਤਾਰੀ ਤੇ ਪੂੰਜੀਵਾਦੀ ਜਮਾਤ ਵਿਚਕਾਰ ਯੁੱਧ ਤੇ ਪ੍ਰੋਲੇਤਾਰੀ ਦੀ ਜਿੱਤ ਨਿਸ਼ਚਿਤ ਹੈ।ਭਵਿੱਖ ਦੀ ਇਤਿਹਾਸਕ ਜਮਾਤ ਪ੍ਰੋਲੇਤਾਰੀ ਹੈ।ਸਹੀ ਲੀਹ, ਪਾਰਟੀ, ਹੌਂਸਲੇ ਤੇ ਕੁਰਬਾਨੀ ਨਾਲ ਸਫਲਤਾ ਦੇ ਦਿਨ ਨੇੜੇ ਆ ਸਕਦੇ ਹਨ। 

ਉਮਰ ਦੇ ਆਖਰੀ ਪੜਾਅ ਤੇ ਮਾਰਕਸ ਨੂੰ ਆਪਣੀ ਪਿਆਰੀ ਪਤਨੀ ਤੇ ਬੱਚਿਆਂ ਦੀ ਮੌਤ ਦਾ ਬੜਾ ਸਦਮਾ ਸੀ।14 ਮਾਰਚ 1883 ਨੂੰ ਉਹ ਮਹਾਨ ਮਨੁੱਖ ਆਪਣੀ ਅਰਾਮ ਕੁਰਸੀ ਤੇ ਸਦਾ ਦੀ ਨੀਂਦ ਸੌਂ ਗਿਆ।ਉਸਨੂੰ ਆਪਣੀ ਪਤਨੀ ਦੀ ਕਬਰ ਦੇ ਨੇੜੇ ਲੰਦਨ ਦੇ ਹਾਈਗੇਟ ਕਬਰਿਸਤਾਨ ਵਿਚ ਦਫਨਾ ਦਿੱਤਾ ਗਿਆ।ਉਸਦੇ ਪਿਆਰੇ ਮਿੱਤਰ ਏਂਗਲਜ ਨੇ ਮਾਰਕਸ ਦੀ ਕਬਰ ਕੰਢੇ ਤਕਰੀਰ ਕੀਤੀ "14 ਮਾਰਚ ਦੀ ਸ਼ਾਮ ਨੂੰ ਪੌਣੇ ਤਿੰਨ ਵਜੇ ਉਸ ਮਹਾਨ ਚਿੰਤਕ ਦੀ ਸੋਚਣ ਸ਼ਕਤੀ ਬੰਦ ਹੋ ਗਈ।ਉਸਨੂੰ ਅਸੀਂ ਦੋ ਮਿੰਟ ਤੋਂ ਵੀ ਘੱਟ ਸਮੇਂ ਲਈ ਛੱਡਕੇ ਗਏ ਸਾਂ ਤਾਂ ਜਦੋਂ ਵਾਪਸ ਆਏ, ਉਹ ਆਪਣੀ ਕੁਰਸੀ ਤੇ ਸ਼ਾਂਤੀ ਦੀ ਨੀਂਦ ਸੁੱਤਾ ਹੋਇਆ ਸੀ, ਹਮੇਸ਼ਾਂ ਲਈ।ਯੂਰਪ ਅਤੇ ਅਮਰੀਕਾ ਦੀ ਕਿਰਤੀ ਜਮਾਤ ਨੂੰ ਅਤੇ ਇਤਿਹਾਸਕ ਵਿਗਿਆਨ ਨੂੰ ਜਿੰਨ੍ਹਾਂ ਉਸਦੇ ਜਾਣ ਨਾਲ ਨੁਕਸਾਨ ਹੋਇਆ ਹੈ ਉਸਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ।… ਮੈਂ ਇਸ ਗੱਲ ਨੂੰ ਜੋਰਦਾਰ ਲਹਿਜੇ ਵਿਚ ਕਹਿਣਾ ਚਾਹੁੰਦਾਂ ਹਾਂ ਕਿ ਉਸਦੇ ਵਿਰੋਧੀ ਕਈ ਸਨ ਪਰ ਉਸਦਾ ਜਾਤੀ ਦੁਸ਼ਮਣ ਸ਼ਾਇਦ ਹੀ ਕੋਈ ਸੀ।ਉਸਦਾ ਨਾਂ ਸਦੀਆਂ ਤਾਈਂ ਜਿੰਦਾ ਰਹੇਗਾ, ਨਾਲੇ ਉਸਦਾ ਕੀਤਾ ਹੋਇਆ ਕੰਮ।" 

ਇਸ ਤਰ੍ਹਾਂ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਅੱਜ ਦੁਨੀਆਂ ਭਰ ਵਿਚ ਉਸ ਯੁੱਗ ਪੁਰਸ਼ ਦੀ ਸ਼ਖਸ਼ੀਅਤ ਤੇ ਉਸਦੀ ਵਿਚਾਰਧਾਰਾ ਨੂੰ ਜਾਣਿਆ ਜਾਂਦਾ ਹੈ। 

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 
 Mob: 98764-42052

Tuesday, April 30, 2013

ਸਾਡੇ ਸਮਿਆਂ 'ਚ 'ਮਈ ਦਿਹਾੜੇ' ਦੇ ਅਰਥ

ਮਰੀਕਾ ਦੇ ਸ਼ਹਿਰ ਸ਼ਿਕਾਗੋ ਅੰਦਰ 1886 ਵਿਚ ਵਾਪਰੇ ਉਸ ਖੂਨੀ ਸਾਕੇ ਨਾਲ ਜੁੜੇ ਹੋਏ ਸ਼ਾਨਾਮੱਤੇ ਇਤਿਹਾਸ ਦਾ ਨਾਮ ਹੈ ਮਈ ਦਿਵਸ। ਜਦੋਂ ਮਜਦੂਰਾਂ ਕੰਮ ਦੀ ਦਿਹਾੜੀ ਦੇ ਘੰਟੇ ਨਿਰਧਾਰਤ ਕਰਨ ਤੇ ਹੋਰ ਨਿੱਕੀਆਂ ਨਿੱਕੀਆਂ ਮੰਗਾਂ ਲਈ ਪੁਰਅਮਨ ਮੁਜ਼ਾਹਰਾ ਕਰ ਰਹੇ ਸਨ ਤਾਂ ਮੁਜ਼ਾਹਰਾ ਕਾਰੀਆਂ ਉੱਪਰ ਮਿੱਲ ਮਾਲਕਾਂ ਦੀ ਰਖੇਲ ਪੁਲਸ ਦੀਆਂ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ ਸੀ। ਜਿਸ ਵਿਚ ਅਨੇਕਾਂ ਮਜ਼ਦੂਰਾਂ ਸ਼ਹੀਦ ਹੋ ਗਏ। ਗੱਲ ਇੱਥੇ ਹੀ ਖਤਮ ਨਹੀਂ ਹੋਈ ਮਜ਼ਦੂਰ ਆਗੂਆਂ ਉਪਰ ਝੂਠੇ ਕੇਸ ਬਣਾਕੇ ਇਸ ਅੰਦੋਲਨ ਦੇ ਚਾਰ ਆਗੂ ਫਾਂਸੀ ਚਾੜ੍ਹ ਦਿੱਤੇ ਗਏੇ। ਇਹ ਉਹ ਇਤਿਹਾਸਕ ਦਿਨ ਸੀ ਜਦੋਂ ਸ਼ਿਕਾਗੋ ਦੀ ਧਰਤੀ ਉਤੇ ਡੁੱਲ੍ਹੇ ਖ਼ੂਨ ਸਦਕਾ ਮਜ਼ਦੂਰ ਜਮਾਤ ਦੀ ਅਗਵਾਈ ਕਰ ਰਿਹਾ ਚਿੱਟਾ ਝੰਡਾ ਸਦਾ ਸਦਾ ਲਈ ਸੂਹਾ ਹੋ ਗਿਆ।

ਜੇ ਇਤਿਹਾਸ ਦੇ ਝਰੋਖੇ ਉਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਜੇਲ੍ਹ ਦੇ ਅੰਦਰ ਖਚਾਖਚ ਭਰੀ ਅਦਾਲਤ ਵਿਚ ਲਾਲ ਝੰਡਾ ਲਹਿਰਾਅ ਕੇ ਇਨਕਲਾਬ ਜਿੰਦਾਬਾਦ ਦੇ ਅਮਰ ਨਾਹਰੇ ਨਾਲ ਇਹ ਮਹਾਨ ਦਿਨ ਮਨਾਇਆ ਸੀ ਤੇ ਆਪਣੇ ਸ਼ਾਨਾਮੱਤੇ ਕਿਰਤੀ ਲਹਿਰ ਦੇ ਇਤਿਹਾਸ ਨੂੰ ਬਰਕਰਾਰ ਰੱਖਣ ਦੀ ਕਸਮ ਖਾਧੀ ਸੀ। ਜਿਸ ਨੂੰ ਦੇਖ ਕੇ ਬਰਤਾਨਵੀ ਹਾਕਮ ਦੰਗ ਰਹਿ ਗਿਆ ਸੀ ਤੇ ਜਿਸ ਦੇ ਬਦਲੇ ਵਿਚ ਭਗਤ ਸਿੰਘ ਤੇ ਸਾਥੀਆਂ ਨੂੰ ਜੱਜ ਦੇ ਸਾਹਮਣੇ ਕੁੱਟਿਆ ਗਿਆ ਸੀ। ਜਿਸ ਮੰਦ ਭਾਗੀ ਘਟਨਾ ਉਪਰ ਜੱਜ ਨੇ ਕੁੱਟਣ ਵਾਲਿਆ 'ਤੇ ਇਤਰਾਜ਼ ਜਾਹਰ ਵੀ ਕੀਤਾ ਸੀ। ਭਾਰਤ ਦੀ ਕਿਰਤੀ ਲਹਿਰ ਕਦੇ ਵੀ ਸੰਸਾਰ ਦੇ ਇਸ ਮਹਾਨ ਦਿਵਸ ਨੂੰ ਮਨਾਉਣ ਤੋਂ ਪਿੱਛੇ ਨਹੀਂ ਰਹੀ।

ਮਈ ਦਿਵਸ ਦੀਆਂ ਇਨਕਲਾਬੀ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਹੋਇਆਂ ਰੂਸ ਅੰਦਰ ਮਜ਼ਦੂਰ ਜਮਾਤ ਦੀ ਅਗਵਾਈ ਵਿਚ 1917 ਵਿਚ ਮਹਾਨ ਅਕਤੂਬਰ ਇਨਕਲਾਬ ਕਾਮਯਾਬ ਹੋਇਆ। ਮਨੁੱਖੀ ਇਤਿਹਾਸ ਦੀ ਇਸ ਮਹਾਨ ਤਬਦੀਲੀ ਰਾਹੀਂ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਮਜ਼ਦੂਰ ਜਮਾਤ ਨੇ ਧਰਤੀ ਉਤੇ ਇਕ ਅਜਿਹੀ ਵਿਵਸਥਾ ਦੀ ਕਾਇਮੀ ਕੀਤੀ ਜਿੱਥੇ ਅਮੀਰੀ-ਗਰੀਬੀ ਦੇ ਫਰਕ ਨੂੰ ਮਿਟਾ ਦਿੱਤਾ ਗਿਆ। ਜੇਕਰ 70 ਸਾਲਾਂ ਬਾਅਦ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚਾਖੇਰੂੰ ਖੇਰੂੰ ਹੋ ਗਿਆ ਤਾਂ ਇਸ ਦਾ ਇਕ ਕਾਰਨ ਮਈ ਦਿਵਸ ਦੀਆਂ ਇਨਕਲਾਬੀ ਰਵਾਇਤਾਂ ਨੂੰ ਬੇਦਾਵਾ ਦੇਣਾ ਵੀ ਹੈ।


ਜਿਸ ਸਾਮਰਾਜ ਨੂੰ ਆਪਣੀ ਧਰਤੀ ਤੋਂ ਦਫਾ ਕਰਨ ਲਈ ਲੱਖਾਂ ਲੋਕਾਂ ਨੇ ਕੁਰਬਾਨੀਆਂ ਕਰਕੇ ਆਜ਼ਾਦੀ ਹਾਸਲ ਕੀਤੀ, ਅੱਜ ਉਸੇ ਸਾਮਰਾਜ ਨੂੰ ਸਾਡੇ ਹਾਕਮਾਂ ਆਪਣਾ ਅਦਰਸ਼ ਮੰਨੀ ਬੈਠੇ ਹਨ ਜਿਸ ਦੇ ਸਿੱਟੇ ਵਜੋਂ ਅੱਜ ਨਵੀਂ ਕਿਸਮ ਦੀ ਗੁਲਾਮੀ ਦੇ ਬੱਦਲ ਮੰਡਲਾਉਣ ਲੱਗ ਪਏ ਹਨ। ਵਿਸ਼ਵੀਕਰਨ ਦੇ ਉਦਾਰਵਾਦੀ ਦੌਰ ਵਿਚ ਮਜ਼ਦੂਰ ਜਮਾਤ ਦੀਆਂ ਕਠਨਾਈਆਂ ਵੱਧਦੀਆਂ ਹੀ ਜਾ ਰਹੀਆਂ ਹਨ। ਦੇਸ਼ ਦੀ ਸਮੁੱਚੀ ਵੱਸੋਂ ਦਾ 80 ਫੀਸਦੀ ਹਿੱਸਾ ਵਿੱਦਿਆ, ਸਿਹਤ ਸਹੂਲਤਾਂ, ਰਹਿਣ ਯੋਗ ਆਵਾਸ, ਪੀਣ ਯੋਗ ਪਾਣੀ ਆਦਿ ਤੋਂ ਵੀ ਮਹਿਰੂਮ ਹੁੰਦਾ ਜਾ ਰਿਹਾ ਹੈ। ਬੇਰੁਜ਼ਗਾਰਾਂ ਦੀ ਗਿਣਤੀ 20 ਕਰੋੜ ਤੋਂ ਉਪਰ ਪੁੱਜ ਗਈ ਹੈ । ਦੇਸ਼ ਦੀ ਮਜਦੂਰ ਸ਼ਕਤੀ ਨੂੰ ਅੱਜ ਜਾਤਾਂ-ਨਸਲਾਂ ਦੇ ਨਾਮ ਉਪਰ ਵੰਡਿਆ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਉਪਰੋਕਤ ਬਿਮਾਰੀਆਂ ਦਾ ਇਲਾਜ ਲੱਭਣ ਵਾਸਤੇ ਮਜ਼ਦੂਰ ਜਮਾਤ ਲਈ ਮਈ ਦਿਵਸ ਇਕ ਢੁਕਵਾਂ ਮੌਕਾ ਹੈ ਕਿ ਮਜਦੂਰ ਆਪਣੇ ਅਹਿਦ ਨੂੰ ਦੁਹਰਾਵੇ ਤੇ ਸੰਘਰਸ਼ਾਂ ਉਪਰ ਟੇਕ ਰੱਖੇ। ਇਸ ਦਾ ਫੈਸਲਾ ਮਜ਼ਦੂਰ ਜਮਾਤ ਨੇ ਕਰਨਾ ਹੈ ਕਿ ਉਸਨੇ ਮੌਜੂਦਾ ਪ੍ਰਬੰਧ ਦੇ ਵਿਰੋਧ ਵਿਚ ਸਮੁੱਚੀਆਂ ਪੀੜਤ ਜਮਾਤਾਂ ਨੂੰ ਇਕਮੁਠ ਕਰਕੇ ਸੰਘਰਸ਼ਾਂ ਦੇ ਮੈਦਾਨ ਵਿਚ ਕਿਵੇਂ ਉਤਰਨਾ ਹੈ?

ਮੁਲਾਜ਼ਮ ਵਰਗ, ਜੋ ਮਜ਼ਦੂਰ ਜਮਾਤ ਦਾ ਹੀ ਇਕ ਅੰਗ ਹੈ, ਆਪਣੀਆਂ ਆਰਥਕ ਤੇ ਜਮਹੂਰੀ ਮੰਗਾਂ ਦੀ ਪ੍ਰਾਪਤੀ ਲਈ ਕਾਫੀ ਸੰਘਰਸ਼ਸ਼ੀਲ ਰਹਿੰਦਾ ਹੈ। ਇਸਦੇ ਸਿੱਟੇ ਵਜੋਂ ਦੇਸ਼ ਪੱਧਰ ਉਤੇ ਮੁਲਾਜ਼ਮ ਲਹਿਰ ਇਕ ਠੋਸ ਸ਼ਕਤੀ ਦੇ ਤੌਰ 'ਤੇ ਉਭਰੀ ਹੈ। ਪ੍ਰੰਤੂ ਲੋੜ ਟਰੇਡ ਯੁਨੀਅਨ ਦੀ ਲੜਈ ਨੂੰ ਸਮਾਜਕ ਲੜਾਈ ਬਣਾਉਣ ਦੀ ਹੈ। ਜ਼ਰੂਰਤ ਇਮਾਨਦਾਰੀ ਤੇ ਤਨਦੇਹੀ ਨਾਲ ਜਨਤਕ ਘੋਲ ਵਿਕਸਤ ਕਰਨ ਦੀ ਹੈ। ਇਸ ਤਰ੍ਹਾਂ ਮਈ ਦਿਵਸ ਨੂੰ ਮਨਾਉਂਦਿਆਂ ਹੋਇਆਂ ਜੇਕਰ ਮਜ਼ਦੂਰ ਜਮਾਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦੀ ਹੈ, ਤਦ ਇਸਨੂੰ ਮਈ ਦਿਵਸ ਦੀਆਂ ਇਨਕਲਾਬੀ ਰਵਾਇਤਾਂ ਉਤੇ ਪਹਿਰਾ ਦੇਣ ਅਤੇ ਸਮਾਜਕ ਤਬਦੀਲੀ ਲਈ ਉਸਾਰੀ ਜਾ ਰਹੀ ਜੁਗ ਪਲਟਾਊ ਲਹਿਰ ਦੇ ਆਗੂ ਬਣਨ ਦੇ ਯੋਗ ਹੋਣ ਲਈ ਯਤਨਸ਼ੀਲ ਹੋਣਾ ਪਵੇਗਾ। ਇਸਤੋਂ ਬਿਨਾਂ ਸਮਾਜਵਾਦ ਦੀ ਸਥਾਪਨਾ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ।



ਉਦਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੇ ਨਾਂਅ ਹੇਠ ਇਹਨਾਂ ਨੂੰ ਸ਼੍ਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ 1991 ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਸੀ। ਇਹਨਾਂ ਦਾ ਲੋਕਾਂ ਦੀਆਂ ਜੀਵਨ ਹਾਲਤਾਂ ਉਪਰ ਬਹੁਪਰਤੀ ਅਸਰ ਪੈ ਰਿਹਾ ਹੈ। ਇਹਨਾਂ ਨੇ ਕਿਰਤੀ ਲੋਕਾਂ ਦੀਆਂ ਕੇਵਲ ਆਰਥਕ ਤੇ ਸਮਾਜਕ ਮੁਸ਼ਕਲਾਂ ਹੀ ਨਹੀਂ ਵਧਾਈਆਂ ਬਲਕਿ ਰਾਜਨੀਤਕ ਖੇਤਰ ਵਿਚ ਲੋਕਤਾਂਤਰਿਕ ਕਦਰਾਂ ਕੀਮਤਾਂ ਤੇ ਸੰਸਥਾਵਾਂ ਨੂੰ ਵੀ ਭਾਰੀ ਢਾਅ ਲਾਈ ਹੈ ਅਤੇ ਦੇਸ਼ ਅੰਦਰ ਸਭਿਆਚਾਰਕ ਨਿਘਾਰ ਨੂੰ ਵੀ ਚੋਖੀ ਤੇਜ਼ੀ ਪ੍ਰਦਾਨ ਕੀਤੀ ਹੋਈ ਹੈ। ਇਸ ਨਾਲ ਲੋਕਾਂ ਅੰਦਰ ਨਿਰਾਸ਼ਾ ਤੇ ਰੋਹ ਦੀਆਂ ਭਾਵਨਾਵਾਂ ਵਧੀਆਂ ਸਪੱਸ਼ਟ ਦਿਖਾਈ ਦੇ ਰਹੀਆਂ ਹਨ। ਇਹਨਾਂ ਨੀਤੀਆਂ ਅਧੀਨ ਹੀ ਸਾਡੇ ਦੇਸ਼ ਦੀ ਸਰਕਾਰ ਸਮਾਜਿਕ ਭਲਾਈ ਪ੍ਰਤੀ ਆਪਣੀਆਂ ਸਮੁੱਚੀਆਂ ਜਿੰਮੇਵਾਰੀਆਂ ਤੋਂ ਵੱਡੀ ਹੱਦ ਤੱਕ ਭਗੌੜੀ ਹੋ ਗਈ ਹੈ ।

ਭਾਰਤ ਦੇ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਕਿਰਤੀ ਲੋਕਾਂ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਲਈ ਅੱਜ ਉਦਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਸਿੱਧੇ ਤੌਰ 'ਤੇ ਜ਼ੁੱਮੇਵਾਰ ਹਨ। ਇਹਨਾਂ ਨੀਤੀਆਂ ਕਾਰਨ ਹੀ ਆਰਥਕਤਾ ਦੇ ਸਮੁੱਚੇ ਖੇਤਰ ਨੂੰ ਮੰਡੀ ਦੀਆਂ ਬੇਲਗਾਮ ਤੇ ਬੇਤਰਸ ਸ਼ਕਤੀਆਂ ਦੇ ਰਹਿਮੋਕਰਮ 'ਤੇ ਛੱਡਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਕਿਰਤੀ ਲੋਕਾਂ ਦੀ ਅਸਲ ਕਮਾਈ ਤੇਜ਼ੀ ਨਾਲ ਖੁਰਦੀ ਜਾ ਰਹੀ ਹੈ। ਨਿਰਾਸ਼ਾਵਸ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਦੇ ਰਾਹੇ ਪੈਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਜੁਆਨੀ ਨਸ਼ਿਆਂ ਤੇ ਗੈਰ-ਕਾਨੂੰਨੀ ਅਸਮਾਜਿਕ ਧੰਦਿਆਂ ਵਿਚ ਗ਼ਰਕ ਹੋਣ ਲਈ ਮਜ਼ਬੂਰ ਹੋ ਰਹੀ ਹੈ।


ਵਿਸ਼ਵ ਵਪਾਰ ਸੰਸਥਾ ਦੇ ਦਬਾਅ ਕਾਰਨ ਸਾਮਰਾਜੀ ਦੇਸ਼ਾਂ ਦੀਆਂ ਵਪਾਰਕ ਧੱਕੇਸ਼ਾਹੀਆਂ ਅਤੇ ਵਿੱਤੀ ਹੇਰਾਫੇਰੀਆਂ ਵਿਚ ਭਾਰੀ ਵਾਧਾ ਹੋਇਆ ਹੈ, ਹਰ ਖੇਤਰ ਵਿਚ ਨੈਤਿਕ ਕਦਰਾਂ ਕੀਮਤਾਂ ਤਬਾਹ ਹੋ ਰਹੀਆਂ ਹਨ ਅਤੇ ਨਿੱਤ ਨਵੇਂ ਸਕੈਂਡਲ ਜਨਮ ਲੈ ਰਹੇ ਹਨ।


ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਕਿਰਤੀ ਲੋਕਾਂ ਦੀਆਂ ਕੰਮ ਹਾਲਤਾਂ ਦਿਨੋ ਦਿਨ ਹੋਰ ਕਠਿਨ ਹੁੰਦੀਆਂ ਜਾ ਰਹੀਆਂ ਹਨ ਤੇ ਸੇਵਾ ਸੁਰੱਖਿਆ ਦਾ ਸੰਕਲਪ ਲਗਭਗ ਬੀਤੇ ਦੀ ਯਾਦ ਬਣ ਜਾਣ ਵੱਲ ਵੱਧ ਰਿਹਾ ਹੈ, ਠੇਕਾ ਭਰਤੀ ਦੀ ਪ੍ਰਣਾਲੀ ਇਕ ਆਮ ਵਰਤਾਰਾ ਬਣਦੀ ਜਾ ਰਹੀ ਹੈ, ਕਿਰਤ ਕਾਨੂੰਨਾਂ ਦਾ ਤੇਜ਼ੀ ਨਾਲ ਭੋਗ ਪੈ ਰਿਹਾ ਹੈ, ਕਿਰਤੀਆਂ ਉਪਰ ਕੰਮ ਦਾ ਭਾਰ ਵਧਾਇਆ ਜਾ ਰਿਹਾ ਹੈ ਅਤੇ ਕਿਰਤ ਸ਼ਕਤੀ ਦੀ ਲੁੱਟ ਤਿੱਖੀ ਹੁੰਦੀ ਜਾ ਰਹੀ ਹੈ, ਸਮਾਜਕ-ਆਰਥਕ ਤੌਰ 'ਤੇ ਪੱਛੜੇ ਹੋਏ ਦਲਿਤਾਂ ਅਤੇ ਔਰਤਾਂ ਉਪਰ ਸਮਾਜਕ ਜਬਰ ਦਿਨੋਂ ਦਿਨ ਹੋਰ ਵਧੇਰੇ ਘਿਨਾਉਣਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਿਰਤੀ ਲੋਕਾਂ ਦੀ ਰੱਤ ਨਿਚੋੜ ਕੇ ਖੜੇ ਕੀਤੇ ਗਏ ਜਨਤਕ ਖੇਤਰ ਵਿਚਲੇ ਸਾਰੇ ਅਦਾਰੇ, ਕਾਰਖਾਨੇ ਤੇ ਖੋਜ ਸੰਸਥਾਵਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਵੇਚੇ ਜਾ ਰਹੇ ਹਨ; ਜਿਸ ਨਾਲ ਉਹ ਲੁਟੇਰੇ ਤਾਂ ਮਾਲੋ ਮਾਲ ਹੋ ਰਹੇ ਹਨ ਪ੍ਰੰਤੂ ਉਹਨਾਂ ਵਿਚ ਕੰਮ ਕਰਦੇ ਬਹੁਤੇ ਮਜ਼ਦੂਰ ਤੇ ਮੁਲਾਜ਼ਮ ਬੇਰੁਜ਼ਗਾਰਾਂ ਦੀਆਂ ਕਤਾਰਾਂ ਵਿਚ ਸ਼ਾਮਲ ਹੋਣ ਲਈ ਮਜ਼ਬੂਰ ਹੋ ਰਹੇ ਹਨ।


ਇਸੇ ਤਰ੍ਹਾਂ ਧਰਤੀ ਤੇ ਇਸਦੇ ਚੌਗਿਰਦੇ ਲਈ ਨਿੱਤ ਨਵੇਂ ਖਤਰੇ ਵੱਧਦੇ ਜਾ ਰਹੇ ਹਨ, ਏਥੋਂ ਤੱਕ ਕਿ ਇਸ ਧਰਤੀ ਦਾ, ਇਸ ਉਪਰ ਉੱਸਰੀ ਭਾਂਤ ਸੁਭਾਂਤੀ ਕਾਇਨਾਤ ਦਾ ਅਤੇ ਮਨੁੱਖਤਾ ਦਾ ਭਵਿੱਖ ਵੀ ਗੰਭੀਰ ਖਤਰਿਆਂ ਦਾ ਸ਼ਿਕਾਰ ਹੋ ਚੁੱਕਾ ਹੈ।


ਇਨ੍ਹਾਂ ਸਾਰੇ ਮਸਲਿਆਂ ਦੇ ਸਿਆਸੀ ਹੱਲ ਲਈ ਸਾਮਰਾਜੀ ਲੁਟੇਰਿਆਂ ਦੀ ਇਸ ਧੌਂਸਵਾਦੀ ਪਹੁੰਚ ਅਤੇ ਪ੍ਰਭੂਸੱਤਾ ਸੰਪੰਨ ਦੇਸ਼ਾਂ ਵਿਚ ਗੈਰ ਕਾਨੂੰਨੀ ਤੇ ਗੈਰ ਜਮਹੂਰੀ ਦਖਲ ਅੰਦਾਜ਼ੀ ਵਿਰੁੱਧ ਵੀ ਵਿਸ਼ਾਲ ਲੋਕ ਰਾਏ ਜਥੇਬੰਦ ਕਰਨ ਦੀ ਅੱਜ ਭਾਰੀ ਲੋੜ ਹੈ। ਇਸ ਮੰਤਵ ਲਈ ਕਿਰਤੀ ਜਨਸਮੂਹਾਂ ਨੂੰ ਇਕਜੁੱਟ ਕਰਨ ਦੇ ਨਾਲ ਨਾਲ ਸਮੁੱਚੀਆਂ ਦੇਸ਼ ਭਗਤ ਸ਼ਕਤੀਆਂ ਨੂੰ ਵੀ ਨਾਲ ਲੈਣਾ ਜ਼ਰੁਰੀ ਹੋ ਗਿਆ ਹੈ।


ਡਾ ਤੇਜਿੰਦਰ ਵਿਰਲੀ

ਲੇਖਕ ਉਚ ਸਿੱਖਿਆ  ਦੇ ਅਧਿਆਪਨ ਨਾਲ ਜੁੜੇ ਹੋਏ ਹਨ।

Monday, April 29, 2013

ਸਾਹਿਰ : ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ


ਕੁਲਵਿੰਦਰ ਦਾ ਸਾਹਿਰ ਬਾਰੇ ਲੇਖ ਦੋਸਤਾਂ ਮਿੱਤਰਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਛਾਪਿਆ ਜਾ ਰਿਹਾ ਹੈ। ਇਹ ਪੰਜਾਬੀ ਦੇ ਸਾਹਿਤਕ ਤੇ ਵਿਚਾਰਕ ਰਸਾਲੇ 'ਫ਼ਿਲਹਾਲ' ਦੇ ਇਸੇ ਅੰਕ 'ਚ ਛਪਿਆ ਸੀ।ਇਸ ਦੀ ਕਾਪੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਹੁਰਾਂ ਨੂੰ ਬੇਨਤੀ ਕਰਕੇ ਮੰਗਵਾਈ ਹੈ।-ਗੁਲਾਮ ਕਲਮ

ਗੁਰੂ ਦੱਤ ਦੀ ਫ਼ਿਲਮ 'ਪਿਆਸਾ' (1957) ਦੀ ਸਿਖ਼ਰ 'ਤੇ ਰਫ਼ੀ ਦੀ ਅਵਾਜ਼ ਵਿਚ ਸਾਹਿਰ ਦੀ ਰਚਨਾ ਅਤੇ ਐਸ. ਡੀ. ਬਰਮਨ ਦੀ ਧੁਨ ਗੂੰਜਦੀ ਹੈ -
ਯਿਹ ਮਹਿਲੋ ਯਿਹ ਤਖ਼ਤੋਂ, ਯਿਹ ਤਾਜੋਂ ਕੀ ਦੁਨੀਆ 
ਯਿਹ ਇਨਸਾਂ ਕੇ ਦੁਸ਼ਮਣ ਸਮਾਜੋਂ ਕੀ ਦੁਨੀਆ 
ਯਿਹ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ 
ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ 

ਆਡੀਟੋਰੀਅਮ ਦੇ ਦਰਵਾਜ਼ੇ ਤੇ ਖੜ੍ਹੇ ਵਿਜੇ (ਗੁਰੂ ਦੱਤ) ਵਿਚ ਸੂਲੀ ਟੰਗੇ ਈਸਾ ਦੀ ਝਲਕ ਵੀ ਮਿਲ਼ਦੀ ਹੈ ਅਤੇ ਸਾਹਿਰ ਦੀ ਪਰਛਾਈਂ ਵੀ।

ਸਾਹਿਰ ਦੇ ਅਸਲੀ ਨਾਂ ਅਬਦੁਲ ਹਈ ਬਾਰੇ ਵੀ ਸ਼ਾਨਦਾਰ ਕਿੱਸਾ ਹੈ। ਅੱਖੜ ਜਗੀਰਦਾਰ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਪਤਨੀ ਸਰਦਾਰ ਬੇਗਮ ਨੇ 8 ਮਾਰਚ, 1921 ਨੂੰ ਮੁੰਡੇ ਨੂੰ ਜਨਮ ਦਿੱਤਾ। ਬਾਪ ਨੇ ਨਾਂ ਰੱਖਿਆ ਅਬਦੁਲ ਹਈ। ਅਬਦੁਲ ਹਈ ਫ਼ਜ਼ਲ ਮੁਹੰਮਦ ਦੇ ਗੁਆਂਢ ਵਿਚ ਵਸਦੇ ਦੁਸ਼ਮਣ ਦਾ ਨਾਂ ਸੀ। ਰੋਜ਼ ਸ਼ਾਮ ਸਾਹਿਰ ਦਾ ਬਾਪ ਗੁਆਂਢੀ ਨੂੰ ਗਾਲ੍ਹਾਂ ਕੱਢਦਾ। ਇਤਰਾਜ਼ ਕਰਨ 'ਤੇ ਉਸ ਦਾ ਜੁਆਬ ਹੁੰਦਾ ਕਿ ਉਹ ਤਾਂ ਆਪਣੇ ਬੇਟੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਘਰ ਵਿਚ ਇਕੱਲਾ ਮੁੰਡਾ ਹੋਣ ਕਾਰਣ ਸਾਹਿਰ ਦਾ ਬਚਪਨ ਬੜਾ ਵਧੀਆ ਬੀਤਿਆ। ਸਭ ਕੁਝ ਉਲ਼ਟ ਪੁਲਟ ਗਿਆ ਜਦ ਸਾਹਿਰ ਦੇ ਮਾਂ ਬਾਪ ਵਿਚ ਅਨਬਣ ਹੋ ਗਈ। ਆਪਣੀਆਂ ਜਗੀਰੂ ਰੁਚੀਆਂ ਕਾਰਣ ਬਾਪ ਉਸ ਨੂੰ ਅੱਯਾਸ਼ੀ ਪੱਠਾ ਬਨਾਉਣਾ ਚਾਹੁੰਦਾ ਸੀ। ਮਾਂ ਸਾਹਿਰ ਨੂੰ ਪੜ੍ਹਾ ਲਿਖਾ ਕੇ ਚੰਗਾ ਇਨਸਾਨ ਬਨਾਉਣਾ 'ਤੇ ਅੜੀ ਹੋਈ ਸੀ। ਦੋਨਾਂ ਵਿਚਕਾਰ ਖਿੱਚੋਤਾਨ ਏਨੀ ਵੱਧ ਗਈ ਕਿ ਸਰਦਾਰ ਬੇਗ਼ਮ ਨੇ ਅਦਾਲਤ ਦੀ ਜਾ ਸ਼ਰਣ ਲਈ। ਅਦਾਲਤ ਨੇ ਮਾਂ ਜਾਂ ਬਾਪ ਦੋਵਾਂ ਚੋਂ ਇਕ ਨੂੰ ਚੁਣਨ ਦੀ ਸਾਹਿਰ ਦੀ ਖਾਹਿਸ਼ ਪੁੱਛੀ ਤਾਂ ਉਹਨੇ ਮਾਂ ਨੂੰ ਚੁਣਿਆ। 

ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਉਹ ਵੱਡਾ ਹੋ ਕੇ ਵਕੀਲ ਬਣਨਾ ਚਾਹੁੰਦਾ ਸੀ। ਪੜ੍ਹਾਈ ਲਿਖਾਈ ਤਾਂ ਸ਼ੁਰੂ ਹੋ ਗਈ ਪਰ ਜੀਵਨ ਵਿਚ ਤੰਗੀਆਂ ਤੁਰਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੇ ਸਾਹਿਰ ਨੂੰ ਇਰਦ ਗਿਰਦ ਬਾਰੇ ਸੋਚਵਾਨ ਬਣਾ ਦਿੱਤਾ। ਉਸ ਨੂੰ ਜਗੀਰੂ ਕਦਰਾਂ ਕੀਮਤਾਂ ਨਾਲ਼ ਨਫ਼ਰਤ ਹੋ ਗਈ। 

ਸਕੂਲ ਤੋਂ ਬਾਅਦ ਉਸ ਨੇ ਲੁਧਿਆਣੇ ਦੇ ਗੌਰਮਿੰਟ ਕਾਲਿਜ ਵਿਚ ਦਾਖਲਾ ਲਿਆ। ਜੁਆਨੀ ਤੇ ਪੈਰ ਧਰਦਿਆਂ ਆਪਣੇ ਬਾਗ਼ੀ ਸੁਭਾ ਕਾਰਣ ਉਸ ਦੇ ਕੋਮਲ ਹਿਰਦੇ ਨੇ ਮਨੁੱਖੀ ਭਾਵਨਾਵਾਂ ਅਤੇ ਜ਼ਾਲਮ ਸਮਾਜ ਵਿਚਲੇ ਦਵੰਦ ਨੂੰ ਸ਼ਿਅਰਾਂ ਦੇ ਰੂਪ ਵਿਚ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਕਬਾਲ ਦਾ ਸ਼ਿਅਰ 'ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਮੀਰਾਜ਼ ਭੀ, ਸੈਂਕੜੋ ਸਾਹਿਰ ਭੀ ਹੋਂਗੇ, ਸਾਹਿਬ-ਏ-ਏਜਾਜ਼ ਭੀ' ਪੜ੍ਹਿਆ। ਉਨ੍ਹਾਂ ਸੈਂਕੜਿਆਂ ਚੋਂ ਆਪਣੇ ਆਪ ਨੂੰ ਇੱਕ ਸਮਝਦਿਆਂ ਅਬਦੁਲ ਹਈ ਸ਼ੇਅਰ ਲਿਖਦਾ 'ਸਾਹਿਰ' ਲੁਧਿਆਣਵੀ ਬਣ ਗਿਆ। 

ਇਹ ਦੌਰ ਵੀ ਸਮਾਜੀ ਉਥਲ-ਪੁਥਲ ਦਾ ਸੀ। ਦੇਸ਼ ਨੂੰ ਅਜ਼ਾਦ ਕਰਾਉਣ ਦੀ ਅਵਾਜ਼ ਫ਼ਿਜ਼ਾ ਵਿਚ ਗੂੰਜ ਰਹੀ ਸੀ। ਕਮਿਊਨਿਸਟ ਲਹਿਰ ਪੂਰੀ ਚੜ੍ਹਤ 'ਤੇ ਸੀ। ਸਾਹਿਰ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚਿਆ ਗਿਆ। ਉਹਨੇ ਬਰਤਾਨਵੀ ਸਾਮਰਾਜ ਅਤੇ ਭਾਰਤੀ ਜਗੀਰਦਾਰੀ ਦੇ ਖਿਲਾਫ਼ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਕਈ ਰਚਨਾਵਾਂ 'ਕਿਰਤੀ' ਅਤੇ ਹੋਰਨਾਂ ਖੱਬੇਪੱਖੀ ਰਸਾਲਿਆਂ ਵਿਚ ਛਪਣ ਲੱਗੀਆਂ। ਬਲਵੰਤ ਗਾਰਗੀ ਦੇ ਸ਼ਬਦਾਂ ਵਿਚ, ''ਉਸ (ਸਾਹਿਰ) ਨੂੰ ਪਤਾ ਸੀ ਕਿ ਉਹ ਵੱਡਾ ਸ਼ਾਇਰ ਹੈ। ਇਸ ਗੱਲ ਦਾ ਗਿਆਨ ਉਸ ਨੂੰ 22 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ।'' ਉਹ ਵਿਦਿਆਰਥੀ ਯੂਨੀਅਨ ਦਾ ਆਗੂ ਬਣ ਗਿਆ। 

ਇਸ ਦੇ ਨਾਲ਼ ਹੀ ਉਸ ਦੇ ਇਸ਼ਕਾਂ ਦੇ ਕਿੱਸੇ ਵੀ ਮਸ਼ਹੂਰ ਹੋਣ ਲੱਗੇ। ਪਹਿਲਾ ਕਿੱਸਾ ਮਹਿੰਦਰ ਚੌਧਰੀ ਨਾਲ਼ ਉਸ ਦੇ ਪ੍ਰੇਮ ਦਾ ਹੈ। ਪਰ ਬਿਮਾਰੀ ਨਾਲ਼ ਮਹਿੰਦਰ ਚੌਧਰੀ ਦੀ ਮੌਤ ਹੋ ਗਈ। ਇਸ ਮੌਤ ਨੇ ਸਾਹਿਰ ਨੂੰ ਇਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ। ਇਹ ਸ਼ੇਅਰ ਉਸ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ - 
ਕੋਸਰ ਮੇਂ ਵੁਹ ਧੁਲੀ ਹੋਈ ਬਾਂਹੇਂ ਭੀ ਜਲ ਗਈ 
ਜੋ ਦੇਖਤੀ ਥੀਂ ਮੁਝ ਕੋ ਵੁਹ ਨਿਗਾਹੋਂ ਭੀ ਜਲ ਗਈ 


ਉਸ ਦਾ ਜਿਗਰੀ ਦੋਸਤ ਕ੍ਰਿਸ਼ਨ ਅਦੀਬ ਲਿਖਦਾ ਹੈ, ''ਮੈਂ ਸਾਹਿਰ ਦੇ ਸੁਭਾ ਨੂੰ ਜਾਣਦਾ ਸੀ। ਕਈ ਵਾਰ ਮੈਨੂੰ ਪਹਿਲਾਂ ਵੀ ਤਜਰਬਾ ਹੋ ਚੁਕਿਆ ਸੀ। ... ਕੁਝ ਦਿਨ ਹੋਰ ਲੰਘ ਗਏ। ਮਹਿੰਦਰ ਦਾ ਤਸੱਵਰ ਸਾਹਿਰ ਦੇ ਦਿਲ ਅਤੇ ਦਿਮਾਗ਼ ਤੋਂ ਉੱਡ ਗਿਆ।''  

ਤਦ ਸਾਹਿਰ ਦਾ ਇਸ਼ਕ ਆਪਣੇ ਕਾਲਿਜ ਦੀ ਇਕ ਹੋਰ ਵਿਦਿਆਰਥਣ ਈਸ਼ਰ ਕੌਰ ਨਾਲ਼ ਹੋ ਗਿਆ। ਕੁਝ ਦਿਨਾਂ ਬਾਅਦ ਈਸ਼ਰ ਕੌਰ ਨੇ ਆਪਣੀ ਮਜਬੂਰੀ ਜ਼ਾਹਿਰ ਕਰ ਦਿੱਤੀ। ਸਾਹਿਰ ਫਿਰ ਆਪਣੇ ਸਫ਼ਰ ਤੇ ਇਕੱਲਾ ਸੀ। ਇਸ ਤੋੜ ਵਿਛੋੜੇ ਦਾ ਜ਼ਿਕਰ ਸਾਹਿਰ ਦੀ ਇਕ ਹੋਰ ਨਜ਼ਮ 'ਕਿਸੀ ਕੋ ਉਦਾਸ ਦੇਖ ਕਰ' ਵਿਚ ਮਿਲਦਾ ਹੈ। ਇਸ਼ਕ ਦੀ ਅਸਫ਼ਲਤਾ ਦੇ ਨਾਲ਼ ਹੀ ਸਾਹਿਰ ਵਿਚ ਆਈ ਵਿਚਾਰਧਾਰਕ ਤਬਦੀਲੀ ਦੀ ਝਲਕ ਇਸ ਨਜ਼ਮ ਵਿਚ ਮਿਲ਼ਦੀ ਹੈ। ਉਹ ਇਸ਼ਕ ਦੀ ਅਸਫ਼ਲਤਾ ਦੇ ਗ਼ਮ ਨੂੰ ਸਮਾਜੀ ਪ੍ਰਬੰਧ ਨਾਲ਼ ਜੋੜਦਾ ਹੈ 
ਗਲੀ ਗਲੀ ਮੇਂ ਯਿਹ ਬਿਕਤੇ ਹੂਏ ਜਵਾਂ ਚਿਹਰੇ ਹਸੀਨ ਆਖੋਂ ਮੇਂ ਯਿਹ ਆਫ਼ਸੁਰਦਗੀ 1 ਸੀ ਛਾਈ ਹੂਈ 
ਯਿਹ ਜੰਗ ਔਰ ਯਿਹ ਮੇਰੇ ਵਤਨ ਕੇ ਸ਼ੋਖ ਜਵਾਂ 
ਖ਼ਰੀਦੀ ਜਾਤੀ ਹੈ ਉਠਤੀ ਜਵਾਨੀਆਂ ਜਿਨ ਕੀ 
ਯਿਹ ਬਾਤ ਬਾਤ ਪੇ ਕਾਨੂਨ-ਓ-ਜ਼ਾਬਤੇ ਕੀ ਗਰਿਫ਼ਤ 
ਯਿਹ ਜ਼ਿੱਲਤੇਂ, ਯਿਹ ਗ਼ੁਲਾਮੀ, ਯਿਹ ਦੌਰੇ ਮਜਬੂਰੀ 
ਯਿਹ ਗ਼ਮ ਬਹੁਤ ਹੈ ਮਿਰੀ ਜ਼ਿੰਦਗੀ ਕੇ ਮਿਟਾਨੇ ਕੋ 
ਉਦਾਸ ਰਹਿ ਕੇ ਮਿਰੇ ਦਿਲ ਕੋ ਔਰ ਰੰਜ ਨ ਦੋ 
1 ਨਿਰਾਸ਼ਾ 
  
ਲਾਹੌਰ ਦਾ ਦਿਆਲ ਸਿੰਘ ਕਾਲਜ ਉਹਦੀ ਅਗਲੀ ਮੰਜ਼ਿਲ ਬਣਿਆ। ਕੌਮੀ ਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਹਲਚਲ ਦਾ ਸਿਲਸਿਲਾ ਜਾਰੀ ਸੀ। ਉਹ ਪ੍ਰੋਗਰੇਸਿਵ ਰਾਈਟਰਜ਼ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਿਆ। 1945 ਵਿਚ ਤਰੱਕੀਪਸੰਦ ਲੇਖਕਾਂ ਦੀ ਹੈਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਪੰਜਾਬ ਤੋਂ ਸ਼ਾਮਲ ਹੋਣ ਵਾਲ਼ਾ ਲੇਖਕ ਸਿਰਫ਼ ਸਾਹਿਰ ਹੀ ਸੀ। ਉਹਦੀਆਂ ਰਚਨਾਵਾਂ ਲੋਕਾਂ ਵਿਚ ਮਕਬੂਲ ਹੋ ਰਹੀਆਂ ਸਨ। ਇਕ ਪਾਸੇ ਇਨਕਲਾਬੀ ਨਜ਼ਮਾਂ, ਦੂਜੇ ਪਾਸੇ ਉਹਦੇ ਇਸ਼ਕਾਂ ਦੇ ਕਿੱਸੇ। ਚੱਕਰ ਐਸਾ ਚੱਲਿਆ ਕਿ ਉਹ ਪਹਿਲਾਂ ਗੌਰਮਿੰਟ ਕਾਲਜ ਲੁਧਿਆਣਾ ਤੇ ਫਿਰ ਦਿਆਲ ਸਿੰਘ ਕਾਲਜ ਲਾਹੌਰ 'ਚੋਂ ਕੱਢਿਆ ਗਿਆ। ਉਹ ਲਾਹੌਰ ਤੋਂ ਨਿਕਲਦੇ ਅਦਬੀ ਰਸਾਲੇ 'ਅਦਬ-ਏ-ਲਤੀਫ਼' ਦਾ ਸੰਪਾਦਕ ਬਣ ਗਿਆ। 

ਲਾਹੌਰ ਵਿਚ ਆਪਣੀਆਂ ਨਜ਼ਮਾਂ ਨੂੰ ਛਪਾਉਣ ਲਈ ਸਾਹਿਰ ਦੋ ਸਾਲ ਕੋਸ਼ਿਸ਼ ਕਰਦਾ ਰਿਹਾ। ਸੰਨ 1945 ਵਿਚ ਉਸ ਦੀਆਂ ਆਸਾਂ ਨੂੰ ਬੂਰ ਪਿਆ। ਪਹਿਲਾ ਕਾਵਿ ਸੰਗ੍ਰਿਹ 'ਤਲਖ਼ੀਆਂ' ਛਪਿਆ। ਇਸ ਕਿਤਾਬ ਦੇ ਛਪਦੇ ਸਾਰ ਹੀ ਸਾਹਿਰ ਪੂਰੇ ਹਿੰਦੋਸਤਾਨ ਵਿਚ ਮਸ਼ਹੂਰ ਹੋ ਗਿਆ। ਤਲਖ਼ੀਆਂ ਦੀਆਂ ਕਈ ਨਜ਼ਮਾਂ ਮਕਬੂਲ ਹੋਈਆਂ। ਤਾਜ ਮਹਿਲ ਬਾਰੇ ਲਿਖੀ ਉਹਦੀ ਨਜ਼ਮ ਤਰੱਕੀ-ਪਸੰਦ ਹਲਕਿਆਂ 'ਚ ਬਹੁਤ ਚਰਚਿਤ ਹੋਈ - 
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗਰੀਬੋਂ ਕੀ ਮੁਹਬਤ ਕਾ ਉਡਾਇਆ ਹੈ 
ਮਜ਼ਾਕ ਮੇਰੀ ਮਹਿਬੂਬ! ਕਹੀਂ ਔਰ ਮਿਲਾ ਕਰ ਮੁਝਸੇ। 

ਦਿਲਚਸਪ ਗੱਲ ਇਹ ਹੈ ਕਿ ਸਾਹਿਰ ਨੇ ਅਜੇ ਤੱਕ ਤਾਜ ਮਹਿਲ ਨਹੀਂ ਸੀ ਦੇਖਿਅ। ਬਕੌਲ ਸਾਹਿਰ, ਉਸ ਦੇ ਲਈ ''ਆਗਰੇ ਜਾਣ ਦੀ ਕੀ ਲੋੜ ਸੀ? ਕਾਰਲ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ ਅਤੇ ਜੁਗਰਾਫ਼ੀਆ ਵੀ ਯਾਦ ਸੀ। ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮਨਾ ਦੇ ਕੰਢੇ, ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਲਈ ਬਣਵਾਇਆ ਸੀ। ਇਸ ਨਜ਼ਮ ਬਾਰੇ ਬਲਵੰਤ ਗਾਰਗੀ ਬਾਖੂਬ ਲਿਖਦਾ ਹੈ, ''ਸਾਹਿਰ ਵਿਚ ਦਿਵਯ ਗਿਆਨ ਸੀ, ਤੀਜੀ ਅੱਖ! ਸ਼ਾਇਰ ਦਾ ਅਹਿਸਾਸ, ਤਖ਼ਈਅਲ ਤੇ ਸਮਾਜੀ ਚੇਤਨਾ! ਕਈ ਲੋਕ ਤਾਜ ਮਹਿਲ ਦੇ ਅੰਦਰ ਬੈਠੇ ਤਾਜ ਮਹਿਲ ਨਹੀਂ ਦੇਖ ਸਕਦੇ, ਸਾਹਿਰ ਲਾਹੌਰ ਬੈਠਾ ਤਾਜ ਮਹਿਲ ਉਸਾਰ ਸਕਦਾ ਹੈ।

'' ਖੈਰ! ਸ਼ਾਇਰ ਵਜੋਂ ਸਾਹਿਰ ਪ੍ਰਸਿੱਧੀ ਦੀਆਂ ਨਵੀਆਂ ਪੋੜੀਆਂ ਚੜ੍ਹਦਾ ਜਾ ਰਿਹਾ ਸੀ ਪਰ ਘਰੇਲੂ ਤੰਗੀਆਂ ਮੂੰਹ ਅੱਡੀ ਖੜ੍ਹੀਆਂ ਸਨ। ਉਹਨੂੰ ਲੱਗਦਾ ਬੰਬਈ ਦੀ ਫ਼ਿਲਮ ਇੰਡਸਟਰੀ ਉਹਨੂੰ ਬੁਲਾ ਰਹੀ ਹੈ। ਉਸ ਵੇਲੇ ਦੀ ਅਦਬੀ ਦੁਨੀਆਂ ਵਿਚ ਫ਼ਿਲਮੀ ਸ਼ਾਇਰੀ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਸ ਸੰਕੋਚ ਕਰਕੇ ਉਹ ਲਾਹੌਰ ਵਿਚ ਹੀ ਟਿਕਿਆ ਆ ਰਿਹਾ ਸੀ। ਅਚਾਨਕ ਇਕ ਦਿਨ ਉਹ ਗੱਡੀ 'ਚ ਬੈਠ ਬੰਬਈ ਜਾ ਪਹੁੰਚਾ। ਇਹ 1945 ਦੀ ਗੱਲ ਹੈ।

ਬੰਬਈ ਵਿਚ ਕਲਾ ਮੰਦਰ ਫ਼ਿਲਮਜ਼ ਦੇ ਬੈਨਰ ਤੇ ਲਲਿਤ ਮਹਿਤਾ ਦੇ ਨਿਰਦੇਸ਼ਨ ਹੇਠ 'ਅਜ਼ਾਦੀ ਕੀ ਰਾਹ ਪਰ' ਨਾਂ ਦੀ ਫ਼ਿਲਮ ਬਣ ਰਹੀ ਸੀ। 24 ਸਾਲ ਦੇ ਸਾਹਿਰ ਨੂੰ ਇਸ ਫ਼ਿਲਮ ਦੇ ਗੀਤ ਲਿਖਣ ਦਾ ਮੌਕਾ ਮਿਲ਼ਿਆ। ਇਸ ਫ਼ਿਲਮ ਦਾ ਨਾਇਕ ਪ੍ਰਿਥਵੀ ਰਾਜ ਕੂਪਰ ਸੀ। ਸਾਹਿਰ ਦੇ ਚਾਰ ਗਾਣੇ ਇਸ ਫ਼ਿਲਮ ਵਿਚ ਲਏ ਗਏ, ਜਿਨ੍ਹਾਂ ਵਿਚੋਂ 'ਬਦਲ ਰਹੀ ਹੈ ਜ਼ਿੰਦਗੀ' ਮਸ਼ਹੂਰ ਹੋਇਆ। ਕੁਝ ਅਰਸਾ ਗੁਜ਼ਰਿਆ ਤਾਂ ਬੰਬਈ ਦੀ ਜ਼ਿੰਦਗੀ ਉਹਨੂੰ ਅਵਾਜ਼ਾਰ ਕਰਨ ਲੱਗ ਪਈ, ਉਹਦੇ ਅੰਦਰਲੀ ਤੜਪ ਉਹਨੂੰ ਬੇਚੈਨ ਕਰੀ ਰੱਖਦੀ ਸੀ। ਉਹ ਦਿੱਲੀ ਆ ਗਿਆ ਜਿੱਥੇ ਉਸ ਨੇ 'ਸ਼ਾਹਰਾਹ' ਨਾਂ ਦਾ ਪਰਚਾ ਕੱਢਿਆ। 

ਦਿੱਲੀ 'ਚ ਵੀ ਉਹਦੇ ਲਈ ਕੁਝ ਨਹੀਂ ਸੀ ਪਿਆ ਹੋਇਆ। ਉਹ ਫਿਰ ਬੰਬਈ ਵਾਪਸ ਚਲਾ ਗਿਆ। ਸੰਨ 1947 ਵਿਚ ਅਜ਼ਾਦੀ ਆਉਣ ਦੇ ਨਾਲ਼ ਮੁਲਕ ਵੰਡਿਆ ਗਿਆ। ਸਾਹਿਰ ਬੰਬਈ ਛੱਡ ਲਾਹੌਰ ਚਲਿਆ ਗਿਆ। ਉੱਥੇ ਚੌਧਰੀ ਨਜ਼ੀਰ ਨੇ ਦੁਮਾਸਿਕ ਰਸਾਲਾ 'ਸਵੇਰਾ' ਕੱਢਿਆ ਤਾਂ ਉਹਨੇ ਅਹਿਮਦ ਨਦੀਮ ਕਾਸਮੀ ਅਤੇ ਸਾਹਿਰ ਨੂੰ ਸੰਪਾਦਕੀ ਬੋਰਡ ਵਿਚ ਸ਼ਾਮਲ ਕੀਤਾ। 'ਸਵੇਰਾ ' ਖੱਬੇਪੱਖੀ ਰਸਾਲਾ ਸੀ ਅਤੇ ਹਕੂਮਤ ਦੇ ਖਿਲਾਫ਼ ਅਵਾਜ਼ ਬੁਲੰਦ ਕਰਦਾ ਸੀ। ਸਾਹਿਰ ਦੇ ਕੁਝ ਲੇਖਾਂ ਤੋਂ ਪਾਕਿਸਤਾਨ ਦੀ ਹਾਕਮ ਜਮਾਤ ਘਬਰਾ ਗਈ। ਉਹਦੇ ਖਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ। ਸਾਹਿਰ ਮਾਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ। 

ਦਿੱਲੀ ਵਿਚ ਉਹਨੇ ਕੁਝ ਦੇਰ 'ਪ੍ਰੀਤਲੜੀ', ਜਦ ਗੁਰਬਖ਼ਸ਼ ਸਿੰਘ ਤੇ ਨਵਤੇਜ ਸਿੰਘ ਕੁਝ ਅਰਸੇ ਲਈ ਪ੍ਰੀਤਨਗਰ ਛੱਡ ਕੇ ਮਹਿਰੋਲੀ ਰਹਿਣ ਲੱਗ ਪਏ ਸਨ, ਵਿਚ ਕੰਮ ਕੀਤਾ। ਬਾਅਦ ਵਿਚ ਯੂਸਫ਼ ਦਿਹਲਵੀ ਦੇ 'ਸ਼ਾਹਰਾਹ' ਦੇ ਸੰਪਾਦਨ ਨਾਲ਼ ਜੁੜ ਗਿਆ। 'ਸ਼ਾਹਰਾਹ' ਦੌਰਾਨ ਸਾਹਿਰ ਨੇ ਚਿੱਲੀ ਦੇ ਸ਼ਾਇਰ ਪਾਬਲੋ ਨੈਰੂਦਾ ਅਤੇ ਸਪੇਨ ਦੇ ਕਵੀ ਲੋਰਕਾ ਉਤੇ ਲੇਖ ਲਿਖੇ, ਜੋ ਬਹੁਤ ਮਕਬੂਲ ਹੋਏ। ਉਦੋਂ ਅਮਨ ਤਹਿਰੀਕ ਤੇ ਕਮਿਊਨਿਸਟ ਲਹਿਰ ਦਾ ਜ਼ੋਰ ਸੀ। ਹਾਲਾਤ ਸੁਖਾਵੇਂ ਨਹੀਂ ਸਨ। ਫੜੋ-ਫੜਾਈ ਚਲ ਰਹੀ ਸੀ। 'ਅਜ਼ਾਦੀ ਕੀ ਰਾਹ ਪਰ' ਫ਼ਿਲਮ, ਜੋ 1949 ਵਿਚ ਰਲੀਜ਼ ਹੋਈ ਸੀ, ਸਫ਼ਲ ਨਹੀਂ ਹੋਈ। ਸਾਹਿਰ ਦੀ ਆਰਥਿਕ ਤੰਗੀ ਤੇ ਪ੍ਰੇਸ਼ਾਨੀ ਵਧਣ ਲੱਗੀ। 

ਵਿਚਾਰਧਾਰਕ ਪੱਖੋਂ ਪ੍ਰੋੜ ਹੋ ਚੁਕੇ ਸਾਹਿਰ ਨੂੰ ਪਤਾ ਸੀ ਕਿ ਸਰਮਾਏਦਾਰੀ ਪ੍ਰਬੰਧ ਵਿਚ ਹਰ ਚੀਜ਼ ਜਿਣਸ ਬਣ ਜਾਂਦੀ ਹੈ। ਤਲਖ਼ੀਆਂ ਵਿਚ ਸ਼ਾਮਲ ਨਜ਼ਮ 'ਫ਼ਨਕਾਰ' ਵਿਚ ਸਾਹਿਰ ਨੇ ਇਨਸਾਨੀ ਰਿਸ਼ਤਿਆਂ ਅਤੇ ਕਲਾਤਮਕ ਪ੍ਰਤਿਭਾ ਦੇ ਜਿਣਸ ਬਣ ਜਾਣ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ - 
ਮੈਂ ਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਆਜ ਦੁੱਕਾਨ ਪੇ ਨੀਲਾਮ ਉਠੇਗਾ ਉਨ ਕਾ 
ਤੂ ਨੇ  ਜਿਨ ਗੀਤੋਂ ਪੇ ਰੱਖੀ ਥੀ ਮੁਹੱਬਤ ਕੀ ਅਸਾਸ 1 
ਜ ਚਾਂਦੀ ਕੇ ਤਰਾਜ਼ੂ ਮੇਂ ਤੁਲੇਗੀ ਹਰ ਚੀਜ਼ 
ਮੇਰੇ ਅਫ਼ਕਾਰ, ਮਿਰੀ ਸ਼ਾਇਰੀ ਮਿਰਾ ਅਹਿਸਾਸ 
ਜੋ ਤਿਰੀ ਜ਼ਾਤ ਸੇ ਮਨਸੂਬ ਥੇ ਉਨ ਗੀਤੋਂ ਕੋ 
ਮੁਫ਼ਲਿਸੀ 2 ਜਿਨਸ ਬਨਾਨੇ ਪੇ ਉਤਰ ਆਈ ਹੈ 
ਭੂਕ, ਤਿਰੇ ਰੁਖ਼ੇ ਰੰਗੀਂ ਕੇ ਫ਼ਸਾਨੋ ਕੇ ਇਵਜ਼ 
ਚੰਦ ਅਸ਼ੀਆਏ-ਜ਼ਰੂਰਤ 3 ਤਮੰਨਾਈ 4 ਹੈ 
ਦੇਖ, ਇਸ ਕਾਰਗਹੇ-ਮਿਹਨਤੋ-ਸਰਮਾਇਆ 5 ਮੇਂ 
ਮੇਰੇ ਨਗ਼ਮੇਂ ਭੀ ਮਿਰੇ ਪਾਸ ਨਹੀਂ ਰਹਿ ਸਕਤੇ। 
ਤੇਰੇ ਜਲਵੇ ਕਿਸੀ ਜ਼ਰਦਾਰ ਕੀ ਮੀਰਾਸ 6 ਸਹੀ 
ਤੇਰੇ ਖ਼ਾਕੇ ਭੀ ਮਿਰੇ ਪਾਸ ਨਹੀਂ ਰਹ ਸਕਤੇ। 
 ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਮੈਂਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
  1 ਬੁਨਿਆਦ 2 ਗ਼ਰੀਬੀ 3 ਲੋੜੀਂਦੀਆਂ 4 ਚਾਹਵਾਨ 5 ਮਿਹਨਤ ਤੇ ਪੈਸੇ ਦਾ ਕਾਰਖ਼ਾਨਾ 6 ਵਿਰਾਸਤ 

'ਸ਼ਾਹਰਾਹ' ਦੇ ਦੋ ਕੁ ਅੰਕ ਛਪਣ ਬਾਅਦ ਸਾਹਿਰ ਨੇ ਤੀਜੇ ਅੰਕ ਦਾ ਖਰੜਾ ਝੋਲੇ ਵਿਚ ਪਾਇਆ ਤੇ ਬੰਬਈ ਵਲ ਦੋਬਾਰਾ ਚਾਲੇ ਪਾ ਲਏ। ਹਾਲਾਤ ਦਾ ਵਿਅੰਗ ਇਹ ਸੀ ਕਿ ਬੰਬਈ ਦੇ ਨਿਰਮਾਤਾ ਸਾਹਿਰ ਦੀ ਚੰਗੇ ਸ਼ਾਇਰ ਵਜੋਂ ਇੱਜ਼ਤ ਤਾਂ ਕਰਦੇ ਸਨ ਪਰ ਉਸ ਨੂੰ ਕੰਮ ਦੇਣ ਦਾ ਜੋਖ਼ਮ ਉਠਾਉਣਾ ਲਈ ਤਿਆਰ ਨਾ ਹੁੰਦੇ। ਚੰਦ ਰੁਪਿਆਂ ਦੀ ਖਾਤਿਰ ਸਾਹਿਰ ਨੂੰ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਨੂੰ ਖੁਸ਼ਖਤ ਕਰਕੇ ਲਿਖਣਾ ਪੈਂਦਾ। ਹੱਦ ਤਾਂ ਇਹ ਹੋ ਗਈ ਕਿ ਜਦ ਉੱਘੇ ਨਿਰਮਾਤਾ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਸਾਹਿਰ ਤੋਂ ਫ਼ਿਲਮੀ ਗੀਤ ਲਿਖਾਉਣ ਤੋਂ ਇਨਕਾਰ ਕਰਦਿਆਂ ਕਿਹਾ, ''ਸਾਹਿਰ ਸਾਹਿਬ! ਜੇ ਤੁਹਾਡੀ ਆਰਥਿਕ ਦਸ਼ਾ ਚੰਗੀ ਨਹੀਂ ਤਾਂ ਤੁਸੀਂ ਬਿਨਾਂ ਕਿਸੇ ਤੱਕਲਫ਼ ਦੇ ਸਾਡੇ ਘਰ ਦੋ ਵੇਲੇ ਰੋਟੀ ਖਾ ਸਕਦੇ ਹੋ।'' ਦੋ ਵੇਲੇ ਦੀ ਰੋਟੀ ਖਾਤਿਰ ਸਾਹਿਰ ਨੂੰ ਮਾਂ ਦੇ ਗਹਿਣੇ ਵੇਚਣੇ ਪਏ।
ਜਾਨ ਨਿਸਾਰ ਖਾਨ,ਸਾਹਿਰ ਤੇ ਮਹਿੰਦਰ ਰੰਧਾਵਾ

ਉਹਨੇ ਹਾਰ ਨਹੀਂ ਮੰਨੀ। ਇਹ ਵੀ ਤਾਂ ਇਕ ਲੜਾਈ ਸੀ। ਉਹ ਆਪਣੀ ਵਿਚਾਰਧਾਰਾ ਤੇ ਗ਼ੈਰਤ ਦੀ ਖਾਤਿਰ ਭਟਕ ਰਿਹਾ ਸੀ। ਏਨਾ ਬੁਲੰਦ ਸ਼ਾਇਰ ਹਾਰ ਕਿਵੇਂ ਮੰਨ ਸਕਦਾ ਸੀ? ਲੁਧਿਆਣੇ ਦਿਨ ਦੇ ਗਿਆਰਾਂ ਵਜੇ ਉੱਠਣ ਵਾਲਾ ਸਾਹਿਰ ਬੰਬਈ ਵਿਚ ਸਵੇਰੇ ਛੇ ਵਜੇ ਉਠ ਕੰਮ ਦੀ ਤਲਾਸ਼ ਵਿਚ ਜੁਟ ਜਾਂਦਾ। ਮੋਢੇ ਤੇ ਕਾਮਰੇਡੀ ਝੋਲ਼ਾ ਲਟਕਾ ਸਟੂਡੀਓ ਸਟੂਡੀਓ ਹੋਕਾ ਦੇਂਦਾ, ''ਗੀਤ ਲਿਖਵਾ ਲਓ!'' ਫ਼ਿਲਮ ਨਿਰਮਾਤਾ ਗੀਤ ਸੁਣਦੇ, ਸਲਾਹੁੰਦੇ, ਪਰ ਆਪਣੀ ਫ਼ਿਲਮ ਲਈ ਉਨ੍ਹਾਂ ਨੂੰ ਚੁਣਨ ਤੋਂ ਇਨਕਾਰ ਕਰ ਦੇਂਦੇ। ਕੋਈ ਨਾ ਕੋਈ ਬਹਾਨਾ, ਕੋਈ ਡਰ, ਕੋਈ ਘੁਣਤਰ ਉਨ੍ਹਾਂ ਕੋਲ ਹੁੰਦੀ। ਸਾਹਿਰ ਕਦੇ ਆਪਣੇ ਗੀਤਾਂ ਵਲ ਦੇਖਦਾ ਕਦੇ ਫ਼ਿਲਮ ਨਿਰਮਾਤਾਵਾਂ ਦੇ ਚਿਹਰਿਆਂ ਵਲ। ਚਿਹਰੇ ਜੋ ਨੋਟਾਂ ਨਾਲ ਤੂਸੇ ਹੁੰਦੇ। 

ਇਕ ਨਿਰਮਾਤਾ ਨੇ ਜਦ ਸਾਹਿਰ ਨੂੰ ਬਾਰ ਬਾਰ ਚੱਕਰ ਲਗਵਾਏ ਤਾਂ ਤੰਗ ਆ ਕੇ ਸਾਹਿਰ ਨੇ ਆਪਣਾ ਗੀਤ ਇਹ ਕਹਿੰਦਿਆਂ ਪਾੜ ਸੁਟਿਆ - ''ਕੀ ਤੁਸੀਂ ਮੇਰੇ ਗੀਤ ਯੂ.ਐਨ. ਓ ਵਿਚ ਫੈਸਲਾ ਕਰਾਉਣ ਲਈ ਭੇਜ ਰਹੇ ਹੋ?'' 

ਫ਼ਿਲਮੀ ਜਗਤ 'ਚ ਇਹ ਕੋਈ ਨਵੀਂ ਗੱਲ ਨਹੀਂ ਸੀ। ਏਥੇ ਟੇਲੰਟ ਪਹਿਲਾਂ ਰੁਲਦੀ ਹੈ, ਜਾਂ ਉਹਨੂੰ ਰੋਲਿਆ ਜਾਂਦਾ, ਫਿਰ ਅਚਾਨਕ ਜਿਵੇਂ ਕੋਈ ਧਮਾਕਾ ਪੈਦਾ ਹੋ ਜਾਂਦਾ। ਰੁਲਣ ਵਾਲਾ ਮਹਾਨ ਬਣ ਜਾਂਦਾ। ਉਹਦਾ ਗੁਣ ਗਾਇਨ ਹੋਣ ਲੱਗਦਾ। ਸਾਹਿਰ ਨੂੰ ਉਸ ਧਮਾਕੇ ਦੀ ਉਡੀਕ ਸੀ। ਅਜਿਹਾ ਦੌਰ ਜਰਮਨ ਨਾਟਕਕਾਰ ਬਰਤੋਲਤ ਬ੍ਰੈਖ਼ਤ ਤੇ ਵੀ ਆਇਆ ਸੀ ਜਦ ਉਸ ਨੂੰ ਜਰਮਨ ਛੱਡ ਅਮਰੀਕਾ ਜਾਣਾ ਪਿਆ ਸੀ। ਬ੍ਰੈਖ਼ਤ ਹੌਲੀਵੁੱਡ ਵਿਚ ਰੁਜ਼ਗਾਰ ਦੇ ਇਸ ਸੰਘਰਸ਼ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ - 
ਨਿਤ ਮੈਂ ਆਪਣੀ ਰੋਜ਼ੀ ਲਈ ਜਾਂਦਾ ਹਾਂ 
ਬਜ਼ਾਰ ਵਿਚ, ਜਿਥੇ ਝੂਠ ਵਿਕਦੇ ਨੇ 

ਹੌਲੀਵੁੱਡ ਦੀ ਤਰਜ਼ ਤੇ ਬੌਲੀਵੁੱਡ ਕਹੀ ਜਾਂਦੀ ਬੰਬਈ ਦੀ ਮਾਇਆ ਨਗਰੀ ਵਿਚ ਸਾਹਿਰ ਦੀ ਹਾਲਤ ਅਜਿਹੀ ਹੀ ਸੀ। ਨਿਰਮਾਤਾ ਨਿਰਦੇਸ਼ਕ ਮੋਹਨ ਸਹਿਗਲ ਦੀ ਸਲਾਹ 'ਤੇ ਸਾਹਿਰ ਸੰਗੀਤਕਾਰ ਐਸ. ਡੀ. ਬਰਮਨ ਨੂੰ ਮਿਲਿਆ। ਐਸ. ਡੀ. ਬਰਮਨ ਨੂੰ ਅਜਿਹੇ ਗੀਤਕਾਰ ਦੀ ਲੋੜ ਸੀ ਜੋ ਉਸ ਦੀਆਂ ਬਣਾਈਆਂ ਧੁਨਾਂ 'ਤੇ ਗੀਤ ਰਚ ਸਕੇ। ਸਾਹਿਰ ਐਸ. ਡੀ. ਬਰਮਨ ਦੀ ਕਸਵਟੀ ਤੇ ਪੂਰਾ ਉਤਰਿਆ। 1951 ਵਿਚ ਆਈ ਫ਼ਿਲਮ 'ਨੌਜੁਆਨ'' ਫ਼ਿਲਮ ਨੇ ਸਾਹਿਰ ਲਈ ਭਵਿੱਖ ਦੇ ਰਾਹ ਖੋਲ੍ਹ ਦਿੱਤੇ। ਇਸੇ ਹੀ ਸਾਲ ਆਈ ਗੁਰੂ ਦੱਤ ਦੀ ਫ਼ਿਲਮ ''ਬਾਜ਼ੀ'' ਨੇ ਸਾਹਿਰ ਨੂੰ ਫ਼ਿਲਮੀ ਗੀਤਕਾਰ ਵਜੋਂ ਸਥਾਪਤ ਕਰ ਦਿੱਤਾ। ਸਾਹਿਰ-ਬਰਮਨ ਦੀ ਜੋੜੀ ਕਾਇਮ ਹੋ ਚੁੱਕੀ ਸੀ। ਇਕ ਤੋਂ ਬਾਅਦ ਦੂਜੀ ਫ਼ਿਲਮ, ਸਭ ਹਿੱਟ। ਇਤਿਹਾਸ ਰਚ ਦਿੱਤਾ। ਪਰ ਨਿੱਜੀ ਹਉਮੈ ਨੇ ਦੋਵਾਂ ਵਿਚ ਦੂਰੀਆਂ ਵੀ ਪੈਦਾ ਕਰ ਦਿੱਤੀਆਂ। ਦੋਵੇਂ ਫ਼ਿਲਮਾਂ ਦੀ ਸਫ਼ਲਤਾ ਲਈ ਆਪਣੇ ਆਪਣੇ ਦਾਅਵੇ ਠੋਕਣ ਲੱਗੇ। ਮੌਕਾਪ੍ਰਸਤਾਂ ਨੇ ਇਸ ਨੂੰ ਹਵਾ ਦਿੱਤੀ। ਗੁਰੂ ਦੱਤ ਦੀ 'ਪਿਆਸਾ'' (1957) ਇਸ ਵਿਵਾਦ ਦੀ ਸਿਖ਼ਰ ਹੋ ਨਿੱਬੜੀ। ਐਸ. ਡੀ. ਬਰਮਨ ਦਾ ਕਹਿਣਾ ਸੀ ਕਿ ਉਸ ਦੇ ਸੰਗੀਤ ਨੇ ਫ਼ਿਲਮ ਨੂੰ ਏਨੀ ਬੁਲੰਦੀ 'ਤੇ ਪਹੁੰਚਾਇਆ ਹੈ, ਪਰ ਸਾਰੇ ਪਾਸਿਆਂ ਤੋਂ ਸਿਫ਼ਤਾਂ ਸਾਹਿਰ ਦੇ ਗੀਤਾਂ ਦੀਆਂ ਹੋ ਰਹੀਆਂ ਹਨ। ਅੰਤ, ਸਾਹਿਰ ਅਤੇ ਬਰਮਨ ਨੇ ਵੱਖੋ ਵੱਖਰੇ ਰਾਹ ਫੜ ਲਏ। 

ਤਦ ਸਾਹਿਰ ਫ਼ਿਲਮ ਨਿਰਮਾਤਾ ਬੀ.ਆਰ.ਚੋਪੜਾ ਦੇ ਖੇਮੇ ਦਾ ਅਤੁੱਟ ਅੰਗ ਬਣ ਗਿਆ। ਚੋਪੜਾ ਦੀ ਫ਼ਿਲਮ 'ਨਇਆ ਦੌਰ' ਵਿਚ ਸਾਹਿਰ ਦੇ ਗੀਤਾਂ ਨੂੰ ਓ.ਪੀ.ਨਈਅਰ ਨੇ ਸੰਗੀਤ ਨਾਲ ਸਜਾਇਆ। ਸਾਰੇ ਗਾਣੇ ਹਿੱਟ ਹੋ ਗਏ, ਖਾਸ ਕਰਕੇ ਗਾਣਾ 'ਮਾਂਗ ਕੇ ਸਾਥ ਤੁਮ੍ਹਾਰਾ ਮੈਂ ਨੇ ਮਾਂਗ ਲੀਆ ਸੰਸਾਰ' ਤੇ 'ਉੜੇਂ ਜਬ ਜਬ ਜ਼ੁਲਫ਼ੇਂ ਤੇਰੀ ਕਆਰਿਓਂ ਕਾ ਦਿਲ ਫਿਸਲੇ. ..।' ਸਾਹਿਰ ਤਾਂ ਸਵੈਮਾਨੀ ਸੀ ਹੀ, ਓ ਪੀ ਨੱਈਅਰ ਵੀ ਕਿਸੇ ਗੱਲੋਂ ਆਪਣੇ ਆਪ ਨੂੰ ਘਟ ਨਹੀਂ ਸੀ ਸਮਝਦਾ। ਦੋਨਾਂ ਦੀ ਜੋੜੀ ਨੇ ਹਿੱਟ ਗੀਤ ਤਾਂ ਦਿੱਤੇ ਪਰ ਦੋਵਾਂ ਵਿਚਕਾਰ ਠੰਨ ਗਈ। ਇਹ ਗੱਲ ਧਿਆਨ ਮੰਗਦੀ ਹੈ ਕਿ ਸਾਹਿਰ ਦੀ ਸ਼ਾਇਰੀ ਜਜ਼ਬਿਆਂ ਨਾਲ਼ ਲਬਰੇਜ਼ ਹੁੰਦੀ ਪਰ ਕਾਰੋਬਾਰੀ ਮਾਮਲੇ ਵਿਚ ਉਹ ਕਠੋਰ ਹੋ ਜਾਂਦਾ। ਜ਼ਿੰਦਗੀ ਦੇ ਤਲਖ਼ ਤਜਰਬਿਆਂ ਨੇ ਉਸ ਨੂੰ ਇਸ ਖਾਤੇ 'ਚ ਅੜੀਅਲ ਬਣਾ ਦਿੱਤਾ ਸੀ। ਕਾਮਯਾਬੀ ਦੀ ਸਿਖਰ 'ਤੇ ਪੁੱਜਦਿਆਂ ਉਹਨੇ ਫ਼ਿਲਮ ਨਿਰਮਾਤਾਵਾਂ 'ਤੇ ਆਪਣੀਆਂ ਸ਼ਰਤਾਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ਰਤਾਂ ਮੁਆਵਜ਼ੇ ਦੀਆਂ ਵੀ ਹੁੰਦੀਆਂ ਅਤੇ ਸੰਗੀਤਕਾਰਾਂ ਤੇ ਗਾਇਕਾਂ ਦੀ ਚੋਣ ਦੀਆਂ ਵੀ। ਉਹਦੇ ਫ਼ਨ ਅਤੇ ਦਰਸ਼ਕਾਂ ਵਿਚ ਉਹਦੀ ਮਕਬੂਲੀਅਤ ਦਾ ਏਨਾ ਸਿੱਕਾ ਜੰਮ ਚੁੱਕਾ ਸੀ ਕਿ ਨਿਰਮਾਤਾ ਉਸ ਦੀਆਂ ਸ਼ਰਤਾ ਅੱਗੇ ਸਿਰ ਝੁਕਾਉਣ ਲਈ ਤਿਆਰ ਹੋ ਜਾਂਦੇ। ਸਾਹਿਰ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਸ ਨੂੰ ਸੰਗੀਤਕਾਰ ਨਾਲ਼ੋਂ ਵੱਧ ਪੈਸਾ ਦੇਣ, ਉਹ ਤਿਆਰ ਹੋ ਗਏ। ਉਹਦੇ ਜ਼ੋਰ ਦੇਣ 'ਤੇ ਰੇਡੀਓ ਦੇ ਗੀਤਾਂ ਵੇਲੇ ਗੀਤਕਾਰ ਦੇ ਨਾਂ ਨਾਲ ਗੀਤਕਾਰ ਦਾ ਨਾਂ ਵੀ ਦੱਸਿਆ ਜਾਣ ਲੱਗਿਆ। ਬੰਬਈ ਦੀ ਪ੍ਰਥਾ ਰਹੀ ਸੀ ਕਿ ਗੀਤਕਾਰ ਸੰਗੀਤਕਾਰ ਦੇ ਕੋਲ਼ ਜਾ ਕੇ ਉਸਦੀ ਸਿਰਜੀ ਧੁਨ ਅਨੁਸਾਰ ਆਪਣੇ ਗੀਤ ਨੂੰ ਅੰਤਮ ਰੂਪ ਦਿੰਦਾ ਸੀ। ਸਾਹਿਰ ਨੇ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਸੰਗੀਤਕਾਰ ਉਸ ਦੇ ਘਰ ਜਾ ਕੇ ਗੀਤ ਨੂੰ ਅੰਤਮ ਰੂਪ ਦੇਣ। ਉਹਦੇ ਮਾਮਲੇ 'ਚ ਅਜਿਹਾ ਹੀ ਹੋਣ ਲੱਗਾ। 

ਲਾਚਾਰੀ-ਵੱਸ ਫ਼ਿਲਮ ਨਿਰਮਾਤਾਵਾਂ ਨੂੰ ਨੌਸ਼ਾਦ, ਐਸ.ਡੀ.ਬਰਮਨ ਅਤੇ ਓ.ਪੀ. ਨਈਅਰ ਜਿਹੇ ਪਹਿਲੀ ਪਾਲ ਦੇ ਸੰਗੀਤਕਾਰਾਂ ਦੀ ਥਾਂ ਖੱਯਾਮ, ਰਵੀ ਅਤੇ ਐਨ ਦੱਤਾ ਜਿਹੇ ਸੰਗੀਤਕਾਰਾਂ ਨੂੰ ਲੈਣਾ ਪਿਆ। ਉਹੀ ਸਾਹਿਰ ਦੀ ਅੜੀ ਪੁਗਾਣ ਲਈ ਤਿਆਰ ਹੋਏ। ਪਹਿਲੀ ਕਤਾਰ ਵਾਲਿਆਂ ਨੇ ਵੀ ਆਪਣੇ ਸਵੈ-ਅਭਿਮਾਨ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਦਾ ਨਤੀਜਾ ਦੂਜੀ ਪਾਲ ਵਾਲੇ ਸੰਗੀਤਕਾਰਾਂ ਲਈ ਚੰਗਾ ਨਿਕਲਿਆ। ਸਾਹਿਰ ਦੇ ਗੀਤਾਂ ਦੇ ਆਸਰੇ ਉਨ੍ਹਾਂ ਦਾ ਵਕਾਰ ਵੀ ਵਧਣ ਲੱਗਾ। ਫਿਰ ਸਾਹਿਰ ਨੇ ਐਲਾਨ ਕੀਤਾ - ''ਬਰਨਾਰਡ ਸ਼ਾਅ ਨੂੰ ਮਾਣ ਸੀ ਕਿ ਉਹ ਆਪਣੇ ਇੱਕ ਲਫ਼ਜ਼ ਦੀ ਕੀਮਤ ਇਕ ਪੌਂਡ ਲੈਂਦਾ ਹਾਂ। ਮੈਂ ਇਕ ਆਪਣੇ ਇਕ ਗੀਤ ਦਾ ਮੁਆਵਜ਼ਾ ਦਸ ਹਜ਼ਾਰ ਰੁਪਏ ਵਸੂਲ ਕਰਦਾ ਹਾਂ ਤੇ ਮੈਂ ਇਕ ਸਿਗਰਟ ਦੇ ਦਸਾਂ ਕਸ਼ਾਂ ਵਿਚ ਗਾਣਾ ਲਿਖ ਲੈਂਦਾ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਮੇਰੇ ਸਿਗਰਟ ਦੇ ਇਕ ਕਸ਼ ਦੀ ਕੀਮਤ ਇਕ ਹਜ਼ਾਰ ਰੁਪਿਆ ਹੁੰਦੀ ਹੈ।'' ਉਂਝ ਬਲਵੰਤ ਗਾਰਗੀ ਕੋਲ਼ ਉਸ ਨੇ ਮੰਨਿਆ, ''ਮੇਰਾ ਰੇਟ ਐਂਵੇ ਹੀ ਵਧ ਗਿਆ। ਦਰਅਸਲ ਮੈਂ ਬਹੁਤੀਆਂ ਫ਼ਿਲਮਾਂ ਲਈ ਲਿਖਣਾ ਨਹੀਂ ਸੀ ਚਾਹੁੰਦਾ। ਮੇਰਾ ਰੇਟ ਇਕ ਗੀਤ ਦਾ ਪੰਜ ਹਜ਼ਾਰ ਸੀ। ਇਕ ਮਾਲਦਾਰ ਪ੍ਰੋਡੀਊਸਰ ਆਇਆ ਤੇ ਉਸ ਨੇ ਕਿਹਾ ਕਿ ਸਾਹਿਰ ਸਾਹਿਬ ਅਸੀਂ ਤਾਂ ਤੁਹਾਥੋਂ ਹੀ ਗੀਤ ਲਿਖਵਾਂਗੇ। ਮੈਂ ਆਖਿਆ, ਮੇਰਾ ਰੇਟ ਤਾਂ ਦਸ ਹਜ਼ਾਰ ਰੁਪਏ ਇਕ ਗੀਤ ਦਾ ਹੈ। ਸੋਚਿਆ ਸੀ ਇਨੇ ਪੈਸੇ ਕੌਣ ਦੇਵੇਗਾ। ਪਰ ਉਹ ਸੇਠ ਪ੍ਰੋਡੀਊਸਰ ਮੰਨ ਗਿਆ। ਉਸ ਨੇ ਆਖਿਆ ਮਨਜ਼ੂਰ ਹੈ। ਇਸ ਤਰ੍ਹਾਂ ਮੇਰਾ ਰੇਟ ਦਸ ਹਜ਼ਾਰ ਰੁਪਏ ਫ਼ੀ ਗੀਤ ਹੋ ਗਿਆ। '' ਸਾਹਿਰ ਦੇ ਇਸ ਵਤੀਰੇ ਤੋਂ ਉਸ ਦੇ ਕਰੀਬੀ ਦੋਸਤ ਵੀ ਅਛੂਤੇ ਨਹੀਂ ਰਹੇ। ਆਪਣੀ ਗਜ਼ਲ ਦੀ ਧੁਨ ਪੂਰੀ ਕਰਨ ਲਈ ਸਾਹਿਰ ਦੇ ਬਚਪਨ ਦਾ ਸਾਥੀ ਸੰਗੀਤਕਾਰ ਜੈ ਦੇਵ ਉਸ ਤੋਂ ਇਕ ਸ਼ਿਅਰ ਦੀ ਗੁਜ਼ਾਰਿਸ਼ ਕਰਦਾ ਰਿਹਾ। ਪਰ ਸਾਹਿਰ ਨੇ ਉਸ ਦੀ ਇਹ ਮੰਗ ਪੂਰੀ ਨਹੀਂ ਕੀਤੀ। 

ਸ਼ੌਹਰਤ ਦਾ ਸਿਰ ਵੀ ਘੁੰਮਾ ਦਿੱਤਾ। ਸਾਰਾ ਦਿਨ ਸਾਹਿਰ ਆਪਣੇ ਮਿੱਤਰਾਂ ਦੀ ਜੁੰਡਲੀ ਵਿਚ ਘਿਰਿਆ ਰਹਿੰਦਾ। ਗੱਲ ਭਾਵੇਂ ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਤੋਂ ਸ਼ੁਰੂ ਹੁੰਦੀ ਜਾਂ ਮਦਰਾਸੀ ਡੋਸੇ ਦੇ ਸੁਆਦ ਤੋਂ, ਪਰ ਮੁਕਣਾ ਇਹਨੇ ਇਸ ਮੁੱਦੇ 'ਤੇ ਹੁੰਦਾ ਕਿ ਇਸ ਦੌਰ ਨੇ ਜੇ ਉਰਦੂ ਦਾ ਕੋਈ ਸ਼ਾਇਰ ਪੈਦਾ ਕੀਤਾ ਹੈ ਤਾਂ ਉਹ ਸਾਹਿਰ ਹੈ।' ਉਨ੍ਹਾਂ ਦਿਨਾਂ ਬਾਰੇ ਸਾਹਿਰ ਦਾ ਇਕ ਹੋਰ ਦੋਸਤ ਪ੍ਰਕਾਸ਼ ਪੰਡਤ ਵਿਅੰਗ ਨਾਲ਼ ਲਿਖਦਾ ਹੈ, ''ਕੰਧਾਂ ਦੇ ਕੰਨ ਤਾਂ ਹੁੰਦੇ ਹਨ ਪਰ ਜ਼ੁਬਾਨ ਨਹੀਂ', ਇਸ ਲਈ ਆਪਣੀਆਂ ਕਦੇ ਖਤਮ ਨਾ ਹੋਣ ਵਾਲ਼ੀਆਂ ਗੱਲਾਂ ਨੂੰ ਸੁਣਾਉਣ ਅਤੇ ਹਾਮੀ ਭਰਵਾਉਣ ਲਈ ਸਾਹਿਰ ਇਕ ਅੱਧੇ ਮਿੱਤਰ ਨੂੰ ਆਪਣੇ ਨਾਲ਼ ਰੱਖਦਾ ਹੈ, ਉਸ ਦਾ ਸਾਰਾ ਖਰਚਾ ਚੁੱਕਦਾ ਹੈ ਅਤੇ ਸੁਣਨ ਤੋਂ ਇਲਾਵਾ ਉਸ ਨੂੰ ਹੋਰ ਕੋਈ ਕਸ਼ਟ ਨਹੀਂ ਹੋਣ ਦਿੰਦਾ। ਪਰ ਰਾਤ ਦੇ ਸੰਨਾਟੇ ਵਿਚ ਉਸ ਨੂੰ ਇਕੱਲਤਾ ਸਤਾਉਣ ਲਗਦੀ ਹੈ। ਇਸ ਦੌਰਾਨ ਸਾਹਿਰ ਦਾ ਇਸ਼ਕ ਵੀ ਚਰਚਾ ਵਿਚ ਰਿਹਾ। ਅਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੈਦਰਾਬਾਦ ਦੀ ਹਾਜਰਾ ਮਸਰੂਰ ਨਾਲ ਉਸ ਦੀ ਨੇੜਤਾ ਦੇ ਚਰਚੇ ਰਹੇ। ਲਤਾ ਮੰਗੇਸ਼ਕਰ ਨਾਲ਼ ਇਸ਼ਕ ਵੀ ਰਿਹਾ ਤੇ ਦੁਸ਼ਮਣੀ ਵੀ। ਸਾਹਿਰ ਲਤਾ ਬਾਰੇ ਕਹਿੰਦਾ, ''ਉਹ ਮੇਰੇ ਗੀਤਾਂ ਤੇ ਮਰਦੀ ਹੈ 'ਤੇ ਮੈਂ ਉਸ ਦੀ ਆਵਾਜ਼ 'ਤੇ। ਫਿਰ ਵੀ ਸਾਡੇ ਦਰਮਿਆਨ ਹਜ਼ਾਰਾਂ ਮੀਲ ਦਾ ਫਾਸਲਾ ਹੈ।'' ਲਤਾ ਉੱਤੇ ਉਸ ਨੇ 'ਤੇਰੀ ਆਵਾਜ਼' ਨਜ਼ਮ ਲਿਖੀ। ਬਾਅਦ ਵਿਚ ਦੋਵਾਂ ਦੀ ਅਣਖ਼ ਨੇ ਦੋਸਤੀ ਨੂੰ ਦੁਸ਼ਮਣੀ ਵਿਚ ਤਬਦੀਲ ਕਰ ਦਿੱਤਾ। ਗੱਲ ਏਥੇ ਤੱਕ ਪੁੱਜ ਗਈ ਕਿ ਜਦ ਕੋਈ ਨਿਰਮਾਤਾ ਸਾਹਿਰ ਨੂੰ ਗੀਤ ਲਿਖਣ ਲਈ ਕਹਿੰਦਾ ਤਾਂ ਉਹਦੀ ਪਹਿਲੀ ਸ਼ਰਤ ਹੁੰਦੀ, ''ਮੇਰਾ ਇਕ ਵੀ ਗੀਤ ਲਤਾ ਮੰਗੇਸ਼ਕਰ ਨਹੀਂ ਗਾਏਗੀ।'' 


ਜਦ ਬਾਅਦ ਵਿਚ ਲਤਾ ਮੰਗੇਸ਼ਕਰ ਦੀ ਸਾਹਿਰ ਨਾਲ ਸੁਲਹ ਹੋ ਗਈ ਤਾਂ ਸਾਹਿਰ ਨੇ ਕਿਹਾ, ''ਹੁਣ ਸਾਡੀ ਦੋਸਤੀ ਸਹੀ ਅਰਥਾਂ ਵਿਚ ਦੋਸਤੀ ਹੈ। ਦੋਸਤੀ ਅਸਲ ਵਿਚ ਦੋ ਬਰਾਬਰ ਦੇ ਇਨਸਾਨਾਂ ਵਿਚ ਹੀ ਹੋ ਸਕਦੀ ਹੈ। '' ਜਦ ਸੁਧਾ ਮਲਹੋਤਰਾ ਨਾਂ ਦੀ ਨਵੀਂ ਗਾਇਕਾ ਸਾਹਿਰ ਦੀ ਜ਼ਿੰਦਗੀ ਵਿਚ ਆਈ ਤਾਂ ਉਹਨੇ ਸੰਗੀਤਕਾਰਾਂ ਨੂੰ ਸੁਧਾ ਦੇ ਨਾਂ ਦੀ ਸਿਫ਼ਾਰਸ਼ ਕਰਨੀ ਸੁਰੂ ਕਰ ਦਿੱਤੀ। ਇਹ ਰਿਸ਼ਤਾ ਵੀ ਸਿਰੇ ਨਾ ਚੜ੍ਹ ਸਕਿਆ, ਪਰ ਇਸ ਰਿਸ਼ਤੇ ਨੂੰ ਸਾਹਿਰ ਨੇ ਹੇਠਲੀ ਨਜ਼ਮ ਵਿਚ ਸ਼ਿੱਦਤ ਨਾਲ ਬਿਆਨ ਕੀਤਾ ਹੈ - 
ਨ ਮੈਂ ਤੁਮਸੇ ਕੋਈ ਉੱਮੀਦ ਰੱਖੂੰ ਦਿਲ ਨਵਾਜ਼ੀ ਕੀ 
ਨ ਤੁਮ ਮੇਰੀ ਤਰਫ਼ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ 
ਨ ਮੇਰੇ ਦਿਲ ਕੀ ਧੜਕਨ ਲੜਖੜਾਏ ਤੇਰੀ ਬਾਤੋਂ ਸੇ 
ਨ ਜ਼ਾਹਿਰ ਹੋ ਤੁਮ੍ਹਾਰੀ ਕਸ਼ਮਕਸ਼ ਕਾ ਰਾਜ਼ ਨਜ਼ਰੋਂ ਸੇ 
 ਤੁਮ੍ਹੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ 
ਮੁਝੇ ਭੀ ਲੋਗ ਕਹਤੇ ਹੈਂ ਕਿ ਯੇ ਜਲਵੇ ਪਰਾਏ ਹੈਂ 
ਮਿਰੇ ਹਮਰਾਹ ਵੀ ਭੀ ਰੁਸਵਾਈਆਂ 1 ਹੈਂ ਮੇਰੇ ਮਾਜ਼ੀ 2 ਕੀ 
ਤੁਮ੍ਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈ! 
 ਤੁਆਰੁਫ਼ 3 ਰੋਗ ਬਨ ਜਾਏ ਤੋ ਉਸ ਕੋ ਭੂਲਨਾ ਬਿਹਤਰ 
ਤਆਲੁਕ ਬੋਝ ਬਨ ਜਾਏ ਤੋ ਉਸ ਕੋ ਤੋੜਨਾ ਅੱਛਾ 
ਵੁਹ ਅਫ਼ਸਾਨਾ ਜਿਸੇ ਤਕਮੀਲ 4 ਤਕ ਲਾਨਾ ਨਾ ਹੋ ਮੁਮਕਿਨ 
 ਉਸੇ ਇਕ ਖ਼ੂਬਸੂਰਤ ਮੋੜ ਦੇ ਕੇ ਛੋੜਨਾ ਅੱਛਾ 
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ। 
1 ਬਦਨਾਮੀਆਂ 2 ਭੂਤਕਾਲ 3 ਜਾਣਪਛਾਣ 4 ਸੰਪੂਰਨਤਾ 

ਮਹਿੰਦਰ ਕੁਮਾਰ ਦੀ ਆਵਾਜ਼ ਵਿਚ ਇਸ ਗੀਤ ਨੂੰ ਰਿਕਾਰਡ ਕੀਤਾ ਗਿਆ। ਸੰਗੀਤਕਾਰ ਰਵੀ ਅਨੁਸਾਰ ਇਸ ਗੀਤ ਦੇ ਸੱਤਰ ਤੋਂ ਵੱਧ ਰੀਟੇਕ ਹੋਏ, ''ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਇਤਿਹਾਸ ਸਿਰਜ ਰਹੇ ਹਾਂ।'' ਸਾਹਿਰ ਦਾ ਕੋਈ ਵੀ ਇਸ਼ਕ ਸਿਰੇ ਤੱਕ ਨਹੀਂ ਪਹੁੰਚ ਸਕਿਆ। ਸ਼ਾਇਦ ਸਾਹਿਰ ਨੇ ਆਪਣੇ ਦਿਲ ਦੇ ਦਰਵਾਜੇ ਬੰਦ ਕਰ ਲਏ ਹੋਏ ਸਨ। ਉਹ ਸਭ ਤੋਂ ਵੱਧ ਇਸ਼ਕ ਆਪਣੀਆਂ ਨਜ਼ਮਾਂ ਨਾਲ਼ ਕਰਦਾ ਸੀ। ਇਹ ਇਕ ਸੱਚਾਈ ਹੈ ਕਿ ਸਾਹਿਰ ਦੀ 'ਪਿਆਸਾ' ਤੇ 'ਨਇਆ ਦੌਰ' ਤੋਂ ਬਾਅਦ ਦੀ ਫ਼ਿਲਮੀ ਸ਼ਾਇਰੀ ਕਿਸੇ ਪੱਖੋਂ ਊਣੀ ਨਹੀਂ। ਉਸ ਨੇ ਹਿੰਦੀ ਸਿਨੇਮਾ ਜਿਹੀਆਂ ਵਪਾਰਕ ਫ਼ਿਲਮਾਂ ਵਿਚ ਸਮਾਜਕ ਸਰੋਕਾਰਾਂ ਲਈ ਥਾਂ ਬਣਾਈ। ਬਕੌਲ ਸਾਹਿਰ, ''ਮੈਂ ਵੀ ਸ਼ੁਰੂ ਵਿਚ ਫ਼ਿਲਮੀ ਦੁਨੀਆਂ ਦੀ ਰਵਾਇਤ ਨਾਲ਼ ਮਿਲ਼ਦੀ ਜੁਲ਼ਦੀ ਸ਼ਾਇਰੀ ਕੀਤੀ ਤੇ ਬਾਅਦ ਵਿਚ ਆਪਣੀ ਜਗ੍ਹਾ ਬਣਾਉਣ ਤੇ ਮੈਂ ਇਸ ਯੋਗ ਹੋਇਆ ਕਿ ਬਹੁਤ ਸਾਰੀਆਂ ਫ਼ਿਲਮਾਂ ਵਿਚੋਂ ਆਪਣੀ ਪਸੰਦ ਦੀਆਂ ਫ਼ਿਲਮਾਂ ਚੁਣ ਸਕਾਂ। ਇਸ ਤਰ੍ਹਾਂ ਮੈਂ ਆਸਾਨੀ ਨਾਲ਼ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਦਾ ਪ੍ਰਚਾਰ ਕਰ ਸਕਿਆ।'' 

ਸਾਹਿਰ ਦਾ ਕਹਿਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਬੁਹਤੇ ਗੀਤ ਦਾ ਵਿਸ਼ਾ ਪ੍ਰੇਮ ਹੁੰਦਾ ਹੈ। ਉਸ ਨੇ ਕਿਹਾ, ''ਮੈਂ ਹੁਣ ਤੀਕ ਪੰਜ ਸੌ ਗਾਣੇ ਤਾਂ ਲਿਖੇ ਹੋਣਗੇ। ਸਾਰੇ ਹੀ ਮਹੁੱਬਤ ਦੇ। ਆਖ਼ਿਰ ਕਿੰਨੇ ਕੁ ਨਵੇਂ ਸ਼ਬਦ ਨਵੀਂ ਤਰ੍ਹਾਂ ਬੀੜ ਸਕਦਾ ਹਾਂ। ਮੈਨੂੰ ਲਿਖਣ ਲੱਗੇ ਸੋਚਣਾ ਪੈਂਦਾ ਹੈ ਕਿ ਮੇਰਾ ਘਟੀਆ ਗੀਤ ਵੀ ਬਾਕੀਆਂ ਦੇ ਵਧੀਆ ਗੀਤਾਂ ਨਾਲ਼ੋਂ ਚੰਗਾ ਹੋਣਾ ਚਾਹੀਦਾ ਹੈ।'' 

ਰੂਸ ਇਨਕਲਾਬ ਦੇ ਬਾਅਦ ਲੈਨਿਨ ਨੇ ਸਿਨਮੇ ਦੀ ਸਮਰਥਾ ਨੂੰ ਦੇਖਦਿਆਂ ਇਸ ਨੂੰ ਸਭ ਤੋਂ ਮਹੱਤਵਪੂਰਨ ਕਲਾ ਦਾ ਦਰਜਾ ਦਿੱਤਾ ਸੀ। ਸਾਹਿਰ ਵੀ ਸਿਨੇਮੇ ਦੀ ਵਿਆਪਕ ਪਹੁੰਚ ਨੂੰ ਸਮਝਦਾ ਸੀ। ਉਸ ਦੀ ਮਾਨਤਾ ਸੀ ਕਿ ''ਫ਼ਿਲਮ ਦੇ ਇਸ ਪਹਿਲੂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਖ਼ਿਆਲਾਤ ਤੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਇਹ ਇਕ ਪਾਵਰਫੁਲ ਮਾਧਿਅਮ ਹੈ।'' ਉਹ ਇਹ ਵੀ ਸਮਝਦਾ ਸੀ ਫ਼ਿਲਮ ਨੂੰ ਜੇ ਉਸਾਰੂ ਅਤੇ ਸੁਧਾਰ ਦੇ ਮੰਤਵ ਲਈ ਵਰਤਿਆ ਜਾਵੇ ਤਾਂ ਲੋਕਾਂ ਦੀ ਸੂਝ ਸਮਝ ਦੀ ਪਾਲ਼ਣਾ ਅਤੇ ਸਮਾਜਿਕ ਉੱਨਤੀ ਦੀ ਰਫ਼ਤਾਰ ਬਹੁਤ ਤੇਜ਼ ਕੀਤੀ ਜਾ ਸਕਦੀ ਹੈ।'' ਸਾਹਿਰ ਨੇ ਸਿਨਮੇ ਦੀ ਇਸ ਤਾਕਤ ਨੂੰ ਪਛਾਣਿਆ ਜਿਸ ਨੂੰ ਉਸ ਦੇ ਬਹੁਤ ਸਾਰੇ ਸਮਕਾਲੀ ਹੀ ਨਹੀਂ ਸਗੋਂ ਉਸ ਤੋਂ ਬਾਅਦ ਅੱਜ ਦੇ ਖੱਬੇਪੱਖੀ ਕਲਾਕਾਰ ਸਮਝਣ ਤੋਂ ਇਨਕਾਰੀ ਹਨ। ਸਾਹਿਰ ਦਾ ਕਹਿਣਾ ਸੀ ਕਿ ''ਬਦਕਿਸਮਤੀ ਨਾਲ਼ ਸਾਡੇ ਵਲੋਂ ਫ਼ਿਲਮ ਦੇ ਇਸ ਪੱਖ ਤੇ ਧਿਆਨ ਨਹੀਂ ਦਿੱਤਾ ਗਿਆ। ਕਿਉਂ ਕਿ ਹੋਰ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਜੇ ਤੱਕ ਜ਼ਿਆਦਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਹੈ ਜੋ ਨਿੱਜੀ ਲਾਭ ਨੂੰ ਸਮਾਜੀ ਸੇਵਾ ਨਾਲ਼ੋ ਤਰਜੀਹ ਦਿੰਦੇ ਹਨ। ਇਸੇ ਕਾਰਣ ਸਾਡੀਆਂ ਫ਼ਿਲਮੀ ਕਹਾਣੀਆਂ, ਫ਼ਿਲਮੀ ਧੁਨਾਂ ਅਤੇ ਫ਼ਿਲਮੀ ਨਗਮਿਆਂ ਦਾ ਮਿਆਰ ਆਮ ਤੌਰ ਤੇ ਬਹੁਤ ਨੀਵਾਂ ਹੁੰਦਾ ਹੈ। ਇਹੋ ਕਾਰਣ ਹੈ ਕਿ ਸਾਹਿਤਕ ਹਲਕੇ ਫ਼ਿਲਮੀ ਅਦਬ ਨੂੰ ਨਫ਼ਰਤ ਤੇ ਘਿਰਣਾ ਦੀ ਨਜ਼ਰ ਨਾਲ਼ ਦੇਖਦੇ ਹਨ।'' 

ਸਾਹਿਰ ਦਾ ਵਿਚਾਰ ਸੀ, ''ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਫ਼ਿਲਮੀ ਨਗ਼ਮਿਆਂ ਨੂੰ ਤਖ਼ਲੀਕੀ ਸ਼ਾਇਰੀ ਦੇ ਨੇੜੇ ਲਿਆ ਸਕਾਂ ਤੇ ਇਸ ਦੇ ਰਾਹੀਂ ਨਵੇਂ ਸਿਆਸੀ ਤੇ ਸਮਾਜੀ ਦ੍ਰਿਸ਼ਟੀਕੋਣ ਲੋਕਾਂ ਤੱਕ ਪਹੁੰਚਾ ਸਕਾਂ।'' 

ਸਾਹਿਰ ਨੇ ਅਨੇਕਾਂ ਫ਼ਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਚੋਂ ਬਹੂ ਬੇਗ਼ਮ, ਆਂਖੇ, ਜਾਲ, ਕਾਜਲ, ਬਰਸਾਤ ਕੀ ਰਾਤ, ਗਜ਼ਲ, ਵਕਤ, ਧੂਲ ਕਾ ਫੂਲ, ਧਰਮਪੁੱਤਰ, ਫਿਰ ਸੁਬਹ ਹੋਗੀ, ਗੁਮਰਾਹ, ਕਭੀ ਕਭੀ, ਚੰਬਲ ਕੀ ਕਸਮ, ਹਮ ਦੋਨੋ, ਮੁਝੇ ਜੀਨੇ ਦੋ, ਨੀਲਕਮਲ, ਤ੍ਰਿਸ਼ੂਲ ਆਦਿ ਪ੍ਰਮੁੱਖ ਹਨ। 1963 ਵਿਚ ਜਦ ਸੁਨੀਲ ਦੱਤ ਨੇ ਡਾਕੂਆਂ ਤੇ 'ਮੁਝੇ ਜੀਨੇ ਦੋ' ਫ਼ਿਲਮ ਬਣਾਈ ਤਾਂ ਸਾਹਿਰ ਨੇ ਲੋਰੀ ਲਿਖੀ ਜਿਸ ਵਿਚ ਮਾਂ ਦੇ ਬੋਲ ਸਨ - 
ਤੇਰੇ ਬਚਪਨ ਕੋ ਜੁਆਨੀ ਕੀ ਦੂਆ ਦੇਤੀ ਹੂੰ 
ਔਰ ਦੂਆ ਦੇ ਕੇ ਪਰੇਸ਼ਾਨ ਸੀ ਹੋ ਜਾਤੀ ਹੂੰ 

ਇਹ ਸਾਹਿਰ ਦੀ ਕਲਮ ਦਾ ਜਾਦੂ ਸੀ ਕਿ ਇਸ ਗੀਤ ਤੋਂ ਪ੍ਰਭਾਵਤ ਹੋ ਚੰਬਲ ਦੇ ਡਾਕੂ, ਕਾਰ ਵਿਚ ਬੰਬਈ ਤੋਂ ਪੰਜਾਬ ਆਉਂਦੇ ਸਾਹਿਰ ਨੂੰ, ਗਵਾਲੀਅਰ ਤੋਂ ਆਪਣੇ ਨਾਲ਼ ਲੈ ਗਏ ਤੇ ਰੱਜ ਕੇ ਸੇਵਾ ਕੀਤੀ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ 1951 ਵਿਚ ਬਣੀ ਪੰਜਾਬੀ ਫ਼ਿਲਮ 'ਬਾਲੋ' ਲਈ ਸਾਹਿਰ ਨੇ ਇਕ ਗੀਤ ਲਿਖਿਆ ਸੀ। ਬਾਲੋ ਦਾ ਸੰਗੀਤ ਐਨ ਦੱਤਾ ਦਾ ਸੀ। ਸੁਰਿੰਦਰ ਕੌਰ ਅਤੇ ਕ੍ਰਿਸ਼ਨ ਗੋਇਲ ਦਾ ਗਾਏ ਉਸ ਗੀਤ ਦੇ ਬੋਲ ਸਨ - 
ਬੇੜੀ ਦਾ ਮਲਾਹ ਕੋਈ ਨਾ 
ਇਕ ਵਾਰ ਮਿਲ਼ ਜਾ ਵੇ 
ਜ਼ਿੰਦਗੀ ਦਾ ਵਸਾਹ ਕੋਈ ਨਾ 

ਆਪਣੀ ਫ਼ਿਲਮੀ ਸ਼ਾਇਰੀ ਦੇ ਨਾਲ਼ ਨਾਲ਼ ਸਾਹਿਰ ਦੀ ਅਦਬੀ ਸ਼ਾਇਰੀ ਦਾ ਸਫ਼ਰ ਵੀ ਜਾਰੀ ਸੀ। ਉਹ ਮੁਸ਼ਾਇਰਿਆਂ ਦਾ ਵੀ ਓਨਾ ਹੀ ਲੋਕ-ਪ੍ਰਿਅ ਸ਼ਾਇਰ ਸੀ। ਤਲਖ਼ੀਆਂ ਤੋਂ ਇਲਾਵਾ ਸਾਹਿਰ ਦੀਆਂ ਪੁਸਤਕਾਂ ਵਿਚ ਪਰਛਾਈਆਂ, ਗਾਤਾ ਜਾਏ ਬਨਜਾਰਾ, ਆਓ ਕਿ ਕੋਈ ਖ਼ਾਬ ਬੁਨੇਂ ਸ਼ਾਮਲ ਹਨ। ਉਸ ਦੀ ਪ੍ਰਸਿੱਧੀ ਦੀ ਸਿਖ਼ਰ ਤੇ ਉਸ ਨੂੰ ਲੁਧਿਆਣੇ ਦੇ ਓਸੇ ਕਾਲਿਜ਼ ਨੇ ਸਨਮਾਨਤ ਕੀਤਾ ਜਿਥੋਂ ਕਦੇ ਉਸ ਨੂੰ ਕੱਢਿਆ ਗਿਆ ਸੀ। ਵਿਅੰਗ ਵਜੋਂ ਸਾਹਿਰ ਨੇ ਆਪਣੀ ਨਜ਼ਮ 'ਨਜ਼ਰ-ਏ-ਕਾਲਿਜ' ਵਿਚ ਕਿਹਾ - ਲੇਕਿਨ ਹਮ ਇਨ ਫਜ਼ਾਓਂ ਕੇ ਪਾਲੇ ਹੂਏ ਤੋਂ ਹੈਂ ਗਰ ਯਾਂ ਨਹੀਂ, ਯਹਾਂ ਸੇ ਨਿਕਾਲੇ ਹੂਏ ਤੋਂ ਹੈਂ। 

ਜਦ 22 ਨਵੰਬਰ, 1970 ਨੂੰ ਲੁਧਿਆਣੇ ਦੇ ਗੌਰਮਿੰਟ ਕਾਲਿਜ, ਜਦੋਂ ਪ੍ਰੋਫੈਸਰ ਪ੍ਰੀਤਮ ਸਿੰਘ ਕਾਲਜ ਦੇ ਪ੍ਰਿੰਸੀਪਲ ਸਨ, ਨੇ ਸਾਹਿਰ ਨੂੰ ਸਨਮਾਨਤ ਕੀਤਾ ਤਾਂ ਇਸ ਮੌਕੇ ਸਾਹਿਰ ਨੇ 'ਐ ਨਈ ਨਸਲ' ਨਜ਼ਮ ਪੇਸ਼ ਕੀਤੀ - 
ਮੇਰੇ ਅਜਦਾਦ 1 ਕਾ ਵਤਨ ਯਿਹ ਸ਼ਹਰ 
ਮੇਰੀ ਤਾਲੀਮ ਕਾ ਜਹਾਂ ਯਿਹ ਮਕਾਮ 
ਮੇਰੇ ਬਚਪਨ ਕੀ ਦੋਸਤ, ਯਿਹ ਗਲੀਆਂ 
ਜਿਨ ਮੇਂ ਰੁਸਵਾ 2 ਹੂਆ ਸ਼ਬਾਬ ਕਾ ਨਾਮ ... 
 ਮੈਂ ਯਹਾਂ ਜਬ ਸਊਰ ਕੋ ਪਹੁੰਚਾ 
ਅਜਨਬੀ ਕੌਮ ਕੀ ਥੀ ਕੌਮ ਗ਼ੁਲਾਮ 
ਯੂਨੀਅਨ ਜੈਕ ਦਰਸਗਾਹ 3 ਪੇ ਥਾ 
ਔਰ ਵਤਨ ਮੇਂ ਥਾ ਸਾਮਰਾਜੀ ਨਜ਼ਾਮ 
ਇਸੀ ਮਿੱਟੀ ਕੋ ਹਾਥ ਮੇਂ ਲੇ ਕਰ 
ਹਮ ਬਨੇ ਥੇ ਬਗ਼ਾਵਤੋਂ ਕੇ ਅਮਾਮ 4 ... 
ਕਾਫ਼ਿਲੇ ਆਤੇ ਜਾਤੇ ਰਹਿਤੇ ਹੈਂ 
ਕਬ ਹੂਆ ਹੈ ਯਹਾਂ ਕਿਸੀ ਕਾ ਕਯਾਮ 5 
ਨਸਲ ਦਰ ਨਸਲ ਕਾਮ ਜਾਰੀ ਹੈ 
ਕਾਰ-ਏ-ਦੁਨੀਆ 6 ਕਭੀ ਹੂਆ ਕਿਸੀ ਕਾ ਤਮਾਮ 
ਕਲ ਜਹਾਂ ਮੈਂ ਥਾ ਆਜ ਤੂ ਹੈ ਵਹਾਂ 
ਐ ਨਈ ਨਸਲ! ਤੁਝ ਕੋ ਮਿਰਾ ਸਲਾਮ। 
1 ਪੁਰਖੇ 2 ਬਦਨਾਮ 3 ਵਿਦਿਆਲਾ 4 ਆਗੂ 5 ਨਿਵਾਸ 6 ਦੁਨੀਆਂ ਦਾ ਕੰਮ 

ਬਾਅਦ ਵਿਚ ਦੋਸਤਾਂ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਹਿਰ ਨੇ ਕਿਹਾ, ''ਮੈਂ ਸਿਰਫ਼ ਇਸ ਲਈ ਆਇਆ ਕਿ ਲੁਧਿਆਣੇ ਵਿਚ ਮੇਰੇ ਬਚਪਨ ਦੀਆਂ ਯਾਦਾਂ ਨੇ ... ਮੇਰਾ ਯਾਰ ਫ਼ੋਟੋਗ੍ਰਾਫ਼ਰ ਕ੍ਰਿਸ਼ਨ ਅਦੀਬ ਵੀ ਇਥੇ ਹੈ ... ਅਸੀਂ ਚੌੜਾ ਬਜ਼ਾਰ ਵਿਚ ਇਕੱਠੇ ਕੁਲਫ਼ੀਆਂ ਖਾਧੀਆਂ ... ਮੇਰੇ ਅੱਬਾ ਤੇ ਦਾਦਾ ਦੀਆਂ ਕਬਰਾਂ ਵੀ ਇਥੇ ਨੇ। ਮੇਰਾ ਮਾਜ਼ੀ ਇਥੇ ਦਫ਼ਨ ਹੈ ... ਲੁਧਿਆਣਾ ਮੇਰੀਆਂ ਯਾਦਾਂ ਦਾ ਕਬਰਿਸਤਾਨ ਹੈ ... ਮੈਨੂੰ ਬਹੁਤ ਅਜੀਜ਼।''ਲੋਕਾਂ ਦਾ ਸ਼ਾਇਰ ਹੋਣ ਕਾਰਣ ਸਾਹਿਰ ਆਪਣੇ ਵਿਰਸੇ ਨੂੰ ਰੋਮਾਂਸਵਾਦੀ ਨਜ਼ਰੀਏ ਨਾਲ਼ ਨਹੀਂ ਸਗੋਂ ਨੁਕਤਾਚੀਨ ਵਾਲ਼ੇ ਨਜ਼ਰੀਏ ਨਾਲ਼ ਦੇਖਦਾ ਹੈ। ਨਜ਼ਮ 'ਜਾਗੀਰ' ਵਿਚ ਉਹ ਆਪਣੇ ਜਗੀਰੂ ਪੁਰਖਿਆਂ ਵਲੋਂ ਨਿਭਾਏ ਲੋਕ-ਵਿਰੋਧੀ ਰੋਲ ਨੂੰ ਕਬੂਲਦਾ ਸਰੇਆਮ ਐਲਾਨਦਾ ਹੈ - 
 ਮੈਂ ਉਨ ਅਜਦਾਦ ਕਾ ਬੇਟਾ ਹੂੰ ਜਿਨ੍ਹੋਂ ਨੇ ਪੈਹਮ 1 
 ਅਜਨਬੀ ਕੌਮ ਕੇ ਸਾਏ ਕੀ ਹਮਾਯਤ ਕੀ ਹੈ 
ਗ਼ਦਰ ਕੀ ਸਾਇਤੇ-ਨਾਪਾਕ 2 ਸੇ ਲੇ ਕਰ ਅਬ ਤਕ 
ਹਰ ਕੜੇ ਵਕਤ ਮੇਂ ਸਰਕਾਰ ਕੀ ਖ਼ਿਦਮਤ ਕੀ ਹੈ 

1 ਲਗਾਤਾਰ 2 ਅਪਵਿੱਤਰ ਘੜੀ 

ਸਮਾਜੀ ਤੌਰ ਤੇ ਪ੍ਰਤੀਬੱਧ ਹੋਣ ਕਾਰਣ ਸਾਹਿਰ ਦੇ ਬੋਲ ਵਕਤ ਦੀ ਵੰਗਾਰ ਬਣੇ। 1946 ਦੀ ਨੇਵੀ ਬਗ਼ਾਵਤ ਦੀ ਅਸਫ਼ਲਤਾ ਬਾਅਦ ਸਾਹਿਰ ਮੁਲਕ ਦੇ ਆਗੂਆਂ ਨੂੰ ਵੰਗਾਰਦਾ ਪੁੱਛਦਾ ਹੈ - 
ਐ ਰਹਿਬਰੇ ਮੁਲਕੋ ਕੌਮ ਬਤਾ 
ਆਂਖੇ ਤੋ ਉਠਾ ਨਜ਼ਰੇਂ ਤੋ ਮਿਲਾ 
ਕੁਛ ਹਮ ਵੀ ਸੁਨੇਂ ਹਮਕੋ ਭੀ ਬਤਾ 
ਯਿਹ ਕਿਸਕਾ ਲਹੂ ਹੈ ਕੌਨ ਮਰਾ 

1961 ਵਿਚ ਪੈਤ੍ਰਿਸ ਲਮੂੰਬਾ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ ਕੌਮਾਂਤਰੀ ਅਮਨ ਕਾਨਫਰੰਸ ਵਿਚ ਸਾਹਿਰ ਗਰਜਦਾ ਹੈ - 

ਜ਼ੁਲਮ ਫਿਰ ਜ਼ਲਮ ਹੈ, ਬੜ੍ਹਤਾ ਹੈ ਤੋ ਮਿਟ ਜਾਤਾ ਹੈ ਖ਼ੂਨ ਫਿਰ ਖ਼ੂਨ ਹੈ, ਟਪਕੇਗਾ ਤੋ ਜਮ ਜਾਏਗਾ 

ਅਮਨ ਲਹਿਰ ਬਾਰੇ ਸਾਹਿਰ ਦੀਆਂ ਨਜ਼ਮਾਂ 'ਐ ਸ਼ਰੀਫ਼ ਇਨਸਾਨ' ਅਤੇ 'ਪਰਛਾਈਆਂ' ਆਪਣੀ ਮਿਸਾਲ ਆਪ ਹਨ। ਬਾਅਦ ਵਿਚ ਉਹਨੇ ਬੰਬਈ ਵਿਚ ਆਪਣੇ ਬੰਗਲੇ ਦਾ ਨਾਂ ਵੀ 'ਪਰਛਾਈਆਂ' ਰੱਖਿਆ। ਤਰੱਕੀਪਸੰਦ ਲਹਿਰ ਦੇ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਸਮਝਦਾ ਹਾਂ ਕਿ ਤਰੱਕੀ ਪਸੰਦ ਤਹਿਰੀਕ ਨੇ ਅਦਬ ਤੇ ਮੁਲਕ ਦੀ ਬਹੁਤ ਖ਼ਿਦਮਤ ਕੀਤੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤੋਂ ਕੁਝ ਗ਼ਲਤੀਆਂ ਵੀ ਜ਼ਰੂਰ ਹੋਈਆਂ ਹਨ, ਐਪਰ ਜੋ ਲੋਕ ਸਿਰਫ਼ ਇਸ ਦੀਆਂ ਖ਼ਾਮੀਆਂ ਗਿਣਦੇ ਹਨ, ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ। ਇਸ ਤਹਿਰੀਕ ਦੇ ਕਾਰਕੁਨਾਂ ਨੇ ਕਾਫ਼ੀ ਕੁਰਬਾਨੀਆਂ ਦਿੱਤੀਆਂ ਹਨ। ਤਕਲੀਫ਼ਾਂ ਝੱਲੀਆਂ ਹਨ। ਇਹ ਠੀਕ ਹੈ ਕਿ ਉਹ ਇਕ ਦੂਜੇ ਦੀ ਸ਼ੁਹਰਤ ਵਿਚ ਵਾਧੇ ਦਾ ਕਾਰਣ ਬਣੇ। ਉਸ ਦੀ ਵਜ੍ਹਾ ਸਮਾਜ ਤੇ ਅਦਬ ਦੇ ਗ਼ਲਤ ਝੁਕਾਵਾਂ ਦੇ ਖਿਲਾਫ਼ ਉਨ੍ਹਾਂ ਦੀ ਨਜ਼ਰਿਆਤੀ ਏਕਤਾ ਸੀ। ਹੁਣ ਜੇ ਤਹਿਰੀਕ ਵਿਚ ਕਰਾਈਸਸ ਪੈਦਾ ਹੋਇਆ ਤਾਂ ਇਸ ਦਾ ਸਬੱਬ ਇਹ ਹੈ ਕਿ ਅਸਾਡੇ ਜ਼ਿਹਨਾਂ 'ਤੇ ਸਰਮਾਏਦਾਰੀ ਦੇ ਖ਼ਤਮੇ ਲਈ ਸਮਾਜਵਾਦ ਦਾ ਜੋ ਖੁਸ਼ਗਵਾਰ ਤਸੱਵਰ ਸੀ ਉਸ ਵਿਚ ਵੀ ਸ਼ਖਸੀ ਆਜ਼ਾਦੀ ਅਤੇ ਕੁਝ ਦੂਜੇ ਮੁਆਮਲਿਆਂ ਬਾਰੇ, ਕੁਝ ਅਮਲੀ ਤਰੁੱਟੀਆਂ ਮਹਿਸੂਸ ਹੋਈਆਂ।'' 

ਆਪਣੇ ਰਾਜਸੀ ਵਿਚਾਰਾਂ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਰਿਹਾ। ਗ਼ੁਲਾਮ ਹਿੰਦੋਸਤਾਨ ਵਿਚ ਆਜ਼ਾਦੀ ਦੇ ਚੰਗੇ ਪਹਿਲੂ ਤਲਾਸ਼ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਮੇਰਾ ਮੁੱਖ ਉਦੇਸ਼ ਜ਼ਰੂਰ ਰਿਹੈ। ਹੁਣ ਦਿਮਾਗੀ ਤੌਰ ਤੇ ਆਰਥਿਕ ਆਜ਼ਾਦੀ ਦਾ ਹਾਮੀ ਹਾਂ, ਜਿਸ ਦੀ ਸਪਸ਼ਟ ਰੂਪ ਰੇਖਾ ਮੇਰੇ ਸਾਹਮਣੇ ਕਮਿਊਨਿਜ਼ਮ ਹੈ।'' 

ਗੌਰਮਿੰਟ ਕਾਲਿਜ ਲੁਧਿਆਣੇ ਦੇ ਸਨਮਾਨ ਤੋਂ ਬਾਅਦ ਸਾਹਿਰ ਜਲੰਧਰ ਵਿਚ ਨਰੇਸ਼ ਕੁਮਾਰ ਸ਼ਾਦ ਨੂੰ ਸਪਰਪਿਤ ਮੁਸ਼ਾਇਰੇ ਵਿਚ ਸ਼ਾਮਲ ਹੋਇਆ। ਜਦ ਉਹ ਆਪਣਾ ਕਲਾਮ ਪੜ੍ਹਨ ਲੱਗਾ ਤਾਂ ਪੰਡਾਲ ਚੋਂ ਇੱਕ ਆਰ.ਐਸ.ਐਸ ਸਮਰਥਕ ਚੀਕਿਆ - ''ਹਮ ਨਹੀਂ ਸੁਨੇਂਗੇ, ਸਾਹਿਰ ਲੁਧਿਆਣਵੀ ਕਮਿਊਨਿਸਟ ਸ਼ਾਇਰ ਹੈ ..'' ਲੋਕਾਂ ਨੇ ਉਸ ਨੂੰ ਬਾਹਰ ਧਕੇਲ ਦਿੱਤਾ। ਬਾਹਰ ਦੇਰ ਰਾਤ ਤੱਕ ਸਾਹਿਰ ਪ੍ਰਸੰਸਕਾਂ ਨੂੰ ਆਪਣੀਆਂ ਨਜ਼ਮਾਂ ਸੁਣਾਉਂਦਾ ਰਿਹਾ। 25 ਅਕਤੂਬਰ, 1980 ਨੂੰ ਬੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਸਾਹਿਰ ਦਾ ਦਿਹਾਂਤ ਹੋ ਗਿਆ। 

-ਕੁਲਵਿੰਦਰ 
ਮੋ : 9815568747